ਓਂਟਾਰੀਓ ਵੱਲੋਂ ਪ੍ਰੋਵਿੰਸ਼ੀਅਲੀ ਰੈਗੂਲੇਟਡ ਕੈਰੀਅਰਸ ਲਈ ਈ.ਐਲ.ਡੀ. ਦਾ ਪ੍ਰਯੋਗ ਹੋਇਆ ਲਾਜ਼ਮੀ

Avatar photo

ਓਂਟਾਰੀਓ ਨੇ ਅੰਤਰਸੂਬਾਈ ਅਤੇ ਸੂਬਾਈ ਕੈਰੀਅਰਾਂ ਲਈ ਇਲੈਕਟ੍ਰੋਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਦਾ ਪ੍ਰਯੋਗ 12 ਜੂਨ, 2022 ਤੋਂ ਲਾਜ਼ਮੀ ਕਰ ਦਿੱਤਾ ਹੈ, ਜਿਵੇਂ ਕਿ ਫ਼ੈਡਰਲ ਪੱਧਰ ’ਤੇ ਰੈਗੂਲੇਟਡ ਕੈਰੀਅਰਾਂ ਲਈ ਅਜਿਹਾ ਕਰਨਾ ਪਹਿਲਾਂ ਹੀ ਲਾਜ਼ਮੀ ਹੋ ਚੁੱਕਾ ਹੈ।

(ਤਸਵੀਰ:  ਜੀਓਟੈਬ)

ਓਂਟਾਰੀਓ ਦੇ ਆਵਾਜਾਈ ਮੰਤਰਾਲੇ ਨੇ ਇੱਕ ਸੰਬੰਧਤ ਨੋਟਿਸ ’ਚ ਕਿਹਾ, ‘‘ਇਸ ਨਾਲ ਇਕਸਾਰਤਾ ਪੈਦਾ ਹੋਵੇਗੀ ਅਤੇ ਸਾਰੇ ਕੈਰੀਅਰਸ ਲਈ ਬਰਾਬਰ ਮੌਕੇ ਪੈਦਾ ਹੋਣਗੇ, ਭਾਵੇਂ ਉਹ ਜਿੱਥੇ ਮਰਜ਼ੀ ਕੰਮ ਕਰ ਰਹੇ ਹੋਣ।’’

ਫ਼ੈਡਰਲ ਪੱਧਰ ’ਤੇ ਰੈਗੂਲੇਟਡ ਕੈਰੀਅਰਸ – ਜੋ ਕਿ ਪ੍ਰੋਵਿੰਸ ਦੇ ਬਾਰਡਰ ਟੱਪਦੇ ਹਨ – ਲਈ ਅਜਿਹੇ ਉਪਕਰਨਾਂ ਦਾ ਪ੍ਰਯੋਗ ਪਹਿਲਾਂ ਹੀ ਲਾਜ਼ਮੀ ਹੋ ਚੁੱਕਾ ਹੈ, ਪਰ ਇਸ ਕਾਨੂੰਨ ਨੂੰ ਮਿੱਥੀ ਗਈ ਮਿਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਸਮੇਂ ਤੱਕ ਕੋਈ ਈ.ਐਲ.ਡੀ. ਉਪਕਰਨ ਪ੍ਰਮਾਣਿਤ ਨਹੀਂ ਕੀਤਾ ਗਿਆ ਸੀ। ਕਾਨੂੰਨ ਇਸ ਸਾਲ ਜੂਨ ’ਚ ਹੀ ਲਾਗੂ ਹੋ ਚੁੱਕਾ ਹੈ।

ਉਦੋਂ ਤੋਂ ਲੈ ਕੇ ਟਰਾਂਸਪੋਰਟ ਕੈਨੇਡਾ ਨੇ ਹੁਣ ਤੱਕ ਛੇ ਈ.ਐਲ.ਡੀ. ਮਾਡਲਾਂ ਨੂੰ ਪ੍ਰਮਾਣਿਤ ਕੀਤਾ ਹੈ ਜੋ ਕਿ ਕਾਨੂੰਨ ਦੇ ਤਕਨੀਕੀ ਮਾਨਕਾਂ ਨੂੰ ਪੂਰਾ ਕਰਦੇ ਹਨ।

ਜੋ ਬੱਸ ਡਰਾਈਵਰ ਸਿਰਫ਼ ਓਂਟਾਰੀਓ ’ਚ ਕੰਮ ਕਰਦੇ ਹਨ ਉਨ੍ਹਾਂ ਲਈ ਵੀ ਪ੍ਰਮਾਣਿਤ ਈ.ਐਲ.ਡੀ. ਦਾ ਪ੍ਰਯੋਗ 1 ਜੁਲਾਈ, 2023 ਤੋਂ ਲਾਜ਼ਮੀ ਹੋ ਜਾਵੇਗਾ।

ਹਾਲਾਂਕਿ ਕੁੱਝ ਛੋਟ ਵੀ ਦਿੱਤੀ ਗਈ ਹੈ ਜਿਨ੍ਹਾਂ ’ਚ 160 ਕਿਲੋਮੀਟਰ ਦੇ ਘੇਰੇ ਅੰਦਰ ਚੱਲਣ ਵਾਲੀਆਂ ਗੱਡੀਆਂ, 30 ਦਿਨਾਂ ਪਹਿਲਾਂ ਤੱਕ ਰੈਂਟ ਕੀਤੇ ਉਪਕਰਨ, ਅਤੇ ਮਾਡਲ ਵਰ੍ਹੇ 2000 ਤੋਂ ਪਹਿਲਾਂ ਬਣੇ ਟਰੱਕ  ਸ਼ਾਮਲ ਹਨ।

ਓ.ਟੀ.ਏ. ਦੇ ਚੇਅਰਮੈਨ ਵੈਂਡਲ ਅਰਬ ਨੇ ਇੱਕ ਸੰਬੰਧਤ ਬਿਆਨ ’ਚ ਕਿਹਾ, ‘‘ਓ.ਟੀ.ਏ. ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੂੰ ਅਤੇ ਐਮ.ਟੀ.ਓ. ਦੀ ਟੀਮ ਨੂੰ ਮਹੱਤਵਪੂਰਨ ਰੈਗੂਲੇਟਰੀ ਸੋਧ ਕਰਨ ਲਈ ਵਧਾਈਆਂ ਦਿੰਦੇ ਹਨ, ਜਿਸ ਨਾਲ ਕਿ ਈ.ਐਲ.ਡੀ. ਲਾਗੂ ਕਰਨ ਦੀਆਂ ਕੋਸ਼ਿਸ਼ਾਂ ’ਚ ਟਰਾਂਸਪੋਰਟ ਕੈਨੇਡਾ ਨੂੰ ਐਮ.ਟੀ.ਓ. ਦਾ ਸਾਥ ਮਿਲੇਗਾ, ਸੜਕ ਸੁਰੱਖਿਆ ਬਿਹਤਰ ਹੋਵੇਗੀ, ਅਤੇ ਓਂਟਾਰੀਓ ’ਚ ਕੰਮ ਕਰਨ ਵਾਲੀਆਂ ਕੰਪਨੀਆਂ ਲਈ ਬਰਾਬਰ ਦੇ ਮੌਕੇ ਪੈਦਾ ਹੋਣਗੇ।’’