ਕਵਿਕ ਟਰੱਕ ਲਿਊਬ ਨੇ ਨੇਪਾਨੀ ‘ਚ ਖੋਲ੍ਹੀ ਆਪਣੀ ਤੀਜੀ ਲੋਕੇਸ਼ਨ

Avatar photo

ਕੌਣ ਕਹਿੰਦਾ ਹੈ ਕਿ ਮੁਫ਼ਤ ਲੰਚ ਵਰਗੀ ਕੋਈ ਚੀਜ਼ ਨਹੀਂ ਹੁੰਦੀ? ਨੇਪਾਨੀ, ਓਂਟਾਰੀਓ ਦੇ ਹਾਈਵੇ 401 ‘ਤੇ ਸਥਿਤ ਐਗਜ਼ਿਟ 579 ਵਿਖੇ ਨਵੇਂ ਕਵਿਕ ਟਰੱਕ ਲਿਊਬ ‘ਚ 18 ਜੂਨ ਨੂੰ ਗੇੜਾ ਮਾਰਨ ਵਾਲੇ ਸਾਰੇ ਟਰੱਕ ਸਵਾਰਾਂ ਦਾ ਕੰਪਨੀ ਨੇ ਆਪਣੇ ਸ਼ਾਨਦਾਰ ਆਗਾਜ਼ ਜਸ਼ਨ ਦੇ ਹਿੱਸੇ ਵਜੋਂ ਬਰਗਰ ਅਤੇ ਹੋਰ ਖਾਣ-ਪਾਣ ਨਾਲ ਸਵਾਗਤ ਕੀਤਾ।

ਇਹ ਨਵੀਂ ਲੋਕੇਸ਼ਨ ਫ਼ਲਾਇੰਗ ਜੇ ਟਰੱਕ ਸ਼ਾਪ ਨੇੜੇ ਸਥਿਤ ਹੈ। ਇਸ ਦੇ ਮਾਲਕ ਗੁਰਜਿੰਦਰ ਜੌਹਲ, ਸ਼ੀਸ਼ਪਾਲ ਮਾਂਗਟ ਅਤੇ ਜਗਦੀਪ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਟਰੱਕ ਸਟਾਪ ‘ਤੇ ਭੋਜਨ, ਫ਼ਿਊਲ ਜਾਂ ਆਰਾਮ ਕਰਨ ਲਈ ਰੁਕਣ ਵਾਲੇ ਡਰਾਈਵਰਾਂ ਲਈ ਇਕੋ ਥਾਂ ‘ਤੇ ਹਰ ਜ਼ਰੂਰਤ ਦੇਣ ਦਾ ਹੈ। ਇਸ ਲਈ ਪਹਿਲਾਂ ਕੋਈ ਅਪਾਇੰਟਮੈਂਟ ਲੈਣ ਦੀ ਵੀ ਜ਼ਰੂਰਤ ਨਹੀਂ ਹੈ ਅਤੇ ਟਰੱਕਾਂ ਦੀ ਅੱਧੇ ਘੰਟੇ ਅੰਦਰ ਸਰਵਿਸ ਕਰ ਦਿੱਤੀ ਜਾਂਦੀ ਹੈ।

ਗਰੈਂਡ ਓਪਨਿੰਗ ਪ੍ਰੋਮੋਸ਼ਨ ‘ਚ ਹਰ ਟਰੱਕ ਲਈ ਤੇਲ ਬਦਲਣ ‘ਤੇ 100 ਡਾਲਰਾਂ ਦੀ ਛੋਟ ਅਤੇ ਮੁਫ਼ਤ ‘ਚ ਗਰੀਸ ਕਰਨ ਦੀ ਪੇਸ਼ਕਸ਼ ਦਿੱਤੀ ਜਾ ਰਹੀ ਸੀ। 14,000 ਵਰਗ ਫ਼ੁੱਟ ‘ਚ ਫੈਲੀ ਇਸ ਲੋਕੇਸ਼ਨ ‘ਚ ਤੇਲ ਬਦਲਣ ਲਈ ਤਿੰਨ ਬੇਅਜ਼ ਹਨ, ਜਿਨ੍ਹਾਂ ‘ਤੇ ਤਿੰਨ ਟਰੈਕਟਰ-ਟਰੇਲਰ ਜਾਂ ਛੇ ਬੋਬਟੇਲ ਟਰੈਕਟਰ ਆ ਸਕਦੇ ਹਨ। ਇੱਕ ਗੱਡੀ ਧੋਣ ਦੀ ਬੇਅ ਵੀ ਹੈ।

(ਖੱਬੇ ਤੋਂ ਸੱਜੇ) : ਕਵਿਕ ਟਰੱਕ ਲਿਊਬ ਦੇ ਮਾਲਕ ਸ਼ੀਸ਼ਪਾਲ ਮਾਂਗਟ, ਗੁਰਜਿੰਦਰ ਜੌਹਲ ਅਤੇ ਜਗਦੀਪ ਗਰੇਵਾਲ।

ਨਵੀਂ ਲੋਕੇਸ਼ਨ ਦੀ ਤਿਆਰੀ ਚਾਰ ਸਾਲਾਂ ਤੋਂ ਚੱਲ ਰਹੀ ਸੀ ਅਤੇ ਪਿਛਲੇ ਇੱਕ ਸਾਲ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਇਸ ਲੋਕੇਸ਼ਨ ‘ਚ 50 ਲੱਖ ਡਾਲਰ ਦਾ ਨਿਵੇਸ਼ ਕੀਤਾ ਹੈ। ਜੌਹਲ ਨੇ ਕਿਹਾ ਕਿ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ‘ਚੋਂ ਇੱਕ ਇਹ ਵੀ ਹੈ ਕਿ 11 ਤਰ੍ਹਾਂ ਦੇ ਤੇਲ ‘ਚੋਂ ਚੋਣ ਕੀਤੀ ਜਾ ਸਕਦੀ, ਜੋ ਕਿ ਉਨ੍ਹਾਂ ਅਨੁਸਾਰ ਕੈਨੇਡਾ ‘ਚ ਪਹਿਲੀ ਵਾਰੀ ਹੋਵੇਗਾ।

ਨੇਪਾਨੀ ਲੋਕੇਸ਼ਨ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਅਤੇ ਸ਼ਨਿੱਚਰਵਾਰ ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਖੋਲ੍ਹੀ ਰਹੇਗੀ। ਇਸ ਵੇਲੇ ਲੋਕੇਸ਼ਨ ‘ਚ 14 ਵਿਅਕਤੀ ਕੰਮ ਕਰ ਰਹੇ ਹਨ ਅਤੇ ਜੌਹਲ ਅਨੁਸਾਰ ਆਉਣ ਵਾਲੇ ਸਮੇਂ ‘ਚ ਇਸ ਗਿਣਤੀ ‘ਚ ਹੋਰ ਵੀ ਵਾਧਾ ਹੋਵੇਗਾ।

ਇਸ ਤੋਂ ਇਲਾਵਾ ਕਵਿਕ ਟਰੱਕ ਲਿਊਬ ਆਪਣੇ ਏਅਰ ਅਤੇ ਫ਼ੋਰਟ ਏਰੀ ਲੋਕੇਸ਼ਨਾਂ ‘ਤੇ ਵੀ ਇਸੇ ਤਰ੍ਹਾਂ ਦੀ ਤੇਜ਼ ਅਤੇ ਕੁਸ਼ਲ ਸੇਵਾ ਦਿੰਦਾ ਹੈ।