ਓਂਟਾਰੀਓ ਪ੍ਰਵਾਸੀ ਨਾਮਜ਼ਦਗੀ ਪ੍ਰੋਗਰਾਮ ‘ਚ ਟਰੱਕਿੰਗ ਉਦਯੋਗ ਵੀ ਹੋਇਆ ਸ਼ਾਮਲ 

Avatar photo

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਮੰਗ ਅਨੁਸਾਰ ਹੁਨਰ ਪ੍ਰਵਾਹ (ਇਨ-ਡਿਮਾਂਡ ਸਕਿੱਲਸ ਸਟ੍ਰੀਮ) ਰਾਹੀਂ ਟਰੱਕਿੰਗ ਉਦਯੋਗ ਨੂੰ ਓਂਟਾਰੀਓ ਪ੍ਰਵਾਸੀ ਨਾਮਜ਼ਦਗੀ ਪ੍ਰੋਗਰਾਮ ‘ਚ ਸ਼ਾਮਲ ਕਰਨ ਲਈ ਸੂਬਾ ਸਰਕਾਰ ਦੀ ਤਾਰੀਫ਼ ਕੀਤੀ ਹੈ।

2019 ਦੇ ਬਜਟ ‘ਚ ਲਿਖਿਆ ਹੈ: ”ਰੁਜ਼ਗਾਰਦਾਤਾ ਅਤੇ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਭਾਂਪਦਿਆਂ, ਸਰਕਾਰ ਰੁਜ਼ਗਾਰਦਾਤਾ ਵਲੋਂ ਨੌਕਰੀ ਦੀ ਪੇਸ਼ਕਸ਼ ਲਈ ਯੋਗ ਪੇਸ਼ਿਆਂ ਦਾ ਵਿਸਤਾਰ ਕਰ ਕੇ: ਮੰਗ ਅਨੁਸਾਰ ਹੁਨਰ ਪ੍ਰਵਾਹ ‘ਚ ਆਵਾਜਾਈ ਟਰੱਕ ਡਰਾਈਵਰਾਂ ਅਤੇ ਵਿਅਕਤੀਗਤ ਸਹਾਇਤਾ ਕਾਮਿਆਂ ਨੂੰ ਵੀ ਸ਼ਾਮਲ ਕਰ ਰਹੀ ਹੈ।”

ਇਹ ਬਦਲਾਅ ਓਂਟਾਰੀਓ ਟਰੱਕਿੰਗ ਕੰਪਨੀਆਂ ਨੂੰ ਵਿਦੇਸ਼ੀ ਕਿਰਤ ਸਰੋਤਾਂ ਤਕ ਉਸੇ ਤਰ੍ਹਾਂ ਦੀ ਪਹੁੰਚ ਦਿੰਦਾ ਹੈ ਜਿਸ ਤਰ੍ਹਾਂ ਦੀ ਅੱਜ ਖੇਤੀਬਾੜੀ ਅਤੇ ਉਸਾਰੀ ਉਦਯੋਗ ਕੋਲ ਹੈ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੇ ਚੇਅਰਮੈਨ ਡੇਵਿਡ ਕਾਰੁੱਥ ਨੇ ਕਿਹਾ, ”ਓਂਟਾਰੀਓ ਦੀ ਆਰਥਕ ਸਮਰਥਾ ਸੂਬੇ ਅੰਦਰ ਸਮਾਨ ਦੀ ਢੋਆ-ਢੁਆਈ ਦਾ ਪ੍ਰਮੁੱਖ ਸਾਧਨ ਹੋਣ ਕਰ ਕੇ ਟਰੱਕਿੰਗ ਉਦਯੋਗ ‘ਤੇ ਬਹੁਤ ਨਿਰਭਰ ਹੈ। ਇਸ ਪ੍ਰੋਗਰਾਮ ਤਕ ਪਹੁੰਚ ਹੋਣ ਕਰ ਕੇ ਟਰੱਕਿੰਗ ਕੰਪਨੀਆਂ ਕੋਲ ਆਪਣੀ ਕਿਰਤ ਸ਼ਕਤੀ ‘ਚ ਘਾਟੇ ਨੂੰ ਪੂਰਾ ਕਰਨ ਲਈ ਜ਼ਰੂਰੀ ਹੁਨਰ ਵਾਲੇ ਲੋਕਾਂ ਦੀ ਭਰਤੀ ਕਰਨ ‘ਚ ਮਦਦ ਮਿਲੇਗੀ।”

ਇੱਛੁਕ ਟਰੱਕ ਡਰਾਈਵਰਾਂ ਨੂੰ ਓਂਟਾਰੀਓ ਦੇ ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ ਪ੍ਰੋਗਰਾਮ ‘ਚੋਂ ਲੰਘਣਾ ਪਵੇਗਾ ਅਤੇ ਉਨ੍ਹਾਂ ਨੂੰ ਆਪਣੇ ਰੁਜ਼ਗਾਰਦਾਤਾਵਾਂ ਵਲੋਂ ਵੀ ਸਿਖਲਾਈ ਦਿੱਤੀ ਜਾਵੇਗੀ।

ਕਾਰੁੱਥ ਨੇ ਅੱਗੇ ਕਿਹਾ, ”ਉਦਯੋਗ ਆਪਣੀ ਕਿਰਤ ਸ਼ਕਤੀ ‘ਚ ਕਮੀ ਨੂੰ ਪੂਰਾ ਕਰਨ ਲਈ ਕਦਮ ਚੁੱਕ ਰਿਹਾ ਹੈ- ਜਿਨ੍ਹਾਂ ‘ਚ ਤਨਖ਼ਾਹਾਂ ਵਧਾਉਣ ਤੋਂ ਲੈ ਕੇ ਉਦਯੋਗ ‘ਚ ਮੌਜੂਦ ਬਿਹਤਰ ਮਾਰਕੀਟਿੰਗ ਦੇ ਮੌਕੇ ਸ਼ਾਮਲ ਹਨ- ਪਰ ਸਿਰਫ਼ ਇਨ੍ਹਾਂ ਕਦਮਾਂ ਨਾਲ ਉਹ ਆਉਣ ਵਾਲੇ ਸਾਲਾਂ ‘ਚ ਆਪਣੀ ਕਿਰਤ ਸ਼ਕਤੀ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਣਗੇ ਜਦੋਂ ਤਕ ਉਨ੍ਹਾਂ ਨੂੰ ਪ੍ਰਵਾਸ ਰਾਹੀਂ ਕਾਮੇ ਨਹੀਂ ਮਿਲਦੇ।”

ਓ.ਟੀ.ਏ. ਦੇ ਪ੍ਰਧਾਨ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ”ਇਸ ਸੂਬੇ ਨੂੰ ਕਾਰੋਬਾਰ ਲਈ ਲਈ ਤਿਆਰ ਬਰ ਤਿਆਰ ਰੱਖਣਾ ਯਕੀਨੀ ਬਣਾਉਣਾ (ਪ੍ਰਿਮੀਅਰ ਡੱਗ) ਫ਼ੋਰਡ ਸਰਕਾਰ ਦੇ ਪ੍ਰੇਰਨਾ ਸਿਧਾਂਤਾਂ ‘ਚ ਸ਼ਾਮਲ ਰਿਹਾ ਹੈ। ਟਰੱਕਿੰਗ ਨੂੰ ਓ.ਆਈ.ਐਨ.ਪੀ. ਤਕ ਪਹੁੰਚ ਦੇਣ ਦਾ ਫ਼ੈਸਲਾ ਇਸ ਸੋਚ ਨੂੰ ਸਾਕਾਰ ਰੂਪ ਦੇਣ ਵੱਲ ਮਹੱਤਵਪੂਰਨ ਕਦਮ ਹੈ।”

ਓਂਟਾਰੀਓ ਟਰੱਕਿੰਗ ਉਦਯੋਗ ਨੂੰ ਇਕ ਪਾਇਲਟ ਪ੍ਰੋਗਰਾਮ ‘ਚ ਵੀ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਕਿ ਬਹੁਤ ਹੁਨਰਮੰਦ ਵਿਦੇਸ਼ੀ ਪ੍ਰਵਾਸੀਆਂ ਨੂੰ ਛੋਟੇ ਕਸਬਿਆਂ ਤਕ ਲਿਆਵੇਗਾ।

ਬਜਟ ‘ਚ ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਸਰਕਾਰ ਕੁਦਰਤੀ ਗੈਸ ‘ਤੇ ਟੈਕਸ ਛੋਟ ਬਰਕਰਾਰ ਰੱਖੇਗੀ ਜਿਸ ਨੂੰ ਆਵਾਜਾਈ ਲਈ ਫ਼ਿਊਲ ਵਜੋਂ ਵਰਤਿਆ ਜਾਂਦਾ ਹੈ।

ਬਜਟ ਕੌਮਾਂਤਰੀ ਰਜਿਸਟਰੇਸ਼ਨ ਯੋਜਨਾਵਾਂ ਲਈ ਇਲੈਕਟ੍ਰਾਨਿਕ ਦਸਤਾਵੇਜ਼ ਤਿਆਰ ਕਰਨ ਦੀ ਇਜਾਜ਼ਤ ਵੀ ਦੇਵੇਗਾ, ਜਿਸ ਨਾਲ ਟਰੱਕ ਡਰਾਈਵਰਾਂ ਨੂੰ ਆਪਣੇ ਪਛਾਣ ਅਤੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਆਸਾਨ ਹੋਵੇਗਾ।