ਕਮਿਊਨਿਟੀ ਵੱਲੋਂ ਟਰੱਕਰਸ ਨੂੰ ਡਰੱਗ ਤਸਕਰੀ ਤੋਂ ਤੌਬਾ ਕਰਨ ਦੀ ਅਪੀਲ

Avatar photo
ਵੈਬ ਸੀਰੀਜ਼ The 410 ਦਾ ਪੋਸਟਰ Ian Macmillan/CBC Gem

ਬਰੈਂਪਟਨ, ਓਂਟਾਰੀਓ – ਸੀ.ਬੀ.ਸੀ. ਦੀ ਵੈਬ ਸੀਰੀਜ਼ The 410 ਇਕ ਨੌਜਵਾਨ ਔਰਤ ਦੇ ਸੰਘਰਸ਼ ਨੂੰ ਰੂਪਮਾਨ ਕਰਦੀ ਹੈ ਜੋ ਆਪਣੇ ਟਰੱਕਰ ਤੋਂ ਡਰੱਗ ਤਸਕਰ ਬਣੇ ਪਿਤਾ ਨੂੰ ਜੇਲ੍ਹ ਚੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਤਿੰਨ ਹਿੱਸਿਆਂ ‘ਚ ਇਹ ਸੀਰੀਜ਼ ਕੈਨੇਡਾ ਦੇ ਟਰੱਕਿਗ ਹੱਬ ਵਿੱਚ ਵਾਪਰੀਆਂ ਅਸਲ ਘਟਨਾਵਾਂ ਤੋਂ ਪ੍ਰੇਰਿਤ ਸੀ, ਜਿੱਥੇ ਕਿ ਅਦਾਕਾਰ ਅਤੇ ਨਿਰਦੇਸ਼ਕ ਸਪਿੰਦਰ ਵੜੈਚ ਨੇ ਇਕ ਟਰੱਕਿਗ ਪਰਿਵਾਰ ਵਿੱਚ  ਆਪਣਾ ਬਚਪਨ ਬਿਤਾਇਆ ਸੀ।

ਲਾਸ ਏਂਜਲਸ ਤੋਂ ਇਕ ਇੰਟਰੀਵਿਊ ‘ਚ ਵੜੈਚ ਨੇ ਕਿਹਾ, ”ਜਦੋਂ ਕੋਈ ਵਿਅਕਤੀ ਇਸ ਤਰ੍ਹਾਂ ਦੇ ਜੁਰਮ ਵਿੱਚ ਜੇਲ੍ਹ ਭੇਜਿਆ ਜਾਂਦਾ ਹੈ ਜਾਂ ਅਦਾਲਤ ਚਲਾ ਜਾਂਦਾ ਹੈ ਤਾਂ ਇਸ ਦਾ ਖਮਿਆਜ਼ਾ ਸਿਰਫ ਉਸ ਨੂੰ ਹੀ ਨਹੀਂ ਬਲਕਿ ਉਸ ਦੇ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ।”

”ਅਤੇ ਜੋ ਡਰੱਗ ਉਹ ਲੈ ਕੇ ਆਉਂਦੇ ਹਨ ਉਸ ਨਾਲ ਵੱਡੀ ਗਿਣਤੀ ਵਿੱਚ ਹੋਰ ਜ਼ਿੰਦਗੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ।”

ਕਮਿਊਨਿਟੀ ਲੀਡਰ ਇਸ ਸਮੱਸਿਆ ਤੋਂ ਚੰਗੀ ਤਰ੍ਹਾਂ ਜਾਣੂੰ ਹਨ, ਇਸੇ ਕਰਕੇ ਉਹ ਹੈਰਾਨ ਨਹੀਂ ਹੋਏ ਜਦੋਂ ਇਸ ਮਹੀਨੇ ਦੱਖਣੀ ਏਸ਼ੀਆਈ ਟਰੱਕ ਡਰਾਈਵਰਾਂ ਦੇ ਡਰੱਗ ਤਸਕਰੀ ‘ਚ ਸ਼ਾਮਲ ਹੋਣ ਦੀ ਖ਼ਬਰ ਆਈ।

ਪਿਛਲੇ ਕਈ ਸਾਲਾਂ ਤੋਂ, ਉਹ ਡਰੱਗ ਤਸਕਰੀ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਅਲਾਮਤ ਵਿਰੁੱਧ ਲੜਾਈ ਜਿੱਤਣ ਲਈ ਸਜ਼ਾ ਦੀਆਂ ਸ਼ਰਤਾਂ ਨੂੰ ਹੋਰ ਸਖ਼ਤ ਬਣਾਉਣ ਦੀ ਜ਼ਰੂਰਤ ਹੈ।

4.8 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ

ਤਾਜ਼ਾ ਕੇਸ ‘ਚ, 26 ਅਤੇ 31 ਸਾਲਾਂ ਦੇ ਦੋ ਟੀਮ ਡਰਾਈਵਰਾਂ ਨੂੰ ਮਾਰਚ ਮਹੀਨੇ ਦੇ ਅੱਧ ‘ਚ ਵਿੰਡਸਰ, ਓਂਟਾਰੀਓ ਦੀ ਸਰਹੱਦ ਪਾਰ ਕਰਦੇ ਸਮੇਂ 4.8 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਨਾਲ ਫੜਿਆ ਗਿਆ।

ਪਰ ਇਹ ਨੌਜੁਆਨ ਟਰੱਕਰਸ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਰੇ ‘ਚ ਪਾ ਕੇ ਵੀ ਡਰੱਗ ਤਸਕਰੀ ਦਾ ਹਿੱਸਾ ਕਿਉਂ ਬਣਦੇ ਹਨ?

ਮਿਸੀਸਾਗਾ, ਓਂਟਾਰੀਓ ਦੇ ਇੱਕ ਵਕੀਲ ਪਰਮਾਨੰਦ ਪ੍ਰਸਾਦ ਨੇ ਕਿਹਾ, ”ਸਿੱਧੀ ਗੱਲ ਕਰੀਏ ਤਾਂ ਇਹ ਸਿਰਫ਼ ਲਾਲਚ ਦਾ ਮਾਮਲਾ ਹੈ।”

ਪ੍ਰਸਾਦ ਨੇ ਕੈਨੇਡਾ-ਅਮਰੀਕਾ ਸਰਹੱਦ ਦੇ ਦੋਵੇਂ ਪਾਸੇ ਦਰਜਨਾਂ ਡਰੱਗਸ ਸਬੰਧਤ ਕੇਸਾਂ ਦੀ ਪੈਰਵੀ ਕੀਤੀ ਹੈ ਜਿਨ੍ਹਾਂ ‘ਚ ਟਰੱਕਰਸ ਸ਼ਾਮਲ ਸਨ।

ਪਰਮਾਨੰਦ ਪ੍ਰਸਾਦ

ਪ੍ਰਸਾਦ ਨੇ ਕਿਹਾ, ”ਲੋਕ ਛੇਤੀ ਤੋਂ ਛੇਤੀ ਪੈਸਾ ਕਮਾਉਣਾ ਚਾਹੁੰਦੇ ਹਨ। ਕਈ ਵਾਰੀ ਕੁੱਝ ਵਿਅਕਤੀ ਆ ਕੇ ਉਨ੍ਹਾਂ ਨੂੰ ਸੰਪਰਕ ਕਰਦੇ ਹਨ ਜੋ, ਜਿਵੇਂ ਤੁਹਾਨੂੰ ਪਤਾ ਹੀ ਹੈ, ਕਿ ਅਜਿਹੇ ਬੰਦੇ ਦੀ ਭਾਲ ‘ਚ ਰਹਿੰਦੇ ਹਨ ਜਿਸ ਦਾ ਡਰਾਈਵਿੰਗ ਰੀਕਾਰਡ ਦੋਸ਼ਮੁਕਤ ਹੋਵੇ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਅਜਿਹੇ ਲੋਕਾਂ ਨੂੰ ਸਰਹੱਦ ‘ਤੇ ਜਾਂਚ-ਪੜਤਾਲ ‘ਚ ਘੱਟ ਛਾਣਬੀਨ ਦਾ ਸਾਹਮਣਾ ਕਰਨਾ ਪਵੇਗਾ।”

ਉਨ੍ਹਾਂ ਕਿਹਾ ਕਿ ਡਰੱਗ ਦੀ ਢੋਆ-ਢੁਆਈ ‘ਚ ਸ਼ਾਮਲ ਲੋਕਾਂ ਨੂੰ ਹਰ ਗੇੜੀ ਦੇ 5,000 ਤੋਂ 10,000 ਡਾਲਰ ਮਿਲਦੇ ਹਨ।

ਜ਼ਿਆਦਾਤਰ ਕੇਸਾਂ ‘ਚ, ਸ਼ੱਕੀਆਂ ਨੂੰ ਜਾਂ ਤਾਂ ਅਮਰੀਕਾ ਤੋਂ ਡਰੱਗਸ ਲੈ ਕੇ ਆਉਣ ਦੇ ਪੈਸੇ ਮਿਲਦੇ ਹਨ ਜਾਂ ਉਨ੍ਹਾਂ ਨੂੰ ਡਰੱਗਸ ਅਮਰੀਕਾ ਵਾਪਸ ਲੈ ਕੇ ਜਾਣ ਦੇ ਪੈਸੇ ਮਿਲਦੇ ਹਨ।

ਪ੍ਰਸਾਦ ਨੂੰ ਲਗਦਾ ਹੈ ਕਿ ਜ਼ਿਆਦਾਤਰ ਵਿਅਕਤੀ ਇਸ ਜੁਰਮ ‘ਚ ਸ਼ਾਮਲ ਹੋਣ ਲਈ ਤਿਆਰ ਰਹਿੰਦੇ ਹਨ।

”ਆਮ ਤੌਰ ‘ਤੇ ਵੱਡੇ ਤਸਕਰ ਗ਼ੈਰਤਜ਼ਰਬੇਕਾਰ ਟਰੱਕ ਡਰਾਈਵਰਾਂ ਨੂੰ ਇਸ ਕੰਮ ਲਈ ਨਹੀਂ ਚੁਣਦੇ ਕਿਉਂਕਿ ਉਹ ਕਿਸੇ ਵੱਡੀ ਸ਼ਿਪਮੈਂਟ ਨੂੰ ਅਜਿਹੇ ਟਰੱਕ ‘ਚ ਨਹੀਂ ਰੱਖਣਾ ਚਾਹੁੰਦੇ ਜਿਸ ਦੇ ਡਰਾਈਵਰ ਨੇ ਅਜਿਹਾ ਕੰਮ ਪਹਿਲਾਂ ਕਦੇ ਨਾ ਕੀਤਾ ਹੋਵੇ।”

ਛੇਤੀ ਪੈਸੇ ਕਮਾਉਣ ਦਾ ਲਾਲਚ

ਧਰਮਪਾਲ ਸੰਧੂ

ਦੱਖਣੀ ਏਸ਼ੀਆਈ ਕਮਿਊਨਿਟੀ ਆਗੂਆਂ ਦਾ ਕਹਿਣਾ ਹੈ ਕਿ ਉਹ ਇਸ ਗੱਲੋਂ ਪ੍ਰੇਸ਼ਾਨ ਹਨ ਕਿਉਂਕਿ ਉਹ ਅਜਿਹੇ ਲੋਕਾਂ ਦੇ ਸਮੂਹ ਨਾਲ ਨਜਿੱਠ ਰਹੇ ਹਨ ਜੋ ਕਿ ਛੇਤੀ ਤੋਂ ਛੇਤੀ ਅਮੀਰ ਹੋਣਾ ਚਾਹੁੰਦੇ ਹਨ ਅਤੇ ਆਪਣੇ ਰਿਸ਼ਤੇਦਾਰਾਂ ਅੱਗੇ ਖ਼ੁਦ ਦੀ ਵਡਿਆਈ ਹੁੰਦੀ ਵੇਖਣਾ ਚਾਹੁੰਦੇ ਹਨ।

ਡਰੱਗ ਅਵੇਅਰਨੈੱਸ ਸੋਸਾਇਟੀ ਆਫ਼ ਟੋਰਾਂਟੋ ਦੇ ਸੰਸਥਾਪਕ ਅਤੇ ਓਨਰ-ਆਪਰੇਟਰ ਧਰਮਪਾਲ ਸੰਧੂ ਨੇ ਕਿਹਾ, ”ਇੱਥੇ ਸਿਰਫ਼ ਇੱਕ ਜਾਂ ਦੋ ਸਾਲਾਂ ਤੋਂ ਆਏ ਲੋਕ ਵੀ ਛੇਤੀ ਤੋਂ ਛੇਤੀ ਵੱਡੇ ਘਰ ਅਤੇ ਮਹਿੰਗੀਆਂ ਕਾਰਾਂ ਖ਼ਰੀਦਣਾ ਚਾਹੁੰਦੇ ਹਨ। ਮੈਂ ਇੱਥੇ ਪਿਛਲੇ 30 ਸਾਲਾਂ ਤੋਂ ਹਾਂ ਅਤੇ ਸਖ਼ਤ ਮਿਹਨਤ ਕਰ ਕੇ ਘਰ ਖ਼ਰੀਦਿਆ ਸੀ। ਪਰ ਇਨ੍ਹਾਂ ਲੋਕਾਂ ਨੂੰ ਅਜਿਹਾ ਸਬਰ ਨਹੀਂ ਹੈ। ਉਹ ਜਲਦੀ ਅਮੀਰ ਬਣਨਾ ਚਾਹੁੰਦੇ ਹਨ।”

ਸਾਊਥ ਏਸ਼ੀਅਨ ਟਰੱਕਿੰਗ ਐਸੋਸੀਏਸ਼ਨ ਆਫ਼ ਕੈਨੇਡਾ ਦੇ ਦੀਪਕ ਪੁੰਜ ਵੀ ਇਸ ਗੱਲ ਤੋਂ ਸਹਿਮਤ ਹਨ। ਉਨ੍ਹਾਂ ਕਿਹਾ ਕਿ ਪਦਾਰਥਵਾਦ ਕਰ ਕੇ ਹੀ ਨੌਜੁਆਨ ਇਸ ਨਸ਼ਾ ਤਸਕਰੀ ਦੇ ਧੰਦੇ ‘ਚ ਪੈਂਦੇ ਹਨ। ਪੁੰਜ ਨੇ ਕਿਹਾ, ”ਉਨ੍ਹਾਂ ਨੂੰ ਲਗਦਾ ਹੈ ਕਿ ਇਹ ਕੋਈ ਦੌੜ ਹੈ। ਜੇਕਰ ਉਸ ਦੇ ਚਚੇਰੇ ਭਰਾ ਕੋਲ ਰੋਲਸ-ਰਾਇਸ ਹੈ ਤਾਂ ਉਨ੍ਹਾਂ ਨੇ ਬੁਗਾਟੀ ਲੈਣੀ ਹੈ… ਛੇਤੀ ਪੈਸਾ ਕਮਾਉਣ ਲਈ ਉਹ ਕੁੱਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ।” ਪੁੰਜ ਇਸ ਬਾਰੇ ਫ਼ਰੰਟਲਾਈਨ ਰੇਡੀਓ ‘ਤੇ ਆਪਣੇ ਪੰਜਾਬੀ ਭਾਸ਼ਾ ਦੇ ਟਾਕ ਸ਼ੋਅ ਰਾਹੀਂ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਓਂਟਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ (ਓ.ਏ.ਟੀ.ਏ.) ਦੇ ਪ੍ਰੈਜ਼ੀਡੈਂਟ ਜਗਰੂਪ ਸਿੰਘ ਨੇ ਕਿਹਾ ਕਿ ਹੋਰ ਗ੍ਰਿਫ਼ਤਾਰੀਆਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ।

ਭਾਵੇਂ ਓ.ਏ.ਟੀ.ਏ. ਦੇ ਮੈਂਬਰ ਸਰਹੱਦ ਪਾਰ ਵੀ ਨਹੀਂ ਕਰਦੇ ਪਰ ਜਗਰੂਪ ਸਿੰਘ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਕਰ ਕੇ ਟਰੱਕਾਂ ਵਾਲਿਆਂ ਦੇ ਅਕਸ ਨੂੰ ਢਾਹ ਲੱਗੇਗੀ। ਉਨ੍ਹਾਂ ਕਿਹਾ, ”ਇਹ ਬਹੁਤ ਬੁਰੀ ਗੱਲ ਹੈ। ਉਹ ਸਿਰਫ਼ ਪੈਸੇ ਲਈ ਇਹ ਕੰਮ ਕਰ ਰਹੇ ਹਨ। ਮੈਨੂੰ ਇਸ ਦਾ ਹੋਰ ਕੋਈ ਕਾਰਨ ਨਹੀਂ ਲੱਭਦਾ।”

ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਟਰੱਕਿੰਗ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਖ਼ਤ ਮਿਹਨਤ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।

”ਤੁਸੀਂ ਰਾਤੋ-ਰਾਤ ਅਮੀਰ ਨਹੀਂ ਬਣ ਸਕਦੇ।”

ਨਰਮ ਨਿਆਂ ਪ੍ਰਣਾਲੀ

ਤਿੰਨੇ ਕਮਿਊਨਿਟੀ ਆਗੂਆਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਡਰੱਗ ਤਸਕਰੀ ਵਿਰੁੱਧ ਆਪਣੇ ਕਾਨੂੰਨਾਂ ਨੂੰ ਹੋਰ ਜ਼ਿਆਦਾ ਸਖ਼ਤ ਕਰਨ ਦੀ ਜ਼ਰੂਰਤ ਹੈ, ਜੇਕਰ ਇਹ ਦੇਸ਼ ਨਸ਼ਿਆਂ ਵਿਰੁੱਧ ਆਪਣੀ ਲੜਾਈ ‘ਚ ਜਿੱਤਣਾ ਚਾਹੁੰਦਾ ਹੈ।

ਸੰਧੂ ਨੇ ਸਵਾਲ ਕਰਦਿਆਂ ਕਿਹਾ, ”ਪਹਿਲੇ ਜੁਰਮ ਲਈ ਜ਼ਮਾਨਤ ਮਿਲ ਜਾਣ ਦੀ ਗੱਲ ਸਮਝ ਆਉਂਦੀ ਹੈ ਪਰ ਇਸੇ ਤਰ੍ਹਾਂ ਦੇ ਦੂਜੇ ਜਾਂ ਤੀਜੇ ਜੁਰਮ ਲਈ ਜ਼ਮਾਨਤ ਕਿਉਂ ਮਿਲਣੀ ਚਾਹੀਦੀ ਹੈ?”

ਵਕੀਲ ਪ੍ਰਸਾਦ ਨੇ ਕਿਹਾ ਕਿ ਇਸੇ ਕਰ ਕੇ ਅਮਰੀਕਾ ‘ਚ ਫੜੇ ਗਏ ਕੈਨੇਡੀਆਈ ਨਾਗਰਿਕ ਆਪਣੇ ਕੇਸਾਂ ਦੀ ਸੁਣਵਾਈ ਕੈਨੇਡਾ ‘ਚ ਕਰਵਾਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ, ”ਜੇਕਰ ਅਮਰੀਕਾ ‘ਚ ਤੁਹਾਨੂੰ 10 ਸਾਲਾਂ ਦੀ ਸਜ਼ਾ ਮਿਲੀ ਹੈ ਤਾਂ ਤੁਸੀਂ ਪੂਰੇ 10 ਸਾਲ ਜੇਲ ਅੰਦਰ ਹੀ ਰਹੋਗੇ ਕਿਉਂਕਿ ਚੰਗੇ ਸਲੂਕ ਲਈ ਤੁਹਾਨੂੰ ਪੈਰੋਲ ਨਹੀਂ ਮਿਲ ਸਕਦੀ।”

ਪ੍ਰਸਾਦ ਨੇ ਅੱਗੇ ਕਿਹਾ ਕਿ ਕੈਨੇਡਾ ‘ਚ ਆਪਣੀ ਸਜ਼ਾ ਦਾ ਤੀਜਾ ਹਿੱਸਾ ਪੂਰਾ ਕਰਨ ਵਾਲਿਆਂ ਨੂੰ ਛੱਡ ਦਿੱਤਾ ਜਾਂਦਾ ਹੈ।

ਸੰਦੇਸ਼ : ਇਹ ਕੰਮ ਨਾ ਕਰੋ

ਕਮਿਊਨਿਟੀ ਆਗੂਆਂ ਅਤੇ ਪ੍ਰਸਾਦ ਨੇ ਕਿਹਾ ਕਿ ਡਰਾਈਵਰਾਂ ਨੂੰ ਉਨ੍ਹਾਂ ਦਾ ਸੰਦੇਸ਼ ਸਿਰਫ਼ ਇਹ ਹੈ ਕਿ ਨਸ਼ਿਆਂ ਤੋਂ ਦੂਰ ਰਹੋ।

ਪ੍ਰਸਾਦ ਨੇ ਕਿਹਾ, ”ਇਹ ਕੰਮ ਨਾ ਕਰੋ। ਇਸ ਦਾ ਫ਼ਾਇਦਾ, ਮਿਲਣ ਵਾਲੇ ਖ਼ਤਰੇ ਤੋਂ ਵੱਡਾ ਨਹੀਂ ਹੈ।

”ਜੇਕਰ ਤੁਸੀਂ ਇਹ ਕੰਮ ਕਰ ਕੇ ਸੈਂਕੜੇ ਹਜ਼ਾਰਾਂ ਡਾਲਰ ਕਮਾ ਵੀ ਲੈਂਦੇ ਹੋ ਤਾਂ ਉਨ੍ਹਾਂ ਦਾ ਕੀ ਫ਼ਾਇਦਾ ਜੇਕਰ ਤੁਸੀਂ ਅਮਰੀਕਾ ਦੀ ਜੇਲ੍ਹ ‘ਚ ਕਈ ਸਾਲਾਂ ਤੋਂ ਪਏ ਸੜ ਰਹੇ ਹੋ”, ਉਸ ਨੇ ਕਿਹਾ।

”ਇਸ ਪ੍ਰਕਿਰਿਆ ‘ਚ ਤੁਹਾਡੀ ਪਰਿਵਾਰਕ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਇਹ ਕੰਮ ਨਾ ਕਰੋ।”

The 410 ਦੀ ਅਦਾਕਾਰ ਅਤੇ ਨਿਰਦੇਸ਼ਕ ਸਪਿੰਦਰ ਵੜੈਚ Ian Macmillan/CBC Gem

ਫਿਰ ਵੀ The 410 ਦੀ ਅਦਾਕਾਰ ਵੜੈਚ ਨੂੰ ਲਗਦਾ ਹੈ ਕਿ ਤਸਕਰ ਹਾਲਾਤ ਦੇ ਸ਼ਿਕਾਰ ਹਨ।

”ਮੈਂ ਕਿਸੇ ਨੂੰ, ਜਾਂ ਉਨ੍ਹਾਂ ਦੀਆਂ ਹਰਕਤਾਂ ਨੂੰ ਬੁਰਾ ਨਹੀਂ ਵਿਖਾਉਣਾ ਚਾਹੁੰਦੀ ਕਿਉਂਕਿ ਮੈਂ ਇੱਕ ਅਦਾਕਾਰ ਹਾਂ। ਮੈਂ ਹਮੇਸ਼ਾਂ ਉਨ੍ਹਾਂ ਦੇ ਨਜ਼ਰੀਏ ਨੂੰ ਸਮਝਣਾ ਚਾਹੁੰਦੀ ਹਾਂ।”

1987 ‘ਚ ਆਈ ਫ਼ਿਲਮ ਵਾਲ ਸਟ੍ਰੀਟ  ‘ਚ ਗੋਰਡਨ ਗੈਕੋ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਮਾਈਕਲ ਡਗਲਸ ਸਟਾਕ ਬਰੋਕਰਾਂ ਦੇ ਇੱਕ ਸਮੂਹ ਨੂੰ ਭਾਸ਼ਣ ਦਿੰਦਿਆਂ ਕਹਿੰਦੇ ਹਨ ਕਿ ਲਾਲਚ ਚੰਗਾ ਹੈ, ਲਾਲਚ ਸਹੀ ਹੈ ਅਤੇ ਲਾਲਚ ਹੀ ਕੰਮ ਕਰਦਾ ਹੈ।

ਬਰੈਂਪਟਨ ‘ਚ ਨੌਜੁਆਨ ਦੱਖਣੀ ਏਸ਼ੀਆਈ ਟਰੱਕ ਡਰਾਈਵਰਾਂ ਨੂੰ ਲਗਦਾ ਹੈ ਕਿ ਸਹੀ ਗੱਲ ਇਸ ਤੋਂ ਬਿਲਕਲ ਉਲਟ ਹੈ, ਪਰ ਉਨ੍ਹਾਂ ‘ਚੋਂ ਜ਼ਿਆਦਾਤਰ ਨੂੰ ਇਹ ਗੱਲ ਉਦੋਂ ਪਤਾ ਲਗਦੀ ਹੈ ਜਦੋਂ ਉਨ੍ਹਾਂ ਲਈ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਅਬਦੁਲ ਲਤੀਫ਼ ਵੱਲੋਂ