ਓਂਟਾਰੀਓ ਦੇ ਨਵੇਂ 400 ਲੜੀ ਦੇ ਹਾਈਵੇ ਬਾਰੇ ਵੇਰਵਾ ਆਇਆ ਸਾਹਮਣੇ

Avatar photo

ਓਂਟਾਰੀਓ ਨੇ 400-ਲੜੀ ਦੇ ਹਾਈਵੇ ਲਈ ਤਰਜੀਹੀ ਰਸਤੇ ਦੀ ਪੁਸ਼ਟੀ ਕਰ ਦਿੱਤੀ ਹੈ ਜੋ ਕਿ ਯੋਰਕ, ਪੀਲ ਅਤੇ ਹਾਲਟਨ ਖੇਤਰਾਂ ‘ਚੋਂ ਹੋ ਕੇ ਲੰਘੇਗਾ, ਤੇ ਸੂਬੇ ‘ਚ ਟਰੱਕਾਂ ਦੀ ਸਭ ਤੋਂ ਜ਼ਿਆਦਾ ਆਵਾਜਾਈ ਵਾਲੇ ਇਲਾਕੇ ਦੀ ਸੇਵਾ ‘ਚ ਕੰਮ ਕਰੇਗਾ।

ਜੀ.ਟੀ.ਏ. ਵੈਸਟ ਕੋਰੀਡੋਰ ਦੇ ਨਾਂ ਨਾਲ ਪਛਾਣਿਆ ਜਾਣ ਵਾਲਾ ਇਹ ਹਾਈਵੇ ਪੂਰਬ ‘ਚ ਹਾਈਵੇ 400 (ਕਰਬੀ ਰੋਡ ਅਤੇ ਕਿੰਗ ਵੋਹਨ ਰੋਡ ਵਿਚਕਾਰ) ਤੋਂ ਲੈ ਕੇ ਹਾਈਵੇ 401/407 ਦੇ ਪੱਛਮ ਤਕ ਜਾਵੇਗਾ। ਓਂਟਾਰੀਓ ਦੇ ਆਵਾਜਾਈ ਮੰਤਰਾਲੇ ਨੇ ਕਿਹਾ ਕਿ ਇਸ ‘ਚ ਚਾਰ ਤੋਂ ਲੈ ਕੇ ਛੇ ਲੇਨਾਂ, ਇੰਟੈਲੀਜੈਂਟ ਆਵਾਜਾਈ ਵਿਸ਼ੇਸ਼ਤਾਵਾਂ ਹੋਣਗੀਆਂ ਅਤੇ ਟਰੱਕ ਪਾਰਕਿੰਗ ਵੀ ਹੋਵੇਗੀ।

ਰੋਡ ਟੂਡੇ ਵੱਲੋਂ ਕੀਤੇ ਇੱਕ ਸਵਾਲ ਦੇ ਜਵਾਬ ‘ਚ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕੋਰੀਡੋਰ ‘ਤੇ ਟਰੱਕ ਪਾਰਕਿੰਗ ਦੇ ਸਥਾਨਾਂ ਦੇ ਵੇਰਵੇ ਵਰਗੀਆਂ ਚੀਜ਼ਾਂ ਨੂੰ ਅਜੇ ਅੰਤਮ ਰੂਪ ਦੇਣਾ ਬਾਕੀ ਹੈ। ਇਨ੍ਹਾਂ ਨੂੰ ਸ਼ੁਰੂਆਤੀ ਡਿਜ਼ਾਈਨ ਪ੍ਰਕਿਰਿਆ ਦੇ ਹਿੱਸੇ ਵੱਜੋਂ ਸਥਾਪਤ ਕੀਤਾ ਜਾਵੇਗਾ।

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਇੱਕ ਸੰਬੰਧਤ ਪ੍ਰੈੱਸ ਰਿਲੀਜ਼ ‘ਚ ਕਿਹਾ, ”ਗ੍ਰੇਟਰ ਗੋਲਡਨ ਹੋਰਸਸ਼ੂ ਸੂਬੇ ਦੀ ਆਰਥਿਕਤਾ ਨੂੰ ਅੱਗੇ ਤੋਰਨ ਲਈ ਮਹੱਤਵਪੂਰਨ ਹੈ ਅਤੇ ਇਸ ਖੇਤਰ ‘ਚ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਸਾਡੀ ਆਰਥਿਕਤਾ ਨੂੰ ਮੁਕਾਬਲੇ ‘ਚ ਅੱਗੇ ਰੱਖਣ ਲਈ ਜ਼ਰੂਰੀ ਹੈ। ਜੀ.ਟੀ.ਏ. ਵੈਸਟ ਕੋਰੀਡੋਰ ਪੂਰੇ ਸੂਬੇ ‘ਚ ਲੋਕਾਂ ਦੀ ਅਤੇ ਵਸਤਾਂ ਦੀ ਆਵਾਜਾਈ ਸਮੇਂ ਭੀੜ-ਭੜੱਕੇ ਨੂੰ ਘੱਟ ਕਰੇਗਾ।”

ਮੈਰੀਟਾਈਮ-ਓਂਟਾਰੀਓ ਫ਼ਰੇਟ ਲਾਈਨਜ਼ ਦੇ ਕਸਟਮਰ ਸਰਵੀਸਿਜ਼ ਅਤੇ ਮਾਰਕੀਟਿੰਗ ਦੇ ਵਾਇਸ-ਪ੍ਰੈਜ਼ੀਡੈਂਟ ਸਟੀਵ ਸਨੋ ਨੇ ਵੀ ਮੰਨਿਆ ਕਿ ਇਹ ਬਹੁਤ ਚੁਨੌਤੀਪੂਰਨ ਇਲਾਕਾ ਹੈ ਜਿੱਥੇ ਬਹੁਤ ਭੀੜ ਰਹਿੰਦੀ ਹੈ। ਮੈਰੀਟਾਈਮ-ਓਂਟਾਰੀਓ ਫ਼ਰੇਟ ਲਾਈਨਜ਼ ਦਾ ਮੁੱਖ ਦਫ਼ਤਰ ਬਰੈਂਪਟਨ ਵਿਖੇ ਸਥਿਤ ਹੈ। ਉਨ੍ਹਾਂ ਕਿਹਾ, ”ਹਾਲਾਤ ਦੇ ਬਿਹਤਰੀਨ ਹੋਣ ‘ਤੇ ਵੀ 401 ਤਕ ਪਹੁੰਚਣਾ ਬੰਦੇ ਨੂੰ ਉਲਝਾ ਦਿੰਦਾ ਹੈ।”

ਪਰ ਫ਼ਲੀਟ ਨੇ ਕਈ ਹੋਰਨਾਂ ਨਾਲ ਇਸ ਰਸਤੇ ‘ਤੇ ਸਥਿਤ ਬਹੁਤ ਸਾਰੀਆਂ ਟਰੈਫ਼ਿਕ ਲਾਈਟਾਂ ‘ਤੇ ਚਿੰਤਾ ਪ੍ਰਗਟਾਈ ਹੈ ਜਿਸ ਨੂੰ ”60 ਕਿਲੋਮੀਟਰ ਪ੍ਰਤੀ ਘੰਟਾ ਵਾਲੀ ਜਰਨੈਲੀ ਸੜਕ” ਕਿਹਾ ਜਾ ਰਿਹਾ ਹੈ।

ਸਨੋ ਨੇ ਕਿਹਾ, ”ਇਸ ‘ਤੇ ਅਸਲ ‘ਚ 17 ਇੰਟਰਸੈਕਸ਼ਨ ਹੋਣਗੇ, ਫਿਰ ਰੁਕਣਾ ਅਤੇ ਚੱਲਣਾ। 400-ਲੜੀ ਦੇ ਹਾਈਵੇ ਦਾ ਮਤਲਬ ਕੀ ਰਹਿ ਜਾਂਦਾ ਹੈ ਜਦੋਂ ਸਾਨੂੰ ਵਾਰ-ਵਾਰ ਰੁਕਣਾ ਪਵੇ?”

ਉਨ੍ਹਾਂ ਕਿਹਾ ਕਿ ਟਰੱਕਿੰਗ ਉਦਯੋਗ ਲਈ ਇਸ ਤੋਂ ਬਿਹਤਰ ਗੱਲ ਇਹ ਹੋਵੇਗੀ ਕਿ ਇੱਕ ਰਿੰਗ ਰੋਡ ਬਣ ਜਾਵੇ ਜੋ ਕਿ ਉੱਤਰ ਵੱਲ ਹਾਲਟਨ ਖੇਤਰ ‘ਚ ਜਾ ਕੇ ਖੁੱਲ੍ਹੇ।

ਗ੍ਰੇਟਰ ਗੋਲਡਨ ਹੋਰਸਸ਼ੂ ਲਈ ਸੂਬੇ ਦੀ 2006 ਦੀ ਵਿਕਾਸ ਯੋਜਨਾ ‘ਚ ਅੰਦਾਜ਼ਾ ਪ੍ਰਗਟਾਇਆ ਗਿਆ ਸੀ ਕਿ ਜੀ.ਟੀ.ਏ. ਵੈਸਟ ਖੇਤਰ ‘ਚ 2031 ਤਕ 1.5 ਮਿਲੀਅਨ ਵਾਧੂ ਕਾਰ ਅਤੇ ਟਰੱਕ ਗੇੜੀਆਂ ਲੱਗਣਗੀਆਂ। ਬਗ਼ੈਰ ਕਿਸੇ ਤਬਦੀਲੀ ਤੋਂ, ਔਸਤ ਯਾਤਰਾ ਦਾ ਸਮਾਂ ਹਰ ਰੋਜ਼ 27 ਮਿੰਟ ਵੱਧ ਜਾਵੇਗਾ।

ਖੇਤਰ ਦੀ 2017-21 ਵਸਤ ਆਵਾਜਾਈ ਰਣਨੀਤਕ ਯੋਜਨਾ ਅਨੁਸਾਰ ਪੀਲ ਖੇਤਰ ‘ਚ ਕਿਸੇ ਵੀ ਦਿਨ ਔਸਤਨ 1.8 ਬਿਲੀਅਨ ਦੇ ਮੁੱਲ ਦੀਆਂ ਵਸਤਾਂ ਆਉਂਦੀਆਂ, ਜਾਂਦੀਆਂ ਜਾਂ ਇਸ ‘ਚੋਂ ਹੋ ਕੇ ਨਿਕਲਦੀਆਂ ਹਨ। ਪੀਲ ‘ਚ 2041 ਤਕ ਪ੍ਰਤੀ ਸਾਲ 6 ਮਿਲੀਅਨ ਟਰੱਕਾਂ ਦੀਆਂ ਯਾਤਰਾਵਾਂ ਵੇੇਖਣ ਨੂੰ ਮਿਲਣਗੀਆਂ। ਜੀ.ਟੀ.ਏ. ਵੈਸਟ ਦਾ ਕੋਰੀਡੋਰ ਵਾਤਾਵਰਣ ਮੁਲਾਂਕਣ 2022 ਦੇ ਅਖ਼ੀਰ ਤਕ ਮੁਕੰਮਲ ਹੋ ਜਾਵੇਗਾ।