ਓਟਾਵਾ ਨੇ ਐਲ.ਐਮ.ਆਈ.ਏ. ਦੀ ਦੁਰਵਰਤੋਂ ਪ੍ਰਤੀ ਦਿੱਤੀ ਚੇਤਾਵਨੀ

Avatar photo

ਫ਼ੈਡਰਲ ਸਰਕਾਰ ਨੇ ਟਰੱਕਿੰਗ ਕੈਰੀਅਰਸ ਨੂੰ ਚੇਤਾਵਨੀ ਦਿੱਤੀ ਹੈ ਕਿ ਆਰਜ਼ੀ ਵਿਦੇਸ਼ੀ ਕਾਮਾ ਪ੍ਰੋਗਰਾਮ (ਟੀ.ਐਫ਼.ਡਬਲਿਊ.ਪੀ.) ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਵੱਡੇ ਜੁਰਮਾਨੇ ਅਤੇ ਸਥਾਈ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਟੀ.ਐਫ਼.ਡਬਲਿਊ.ਪੀ. ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਸਰਕਾਰ ਵਚਨਬੱਧ। (ਤਸਵੀਰ: ਆਈਸਟਾਕ)

ਇਹ ਚੇਤਾਵਨੀ ਕੁੱਝ ਫ਼ਲੀਟਾਂ ਵੱਲੋਂ ਲੇਬਰ ਮਾਰਕੀਟ ਅਸਰ ਮੁਲਾਂਕਣ (ਐਲ.ਐਮ.ਆਈ.ਏ.) ਪ੍ਰਕਿਰਿਆ ਦਾ ਨਾਜਾਇਜ਼ ਫ਼ਾਇਦਾ ਲੈ ਕੇ ਟੀ.ਐਫ਼.ਡਬਲਿਊ.ਪੀ. ਹੇਠ ਲੋਕਾਂ ਨੂੰ ਕੰਮ ‘ਤੇ ਰੱਖ ਕੇ ਲਾਭ ਕਮਾਉਣ ਦੇ ਇਲਜ਼ਾਮਾਂ ਤੋਂ ਬਾਅਦ ਰੁਜ਼ਗ਼ਾਰ ਅਤੇ ਸਮਾਜਕ ਵਿਕਾਸ ਕੈਨੇਡਾ (ਈ.ਐਸ.ਡੀ.ਸੀ.) ਵੱਲੋਂ ਜਾਰੀ ਕੀਤੀ ਗਈ।

ਕਿਸੇ ਵਿਸ਼ੇਸ਼ ਨੌਕਰੀ ‘ਤੇ ਕੋਈ ਵਿਦੇਸ਼ੀ ਨੂੰ ਰੱਖਣ ਤੋਂ ਪਹਿਲਾਂ, ਰੁਜ਼ਗਾਰਦਾਤਾਵਾਂ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਕੋਈ ਵੀ ਕੈਨੇਡੀਅਨ ਇਸ ਆਸਾਮੀ ਲਈ ਯੋਗ ਨਹੀਂ ਹੈ ਅਤੇ ਇਹ ਈ.ਐਸ.ਡੀ.ਸੀ. ਦੀ ਨਿਗਰਾਨੀ ਹੇਠ ਐਲ.ਐਮ.ਆਈ.ਏ. ਪ੍ਰਕਿਰਿਆ ਰਾਹੀਂ ਕੀਤਾ ਜਾਂਦਾ ਹੈ।

ਈ.ਐਸ.ਡੀ.ਸੀ. ਵੱਲੋਂ ਟੀ.ਐਫ਼.ਡਬਲਿਊ.ਪੀ. ਪ੍ਰੋਗਰਾਮ ਹੇਠ ਸਰਵਿਸ ਕੈਨੇਡਾ ਰਾਹੀਂ ਸਾਕਾਰਾਤਮਕ ਐਲ.ਐਮ.ਆਈ.ਏ. ਜਾਰੀ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਕਈ ਸਾਲ ਪਹਿਲਾਂ ਆਰਥਿਕਤਾ ਦੇ ਵੱਖੋ-ਵੱਖ ਖੇਤਰਾਂ ‘ਚ ਮਾਹਰ ਕਾਮਿਆਂ ਦੀ ਕਮੀ ਨੂੰ ਦੂਰ ਕਰਨ ਲਈ ਸ਼ੁਰੂ ਕੀਤਾ ਗਿਆ ਸੀ।

ਰੋਡ ਟੂਡੇ ਨੂੰ ਈ-ਮੇਲ ਕੀਤੇ ਇੱਕ ਬਿਆਨ ‘ਚ ਈ.ਐਸ.ਡੀ.ਸੀ. ਦੀ ਬੁਲਾਰਾ ਨੇ ਕਿਹਾ ਕਿ ਵਿਭਾਗ ਇਸ ਪ੍ਰੋਗਰਾਮ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਨੂੰ ਬਰਦਾਸ਼ਤ ਨਹੀਂ ਕਰੇਗਾ

ਮੇਰੀ-ਈਵ ਸੀਗੋਇਨ-ਕੈਂਪੀਊ ਨੇ ਕਿਹਾ, ”ਰੁਜ਼ਗਾਰ ਅਤੇ ਸਮਾਜਕ ਵਿਕਾਸ ਕੈਨੇਡਾ ਆਰਜ਼ੀ ਵਿਦੇਸ਼ੀ ਕਾਮਾ ਪ੍ਰੋਗਰਾਮ ਦੀ ਸੁਯੋਗ ਵਰਤੋਂ ਅਤੇ ਵਿਦੇਸ਼ੀ ਕਾਮਿਆਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ।”

ਉਨ੍ਹਾਂ ਕਿਹਾ ਕਿ ਕਾਮਿਆਂ ਵਿਰੁੱਧ ਸੰਭਾਵਤ ਬਦਲਾਲਊ ਭਾਵਨਾ ਪੈਦਾ ਹੋਣ ਤੋਂ ਰੋਕਣ ਲਈ, ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਉਹ ਕਿਸੇ ਵਿਸ਼ੇਸ਼ ਮਾਮਲੇ ਬਾਰੇ ਕੋਈ ਜਾਣਕਾਰੀ ਦਾ ਪ੍ਰਗਟਾਵਾ ਨਹੀਂ ਕਰੇਗੀ ਅਤੇ ਨਾ ਹੀ ਇਹ ਦੱਸੇਗੀ ਕਿ ਕਿਸੇ ਰੁਜ਼ਗਾਰਦਾਤਾ ਵਿਰੁੱਧ ਕੋਈ ਜਾਂਚ ਚਲ ਰਹੀ ਹੈ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਲੋਕ ਇਸ ਪ੍ਰੋਗਰਾਮ ਦੀ ਦੁਰਵਰਤੋਂ ਨੂੰ ਗੁਪਤ ਨੰਬਰ ‘ਤੇ ਦੱਸ ਸਕਦੇ ਹਨ।

ਸੀਗੋਇਨ-ਕੈਂਪੀਊ ਨੇ ਕਿਹਾ, ”ਸਾਰੇ ਦੋਸ਼ਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਢੁਕਵੀਂ ਕਾਰਵਾਈ ਅਮਲ ‘ਚ ਲਿਆਂਦੀ ਜਾਂਦੀ ਹੈ। ਜੇਕਰ ਅਪਰਾਧਕ ਗਤੀਵਿਧੀ ਦਾ ਸ਼ੱਕ ਪੈਦਾ ਹੁੰਦਾ ਹੈ ਤਾਂ ਸੂਚਨਾ ਨੂੰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ.ਸੀ.ਐਮ.ਪੀ.) ਅਤੇ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਵਰਗੀਆਂ ਕਾਨੂੰਨ ਤਾਮੀਲੀ ਏਜੰਸੀਆਂ ਕੋਲ ਭੇਜ ਦਿੱਤਾ ਜਾਂਦਾ ਹੈ।”

ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ‘ਚ ਆਪਣੀ ਸਭ ਤੋਂ ਤਾਜ਼ਾ ਕਾਰਵਾਈ ‘ਚ ਸੀ.ਬੀ.ਐਸ.ਏ. ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਸ ਨੇ ਬੀ.ਸੀ. ਦੇ ਚਾਰ ਦੱਖਣੀ ਏਸ਼ੀਆਈ ਕਾਰੋਬਾਰੀਆਂ ਵਿਰੁੱਧ ਦੋਸ਼ ਤੈਅ ਕੀਤੇ ਹਨ। ਇਹ ਮਾਮਲਾ ਅਜੇ ਅਦਾਲਤ ‘ਚ ਚਲ ਰਿਹਾ ਹੈ।

ਸੀਗੋਇਨ-ਕੈਂਪੀਊ ਨੇ ਹੋਰ ਚੇਤਾਵਨੀ ਦਿੰਦਿਆਂ ਕਿਹਾ ਕਿ ਈ.ਐਸ.ਡੀ.ਸੀ. ਕੋਲ ਰੁਜ਼ਗਾਰਦਾਤਾ ਦੀਆਂ ਕਾਰਵਾਈਆਂ ਦੀ ਜਾਂਚ ਕਰਨ ਦਾ ਅਧਿਕਾਰ ਮੌਜੂਦ ਹੈ ਜਿਨ੍ਹਾਂ ‘ਚ ਰੁਜ਼ਗਾਰਦਾਤਾ ਦੀਆਂ ਕੰਮਕਾਜ ਵਾਲੀਆਂ ਥਾਵਾਂ ਦੀ ਨੋਟਿਸ ਸਮੇਤ ਜਾਂ ਨੋਟਿਸ ਤੋਂ ਬਗ਼ੈਰ ਜਾਂਚ ਕਰਨਾ ਸ਼ਾਮਲ ਹੈ ਤਾਂ ਕਿ ਇਹ ਯਕੀਨ ਹੋ ਸਕੇ ਕਿ ਉਹ ਪ੍ਰੋਗਰਾਮ ਦੀਆਂ ਸ਼ਰਤਾਂ ਨੂੰ ਪੂਰੀਆਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜੋ ਰੁਜ਼ਗਾਰਦਾਤਾ ਸ਼ਰਤਾਂ ਦੀ ਉਲੰਘਣਾ ਕਰਦੇ ਵੇਖੇ ਗਏ, ਉਨ੍ਹਾਂ ‘ਤੇ ਵੱਡੇ ਜੁਰਮਾਨੇ ਲਾਏ ਜਾਣਗੇ।

ਇਸ ‘ਚ ਇੱਕ ਸਾਲ ਦੌਰਾਨ 10 ਲੱਖ ਡਾਲਰ ਤੱਕ ਦੇ ਵਿੱਤੀ ਜੁਰਮਾਨੇ, ਪ੍ਰੋਗਰਾਮ ਦੀ ਵਰਤੋਂ ਕਰਨ ‘ਤੇ ਪੱਕੀ ਪਾਬੰਦੀ ਅਤੇ ਉਨ੍ਹਾਂ ਕੰਪਨੀਆਂ ਦੇ ਨਾਵਾਂ ਨੂੰ ਜਨਤਕ ਸੂਚੀ ‘ਚ ਪ੍ਰਕਾਸ਼ਤ ਕਰਨਾ ਸ਼ਾਮਲ ਹੈ ਜੋ ਕਿ ਇਮੀਗ੍ਰੇਸ਼ਨ, ਰਿਫ਼ੀਊਜੀ ਅਤੇ ਨਾਗਰਿਕਤਾ ਕੈਨੇਡਾ (ਆਈ.ਸੀ.ਆਰ.ਸੀ.) ਵੱਲੋਂ ਬਣਾਈ ਜਾਂਦੀ ਹੈ।

ਟੀ.ਐਫ਼.ਡਬਿਲਊ.ਪੀ. ਦਾ ਮਕਸਦ ਆਰਥਿਕਤਾ ਦੇ ਵੱਖੋ-ਵੱਖ ਖੇਤਰਾਂ ‘ਚ ਮਾਹਰ ਵਰਕਰਾਂ ਦੀ ਕਮੀ ਦੂਰ ਕਰਨਾ ਹੈ। (ਤਸਵੀਰ: ਆਈਸਟਾਕ)

ਵਿਦਿਆਰਥੀਆਂ ਦੀ ਹਾਲਤ

ਜਦੋਂ ਕਿਊਬੈੱਕ ਦੀ ਸਰਕਾਰ ਨੇ ਅਚਾਨਕ 18,0੦0 ਇਮੀਗਰੇਸ਼ਨ ਦੀਆਂ ਅਰਜ਼ੀਆਂ ਨੂੰ ਪਿਛਲੇ ਸਾਲ ਖ਼ਾਰਜ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਤ ਕੌਮਾਂਤਰੀ ਵਿਦਿਆਰਥੀ ਹੋਏ ਸਨ।

ਕਈ ਸਾਲਾਂ ਤਕ ਉਡੀਕ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਉਮੀਦਾਂ ‘ਤੇ ਰਾਤੋ-ਰਾਤ ਪਾਣੀ ਫਿਰ ਗਿਆ ਸੀ।

ਇੱਕ ਏਸ਼ੀਆਈ ਦੇਸ਼ ਦਾ ਵਾਸੀ ‘ਕੇ.ਐਨ.’ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ ਜਿਸ ਨੇ ਚਾਰ ਸਾਲ ਪਹਿਲਾਂ ਆਪਣੀ ਅਰਜ਼ੀ ਦਾਖ਼ਲ ਕੀਤੀ ਸੀ ਪਰ ਇਸ ਅਚਾਨਕ ਫ਼ੈਸਲੇ ਕਰਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।

ਪਰ ਉਹ ਤਾਂ ਫਿਰ ਵੀ ਬਹੁਤ ਸਾਰਿਆਂ ਤੋਂ ਚੰਗੀ ਹਾਲਤ ‘ਚ ਸੀ ਕਿਉਂਕਿ ਉਸ ਕੋਲ ਤਿੰਨ ਸਾਲਾਂ ਦਾ ਓਪਨ ਵਰਕ ਪਰਮਿਟ ਸੀ ਅਤੇ ਟਰੱਕ ਡਰਾਈਵਰ ਦਾ ਲਾਇਸੰਸ ਵੀ ਸੀ।

ਕੇ.ਐਨ. ਨੂੰ ਕਿਸੇ ਤਰ੍ਹਾਂ ਓਂਟਾਰੀਓ ‘ਚ ਟਰੱਕ ਡਰਾਈਵਰ ਦੀ ਨੌਕਰੀ ਮਿਲ ਗਈ, ਜਿਸ ਨਾਲ ਉਸ ਨੂੰ ਪੱਕੀ ਨਾਗਰਿਕਤਾ ਮਿਲਣ ਦੀਆਂ ਉਮੀਦ ਫਿਰ ਵੱਧ ਗਈਆਂ।

ਪਰ ਉਸ ਦੀਆਂ ਉਮੀਦਾਂ ‘ਤੇ ਉਦੋਂ ਪਾਣੀ ਫਿਰ ਗਿਆ ਜਦੋਂ ਸਾਲ ਦੇ ਅਖ਼ੀਰ ‘ਚ ਉਸ ਦਾ ਪਰਮਿਟ ਖ਼ਤਮ ਹੋਣ ‘ਤੇ ਪੀਲ ਖੇਤਰ ‘ਚ ਸਥਿਤ ਟਰੱਕਿੰਗ ਕੰਪਨੀ ਵਲੋਂ ਉਸ ਤੋਂ ਦਸਤਾਵੇਜ਼ਾਂ ਨੂੰ ਅੱਗੇ ਪਹੁੰਚਾਉਣ ਲਈ ਪੈਸੇ ਮੰਗੇ ਜਾਣ ਲੱਗੇ।

ਕੇ.ਐਨ. ਵੱਲੋਂ ਰੀਕਾਰਡ ਇੱਕ ਟੇਪ ਰੋਡ ਟੂਡੇ ਕੋਲ ਮੌਜੂਦ ਹੈ, ਜਿਸ ‘ਚ ਕੰਪਨੀ ਦਾ ਇੱਕ ਅਧਿਕਾਰੀ ਉਸ ਨੂੰ ਪਾਜ਼ੀਟਿਵ ਐਲ.ਐਮ.ਆਈ.ਏ. ਦੇਣ ਲਈ ਪੈਸੇ ਮੰਗ ਰਿਹਾ ਹੈ।

ਦੋਹਾਂ ਦੀ ਗੱਲਬਾਤ ਉਦੋਂ ਖ਼ਤਮ ਹੋਈ ਜਦੋਂ ਕੇ.ਐਨ. ਨੇ 15,000 ਡਾਲਰ ਦੀ ਰਕਮ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਨਾਜਾਇਜ਼ ਮੰਗ ਹੈ। ਬਾਅਦ ਵਿਚ ਉਸ ਨੂੰ ਨੌਕਰੀ ਛੱਡਣੀ ਹੀ ਪਈ।

ਕੇ.ਐਨ. ਨੇ ਐਲ.ਐਮ.ਆਈ.ਏ. ਦੀ ਦੁਰਵਰਤੋਂ ਦੀ ਗੱਲ ਕਰਦਿਆਂ ਕਿਹਾ, ”ਮੈਂ ਇਕੱਲਾ ਹੀ ਨਹੀਂ ਬਲਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ।”

ਉਸ ਦੀ ਹਾਲਤ ਤੋਂ ਪਤਾ ਲਗਦਾ ਹੈ ਕਿ ਕੈਨੇਡਾ ‘ਚ ਖ਼ੁਸ਼ਹਾਲ ਜੀਵਨ ਜੀਣ ਦੇ ਸੁਪਨੇ ਲੈ ਕੇ ਪੁੱਜੇ ਕੌਮਾਂਤਰੀ ਵਿਦਿਆਰਥੀ ਅਤੇ ਹੋਰ ਆਰਜ਼ੀ ਕਾਮਿਆਂ ਨੂੰ ਕਿਨ੍ਹਾਂ ਹਾਲਾਤਾਂ ‘ਚੋਂ ਲੰਘਣਾ ਪੈ ਰਿਹਾ ਹੈ।

ਲਾਲਚ ਬਹੁਤ ਜ਼ਿਆਦਾ ਹੈ

2015 ਤੋਂ ਲੈ ਕੇ, ਪੱਕੀ ਨਾਗਰਿਕਤਾ ਲਈ ਬਿਨੈ ਕਰਨ ਵਾਲਿਆਂ ਨੂੰ ਐਲ.ਐਮ.ਆਈ.ਏ.-ਅਧਾਰਤ ਨੌਕਰੀ ਦੀਆਂ ਪੇਸ਼ਕਸ਼ਾਂ ਲਈ ਵਾਧੂ ਅੰਕ ਦਿੱਤੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਅਰਜ਼ੀਆਂ ਤੇਜ਼ੀ ਨਾਲ ਅੱਗੇ ਵਧਦੀਆਂ ਹਨ।

ਅਤੇ, ਇਸੇ ਕਰਕੇ ਹਰ ਤਰ੍ਹਾਂ ਦੇ ਉਦਯੋਗਾਂ ‘ਚ ਇਸ ਦੀ ਦੁਰਵਰਤੋਂ ਚਲ ਰਹੀ ਹੈ, ਜੋ ਕਿ ਟਰੱਕਿੰਗ ਤੋਂ ਲੈ ਕੇ ਉਸਾਰੀ ਅਤੇ ਸਿਹਤ ਸੇਵਾਵਾਂ ਅਤੇ ਫ਼ਾਸਟ ਫ਼ੂਡ ਦੇ ਮਾਮਲੇ ‘ਚ ਵੀ ਹੋ ਰਹੀ ਹੈ।

ਟਰੱਕਿੰਗ ਉਦਯੋਗ ‘ਚ ਦੁਰਵਰਤੋਂ ਸਭ ਤੋਂ ਜ਼ਿਆਦਾ ਹੋ ਰਹੀ ਹੈ, ਜਿਸ ਕੋਲ ਪਿਛਲੇ ਕੁੱਝ ਸਾਲਾਂ ਤੋਂ ਡਰਾਈਵਰਾਂ ਦੀ ਵੱਡੀ ਕਮੀ ਹੈ। ਵੱਡੇ ਅਤੇ ਛੋਟੇ ਫ਼ਲੀਟ ਪਾਜ਼ੀਟਿਵ ਐਲ.ਐਮ.ਆਈ.ਏ. ਲਈ ਸੰਭਾਵਤ ਮੁਲਾਜ਼ਮਾਂ ਤੋਂ 15,000 ਤੋਂ 60,000 ਡਾਲਰ ਤਕ ਲੈ ਰਹੇ ਹਨ – ਇਹ ਸਾਰਾ ਲੈਣ-ਦੇਣ ਨਕਦ ਹੁੰਦਾ ਹੈ ਤਾਂ ਕਿ ਦਸਤਾਵੇਜ਼ੀ ਸਬੂਤ ਨਾ ਰਹੇ।

ਤੁਲਨਾ ਕੀਤੀ ਜਾਵੇ ਤਾਂ ਸਸਕੈਚਵਨ ‘ਚ ਘੱਟ ਤੋਂ ਘੱਟ ਤਨਖ਼ਾਹ ਵਾਲੇ ਇੱਕ ਵਿਅਕਤੀ ਦੀ ਸਾਲਾਨਾ ਆਮਦਨ 24,000 ਡਾਲਰ ਤੋਂ ਘੱਟ ਹੁੰਦੀ ਹੈ।

ਕੰਪਨੀਆਂ ਨੂੰ ਆਕਾਰ ਦੇ ਆਧਾਰ ‘ਤੇ ਐਲ.ਐਮ.ਆਈ.ਏ. ਜਾਰੀ ਕੀਤੇ ਜਾਂਦੇ ਹਨ ਅਤੇ ਕਈ ਕੈਰੀਅਰਾਂ ਲਈ ਇਹ ਆਮਦਨ ਦਾ ਇੱਕ ਹੋਰ ਜ਼ਰੀਆ ਬਣ ਗਏ ਹਨ।

ਐਲ.ਐਮ.ਆਈ.ਏ. ਅਧਾਰਤ ਨੌਕਰੀਆਂ ਦੀ ਮੰਗ ਪਿਛਲੇ ਕੁੱਝ ਸਾਲਾਂ ਦੌਰਾਨ ਵਿਦਿਆਰਥੀਆਂ ਦੀ ਆਮਦ ‘ਚ ਵਾਧੇ ਨਾਲ ਹੋਰ ਵੀ ਵੱਧ ਗਈ ਹੈ।

ਫ਼ੈਡਰਲ ਸਰਕਾਰ ਅਨੁਸਾਰ 2018 ‘ਚ 721,000 ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀਆਂ ਨੇ ਕੈਨੇਡਾ ਦੇ ਸਕੂਲਾਂ ‘ਚ ਦਾਖ਼ਲਾ ਲਿਆ ਸੀ। ਇਨ੍ਹਾਂ ‘ਚੋਂ 50% ਤੋਂ ਜ਼ਿਆਦਾ ਭਾਰਤ ਅਤੇ ਚੀਨ ਦੇ ਸਨ।

ਇਨ੍ਹਾਂ ‘ਚੋਂ ਜ਼ਿਆਦਾਤਰ ਵਿਦਿਆਰਥੀ ਆਪਣੇ ਦੇਸ਼ ਵਾਪਸ ਨਹੀਂ ਪਰਤ ਸਕਦੇ ਕਿਉਂਕਿ ਉਹ ਵਧੀਆਂ ਹੋਈਆਂ ਟਿਊਸ਼ਨ ਫ਼ੀਸਾਂ ਅਤੇ ਹੋਰ ਖ਼ਰਚੇ ਭਰ ਕੇ ਪਹਿਲਾਂ ਹੀ ਭਾਰੀ ਕਰਜ਼ੇ ‘ਚ ਡੁੱਬੇ ਹੋਏ ਹਨ।

ਬਲਜੀਤ ਬਾਵਾ, ਸਨਰਾਈਜ਼ ਮਾਈਗ੍ਰੇਸ਼ਨ ਇੰਕ. ਦੇ ਡਾਇਰੈਕਟਰ।

ਉਨ੍ਹਾਂ ਕੋਲ ਇੱਕੋ-ਇੱਕ ਬਦਲ ਹੈ ਕਿ ਕੈਨੇਡਾ ‘ਚ ਰਹਿਣਾ ਅਤੇ ਪੱਕੀ ਨਾਗਰਿਕਤਾ ਹਾਸਲ ਕਰਨਾ ਹੈ।

ਮਿਸੀਸਾਗਾ, ਓਂਟਾਰੀਓ ‘ਚ ਇਮੀਗ੍ਰੇਸ਼ਨ ਸਲਾਹਕਾਰ ਅਤੇ ਸਨਰਾਈਜ਼ ਮਾਈਗ੍ਰੇਸ਼ਨ ਇੰਕ. ਦੇ ਨਿਰਦੇਸ਼ਕ ਬਲਜੀਤ ਬਾਵਾ ਅਨੁਸਾਰ ਇੱਥੇ ਹੀ ਟਰੱਕਿੰਗ ਦਾ ਰੋਲ ਆਉਂਦਾ ਹੈ। ਉਨ੍ਹਾਂ ਕਿਹਾ, ”ਲਾਇਸੰਸਿੰਗ ਕਾਨੂੰਨ ‘ਚ ਕੋਈ ਨਿਯਮ ਨਹੀਂ ਹੈ ਜਿਸ ‘ਚ ਇਹ ਕਿਹਾ ਗਿਆ ਹੋਵੇ ਕਿ ਤੁਸੀਂ ਕਮਰਸ਼ੀਅਲ ਲਾਇਸੰਂਸ ਨਹੀਂ ਪ੍ਰਾਪਤ ਕਰ ਸਕਦੇ। ਜੇਕਰ ਤੁਸੀਂ ਵਿਜ਼ਟਰ ਵਜੋਂ ਵੀ ਆਏ ਹੋ ਤਾਂ ਵੀ ਤੁਸੀਂ ਇਸ ਨੂੰ ਪ੍ਰਾਪਤ ਕਰ ਸਕਦੇ ਹੋ।”

ਬਾਵਾ ਨੇ ਕਿਹਾ ਕਿ ਲਾਇਸੰਸ ਮਿਲਣ ਤੋਂ ਬਾਅਦ ਉਹ ਸਪਾਂਸਰ ਦੀ ਭਾਲ ਕਰਨ ਲੱਗ ਜਾਂਦੇ ਹਨ ਅਤੇ ਕਈ ਟਰੱਕਿੰਗ ਕੰਪਨੀਆਂ ਹਨ ਜੋ ਕਿ ‘ਚੰਗੀ ਰਕਮ’ ਲਈ ਸਪਾਂਸਰਸ਼ਿਪ ਦੇਣ ਲਈ ਤਿਆਰ ਰਹਿੰਦੀਆਂ ਹਨ।

”ਕੈਨੇਡਾ ਦੇ ਸਾਰੇ ਨਾਗਰਿਕਾਂ ਲਈ ਇਹ ਸੁਰੱਖਿਆ ਦਾ ਮੁੱਦਾ ਹੈ ਜਿਸ ਨੂੰ ਟਰਾਂਸਪੋਰਟ ਮੰਤਰਾਲੇ ਵੱਲੋਂ ਛੇਤੀ ਤੋਂ ਛੇਤੀ ਹੱਲ ਕਰਨਾ ਜ਼ਰੂਰੀ ਹੈ। ਕਿਸੇ ਵੀ ਵਿਜ਼ਟਰ ਜਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਿਹਾਇਸ਼ੀ ਪਰਮਿਟ ਮਿਲਣ ਹੋਣ ਤੋਂ ਪਹਿਲਾਂ ਲਾਇਸੰਸ ਨਹੀਂ ਦੇਣਾ ਚਾਹੀਦਾ।”

ਉਨ੍ਹਾਂ ਕਿਹਾ ਕਿ ਕਮਰਸ਼ੀਅਲ ਕੈਰੀਅਰ ਨੂੰ ਐਲ.ਐਮ.ਆਈ.ਏ. ਜਾਰੀ ਕਰਨ ਤੋਂ ਪਹਿਲਾਂ ਕੋਈ ਪੁਖਤਾ ਜਾਂਚ-ਪੜਤਾਲ ਨਹੀਂ ਹੁੰਦੀ।

”ਮੈਂ ਇਹ ਕਹਿ ਕੇ ਪਾਜ਼ਿਟਿਵ ਐਲ.ਐਮ.ਆਈ.ਏ. ਪ੍ਰਾਪਤ ਕਰ ਸਕਦਾ ਹਾਂ ਕਿ ਮੈਂ 10 ਹੋਰ ਗੱਡੀਆਂ ਖ਼ਰੀਦ ਰਿਹਾ ਹਾਂ। ਇਸ ਲਈ ਮੈਨੂੰ 10 ਹੋਰ ਡਰਾਈਵਰਾਂ ਦੀ ਜ਼ਰੂਰਤ ਹੈ। ਇਸ ਦੀ ਕੋਈ ਜਾਂਚ ਨਹੀਂ ਹੁੰਦੀ ਕਿ ਤੁਸੀਂ ਅਸਲ ‘ਚ ਹੋਰ ਗੱਡੀਆਂ ਖ਼ਰੀਦ ਰਹੇ ਹੋ ਜਾਂ ਨਹੀਂ। ਸਿਰਫ਼ ਸੀ.ਪੀ.ਏ. (ਚਾਰਟਰਡ ਪਬਲਿਕ ਅਕਾਊਂਟੈਂਟ) ਜਾਂ ਵਕੀਲ ਤੋਂ ਪ੍ਰਾਪਤ ਚਿੱਠੀ ਈ.ਐਸ.ਡੀ.ਸੀ. ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਦਿੰਦੀ ਹੈ।”

ਬਾਵਾ ਨੇ ਕਿਹਾ ਕਿ ਵਿਭਾਗ ਸਿਰਫ਼ ਕੰਪਨੀ ਦੇ ਦਸਤਾਵੇਜ਼ਾਂ ‘ਤੇ ਨਜ਼ਰ ਮਾਰਦਾ ਹੈ।

”ਉਹ ਇਹ ਨਹੀਂ ਵੇਖਦੇ ਕਿ ਕੀ ਕੰਪਨੀ ਅਸਲ ‘ਚ ਹੈ ਵੀ ਜਾਂ ਨਹੀਂ।”

ਫਿਰ, ਦੋ ਕੁ ਟਰੱਕਾਂ ਵਾਲੀ ਕੰਪਨੀ ਕਿਸ ਤਰ੍ਹਾਂ ਦਰਜਨਾਂ ਡਰਾਈਵਰ ਰੱਖ ਸਕਦੀ ਹੈ? ਬਾਵਾ ਨੇ ਕਿਹਾ ਕਿ ਇਹ ਤਾਂ ਬਹੁਤ ਆਸਾਨ ਗੱਲ ਹੈ, ਕਿਉਂਕਿ ਕੰਪਨੀ ਸਿਰਫ਼ ਉਨ੍ਹਾਂ ਨੂੰ ਸਪਾਂਸਰ ਕਰਨ ਦੇ ਹੀ ਬਹੁਤ ਸਾਰੇ ਪੈਸੇ ਬਣਾ ਲੈਂਦੀ ਹੈ ਅਤੇ ਦੂਜਾ, ਡਰਾਈਵਰਾਂ ਨੂੰ ਕਦੇ-ਕਦਾਈਂ ਹੀ ਆਪਣੇ ਕੰਮ ਦੇ ਪੈਸੇ ਮਿਲਦੇ ਹਨ, ਜਾਂ ਉਨ੍ਹਾਂ ਨੂੰ ਨਿਗੁਣੀ ਤਨਖ਼ਾਹ ਦਿੱਤੀ ਜਾਂਦੀ ਹੈ।

ਪੀਲ ਖੇਤਰ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਦਾ ਮੁੱਖ ਕੇਂਦਰ ਹੈ। (ਤਸਵੀਰ: ਆਈਸਟਾਕ)

ਨਵਾਂ ਨਿਸ਼ਾਨਾ ਛੋਟੇ ਸ਼ਹਿਰ

ਉਦਯੋਗ ਨੂੰ ਅੰਦਰ ਤਕ ਜਾਣਨ ਵਾਲੇ ਕਹਿੰਦੇ ਹਨ ਕਿ ਕੁੱਝ ਇਮੀਗ੍ਰੇਸ਼ਨ ਵਕੀਲ ਕੈਰੀਅਰਾਂ ਨਾਲ ਮਿਲ ਕੇ ਨੌਕਰੀਆਂ ਲੱਭਣ ਵਾਲਿਆਂ ਨੂੰ ਲੁੱਟ ਰਹੇ ਹਨ।

ਕੁੱਝ ਮਾਮਲਿਆਂ ‘ਚ ਵਕੀਲ ਪੂਰੇ ਓਂਟਾਰੀਓ ਦੇ ਛੋਟੇ ਸ਼ਹਿਰਾਂ ‘ਚ ਜਾਂਦੇ ਹਨ ਅਤੇ ਸ਼ੱਕ ਦੀ ਸੂਈ ਤੋਂ ਦੂਰ ਕੰਪਨੀਆਂ ਨੂੰ ਕਹਿੰਦੇ ਹਨ ਕਿ ਜੇਕਰ ਉਹ ਐਲ.ਐਮ.ਆਈ.ਏ. ਵੰਡਣਾ ਸ਼ੁਰੂ ਕਰ ਦੇਣ ਤਾਂ ਉਨ੍ਹਾਂ ਨੂੰ ਮੁਫ਼ਤ ਵਿੱਚ ਹੀ ਆਮਦਨ ਹੋ ਸਕਦੀ ਹੈ।

ਉਹ ਆਮ ਤੌਰ ‘ਤੇ ਫ਼ਰਜ਼ੀ ਨੌਕਰੀਆਂ ਦੇ ਇਸ਼ਤਿਹਾਰ ਦੇ ਕੇ ਕੰਮ ਸ਼ੁਰੂ ਕਰਦੇ ਹਨ। ਇਨ੍ਹਾਂ ”ਐਲ.ਐਮ.ਆਈ.ਏ-ਲਈ ਤਿਆਰ” ਨੌਕਰੀਆਂ ਦੇ ਇਸ਼ਤਿਹਾਰਾਂ ਨੂੰ ਆਨਲਾਈਨ ਰੁਜ਼ਗਾਰ ਦੀਆਂ ਵੈੱਬਸਾਈਟਾਂ ‘ਤੇ ਦਿੱਤਾ ਜਾਂਦਾ ਹੈ।

ਫ਼ੈਡਰਲ ਸਰਕਾਰ ਦਾ ਅੰਦਾਜ਼ਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੇ ਕੈਨੇਡਾ ਦੀ ਆਰਥਿਕਤਾ ‘ਚ 2018 ‘ਚ ਹੀ 15 ਬਿਲੀਅਨ ਡਾਲਰ ਦਾ  ਯੋਗਦਾਨ ਦਿੱਤਾ ਸੀ।

ਭਾਵੇਂ ਇਹ ਚੰਗੀ ਗੱਲ ਹੈ, ਸੋਸ਼ਲ ਵਰਕਰ ਬਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਦਾ ਟਰੱਕਿੰਗ ਅਤੇ ਗ਼ੈਰ-ਟਰੱਕਿੰਗ ਕੰਪਨੀਆਂ ਵੱਲੋਂ ਇੱਕੋ ਜਿਹੇ ਰੂਪ ‘ਚ ਸੋਸ਼ਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਐਲ.ਐਮ.ਆਈ.ਏ. ਦੇ ਸੋਸ਼ਣ ਤੋਂ ਚੰਗੀ ਤਰ੍ਹਾਂ ਜਾਣੂ ਹੈ।

ਸਿੰਘ ਨੇ ਕਿਹਾ, ”ਜੇਕਰ 4-5 ਸਾਲਾਂ ਦੌਰਾਨ ਤੁਸੀਂ ਲਗਭਗ 600,000 ਵਿਦਿਆਰਥੀਆਂ ਨੂੰ ਦੇਸ਼ ‘ਚ ਆਉਣ ਦੇਵੋਗੇ ਤਾਂ ਤੁਸੀਂ ਕੀ ਉਮੀਦ ਕਰ ਸਕਦੇ ਹੋ?”

ਉਨ੍ਹਾਂ ਸ਼ਿਕਾਇਤ ਕਰਦਿਆਂ ਕਿਹਾ, ”ਸਰਕਾਰ ਪੈਸਾ ਤਾਂ ਬਹੁਤ ਕਮਾ ਰਹੀ ਹੈ, ਪਰ ਇਹ ਸਿਸਟਮ ਦੀਆਂ ਖਾਮੀਆਂ ਠੀਕ ਕਰਨ ਨੂੰ ਤਵੱਜੋਂ ਨਹੀਂ ਦੇ ਰਹੀ।”

ਉਨ੍ਹਾਂ ਨੇ ਸੁਰੱਖਿਆ ਦੀ ਚਿੰਤਾ ਕੀਤੇ ਬਗ਼ੈਰ ਵਿਦਿਆਰਥੀ ਡਰਾਈਵਰ ਰੱਖਣ ਲਈ ਫ਼ਲੀਟਾਂ ਨੂੰ ਬੁਰਾ-ਭਲਾ ਵੀ ਕਿਹਾ।

”ਤੁਸੀਂ ਗ਼ੈਰਸਿੱਖਿਅਤ ਡਰਾਈਵਰਾਂ ਨੂੰ ਆਟੋਮੈਟਿਕ ਟਰੱਕ ਚਲਾਉਣ ਲਈ ਕਹਿ ਰਹੇ ਹੋ… ਮੈਂ ਇਸ ਨੂੰ ਸੜਕਾਂ ‘ਤੇ ਕਤਲ ਕਹਾਂਗਾ। ਇਹ ਸਿਰਫ਼ ਇੱਕ ਕਾਨੂੰਨਨ ਕਤਲ ਹੈ।’

ਅਬਦੁਲ ਲਤੀਫ਼ ਵੱਲੋਂ