ਓ.ਪੀ.ਪੀ. ਨੇ ਜਾਰੀ ਕੀਤਾ ਟੋਇੰਗ ਪ੍ਰੋਗਰਾਮ

Avatar photo

ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਨੇ ਇਸ ਹਫ਼ਤੇ ਪੂਰੇ ਪ੍ਰੋਵਿੰਸ ਅੰਦਰ ਪੜਾਅਵਾਰ ਟੋਇੰਗ ਪ੍ਰੋਗਰਾਮ ਚਾਲੂ ਕਰਨ ਦੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ, ਜੋ ਕਿ 1 ਜਨਵਰੀ, 2022 ਤੋਂ ਲਾਗੂ ਹੋਵੇਗਾ।

ਪੁਲਿਸ ਫ਼ੋਰਸ ਦੀ ਵੈੱਬਸਾਈਟ ’ਤੇ ਕਿਹਾ ਗਿਆ ਹੈ ਕਿ ਓ.ਪੀ.ਪੀ. ਟੋਅ ਪ੍ਰੋਗਰਾਮ ਦਾ ਮੰਤਵ ਜਨਤਕ ਸੁਰੱਖਿਆ ਬਿਹਤਰ ਕਰਨਾ ਅਤੇ ਪ੍ਰੋਵਿੰਸ ਦੇ ਟੋਇੰਗ ਉਦਯੋਗ ’ਚ ਵੱਧ ਰਹੀ ਅਪਰਾਧਕ ਬਿਰਤੀ ਨੂੰ ਠੱਲ੍ਹ ਪਾਉਣਾ ਹੈ।

(ਤਸਵੀਰ: ਆਈਸਟਾਕ)

ਪ੍ਰੋਗਰਾਮ ’ਚ ਓ.ਪੀ.ਪੀ. ਵੱਲੋਂ ਟੋਅ ਅਤੇ ਸਟੋਰੇਜ ਸੇਵਾ ਆਪਰੇਟਰਾਂ (ਟੀ.ਐਸ.ਐਸ.ਓ.) ਤੋਂ ਮੰਗੀਆਂ ਜਾਂਦੀਆਂ ਸੇਵਾਵਾਂ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਦੇ ਤਰੀਕੇ ’ਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ’ਚ ਪੁਲਿਸ ਦੀ ਮੰਗ ਅਨੁਸਾਰ ਕਾਨੂੰਨੀ ਟੋਅਜ਼ ਲਈ ਉਨ੍ਹਾਂ ਜ਼ਰੂਰਤਾਂ ਦੀ ਇੱਕ ਸੂਚੀ ਵੀ ਬਣਾਈ ਗਈ ਹੈ ਜਿਸ ਨੂੰ ਟੀ.ਐਸ.ਐਸ.ਓ. ਵੱਲੋਂ ਪੂਰਾ ਕਰਨਾ ਹੁੰਦਾ ਹੈ।

ਇਹ ਅਜਿਹੇ ਟੋਅਜ਼ ਹਨ ਜਿਨ੍ਹਾਂ ਲਈ ਪੁਲਿਸ ਕੋਲ ਕਾਨੂੰਨੀ ਅਥਾਰਟੀ ਹੈ (ਨਸ਼ੇ ਅਧੀਨ ਡਰਾਈਵਿੰਗ ਕਰਨ ਵਾਲਿਆਂ, ਸਟੰਟ ਡਰਾਈਵਿੰਗ ਜਾਂ ਸਬੂਤ ਵਜੋਂ ਗੱਡੀ ਨੂੰ ਜ਼ਬਤ ਕਰਨ ਲੈਣਾ)। ਇਹ ਪ੍ਰੋਗਰਾਮ ਆਮ ਲੋਕਾਂ ਵੱਲੋਂ ਪੁਲਿਸ ਰਾਹੀਂ ਕਿਸੇ ਟੋਅ ਦੀ ਮੰਗ ਕਰਨ ’ਤੇ ਵੀ ਲਾਗੂ ਹੁੰਦਾ ਹੈ।

ਨਵੀਂਆਂ ਜ਼ਰੂਰਤਾਂ ’ਚ, ਟੀ.ਐਸ.ਐਸ.ਓ. ਨੂੰ ਇੱਕ ਸਾਲਾਨਾ ਬਿਨੈ ਪੱਤਰ ਜਮ੍ਹਾ ਕਰਵਾਉਣਾ ਹੁੰਦਾ ਹੈ ਤਾਂ ਕਿ ਓ.ਪੀ.ਪੀ. ਨੂੰ ਕੈਲੰਡਰ ਵਰ੍ਹੇ ਲਈ ਟੋਅ ਅਤੇ ਸਟੋਰੇਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਬਿਨੈਕਰਤਾਵਾਂ ਨੂੰ ਮਲਕੀਅਤ, ਰਜਿਸਟ੍ਰੇਸ਼ਨ, ਲਾਇਸੰਸ, ਵਹੀਕਲ, ਉਪਕਰਨ, ਬੀਮਾ ਅਤੇ ਹੋਰ ਵੇਰਵੇ ਮੁਹੱਈਆ ਕਰਵਾਉਣੇ ਹੋਣਗੇ। ਇੱਕ ਹਸਤਾਖ਼ਰ ਕੀਤਾ ਬਿਆਨ ਵੀ ਦੇਣਾ ਹੋਵੇਗਾ ਕਿ ਓ.ਪੀ.ਪੀ. ਜ਼ਰੂਰਤ ਪੈਣ ’ਤੇ ਉਨ੍ਹਾਂ ਦੇ ਅਪਰਾਧਕ ਪਿਛੋਕੜ ਦੀ ਜਾਂਚ ਕਰ ਸਕਦੀ ਹੈ।

ਬਿਨੈ ਸਥਾਨਕ ਓ.ਪੀ.ਪੀ. ਡੀਟੈਚਮੈਂਟ ਨੂੰ 1 ਨਵੰਬਰ ਤੋਂ ਪਹਿਲਾਂ ਜਮ੍ਹਾਂ ਕਰਵਾਉਣੇ ਹੋਣਗੇ।

ਆਵਾਜਾਈ ਮੰਤਰਾਲਾ ਗ੍ਰੇਟਰ ਟੋਰਾਂਟੋ ਅਤੇ ਹੈਮਿਲਟਨ ਖੇਤਰ ਅੰਦਰ ਇੱਕ ਟੋਅ ਜ਼ੋਨ ਪਾਇਲਟ ਨੂੰ 400 ਸੀਰੀਜ਼ ਦੇ ਹਾਈਵੇਜ਼ ਦੇ ਮਿੱਥੇ ਗਏ ਖੇਤਰਾਂ ’ਤੇ ਲਾਗੂ ਕਰੇਗਾ। ਇਨ੍ਹਾਂ ਅਧਿਕਾਰਤ ਖੇਤਰਾਂ ’ਚ ਟੋਇੰਗ ਪ੍ਰਕਿਰਿਆ ਨੂੰ ਓ.ਪੀ.ਪੀ. ਟੋਅ ਪ੍ਰੋਗਰਾਮ ’ਚੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਇਸ ਦਾ ਟੋਅ ਜ਼ੋਨ ਪਾਇਲਟ ਰਾਹੀਂ ਪ੍ਰਬੰਧਨ ਕੀਤਾ ਜਾਵੇਗਾ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਆਪਣੇ ਇੱਕ ਬਿਆਨ ’ਚ ਕਿਹਾ ਕਿ ਟੋਇੰਗ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਟਰੱਕਿੰਗ ਉਦਯੋਗ ਦੀ ਮੱਦਦ ਲਈ ਪ੍ਰੋਵਿੰਸ ਵੱਲੋਂ ਚੁੱਕੇ ਜਾ ਰਹੇ ਮਹੱਤਵਪੂਰਨ ਕਦਮਾਂ ’ਚੋਂ ਇਹ ਵੀ ਇੱਕ ਹੈ।

ਇਸ ਸਾਲ ਦੇ ਸ਼ੁਰੂ ’ਚ ਪ੍ਰੋਵਿੰਸ ਨੇ ਸੰਯੁਕਤ-ਬਲ ਪੁਲਿਸ ਇਕਾਈ ਦੇ ਗਠਨ ਦਾ ਐਲਾਨ ਕੀਤਾ ਸੀ ਤਾਂ ਕਿ ਟੋਇੰਗ ਉਦਯੋਗ ’ਚ ਸੰਗਠਤ ਅਪਰਾਧ ਨੂੰ ਨੱਥ ਪਾਈ ਜਾ ਸਕੇ ਅਤੇ ਨਾਲ ਹੀ ਆਵਾਜਾਈ ਮੰਤਰਾਲੇ ਵੱਲੋਂ ਜੀ.ਟੀ.ਏ. ਹਾਈਵੇਜ਼ ’ਤੇ ਇੱਕ ਟੋਅ ਜ਼ੋਨ ਪਾਇਲਟ ਵੀ ਅਲਾਨਿਆ ਗਿਆ ਸੀ। ਇਹ ਸਾਰੀਆਂ ਪਹਿਲਾਂ ਸਾਲ ਦੇ ਅਖ਼ੀਰ ਤੋਂ ਪਹਿਲਾਂ ਅਮਲ ’ਚ ਆ ਜਾਣ ਦੀ ਉਮੀਦ ਹੈ। ਓ.ਟੀ.ਏ. ਨੇ ਕਿਹਾ ਕਿ ਇਸ ਤੋਂ ਇਲਾਵਾ, ਪ੍ਰੋਵਿੰਸ ’ਚ ਟੋਇੰਗ ਦੀ ਪੂਰੀ ਨਿਗਰਾਨੀ ਅਤੇ ਸਿਖਲਾਈ ਸ਼ਾਸਨ ਲਈ ਸਲਾਹ-ਮਸ਼ਵਰਾ ਚਲ ਰਿਹਾ ਹੈ।

ਓਂਟਾਰੀਓ ਟੋਅ ਅਤੇ ਸਟੋਰੇਜ ਸਰਵਿਸ ਆਪਰੇਟਰਾਂ ਨੂੰ ਪੁਲਿਸ ਵੱਲੋਂ ਮੰਗੀਆਂ ਕਾਨੂੰਨੀ ਟੋਅਜ਼ ਲਈ ਸੇਵਾ ਦੇਣ ਤੋਂ ਪਹਿਲਾਂ ਜ਼ਰੂਰਤਾਂ ਦੀ ਇੱਕ ਸੂਚੀ ’ਤੇ ਖਰਾ ਉਤਰਨਾ ਪਵੇਗਾ।