ਓ’ਰੀਗਨ ਅਤੇ ਟਰੱਕਿੰਗ ਐਚ.ਆਰ. ਕੈਨੇਡਾ ਵਿਚਕਾਰ ਕੰਮਕਾਜ ਦੀਆਂ ਸਮਾਵੇਸ਼ੀ ਥਾਵਾਂ, ਸੋਸ਼ਣ ਵਿਰੋਧੀ ਸਿਖਲਾਈ ਬਾਰੇ ਗੱਲਬਾਤ

ਫ਼ੈਡਰਲ ਲੇਬਰ ਮੰਤਰੀ ਸੀਮਸ ਓ’ਰੀਗਨ ਜੂਨੀਅਰ ਨੇ ਸ਼ੁੱਕਰਵਾਰ ਨੂੰ ਔਰਤਾਂ ਵਿਰੁੱਧ ਹਿੰਸਾ ਖ਼ਤਮ ਕਰਨ ਬਾਰੇ ਕੌਮਾਂਤਰੀ ਦਿਵਸ ਮੌਕੇ ਟਰੱਕਿੰਗ ਐਚ.ਆਰ. ਕੈਨੇਡਾ ਦੇ ਦਫ਼ਤਰ ’ਚ ਆ ਕੇ ਸੁਰੱਖਿਅਤ, ਵੰਨ-ਸੁਵੰਨੀ ਅਤੇ ਸਮਾਵੇਸ਼ੀ ਕੰਮਕਾਜ ਦੀਆਂ ਥਾਵਾਂ ਬਾਰੇ ਗੱਲਬਾਤ ਕੀਤੀ।

ਓਟਾਵਾ ’ਚ ਹੋਈ ਗੱਲਬਾਤ ਦੌਰਾਨ ਆਨਲਾਈਨ ਸਿਖਲਾਈ ਸਮੇਤ ਸੋਸ਼ਣ ਵਿਰੋਧੀ ਸਰੋਤਾਂ ਦੇ ਸਮੂਹ ਬਾਰੇ ਹੋਏ ਕੰਮ ’ਤੇ ਚਰਚਾ ਸ਼ਾਮਲ ਹੈ, ਜਿਸ ਨੂੰ ਕੰਮਕਾਜ ਦੀਆਂ ਥਾਵਾਂ ’ਤੇ ਸੋਸ਼ਣ ਅਤੇ ਹਿੰਸਾ ਰੋਕੂ ਫ਼ੰਡ ਰਾਹੀਂ 2.7 ਮਿਲੀਅਨ ਡਾਲਰਾਂ ਦੀ ਫ਼ੰਡਿੰਗ ਨਾਲ ਵਿਕਸਤ ਕੀਤਾ ਗਿਆ ਹੈ।

80 ਰੁਜ਼ਗਾਰਦਾਤਾਵਾਂ ਦੀ ਪ੍ਰਤੀਨਿਧਗੀ ਕਰਦੇ 7,000 ਦੇ ਲਗਭਗ ਪ੍ਰਯੋਗਕਰਤਾਵਾਂ ਨੇ ਸਿਖਲਾਈ ਮਾਡਿਊਲਜ਼ ਲਈ ਆਪਣਾ ਨਾਂ ਦਰਜ ਕਰਵਾਇਆ ਹੈ ਜਿਨ੍ਹਾਂ ਨੂੰ ਕੈਨੇਡੀਅਨ ਟਰੱਕਿੰਗ ਅਲਾਇੰਸ, ਯੂਨੀਫ਼ੋਰ, ਅਤੇ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸੀਏਸ਼ਨਜ਼ ਵਰਗੀਆਂ ਉਦਯੋਗਿਕ ਐਸੋਸੀਏਸ਼ਨਾਂ ਨਾਲ ਭਾਈਵਾਲੀ ’ਚ ਪ੍ਰਦਾਨ ਕਰਵਾਇਆ ਜਾ ਰਿਹਾ ਹੈ।

Labour Minister Seamus O’Regan Jr
ਲੇਬਰ ਮੰਤਰੀ ਸੀਮਸ ਓ’ਰੀਗਨ ਜੂਨੀਅਰ (ਵਿਚਕਾਰ) ਨੇ ਸਮਾਵੇਸ਼ੀ ਕੰਮਕਾਜ ਦੀਆਂ ਥਾਵਾਂ ਦੀ ਹਮਾਇਤ ਕਰਦੇ ਵੱਖੋ-ਵੱਖ ਪ੍ਰਾਜੈਕਟਾਂ ਬਾਰੇ ਚਰਚਾ ਕਰਨ ਲਈ ਟਰੱਕਿੰਗ ਐਚ.ਆਰ. ਕੈਨੇਡਾ ਦੇ ਸਟਾਫ਼ ਨਾਲ ਮੁਲਾਕਾਤ ਕੀਤੀ। (ਤਸਵੀਰ: ਟਰੱਕਿੰਗ ਐਚ.ਆਰ. ਕੈਨੇਡਾ)

ਫ਼ੈਡਰਲ ਪੱਧਰ ’ਤੇ ਰੈਗੂਲੇਟਡ ਟਰੱਕਿੰਗ ਕੰਪਨੀਆਂ ਲਈ ਇਸ ਸਾਲ ਜਨਵਰੀ ਤੋਂ ਲੈ ਕੇ ਸੋਸ਼ਣ ਅਤੇ ਹਿੰਸਾ ਨੂੰ ਰੋਕਣ ਲਈ ਸਿਖਲਾਈ ਲੈਣਾ ਜ਼ਰੂਰੀ ਹੋ ਗਿਆ ਹੈ, ਜਦਕਿ ਮੈਨੇਜਰਾਂ ਅਤੇ ਸੂਪਰਵਾਈਜ਼ਰਾਂ ਲਈ ਅਜਿਹੇ ਮਸਲਿਆਂ ਬਾਰੇ ਜਾਣੂੰ ਕਰਵਾਏ ਜਾਣ ’ਤੇ ਕੁੱਝ ਕਦਮ ਚੁੱਕੇ ਜਾਣੇ ਲਾਜ਼ਮੀ ਹਨ।

ਹੋਰ ਪ੍ਰਾਜੈਕਟ ਜਿਨ੍ਹਾਂ ਬਾਰੇ ਚਰਚਾ ਕੀਤੀ ਗਈ ਸੀ ਉਨ੍ਹ੍ਹਾਂ ’ਚ ਵਿਮੈਨ ਵਿਦ ਡਰਾਈਵ ਪਹਿਲ, ਅਤੇ ਕੰਮਕਾਜ ਦੀਆਂ ਥਾਵਾਂ ਰਾਹੀਂ ਕੰਮ ਕਰਨ ਦੇ ਮੌਕੇ: ਬਰਾਬਰੀ ਦੇ ਰਾਹ ’ਚ ਰੇੜਕੇ ਹਟਾਉਣ ਦਾ ਪ੍ਰੋਗਰਾਮ ਸ਼ਾਮਲ ਹਨ। ਇਨ੍ਹਾਂ ’ਚੋਂ ਦੂਜੇ ਪ੍ਰੋਗਰਾਮ ਦਾ ਮਕਸਦ ਮੂਲ ਨਿਵਾਸੀਆਂ, ਅਪਾਹਜ ਲੋਕਾਂ ਅਤੇ ਘੱਟ ਗਿਣਤੀਆਂ ਸਾਹਮਣੇ ਦਰਪੇਸ਼ ਰੁਜ਼ਗਾਰ ਪ੍ਰਾਪਤ ਕਰਨ ਦੇ ਰਾਹ ’ਚ ਰੇੜਕਿਆਂ ਨੂੰ ਖ਼ਤਮ ਕਰਨਾ ਹੈ।

ਓ’ਰੀਗਨ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ’ਚ ਕਿਹਾ, ‘‘ਬਿਹਤਰੀਨ ਕੰਮਕਾਜ ਦੀਆਂ ਥਾਵਾਂ ਬਿਹਤਰੀਨ ਵਰਕਰਾਂ ਨੂੰ ਆਕਰਸ਼ਿਤ ਕਰਦੀਆਂ ਹਨ। ਸਮਝਦਾਰ ਰੁਜ਼ਗਾਰਦਾਤਾ ਜਾਣਦੇ ਹਨ ਕਿ ਇੱਕ ਸੁਰੱਖਿਅਤ ਅਤੇ ਸਾਕਾਰਾਤਮਕ ਵਾਤਾਵਰਣ ਨੈਤਿਕ ਜ਼ਿੰਮੇਵਾਰੀ ਤੋਂ ਵੀ ਵੱਧ ਕੇ ਹੈ, ਜੋ ਕਿ ਕਾਰੋਬਾਰ ਲਈ ਵੀ ਚੰਗਾ ਰਹਿੰਦਾ ਹੈ।’’

ਟਰੱਕਿੰਗ ਐਚ.ਆਰ. ਕੈਨੇਡਾ ਦੀ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ, ‘‘ਆਪਣੇ ਸੁਰੱਖਿਅਤ ਅਤੇ ਸਮਾਵੇਸ਼ੀ ਕੰਮਕਾਜ ਦੀਆਂ ਥਾਵਾਂ ਦੀ ਮਸ਼ਹੂਰੀ ਕਰਨ ਵਾਲੇ ਰੁਜ਼ਗਾਰਦਾਤਾ ਵੱਧ ਉਮੀਦਵਾਰਾਂ ਨੂੰ ਆਕਰਸ਼ਿਤ ਕਰਦੇ ਹਨ, ਅਤੇ ਨਤੀਜੇ ਵਜੋਂ ਉਨ੍ਹਾਂ ਕੋਲ ਲੋਕ ਜ਼ਿਆਦਾ ਦੇਰ ਤੱਕ ਕੰਮ ਕਰਦੇ ਰਹਿੰਦੇ ਹਨ।’’

ਇੱਕ ਵੱਖਰੇ ਬਿਆਨ ’ਚ, ਮਹਿਲਾ ਅਤੇ ਲਿੰਗ ਬਰਾਬਰੀ ਅਤੇ ਨੌਜੁਆਨਾਂ ਬਾਰੇ ਕੈਨੇਡਾ ਦੀ ਮੰਤਰੀ ਮਾਰਸੀ ਈਏਨ ਨੇ ਵੀ ਲਿੰਗ-ਅਧਾਰਤ ਹਿੰਸਾ ਨੂੰ ਖ਼ਤਮ ਕਰਨ ਬਾਰੇ ਕਦਮ ਚੁੱਕਣ ਲਈ ਟਰੱਕਿੰਗ ਐਚ.ਆਰ. ਕੈਨੇਡਾ ਦਾ ਧੰਨਵਾਦ ਕੀਤਾ।

ਈਏਨ ਨੇ ਕਿਹਾ, ‘‘ਹਰ ਕਿਸੇ ਕੋਲ ਹਿੰਸਾ ਤੋਂ ਮੁਕਤ ਹੋ ਕੇ ਜੀਣ ਦਾ ਅਧਿਕਾਰ ਹੈ, ਫਿਰ ਵੀ ਕਈ ਕੈਨੇਡਾਈ ਲੋਕਾਂ ਨੂੰ ਆਪਣੇ ਲਿੰਗ, ਲਿੰਗ ਹਾਵ-ਭਾਵ, ਲਿੰਗ ਪਛਾਣ, ਜਾਂ ਕਥਿਤ ਲਿੰਗ ਕਰਕੇ ਹਰ ਰੋਜ਼ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।’’