ਓਂਟਾਰੀਓ ਵਿਸਤਾਰਿਤ ਟਰੱਕ ਪਾਰਕਿੰਗ ‘ਚ ਨਿਵੇਸ਼ ਕਰੇਗਾ

Avatar photo

ਓਂਟਾਰੀਓ ਸੂਬੇ ਦੀਆਂ ਕਈ ਥਾਵਾਂ ‘ਤੇ ਟਰੱਕ ਪਾਰਕਿੰਗ ਅਪਗ੍ਰੇਡ ਕਰਨ ਲਈ ਵਚਨਬੱਧ ਹੈ, ਜਿਸ ‘ਚ 14 ਮੌਜੂਦਾ ਆਰਾਮ ਘਰਾਂ ਨੂੰ ਅਪਗ੍ਰੇਡ ਕਰਨਾ, 10 ਨਵੇਂ ਆਰਾਮ ਘਰਾਂ ਦੀ ਉਸਾਰੀ ਅਤੇ ਚਾਰ ਮੌਜੂਦਾ ਆਨਰੂਟ ਟਰੈਵਲ ਪਲਾਜ਼ਾ ‘ਤੇ 178 ਨਵੀਂਆਂ ਟਰੱਕ ਪਾਰਕਿੰਗ ਥਾਵਾਂ ਨੂੰ ਜੋੜਨਾ ਸ਼ਾਮਲ ਹੈ।

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਸੰਬੰਧਤ ਪ੍ਰੈੱਸ ਬਿਆਨ ‘ਚ ਕਿਹਾ, ”ਟਰੱਕ ਡਰਾਈਵਰ ਲੰਮਾ ਸਮਾਂ ਸਾਡੀਆਂ ਸੜਕਾਂ ‘ਤੇ ਹਰ ਕਿਸਮ ਅਤੇ ਵੇਰਵੇ ਦੀਆਂ ਵਸਤਾਂ ਨੂੰ ਇਧਰੋਂ-ਉਧਰ ਲਿਜਾਣ ਲਈ ਕੰਮ ਕਰਦੇ ਹਨ ਅਤੇ ਅਸੀਂ ਇਹ ਯਕੀਨੀ ਕਰਨਾ ਹੈ ਕਿ ਉਨ੍ਹਾਂ ਕੋਲ ਰੁਕਣ ਅਤੇ ਆਰਾਮ ਕਰਨ ਲਈ ਆਧੁਨਿਕ, ਸੁਰੱਖਿਅਤ ਅਤੇ ਸਵਾਗਤਯੋਗ ਥਾਂ ਹੋਵੇ।”

ਕੋਵਿਡ-19 ਕਰਕੇ ਪ੍ਰੋਵਿੰਸ ‘ਚ ਬੰਦ ਹੋਣ ਦੇ ਬਾਵਜੂਦ 23 ਆਨਰੂਟ ਲੋਕੇਸ਼ਨਾਂ ‘ਤੇ ਪਾਰਕਿੰਗ ਅਤੇ ਵਾਸ਼ਰੂਮ ਦੀ ਸਹੂਲਤ ਮੌਜੂਦ ਹੈ ਅਤੇ ਹੋਰ ਪੋਰਟੇਬਲ ਵਾਸ਼ਰੂਮ ਵੀ ਟਰੱਕਾਂ ਦੀ ਜਾਂਚ ਕਰਨ ਵਾਲੇ ਸਟੇਸ਼ਨਾਂ ‘ਤੇ ਮੁਹੱਈਆ ਕਰਵਾਏ ਗਏ ਹਨ।

ਪਿਛਲੀ ਵਾਰੀ ਉੱਤਰੀ ਓਂਟਾਰੀਓ ‘ਚ ਟਰੱਕ ਪਾਰਕਿੰਗ ਦਾ ਐਲਾਨ ਕਰਨ ਸਮੇਂ ਮਲਰੋਨੀ ਨੇ ਇਸ ਨੂੰ ‘ਮੁਢਲਾ ਮਨੁੱਖੀ ਮਾਮਲਾ’ ਕਰਾਰ ਦਿੱਤਾ ਸੀ।

ਉਸ ਖੇਤਰ ‘ਚ ਕੀਤੇ ਸੁਧਾਰਾਂ ‘ਚ 10 ਨਵੇਂ ਆਰਾਮ ਘਰ ਅਤੇ 11 ਹੋਰ ਦਾ ਵਿਸਤਾਰ ਜਾਂ ਮੁਰੰਮਤ ਦਾ ਕੰਮ ਸ਼ਾਮਲ ਹੈ।

ਅਪਗ੍ਰੇਡ ‘ਚ ਬਿਹਤਰ ਲਾਈਟਿੰਗ, ਸਾਈਨੇਜ ਸ਼ਾਮਲ ਹੋਣਗੇ ਜੋ ਕਿ ਗੱਡੀ ਦੇ ਆਕਾਰ ਦੀਆਂ ਪਾਬੰਦੀਆਂ ਅਤੇ ਪਹੁੰਚ ਨੂੰ ਸਪੱਸ਼ਟ ਕਰਨਗੇ, ਜਦੋਂ ਸਿਰਫ਼ ਛੋਟੀਆਂ ਗੱਡੀਆਂ ਲਈ ਥਾਂ ਹੋਵੇਗੀ ਤਾਂ ਨਵੇਂ ਹਾਈਵੇ ਆਰਾਮ ਘਰ ਸੰਕੇਤ ‘ਤੇ ‘ਸਿਰਫ਼ ਕਾਰਾਂ ਲਈ’ ਲਿਖਿਆ ਹੋਵੇਗਾ ਅਤੇ ਜਿੱਥੇ ਵੀ ਹੋ ਸਕੇ ਵੱਡੀਆਂ ਗੱਡੀਆਂ ਲਈ ਬਿਹਤਰ ਮੋੜ ਕੱਟਣ ਦੀਆਂ ਕਤਾਰਾਂ ਬਣਾਈਆਂ ਜਾਣਗੀਆਂ।

2021 ਲਈ ਮਿੱਥੇ ਗਏ ਪ੍ਰਾਜੈਕਟਾਂ ‘ਚ ਸ਼ਾਮਲ ਹਨ:

–     ਹਾਈਵੇ 401 ਵੈਸਟਬਾਊਂਡ ‘ਤੇ ਗੇਨਾਨੋਕ ਟਰੱਕ ਏਰੀਆ- ਜੋ ਕਿ ਜਾਂਚ ਸਹੂਲਤਾਂ ਨੂੰ ਟਰੱਕ ਰੈਸਟ ਏਰੀਆ ‘ਚ ਬਦਲ ਦਿੰਦਾ ਹੈ ਅਤੇ ਟਰੱਕ ਪਾਰਕਿੰਗ ਵਾਲੀਆਂ ਥਾਵਾਂ ਦੀ ਗਿਣਤੀ ਵਧਾ ਕੇ 29 ਕੀਤੀ ਜਾਵੇਗੀ।

–     ਹਾਈਵੇ 402 ‘ਤੇ ਸਾਰਨੀਆ ਕੋਲ ਟਰੱਕ ਆਰਾਮ ਘਰ- ਹਾਈਵੇ 402 ‘ਤੇ ਸਾਬਕਾ ਸਾਰਨੀਆ ਉੱਤਰੀ ਕਮਰਸ਼ੀਅਲ ਵਹੀਕਲ ਜਾਂਚ ਸਹੂਲਤ ਨੂੰ ਨਵੀਂ ਟਰੱਕ ਆਰਾਮ ਘਰ ਸਹੂਲਤ ‘ਚ ਤਬਦੀਲ ਕਰਨ ਲਈ।

–     ਬੈਂਸਵਿਲ ਆਨਰੂਟ- ਬਿਹਤਰ ਟਰੱਕ ਪਾਰਕਿੰਗ।

–     ਕੈਂਬਰਿਜ ਉੱਤਰੀ ਅਤੇ ਦੱਖਣੀ ਆਨਰੂਟ- ਵਧੀ ਹੋਈ ਟਰੱਕ ਪਾਰਕਿੰਗ।

–     ਹਾਈਵੇ 17 ‘ਤੇ ਓਂਟਾਰੀਓ/ਮੇਨੀਟੋਬਾ ਆਰਾਮ ਘਰ- ਪੁਨਰਵਾਸ ਅਤੇ ਵਿਸਤਾਰ ‘ਚ ਸ਼ਾਮਲ ਹਨ ਲਾਈਟਿੰਗ, ਇੰਟੀਰੀਅਰ ਅਤੇ ਐਂਕਸਟੈਂਸ਼ਨ ਵਾਸ਼ਰੂਮ, ਹੀਟਿੰਗ ਅਤੇ ਇੰਸੁਲੇਸ਼ਨ, ਵਾਈ-ਫ਼ਾਈ ਦੀ ਸਹੂਲਤ ਅਤੇ ਸੂਚਨਾ ਕੀਓਸਕ।

–     ਹਾਈਵੇ 72 ‘ਤੇ ਅਮਫ਼੍ਰੀਵਿਲ ਆਰਾਮ ਘਰ- ਦਾਖ਼ਲੇ ਦੀ ਥਾਂ ਬਿਹਤਰ ਕਰਨਾ।

–     ਹਾਈਵੇ 17 ‘ਤੇ ਰੌਸਪੋਰਟ ਆਰਾਮ ਘਰ- ਦਾਖ਼ਲੇ ਦੀ ਥਾਂ ਬਿਹਤਰ ਕਰਨਾ।

–     ਹਾਈਵੇ 17 ‘ਤੇ ਲੋਜ ਲੇਕ ਆਰਾਮ ਘਰ ਨੂੰ ਬਿਹਤਰ ਕਰਨਾ- ਮੁਰੰਮਤ ਦਾ ਕੰਮ।

–     ਹਾਈਵੇ 11 ‘ਤੇ ਲੀਓਨਾਰਡ ਲੇਕ ਆਰਾਮ ਘਰ- ਮੁਰੰਮਤ ਦਾ ਕੰਮ।

–     ਹਾਈਵੇ 17 ‘ਤੇ ਆਰਗਨ ਲੇਕ ਰੈਸਟ ਏਰੀਆ- ਮੌਜੂਦਾ ਆਰਾਮ ਘਰ ਦੇ ਵਿਸਤਾਰ ਅਤੇ ਮੁਰੰਮਤ ਦਾ ਕੰਮ ਅਤੇ ਹਰ ਮੌਸਮ ‘ਚ ਚੱਲਣ ਵਾਲੇ ਵਾਸ਼ਰੂਮ।

–     ਹਾਈਵੇ 17/614 ‘ਤੇ ਮੇਨੀਟੂਵਾਜ ਆਰਾਮ ਘਰ- ਨਗਰ ਨਿਗਮ ਨਾਲ ਕੰਮ, ਹਰ ਮੌਸਮ ‘ਚ ਚੱਲਣ ਵਾਲੇ ਆਰਾਮ ਘਰਾਂ ਦੀ ਉਸਾਰੀ, ਨਵੇਂ ਦਾਖ਼ਲੇ ਦੀ ਉਸਾਰੀ, ਬਿਹਤਰ ਲਾਈਟਿੰਗ, ਅਤੇ ਪਾਰਕਿੰਗ ਸਮਰਥਾ ‘ਚ ਵਿਸਤਾਰ।

–     ਹਾਈਵੇ 11 ਵਿਖੇ ਹਰਸਟ (ਰਾਇਲੈਂਡ) ਆਰਾਮ ਘਰ- ਵਿਸਤਾਰ ‘ਚ ਸ਼ਾਮਲ ਹੈ ਹਰ ਮੌਸਮ ‘ਚ ਚੱਲਣ ਵਾਲੇ ਵਾਸ਼ਰੂਮ ਅਤੇ ਬਿਹਤਰ ਪਾਰਕਿੰਗ ਸਮਰਥਾ।

2022 ‘ਚ ਹੋਣ ਵਾਲੇ ਕੰਮਾਂ ‘ਚ ਟਰੈਂਟਨ ਸਾਊਥ ਆਨਰੂਟ, ਹਾਈਵੇ 17 ‘ਤੇ ਗਿਬਸਨ ਲੇਕ ਆਰਾਮ ਘਰ, ਹਾਈਵੇ 527 ‘ਤੇ ਗਲ ਬੇਅ ਆਰਾਮ ਘਰ, ਹਾਈਵੇ 811 ਨੇੜੇ ਹਾਈਵੇ 527 ‘ਤੇ ਆਰਾਮ ਘਰ, ਹਾਈਵੇ 599 ‘ਤੇ ਮਲੀਗਨ ਲੇਕ ‘ਤੇ ਆਰਾਮ ਘਰ, ਹਾਈਵੇ 11 ‘ਤੇ ਕਲੋਟਜ਼ ਲੇਕ ਆਰਾਮ ਘਰ ਅਤੇ ਹਾਈਵੇ 17 ‘ਤੇ ਟੈਰੇਸ ਬੇਅ ਵਿਖੇ ਨਵਾਂ ਆਰਾਮ ਘਰ।

2025 ‘ਚ ਤਕ ਚੱਲਣ ਵਾਲੇ ਹੋਰ ਪ੍ਰਾਜੈਕਟਾਂ ਦੀ ਸੂਚੀ ਇਸ ਲਿੰਕ ‘ਤੇ ਮੌਜੂਦ ਹੈ।

ਕੋਵਿਡ-19 ਦੇ ਸ਼ੁਰੂਆਤੀ ਦਿਨਾਂ ‘ਚ ਓਂਟਾਰੀਓ ਦੇ ਆਵਾਜਾਈ ਮੰਤਰਾਲੇ ਨੇ ਸੜਕ ਕਿਨਾਰੇ ਜਾਂਚ ਸਟੇਸ਼ਨਾਂ ‘ਤੇ ਪੋਰਟੇਬਲ ਵਾਸ਼ਰੂਮ ਸਹੂਲਤਾਂ ਵੀ ਪੇਸ਼ ਕੀਤੀਆਂ ਸਨ, ਜਦੋਂ ਕਈ ਟਰੱਕ ਸਟਾਪ ਅਤੇ ਗ੍ਰਾਹਕ ਡਰਾਈਵਰਾਂ ਤਕ ਪਹੁੰਚ ਨੂੰ ਸੀਮਤ ਕਰ ਰਹੇ ਸਨ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਇਸ ਕਦਮ ਦਾ ਸਵਾਗਤ ਕੀਤਾ ਹੈ।

ਸੀ.ਈ.ਓ. ਅਤੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ”ਮੰਤਰੀ ਮਲਰੋਨੀ ਵੱਲੋਂ ਅੱਜ ਕੀਤੇ ਐਲਾਨ ਦਾ ਓ.ਟੀ.ਏ. ਸਵਾਗਤ ਕਰਦਾ ਹੈ। ਉੱਤਰੀ ਓਂਟਾਰੀਓ ‘ਚ ਐਲਾਨ ਕੀਤੇ ਪਹਿਲੇ ਪ੍ਰਾਜੈਕਟਾਂ ਨਾਲ ਜੋੜ ਕੇ, ਆਰਾਮ ਘਰਾਂ ਵਰਗੇ ਮਹੱਤਵਪੂਰਨ ਮੁੱਦਿਆਂ ਦਾ ਹੱਲ ਕਰ ਕੇ ਓਂਟਾਰੀਓ ਸਰਕਾਰ ਨੇ ਟਰੱਕਿੰਗ ਉਦਯੋਗ ਪ੍ਰਤੀ ਆਪਣੀ ਨਿਰੰਤਰ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ।”

ਆਰਾਮ ਘਰ ਮਨੁੱਖੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਜਾਗਰੂਕਤਾ ਫੈਲਾਉਣ ਦੀ ਰਣਨੀਤੀ ‘ਚ ਪ੍ਰਮੁੱਖ ਥਾਂ ਵੀ ਬਣ ਜਾਣਗੇ। ਆਨਰੂਟ ਲੋਕੇਸ਼ਨਾਂ ਕੈਨੇਡੀਅਨ ਹਿਊਮਨ ਟਰੈਫ਼ੀਕਿੰਗ ਹਾਟਲਾਈਨ ਬਾਰੇ ਜਾਗਰੂਕਤਾ ਫੈਲਾਉਣਗੇ, ਜਦਕਿ ਸੰਬੰਧਤ ਸੂਚਨਾ ਆਰਾਮ ਘਰਾਂ, ਕਾਰਪੂਲ ਲਾਟ ਅਤੇ ਟਰੱਕ ਜਾਂਚ ਸਟੇਸ਼ਨਾਂ ‘ਚ ਦਰਸਾਈ ਜਾਵੇਗੀ।

ਬੱਚਿਆਂ ਅਤੇ ਔਰਤਾਂ ਦੇ ਮੁੱਦਿਆਂ ਬਾਰੇ ਐਸੋਸੀਏਟ ਮੰਤਰੀ ਜਿਲ ਡਨਲੋਪ ਨੇ ਕਿਹਾ, ”ਮਨੁੱਖੀ ਤਸਕਰੀ ਰੋਕਣ ਲਈ ਜਾਗਰੂਕਤਾ ਫੈਲਾਉਣਾ ਪ੍ਰਮੁੱਖ ਹਿੱਸਾ ਹੈ ਅਤੇ ਅਜਿਹੇ ਘਿਨਾਉਣੇ ਜੁਰਮ ਨੂੰ ਰੋਕਣ ਲਈ ਸੁਰੱਖਿਆ ਦਾ ਪਹਿਲਾ ਕਵਚ ਹੈ।”