ਕਮਿੰਸ ਅਤੇ ਨੇਵੀਸਟਾਰ ਮਿਲ ਕੇ ਬਣਾਉਣਗੇ ਹਾਈਡ੍ਰੋਜਨ ਫ਼ਿਊਲ ਸੈੱਲ ਟਰੱਕ

Avatar photo

ਕਮਿੰਸ ਅਤੇ ਨੇਵੀਸਟਾਰ ਸ਼੍ਰੇਣੀ 8 ਦੇ ਇੱਕ ਟਰੱਕ ਨੂੰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ ਜੋ ਕਿ ਹਾਈਡ੍ਰੋਜਨ ਫ਼ਿਊਲ ਸੈੱਲ ਦੀ ਤਾਕਤ ਨਾਲ ਚੱਲੇਗਾ। ਕਮਿੰਸ ਨੇ ਪਿੱਛੇ ਜਿਹੇ ਇਸ ਬਾਰੇ ਐਲਾਨ ਕੀਤਾ ਹੈ।

ਇਸ ਪ੍ਰਾਜੈਕਟ ਨੂੰ ਸਸਤੀ ਹਾਈਡ੍ਰੋਜਨ ਦੇ ਉਤਪਾਦਨ, ਭੰਡਾਰਨ, ਵੰਡ ਅਤੇ ਪ੍ਰਯੋਗ ਲਈ ਸ਼ੁਰੂ ਕੀਤੀ ਗਈ ਅਮਰੀਕੀ ਊਰਜਾ ਵਿਭਾਗ ਦੀ ਐਚ2@ਸਕੇਲ ਪਹਿਲ ਅਧੀਨ ਪੈਸਾ ਮਿਲੇਗਾ। ਇਹ ਕਮਿੰਸ ਨੂੰ ਮਿਲੀਆਂ ਊਰਜਾ ਵਿਭਾਗ ਦੀਆਂ ਉਨ੍ਹਾਂ ਦੋ ਗ੍ਰਾਂਟਾਂ ‘ਚੋਂ ਇੱਕ ਹੈ, ਜੋ ਕਿ ਕੁਲ ਮਿਲਾ ਕੇ 70 ਲੱਖ ਡਾਲਰ ਬਣਦੇ ਹਨ।

ਕਮਿੰਸ ਦੇ ਨਵੀਂ ਊਰਜਾ ਦੇ ਪ੍ਰੈਜ਼ੀਡੈਂਟ ਐਮੀ ਡੇਵਿਸ ਨੇ ਕਿਹਾ, ”ਇਹ ਗੱਡੀ ਸਾਡੀ ਅਗਲੀ ਪੀੜ੍ਹੀ ਦੀ ਫ਼ਿਊਲ ਸੈੱਲ ਸੰਰਚਨਾ ਪੇਸ਼ ਕਰੇਗੀ ਅਤੇ ਲਾਈਨ ਹੌਲ ਟਰੱਕਾਂ ਲਈ ਸਾਡੀ ਹਾਈਡ੍ਰੋਜਨ ਤਕਨਾਲੋਜੀ ਨੂੰ ਅੱਗੇ ਵਧਾਉਣ ਦਾ ਕੰਮ ਕਰੇਗੀ।”

”ਅਸੀਂ ਨੇਵੀਸਟਾਰ ਨਾਲ, 80 ਸਾਲ ਪੁਰਾਣੇ, ਆਪਣੇ ਰਿਸ਼ਤੇ ਹੋਰ ਮਜ਼ਬੂਤ ਬਣਾਉਣ ਅਤੇ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਗੱਡੀਆਂ ਬਣਾਉਣ ਦੀ ਲਾਗਤ ਘੱਟ ਕਰਨ ਲਈ ਮਿਲ ਕੇ ਕੰਮ ਕਰਨ ਪ੍ਰਤੀ ਵੀ ਬਹੁਤ ਉਤਸ਼ਾਹਿਤ ਹਾਂ ਜਿਸ ਨਾਲ ਫ਼ਲੀਟਸ ਹਾਈਡ੍ਰੋਜਨ ਦੀ ਤਾਕਤ ਨਾਲ ਚੱਲਣ ਵਾਲੀਆਂ ਗੱਡੀਆਂ ਸਸਤੀਆਂ ਕੀਮਤਾਂ ‘ਤੇ ਅਪਣਾ ਸਕਦੇ ਹਨ।”

ਕਮਿੰਸ ਨੇ ਕਿਹਾ ਕਿ ਫ਼ੰਡਿੰਗ ਨਾਲ ਹੈਵੀ-ਡਿਊਟੀ ਟਰੱਕਾਂ ਲਈ ਏਕੀਕ੍ਰਿਤ ਫ਼ਿਊਲ ਸੈੱਲ ਇਲੈਕਟ੍ਰਿਕ ਪਾਵਰਟ੍ਰੇਨ ਵਿਕਸਤ ਕਰਨ ‘ਚ ਮੱਦਦ ਮਿਲੇਗੀ।

ਕੰਪਨੀ ਨੇ ਕਿਹਾ ਕਿ ਇਸ ‘ਚ ਅਜਿਹੇ ਨਿਰਮਾਣਯੋਗ ਅਤੇ ਵਿਸਤਾਰਯੋਗ ਹੱਲ ਵਿਕਸਤ ਕਰਨਾ ਸ਼ਾਮਲ ਹੈ ਜੋ ਕਿ 300 ਜਾਂ ਇਸ ਤੋਂ ਵੱਧ ਮੀਲ ਦੀ ਸਮਰਥਾ ਵਾਲੇ ਹੋਣ ਅਤੇ ਮੌਜੂਦਾ ਹੈਵੀ-ਡਿਊਟੀ ਟਰੱਕਾਂ ਮੁਕਾਬਲੇ ਬਿਹਤਰ ਫ਼ਿਊਲ ਬੱਚਤ ਵਾਲੇ ਹੋਣ।

ਨੇਵੀ ਸਟਾਰ ਦੇ ਇੰਜੀਨੀਅਰਿੰਗ ਦੇ ਵਾਇਸ-ਪ੍ਰੈਜ਼ੀਡੈਂਟ ਡੈਰੇਨ ਗੋਸਬੀ ਨੇ ਕਿਹਾ, ”ਕਮਿੰਸ ਨੇਵੀਸਟਾਰ ਦਾ ਭਰੋਸੇਮੰਦ ਭਾਈਵਾਲ ਹੈ ਅਤੇ ਇਸ ਪ੍ਰਾਜੈਕਟ ‘ਤੇ ਕੰਪਨੀ ਨਾਲ ਮਿਲ ਕੇ ਕੰਮ ਕਰਨਾ, ਸ਼੍ਰੇਣੀ 8 ਗੱਡੀਆਂ ਲਈ ਊਰਜਾ ਦੇ ਸਰੋਤ ਵਜੋਂ ਹਾਈਡ੍ਰੋਜਨ ਫ਼ਿਊਲ ਸੈੱਲ ਦੇ ਕੰਮ ਕਰਨ ਦਾ ਤਰੀਕਾ, ਅਪਨਾਉਣ ਅਤੇ ਵਿਸਤਾਰੀਕਰਨ ਨੂੰ ਏਕੀਕ੍ਰਿਤ ਕਰਨ ਬਾਰੇ ਸਿੱਖਣਾ ਇੱਕ ਮੀਲ ਦਾ ਪੱਥਰ ਹੈ।”

”ਕਮਰਸ਼ੀਅਲ ਗੱਡੀਆਂ ਦੇ ਖੇਤਰ ‘ਚ ਹਾਈਡ੍ਰੋਜਨ ਕਈ ਤਰ੍ਹਾਂ ਦੇ ਮੌਕਿਆਂ ਦਾ ਸਰੋਤ ਹੈ ਅਤੇ ਅਸੀਂ ਅਜਿਹੀ ਟੀਮ ਦਾ ਹਿੱਸਾ ਹੋਣ ‘ਚ ਮਾਣ ਮਹਿਸੂਸ ਕਰ ਰਹੇ ਹਾਂ ਜੋ ਕਿ ਗ੍ਰਾਹਕਾਂ ਲਈ ਮੁਕੰਮਲ ਹੱਲ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ।”

ਪ੍ਰੋਟੋਟਾਈਪ ਦੀ ਇੱਕ ਸਾਲ ਤਕ ਪਰਖ ਕੀਤੀ ਜਾਵੇਗੀ।

ਕਮਿੰਸ ਨੇ ਕਿਹਾ ਕਿ ਟਰੱਕ ਨੂੰ ਵਾਰਨਰ ਐਂਟਰਪ੍ਰਾਈਸਿਜ਼ ਦੇ 7,700 ਟਰੈਕਟਰਾਂ ਦੇ ਫ਼ਲੀਟ ‘ਚ ਸ਼ਾਮਲ ਕੀਤਾ ਜਾਵੇਗਾ ਅਤੇ ਫ਼ੋਨਟਾਨਾ, ਕੈਲੇਫ਼ੋਰਨੀਆ ਦੇ ਸਥਾਨਕ ਅਤੇ/ਜਾਂ ਖੇਤਰੀ ਡਿਲੀਵਰੀ ਆਪਰੇਸ਼ਨਾਂ ਲਈ ਵਰਤਿਆ ਜਾਵੇਗਾ।