ਓਂਟਾਰੀਓ ‘ਚ ਡੰਪ ਟਰੱਕਾਂ ਦੀ ਮੰਗ ‘ਚ ਤੇਜ਼ ਵਾਧਾ

Avatar photo

ਪ੍ਰੋਵਿੰਸ ਦੀ ਸਰਕਾਰ ਵੱਲੋਂ ਐਸ.ਪੀ.ਆਈ.ਐਫ਼. ਨਿਯਮਾਂ ਨੂੰ ਲਾਗੂ ਕਰਨ ਦੇ ਫ਼ੈਸਲੇ ਤੋਂ ਬਾਅਦ ਓਂਟਾਰੀਓ ਅੰਦਰ ਡੰਪ ਟਰੱਕਾਂ ਦੀ ਮੰਗ ‘ਚ ਤੇਜ਼ ਵਾਧਾ ਹੋਇਆ ਹੈ।

ਅਸਲ ‘ਚ ਮੰਗ ਏਨੀ ਜ਼ਿਆਦਾ ਵੱਧ ਗਈ ਹੈ ਕਿ ਡੀਲਰਾਂ ਅਤੇ ਸਪਲਾਈਕਰਤਾਵਾਂ ਦਾ ਕਹਿਣਾ ਹੈ ਕਿ ਉਹ ਗੱਡੀਆਂ ਨੂੰ ਇਸ ਸਾਲ ਦੇ ਅੰਤ ਤਕ ਹੀ ਗ੍ਰਾਹਕਾਂ ਦੇ ਸਪੁਰਦ ਕਰ ਸਕਣਗੇ।

ਜੌਨ ਬੇਕਰ : ਸਾਡੇ ਕੋਲ ਪੁੱਛ-ਪੜਤਾਲ ਦੀ ਗਿਣਤੀ ਬਹੁਤ ਜ਼ਿਆਦ ਵੱਧ ਗਈ ਹੈ। (ਤਸਵੀਰ : ਵਿਜ਼ਨ ਟਰੱਕ ਗਰੁੱਪ)

ਵਿਜ਼ਨ ਟਰੱਕ ਗਰੁੱਪ ਆਫ਼ ਟੋਰਾਂਟੋ, ਓਂਟਾਰੀਓ ਵਿਖੇ ਮੈਕ ਟਰੱਕਸ ਦੇ ਵਿਕਰੀ ਬਾਰੇ ਡਾਇਰੈਕਟਰ ਜੌਨ ਬੇਕਰ ਨੇ ਕਿਹਾ, ”ਦਸੰਬਰ ਤੋਂ ਬਾਅਦ, ਟਰੱਕਾਂ ਬਾਰੇ ਪੁੱਛ-ਪੜਤਾਲ ‘ਚ ਬਹੁਤ ਵਾਧਾ ਹੋਇਆ ਹੈ ਅਤੇ ਅਗਲੇ ਚਾਰ ਤੋਂ ਛੇ ਮਹੀਨਿਆਂ ਤਕ ਸਾਡੇ ਕੋਲ ਜਿੰਨੇ ਵੀ ਟ੍ਰਾਈਐਕਸਲ ਡੰਪ ਟਰੱਕਾਂ ਆਉਣਗੇ ਉਨ੍ਹਾਂ ‘ਚੋਂ ਲਗਭਗ ਸਾਰਿਆਂ ਦੀ ਵਿਕਰੀ ਹੋ ਚੁੱਕੀ ਹੈ।”

”ਅਸੀਂ ਟਰੱਕ ਅਤੇ ਬਾਕਸਾਂ ਲਈ ਯੋਜਨਾ ਬਣਾਈ ਸੀ, ਪਰ ਅਸੀਂ ਮੰਗ ਨੂੰ ਮਸਾਂ ਹੀ ਪੂਰਾ ਕਰ ਸਕਾਂਗੇ। 2021 ਦੇ ਬਸੰਤ ਮੌਸਮ ‘ਚ ਸਾਨੂੰ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨਾ ਹੋਵੇਗਾ।”

ਐਸ.ਪੀ.ਆਈ.ਐਫ਼. ਨਿਯਮ, ਓਂਟਾਰੀਓ ਰੈਗੂਲੇਸ਼ਨ 413/05: ਸੁਰੱਖਿਅਤ, ਉਤਪਾਦਕ, ਮੁਢਲਾ ਢਾਂਚਾ ਹਿਤੈਸ਼ੀ ਗੱਡੀਆਂ ਲਈ ਭਾਰ ਅਤੇ ਪੈਮਾਇਸ਼, ਨਾਲ ਸੰਬੰਧਤ ਹਨ।

ਇਸ ਨੂੰ 2000-11 ‘ਚ ਪੜਾਅਵਾਰ ਪੱਧਰਾਂ ‘ਤੇ ਅਪਣਾਇਆ ਗਿਆ ਸੀ ਅਤੇ ਆਪਰੇਟਰਾਂ ਕੋਲ ਨਿਯਮਾਂ ਦੀ ਪਾਲਣਾ ਕਰਨ ਲਈ 10 ਸਾਲਾਂ ਦਾ ਸਮਾਂ ਸੀ।

ਇਹ ਸਮਾਂ 31 ਦਸੰਬਰ ਨੂੰ ਖ਼ਤਮ ਹੋ ਗਿਆ ਸੀ ਅਤੇ ਆਵਾਜਾਈ ਮੰਤਰਾਲਾ (ਐਮ.ਟੀ.ਓ.) ਨੇ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਕਾਨੂੰਨ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ।

ਐਸ.ਪੀ.ਆਈ.ਐਫ਼. ਨੂੰ ਪੂਰਾ ਕਰਨ ਵਾਲੀਆਂ ਗੱਡੀਆਂ 36 ਮੀਟ੍ਰਿਕ ਟਨ ਦੀ ਕੁੱਲ ਗੱਡੀ ਭਾਰ ਰੇਟਿੰਗ (ਜੀ.ਵੀ.ਡਬਲਿਊ.ਆਰ.) ਨਾਲ ਚਲ ਸਕਦੀਆਂ ਹਨ ਜਦਕਿ ਗ਼ੈਰ-ਐਸ.ਪੀ.ਆਈ.ਐਫ਼. ਗੱਡੀਆਂ 27 ਟਨ ਦੀ ਜੀ.ਵੀ.ਡਬਲਿਊ.ਆਰ. ਨਾਲ ਹੀ ਚੱਲ ਸਕਣਗੀਆਂ।

ਬੇਕਰ ਨੇ ਕਿਹਾ ਕਿ ਵੱਡੇ ਫ਼ਲੀਟਸ ਨੇ 2018 ‘ਚ ਹੀ ਐਸ.ਪੀ.ਆਈ.ਐਫ਼. ਲਾਗੂ ਹੋਣ ਦਾ ਅੰਦਾਜ਼ਾ ਲਾ ਕੇ ਟ੍ਰਾਈਐਕਸਲ ਅਤੇ ਟੈਂਡਮ ਸਟੀਅਰ ਟਰੱਕਾਂ ਦਾ ਵੱਡੀ ਗਿਣਤੀ ‘ਚ ਆਰਡਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਕਈ ਡੰਪ ਟਰੱਕ ਆਪਰੇਟਰਾਂ ਅਤੇ ਛੋਟੇ ਫ਼ਲੀਟਸ ਨੇ ਜਿੰਨਾ ਹੋ ਸਕਦਾ ਸੀ ਨਵੇਂ ਟਰੱਕਾਂ ਦਾ ਆਰਡਰ ਕਰਨ ਤੋਂ ਗੁਰੇਜ਼ ਕੀਤਾ।

ਬੇਕਰ ਨੇ ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਵੇਖਦਿਆਂ ਕਿਹਾ, ”ਕੁੱਝ ਮਾਮਲਿਆਂ ‘ਚ ਸਾਨੂੰ ਇਹ ਯਕੀਨ ਨਹੀਂ ਸੀ ਕਿ ਐਮ.ਟੀ.ਓ. ਆਪਣੇ ਯੋਜਨਾਬੱਧ ਐਸ.ਪੀ.ਆਈ.ਐਫ਼. ਤਬਦੀਲੀਆਂ ਨੂੰ 2020 ਦੇ ਅਖ਼ੀਰ ‘ਚ ਲਾਗੂ ਕਰ ਦੇਵੇਗਾ, ਕਿਊਂਕਿ ਰੈਲੀਆਂ ਅਤੇ ਪ੍ਰਦਰਸ਼ਨਾਂ ਆਦਿ ਨਾਲ ਸਰਕਾਰ ਦਾ ਮਨ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।”

”ਪਰ ਜਦੋਂ ਐਮ.ਟੀ.ਓ. ਨੇ ਸਾਫ਼ ਕਹਿ ਦਿੱਤਾ ਕਿ ਐਸ.ਪੀ.ਆਈ.ਐਫ਼. ਤਬਦੀਲੀਆਂ 100% ਲਾਗੂ ਹੋਣਗੀਆਂ ਤਾਂ ਸਾਨੂੰ ਨਵੇਂ ਡੰਪ ਟਰੱਕਾਂ ਦੀ ਖ਼ਰੀਦ ਦੀ ਦੌੜ ਵੇਖਣ ਨੂੰ ਮਿਲੀ। ਇਸ ‘ਚ ਕੋਈ ਸ਼ੱਕ ਨਹੀਂ।”

ਬੇਕਰ ਨੇ ਕਿਹਾ ਕਿ ਡੰਪ ਟਰੱਕਾਂ ਤੋਂ ਇਲਾਵਾ, ਮਿਕਸਰ, ਕਰੇਨਾਂ, ਹੁੱਕ-ਲੋਡਰ, ਰੋਲ-ਆਫ਼, ਅਤੇ ਸਟੋਨ ਸਲਿੰਗਰ ਦੀ ਮੰਗ ਵੀ ਵਧੀ ਹੈ।

 

ਮੁਢਲੇ ਢਾਂਚੇ ਲਈ ਚੰਗੀ ਗੱਲ

ਸਰਕਾਰ ਮਹਾਂਮਾਰੀ ਦੀ ਮਾਰ ਝੱਲ ਰਹੀ ਆਰਥਿਕਤਾ ਨੂੰ ਮੁਢਲੇ ਢਾਂਚੇ ‘ਤੇ ਜ਼ਿਆਦਾ ਖ਼ਰਚ ਕਰ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਕਰਕੇ ਵੀ ਬਾਜ਼ਾਰ ‘ਚ ਉਛਾਲ ਆਇਆ ਹੈ।

ਮੁਢਲੇ ਢਾਂਚੇ ‘ਤੇ ਜ਼ਿਆਦਾ ਖ਼ਰਚ ਨਾਲ ਵੀ ਬਾਜ਼ਾਰ ਦੀ ਮੰਗ ਵਧੀ ਹੈ। (ਤਸਵੀਰ: ਇਨਫ਼ਰਾਸਟਰੱਕਚਰ ਓਂਟਾਰੀਓ)

ਮਿਸੀਸਾਗਾ, ਓਂਟਾਰੀਓ ਦੇ ਪੀਟਰਬਿਲਟ – ਸਰਵਸ ਇਕੁਇਪਮੈਂਟ ਵਿਖੇ ਅਕਾਊਂਟਸ ਮੈਨੇਜਰ ਸਈਅਦ ਅਹਿਮਦ ਨੇ ਕਿਹਾ, ”ਮੁਢਲਾ ਢਾਂਚਾ ਪ੍ਰਾਜੈਕਟਾਂ ਲਈ ਕਾਫ਼ੀ ਪੈਸਾ ਲਗਾਇਆ ਜਾ ਰਿਹਾ ਹੈ, ਜਿਵੇਂ ਕਿ ਹਾਈਵੇ 401, 407 ਅਤੇ 413 ਦਾ ਵਿਸਤਾਰ।”

ਉਨ੍ਹਾਂ ਕਿਹਾ ਕਿ ਡੀਲਰਸ਼ਿਪ ਨੇ ਇਸ ਸਾਲ 250 ਡੰਪ ਟਰੱਕਾਂ ਲਈ ਆਰਡਰ ਬੁੱਕ ਕੀਤਾ ਹੈ, ਜੋ ਕਿ ਪਿਛਲੇ ਸਾਲ 220 ਟਰੱਕਾਂ ਤੋਂ ਘੱਟ ਰਿਹਾ ਸੀ।

ਅਹਿਮਦ ਨੇ ਕਿਹਾ ਕਿ ਐਸ.ਪੀ.ਆਈ.ਐਫ਼. ਲਾਗੂ ਹੋਣ ਨਾਲ ਬਹੁਤ ਸਾਰੇ ਆਪਰੇਟਰਾਂ ਨੇ ਆਪਣੀਆਂ ਪੁਰਾਣੀਆਂ ਗੱਡੀਆਂ ਨੂੰ ਛੱਡ ਕੇ ਨਵੇਂ ਨਿਯਮਾਂ ਦੀ ਪਾਲਣਾ ਕਰਨ ਵਾਲੇ ਟਰੱਕ ਖ਼ਰੀਦਣੇ ਸ਼ੁਰੂ ਕਰ ਦਿੱਤੇ।

”ਇਸ ਸਭ ਦੇ ਨਤੀਜੇ ਵਜੋਂ, ਸਾਡੇ ਕੋਲ ਇਸ ਸਾਲ ਲਈ ਡੰਪ ਬਾਡੀਜ਼ ਖ਼ਤਮ ਹੋ ਗਈਆਂ ਹਨ ਕਿਉਂਕਿ ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਉਸਾਰੀ ਦੀ ਮਿਤੀ ਅਕਤੂਬਰ, ਜਾਂ ਸੀਜ਼ਨ ਤੋਂ ਬਹੁਤ ਬਾਅਦ ਦੀ ਸੀ।”

ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਵਿਖੇ ਅਕਾਊਂਟਸ ਮੈਨੇਜਰ ਮਨਜਿੰਦਰ ਬਾਜਵਾ ਨੇ ਡੰਪ ਟਰੱਕ ਬਾਡੀਜ਼ ਦੀ ਕਮੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮੰਗ ਇਸ ਵੇਲੇ ਸਪਲਾਈ ਤੋਂ ਬਹੁਤ ਵੱਧ ਹੈ।

ਉਨ੍ਹਾਂ ਕਿਹਾ, ”ਸਾਡੇ ਕੋਲ ਚੈਸਿਸ ਹੈ ਪਰ ਬਾਕਸ ਨਹੀਂ ਹਨ।”

ਬਾਜਵਾ ਨੇ ਕਿਹਾ ਕਿ ਕਮੀ ਦਾ ਇੱਕ ਕਾਰਨ ਇਹ ਹੈ ਕਿ ਫ਼ੈਕਟਰੀਆਂ ਕੋਵਿਡ-19 ਕਰਕੇ ਘੱਟ ਸਮਰੱਥਾ ‘ਤੇ ਕੰਮ ਕਰ ਰਹੀਆਂ ਹਨ।

”ਮੇਰੇ ਯਾਰਡ ‘ਚ ਕੁੱਝ ਟਰੱਕ ਖੜ੍ਹੇ ਹਨ। ਰੋਜ਼ ਮੈਨੂੰ ਇਨ੍ਹਾਂ ਬਾਰੇ ਪੁੱਛ-ਪੜਤਾਲ ਕੀਤੀ ਜਾਂਦੀ ਹੈ, ਪਰ ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹਾਂ, ‘ਇਹ ਸਾਰੇ ਵਿਕ ਚੁੱਕੇ ਨੇ।”’

ਉਨ੍ਹਾਂ ਕਿਹਾ ਕਿ ਅੱਜ ਡੰਪ ਟਰੱਕਾਂ ਲਈ ਦਿੱਤੇ ਗਏ ਆਰਡਰਾਂ ‘ਚੋਂ ਕੋਈ ਟਰੱਕ ਜੁਲਾਈ ਤੋਂ ਪਹਿਲਾਂ ਡਿਲੀਵਰ ਨਹੀਂ ਹੋ ਸਕੇਗਾ।

 

ਸਪਲਾਈਕਰਤਾ ਦਬਾਅ ਹੇਠ

ਮਟਾਵਾ, ਓਂਟਾਰੀਓ ‘ਚ ਸਥਿਤ ਪ੍ਰਮੁੱਖ ਡੰਪ ਟਰੱਕ ਬਾਡੀ ਸਪਲਾਈਕਰਤਾ ਜਿਨ-ਕੋਰ ਵਰਕਸ ਨੇ ਪਿਛਲੇ ਮਹੀਨਿਆਂ ‘ਚ ਉਪਕਰਨਾਂ ਅਤੇ ਰੈਟਰੋਫ਼ਿਟਿੰਗ ਦੋਹਾਂ ਲਈ ਮੰਗ ‘ਚ ਵਾਧਾ ਵੇਖਿਆ ਹੈ।

ਜਿਨ-ਕੋਰ ਦਾ ਕਹਿਣਾ ਹੈ ਕਿ ਰੈਟਰੋਫ਼ਿਟਿੰਗ ਲਈ ਮੰਗ ਏਨੀ ਜ਼ਿਆਦਾ ਹੈ ਕਿ ਉਦਯੋਗ ਕੋਲ ਕਲਪੁਰਜ਼ਿਆਂ ਦੀ ਕਮੀ ਹੋ ਗਈ ਹੈ। (ਤਸਵੀਰ : ਜਿਨ-ਕੋਰ ਵਰਕਸ)

ਜਿਨ-ਕੋਰ ਵਿਖੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਲੂਕ ਸਟੈਂਗ ਨੇ ਕਿਹਾ ਕਿ ਉਨ੍ਹਾਂ ਕੋਲ ਬਹੁਤ ਸਾਰੇ ਅਜਿਹੇ ਗ੍ਰਾਹਕ ਆ ਰਹੇ ਹਨ ਜੋ ਕਿ ਰੈਟਰੋਫ਼ਿਟਿੰਗ ਚਾਹੁੰਦੇ ਹਨ ਅਤੇ ਉਦਯੋਗ ਕੋਲ ਉਪਕਰਨਾਂ ਦੀ ਕਮੀ ਹੋ ਗਈ ਹੈ।

”ਅਗਲੀਆਂ ਕੁੱਝ ਤਿਮਾਹੀਆਂ ਤਕ ਲੋਕਾਂ ਨੂੰ ਆਪਣੀਆਂ ਗੱਡੀਆਂ ਰੈਟਰੋਫ਼ਿਟਿੰਗ ਕਰਵਾਉਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਹੋਰ ਜ਼ਿਆਦਾ ਗੱਡੀਆਂ ਨੂੰ ਨਿਯਮਾਂ ਅਨੁਸਾਰ ਕਰਨ ਵਾਲਾ ਮਟੀਰੀਅਲ ਦਾ ਪ੍ਰਬੰਧ ਕਰਨ ਲਈ ਪ੍ਰੋਡਿਊਸਰ ਓਨੀ ਤੇਜ਼ੀ ਨਾਲ ਕੰਮ ਨਹੀਂ ਕਰ ਸਕੇ।”

ਉਨ੍ਹਾਂ ਕਿਹਾ ਕਿ ਉਦਯੋਗ ‘ਚ ਕੰਮ ਕਰ ਰਹੇ ਲੋਕ ਹੁਣ ਤੋਂ ਲੈ ਕੇ ਗਰਮੀਆਂ ਦੇ ਮੌਸਮ ਦੇ ਅੱਧ ਤਕ ਰੈਟਰੋਫ਼ਿੱਟ ਲਈ ਪੂਰੀ ਤਰ੍ਹਾਂ ਰੁੱਝੇ ਹੋਏ ਹਨ ਅਤੇ ਨਵੀਂਆਂ ਗੱਡੀਆਂ ਲਈ ਤਾਂ ਇਸ ਤੋਂ ਵੀ ਜ਼ਿਆਦਾ ਸਮਾਂ ਲੱਗੇਗਾ।

ਸਟੈਂਗ ਨੇ ਕਿਹਾ, ”ਜੇਕਰ ਲੋਕ ਚਾਹੁੰਦੇ ਅਤੇ ਉਨ੍ਹਾਂ ਕੋਲ ਪੈਸੇ ਵੀ ਹੁੰਦੇ ਤਾਂ ਵੀ ਏਨੇ ਥੋੜ੍ਹੇ ਸਮੇਂ ‘ਚ ਨਿਯਮਾਂ ਦੀ ਤਾਮੀਲ ਕਰਨ ਵਾਲਾ ਕੰਮ ਕਰਨਾ ਬਹੁਤ ਮੁਸ਼ਕਲ ਹੈ।”

ਉਨ੍ਹਾਂ ਨੇ ਇਸ ਨੂੰ ‘ਬਦਕਿਸਮਤ ਸੱਚਾਈ’ ਦੱਸਿਆ।

ਸਟੈਂਗ ਨੇ ਕਿਹਾ ਕਿ ਉਦਯੋਗ ਨੂੰ ਮੰਗ ਪੂਰੀ ਕਰਨ ਲਈ ਕੁਲ ਮਿਲਾ ਕੇ 2021 ਅਤੇ ਇਸ ਤੋਂ ਬਾਅਦ ਲਈ ਵਾਧੂ ਅਡਵਾਂਸਡ ਯੋਜਨਾਬੰਧੀ ਦੀ ਜ਼ਰੂਰਤ ਹੋਵੇਗੀ, ਵਿਸ਼ੇਸ਼ ਕਰ ਕੇ ਵੱਡੇ ਮੈਟਰੋਪੋਲੀਟਨ ਉਸਾਰੀ ਵਿਕਾਸ ਕੇਂਦਰਾਂ ਦੀ ਮੰਗ ਨੂੰ ਪੂਰਾ ਕਰਨ ਲਈ।