ਓਂਟਾਰੀਓ ਟੋਇੰਗ ਪਾਇਲਟ ਪ੍ਰਾਜੈਕਟ ਹੇਠ ਰੇਟ ਅਤੇ ਅਧਿਕਾਰ ਤੈਅ ਕੀਤੇ ਗਏ

Avatar photo

ਓਂਟਾਰੀਓ ਪ੍ਰੋਵਿੰਸ਼ੀਅਲ ਹਾਈਵੇਜ਼ ’ਤੇ 13 ਦਸੰਬਰ ਤੋਂ ਪਾਬੰਦੀਸ਼ੁਦਾ ਟੋਇੰਗ ਜ਼ੋਨਸ ਦੀ ਲੜੀ ਪੇਸ਼ ਕਰਨ ਵਾਲਾ ਹੈ ਤਾਂ ਕਿ ਟੱਕਰਾਂ ਦੀਆਂ ਸ਼ਿਕਾਰ ਅਤੇ ਖ਼ਰਾਬ ਹੋਈਆਂ ਗੱਡੀਆਂ ਨੂੰ ਛੇਤੀ ਤੋਂ ਛੇਤੀ ਹਟਾਇਆ ਜਾ ਸਕੇ।

ਓਂਟਾਰੀਓ ਦੇ ਆਵਾਜਾਈ ਮੰਤਰਾਲੇ ਦੇ ਪਾਇਲਟ ਪ੍ਰੋਗਰਾਮ ਹੇਠ, ਸਿਰਫ਼ ਅਧਿਕਾਰਤ ਟੋਇੰਗ ਕੰਪਨੀਆਂ ਹੀ ਟੋਅ ਪੂਰਾ ਕਰ ਸਕਣਗੀਆਂ, ਅਤੇ ਉਨ੍ਹਾਂ ਨੂੰ ਫ਼ੀਸ ਵੀ ਇੱਕ ਸਾਰਨੀ ਅਨੁਸਾਰ ਹੀ ਲੈਣੀ ਪਵੇਗੀ।

(ਤਸਵੀਰ: ਐਮ.ਟੀ.ਓ.)

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਇੱਕ ਸੰਬੰਧਤ ਬਿਆਨ ’ਚ ਕਿਹਾ, ‘‘ਟੋਇੰਗ ਆਪਰੇਟਰਾਂ ਵੱਲੋਂ ਖ਼ਰਾਬ ਗੱਡੀਆਂ ਨੂੰ ਹਟਾਉਣ ਲਈ ਟਰੱਕਿੰਗ ਕੰਪਨੀਆਂ ਤੋਂ ਪਹਿਲਾਂ ਵਾਂਗ ਘੱਟ ਤੋਂ ਘੱਟ ਚਾਰ ਘੰਟਿਆਂ ਦੇ ਆਧਾਰ ’ਤੇ ਪੈਸਾ ਵਸੂਲਣ ਦੀ ਹੁਣ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਗੱਡੀਆਂ ਦੇ ਮਾਲਕਾਂ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਹੋਵੇਗਾ ਕਿ ਉਨ੍ਹਾਂ ਦੀਆਂ ਗੱਡੀਆਂ ਨੂੰ ਮੁਰੰਮਤ ਲਈ ਕਿੱਥੇ ਲੈ ਕੇ ਜਾਇਆ ਜਾਵੇਗਾ।’’

ਪਾਇਲਟ ਪ੍ਰਾਜੈਕਟ ਲਈ ਮਿੱਥੀ ਥਾਂ ’ਚ ਸ਼ਾਮਲ ਹਨ:

– ਹਾਈਵੇ 401 ’ਤੇ ਹਾਈਵੇ 400 ਪੂਰਬ ਤੋਂ ਮੋਰਨਿੰਗਸਾਈਡ ਤੱਕ

– ਹਾਈਵੇ 401 ’ਤੇ ਹਾਈਵੇ 400 ਪੱਛਮ ਤੋਂ ਰੀਜਨਲ ਰੋਡ 25 ਤੱਕ

– ਹਾਈਵੇ 427 ’ਤੇ ਕਿਊ.ਈ.ਡਬਲਿਊ. ਤੋਂ ਹਾਈਵੇ 409 ਤੱਕ

– ਹਾਈਵੇ 409 ’ਤੇ ਹਾਈਵੇ 427 ਤੋਂ ਹਾਈਵੇ 401 ਤੱਕ

– ਹਾਈਵੇ 400 ’ਤੇ ਹਾਈਵੇ 401 ਤੋਂ ਹਾਈਵੇ 9 ਤੱਕ

– ਕਿਊ.ਈ.ਡਬਲਿਊ. ’ਤੇ ਹਾਈਵੇ 427 ਤੋਂ ਬਰੈਂਟ ਸਟਰੀਟ ਤੱਕ

ਪ੍ਰਭਾਵਤ ਰੂਟ 119 ਕਿਲੋਮੀਟਰ ਦੇ ਹਨ, ਜੋ ਕਿ ਨਿਊਮਾਰਕੀਟ, ਬਰਲਿੰਗਟਨ ਅਤੇ ਮਾਰਖਮ ਤੱਕ ਫੈਲੇ ਹੋਏ ਹਨ।

ਬਰੇਕਡਾਊਨ ਅਤੇ ਇੰਪਾਊਂਡ ਲਈ ਟੋਇੰਗ ਇੱਕ ਰੇਟ ’ਤੇ ਅਧਾਰਤ ਹੋਵੇਗੀ ਜਿਸ ’ਚ 10 ਕਿਲੋਮੀਟਰ ਦੀ ਦੂਰੀ ਸ਼ਾਮਲ ਹੋਵੇਗੀ, ਜਦਕਿ ਟੱਕਰਾਂ ਤੋਂ ਬਾਅਦ ਟੋਇੰਗ ਅਤੇ ਰਿਕਵਰੀ ਘੰਟਿਆਂ ਦੇ ਆਧਾਰ ’ਤੇ ਕੀਤੀ ਜਾਵੇਗੀ। ਘੰਟਿਆਂ ਬੱਧੀ ਚਾਰਜ ਪਹਿਲੇ ਘੰਟੇ ਤੋਂ ਲੈ ਕੇ ਹਰ 30 ਮਿੰਟ ਬਾਅਦ ਵੱਧ ਜਾਣਗੇ।

ਹੈਵੀ-ਡਿਊਟੀ ਰੈਕਰਸ ਲਈ ਦਰਾਂ 40 ਟਨ ਦੇ ਰੋਟੇਟਰ ਲਈ 650 ਡਾਲਰ ਪ੍ਰਤੀ ਘੰਟਾ ਤੋਂ 75 ਟਨ ਜਾਂ ਇਸ ਤੋਂ ਵੱਧ ਦੇ ਰੋਟੇਟਰ ਲਈ 850 ਡਾਲਰ ਪ੍ਰਤੀ ਘੰਟਾ ਵਿਚਕਾਰ ਹੁੰਦੀਆਂ ਹਨ। ਫ਼ਿਕਸਡ ਬੂਮ ਨਾਲ ਹੈਵੀ-ਡਿਊਟੀ ਰੈਕਰ ਲਈ ਦਰਾਂ ਪ੍ਰਤੀ ਘੰਟੇ ਦੇ ਹਿਸਾਬ ਨਾਲ 450 ਡਾਲਰ (30 ਟਨ ਲਈ) ਤੋਂ 600 ਡਾਲਰ (45 ਟਨ ਲਈ) ਵਿਚਕਾਰ ਹੋਣਗੀਆਂ।

ਅਧਿਕਾਰਤ ਟੋਇੰਗ ਕੰਪਨੀਆਂ ਨੂੰ ਆਇਟਮ ਦੇ ਆਧਾਰ ’ਤੇ ਚਲਾਨ ਜਾਰੀ ਕੀਤਾ ਜਾਵੇਗਾ ਜਿਸ ’ਚ ਅਦਾਇਗੀ ਮੰਗਣ ਤੋਂ ਪਹਿਲਾਂ ਹੀ ਪੇਸ਼ ਕੀਤੀਆਂ ਸੇਵਾਵਾਂ ਅਤੇ ਉਨ੍ਹਾਂ ਦੀ ਲਾਗਤ ਸੂਚੀਬੱਧ ਹੋਵੇਗੀ। ਅਤੇ ਕਾਰੋਬਾਰਾਂ ਨੂੰ ਗੱਡੀਆਂ ਦੀ ਵਿਕਰੀ, ਮੁਰੰਮਤ ਦੀਆਂ ਦੁਕਾਨਾਂ, ਬਾਡੀ ਸ਼ਾਪ, ਗੈਰਾਜ, ਜਾਂ ਕਾਨੂੰਨੀ ਜਾਂ ਮੈਡੀਕਲ ਸੇਵਾਵਾਂ ਨਾਲ ਸੰਬੰਧਤ ਸੇਵਾਵਾਂ ਦੀ ਸਲਾਹ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ।