ਓਂਟਾਰੀਓ ਨੇ ਟੋਇੰਗ ਉਦਯੋਗ ‘ ‘ਚ ਵੱਡਾ ਸੁਧਾਰ ਲਿਆਉਣ ਦੀ ਕੋਸ਼ਿਸ਼ ਵਿੱਢੀ

Avatar photo
ਤਸਵੀਰ : ਟੂਡੇਜ਼ ਟਰੱਕਿੰਗ

ਆਪਸੀ ਖਹਿਬਾਜ਼ੀ ਅਤੇ ਵਾਧੂ ਕੀਮਤਾਂ ਹੜੱਪਣ ਦੇ ਦੋਸ਼ਾਂ ‘ਚ ਘਿਰੇ ਟੋਇੰਗ ਉਦਯੋਗ ‘ਤੇ ਪ੍ਰੋਵਿੰਸ਼ੀਅਲ ਨਿਗਰਾਨੀ ਨੂੰ ਬਿਹਤਰ ਕਰਨ ਲਈ ਓਂਟਾਰੀਓ ਨੇ ਇੱਕ ਟਾਸਕ ਫ਼ੋਰਸ ਦੇ ਗਠਨ ਦਾ ਐਲਾਨ ਕੀਤਾ ਹੈ।

ਸੂਬੇ ਨੇ ਸੋਮਵਾਰ ਨੂੰ ਕਿਹਾ ਕਿ ਟਾਸਕ ਫ਼ੋਰਸ ਇੱਕ ਰੈਗੂਲੇਟਰੀ ਮਾਡਲ ਵਿਕਸਤ ਕਰਨ ‘ਚ ਮੱਦਦ ਕਰੇਗੀ, ਜੋ ਕਿ ਸੁਰੱਖਿਆ ਅਤੇ ਕਾਨੂੰਨਾਂ ਦੇ ਅਮਲ ‘ਚ ਵਾਧਾ ਕਰੇਗਾ, ਗਾਹਕਾਂ ਦੀ ਸੁਰੱਖਿਆ ‘ਚ ਸਪੱਸ਼ਟਤਾ ਲਿਆਵੇਗਾ, ਉਦਯੋਗਿਕ ਮਾਨਕਾਂ ਨੂੰ ਬਿਹਤਰ ਬਣਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਲਈ ਸਜ਼ਾਵਾਂ ਸਖ਼ਤ ਕਰਨ ‘ਤੇ ਵਿਚਾਰ ਕਰੇਗਾ।

ਪਰੀਮੀਅਰ ਡੱਗ ਫ਼ੋਰਡ ਨੇ ਆਪਣੇ ਰੋਜ਼ਾਨਾ ਕੋਵਿਡ-19 ਬਾਰੇ ਬਿਆਨ ਜਾਰੀ ਕਰਨ ਦੌਰਾਨ ਕਿਹਾ, ”ਟੋਇੰਗ ਉਦਯੋਗ ‘ਚ ਹਿੰਸਾ ਅਤੇ ਅਪਰਾਧਕ ਗਤੀਵਿਧੀਆਂ ‘ਚ ਜੁੜੇ ਹੋਏ ਬੁਰੇ ਅਨਸਰਾਂ ਦਾ ਸਮਾਂ ਖ਼ਤਮ ਹੋ ਗਿਆ ਹੈ। ਇਸ ਟਾਸਕ ਫ਼ੋਰਸ ਨੂੰ ਬਣਾਉਣ ਨਾਲ ਅਸੀਂ ਅਜਿਹੇ ਸਾਰੇ ਮਾਹਰਾਂ ਨੂੰ ਇਕੱਠਾ ਲਿਆ ਸਕਾਂਗੇ ਜੋ ਕਿ ਡਰਾਈਵਰਾਂ, ਆਪਰੇਟਰਾਂ ਅਤੇ ਇੰਸਪੈਕਟਰਾਂ ਦੀ ਬਿਹਤਰ ਸੁਰੱਖਿਆ ਲਈ ਤਰੀਕੇ ਵਿਕਸਤ ਕਰ ਸਕਣਗੇ।”

ਇਸ ਟਾਸਕ ਫ਼ੋਰਸ ਦੀ ਪਹਿਲਾਂ ਹੀ ਦੋ ਵਾਰੀ ਮੀਟਿੰਗ ਹੋ ਚੁੱਕੀ ਹੈ ਅਤੇ ਇਹ ਇਸ ਉਦਯੋਗ ਨਾਲ ਸਬੰਧਤ ਕਈ ਵਿਸ਼ਿਆਂ ਦੀ ਸਮੀਖਿਆ ਕਰੇਗੀ, ਜਿਨ੍ਹਾਂ ਵਿੱਚ ਸੁਰੱਖਿਆ, ਗ੍ਰਾਹਕ ਸੁਰੱਖਿਆ, ਬਿਹਤਰ ਉਦਯੋਗ ਮਾਨਕ, ਸਿਖਲਾਈ ਅਤੇ ਪਹਿਲਾਂ ਦੇ ਕੰਮ-ਕਾਜ ਦੀ ਜਾਂਚ ਬਾਰੇ ਸੂਬਾਈ ਨਿਗਰਾਨੀ ਸ਼ਾਮਲ ਹੋਵੇਗੀ।

ਹੱਦ ਹੋ ਗਈ ਹੈ – ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ

ਉਦਯੋਗ ‘ਚ ਲਗਾਤਾਰ ਹਿੰਸਾ ਅਤੇ ਹੋਰ ਅਪਰਾਧਕ ਗਤੀਵਿਧੀਆਂ ਬਾਰੇ ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।

ਉਨ੍ਹਾਂ ਕਿਹਾ, ”ਇਨ੍ਹਾਂ ਘਟਨਾਵਾਂ ਨੂੰ ਕਿਸੇ ਵੀ ਕੀਮਤ ‘ਤੇ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਅਤੇ ਇਹ ਆਪਰੇਟਰਾਂ ਸਮੇਤ ਹਾਈਵੇ ਦਾ ਪ੍ਰਯੋਗ ਕਰਨ ਵਾਲੇ ਸਾਰੇ ਵਿਅਕਤੀਆਂ ਲਈ ਖ਼ਤਰਾ ਹਨ।”

”ਹੁਣ ਹੱਦ ਹੋ ਗਈ ਹੈ।”

ਟਾਸਕ ਫ਼ੋਰਸ ‘ਚ ਵੱਖੋ-ਵੱਖ ਮੰਤਰਾਲਿਆਂ ਅਤੇ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ।

ਪ੍ਰੋਵਿੰਸ ਨੇ ਕਿਹਾ ਕਿ ਇੱਕ ਵਾਰੀ ਚਰਚਾ ਅਤੇ ਟਿੱਪਣੀ ਲਈ ਆਪਣੀ ਰਾਏ ਤਿਆਰ ਕਰਨ ਤੋਂ ਬਾਅਦ ਟਾਸਕ ਫ਼ੋਰਸ ਵੱਲੋਂ ਉਦਯੋਗ, ਮਿਊਨਿਸਿਪਲ ਕਮੇਟੀਆਂ ਅਤੇ ਜਨਤਕ ਸੁਰੱਖਿਆ ਦੇ ਮਾਹਰਾਂ ਨਾਲ ਸਲਾਹ ਕੀਤੀ ਜਾਵੇਗੀ।

ਓ.ਟੀ.ਏ. ਨੇ ਇਸ ਕਦਮ ਦਾ ਸਵਾਗਤ ਕੀਤਾ

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਵੱਖੋ-ਵੱਖ ਧਿਰਾਂ ਨਾਲ 2017 ਤੋਂ ਮਿਲ ਕੇ ਕੰਮ ਕਰਦੀ ਆ ਰਹੀ ਹੈ ਤਾਂ ਕਿ ਇਸ ਖੇਤਰ ‘ਚ ਤਬਦੀਲੀ ਲਿਆਂਦੀ ਜਾ ਸਕੇ।

ਓ.ਟੀ.ਏ. ਦੇ ਚੇਅਰਮੈਨ ਡੇਵਿਡ ਕੈਰੁਥ ਨੇ ਕਿਹਾ, ”ਟੋਇੰਗ ਉਦਯੋਗ ‘ਚ ਜ਼ਿੰਮੇਵਾਰੀ ਅਤੇ ਪਾਰਦਰਸ਼ਿਤਾ ਲਿਆਉਣ ਲਈ ਪ੍ਰੋਵਿੰਸ਼ੀਅਲ ਸਰਕਾਰ ਅਤੇ ਪੁਲਿਸ ਬਲਾਂ ਵੱਲੋਂ ਪੂਰਾ ਜ਼ੋਰ ਲਾਉਣ ਨਾਲ, ਟਰੱਕਿੰਗ ਉਦਯੋਗ ਨੂੰ ਭਰੋਸਾ ਦਿਵਾਇਆ ਜਾ ਸਕਦਾ ਹੈ ਕਿ ਅਸੀਂ ਇਸ ਛੋਟੇ, ਪਰ ਵੱਧਦੇ ਜਾ ਰਹੇ ਸੜਕੀ ਡਕੈਤਾਂ ਤੋਂ ਹਾਰ ਨਹੀਂ ਮੰਨਾਂਗੇ, ਜੋ ਕਿ ਆਪਣੀ ਆਮਦਨ ਓਂਟਾਰੀਓ ਦੇ ਹਾਈਵੇਜ਼ ‘ਤੇ ਟਰੱਕਿੰਗ ਕੰਪਨੀਆਂ ਦੀਆਂ ਟੱਕਰਾਂ ਜਾਂ ਖ਼ਰਾਬ ਹੋਈਆਂ ਗੱਡੀਆਂ ਨੂੰ ਵੱਡੀ ਕੀਮਤ ਵਸੂਲ ਕੇ ਟੋਅ ਕਰਨ ਨਾਲ ਚਲਾਉਂਦੇ ਹਨ।”

ਪ੍ਰੋਵਿੰਸ਼ੀਅਲ ਨਿਗਰਾਨੀ ਦੇ ਸਥਾਪਤ ਹੋਣ ਨਾਲ ਐਸੋਸੀਏਸ਼ਨ ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਕੀਮਤਾਂ ‘ਚ ਤਿੱਖਾ ਵਾਧਾ ਖ਼ਤਮ ਹੋ ਜਾਵੇਗਾ।

ਓਂਟਾਰੀਓ ‘ਚ ਇਸ ਵੇਲੇ ਟਰਾਂਸਪੋਰਟੇਸ਼ਨ ਮੰਤਰਾਲੇ ਦੇ ਕਮਰਸ਼ੀਅਲ ਵਹੀਕਲ ਆਪਰੇਟਰਜ਼ ਰਜਿਸਟਰੇਸ਼ਨ (ਸੀ.ਵੀ.ਓ.ਆਰ.) ਪ੍ਰੋਗਰਾਮ ਨਾਲ ਰਜਿਸਟਰਡ 1,600 ਟੋਅ ਟਰੱਕ ਕੰਪਨੀਆਂ ਹਨ।

ਟੋਅ ਟਰੱਕ ਚਲਾਉਣ ਲਈ ਸੀ.ਵੀ.ਓ.ਆਰ. ਦਾ ਜਾਇਜ਼ ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ