ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਨੇ ਕਿਹਾ ਪ੍ਰਦੂਸ਼ਣ ਮੁਕਤ ਆਵਾਜਾਈ ਦਾ ਰਾਹ ਗੁੰਝਲਦਾਰ

Avatar photo

ਟਰਾਂਸਪੋਰਟੇਸ਼ਨ ਸੈਕਟਰ ’ਚ ਕਾਫ਼ੀ ਤਰੱਕੀ ਕਰ ਲੈਣ ਤੋਂ ਬਾਅਦ ਵੀ ਕੈਨੇਡਾ 2050 ਤੱਕ ਸਿਫ਼ਰ ਗ੍ਰੀਨਹਾਊਸ ਗੈਸਾਂ (ਜੀ.ਐਚ.ਜੀ.) ਦਾ ਉਤਸਰਜਨ ਸਿਫ਼ਰ ਕਰਨ ਦਾ ਟੀਚਾ ਪ੍ਰਾਪਤ ਕਰਨ ਤੋਂ ਅਜੇ ਬਹੁਤ ਪਿੱਛੇ ਹੈ।

ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਵੱਲੋਂ ਤਾਜ਼ਾ ਰਿਪੋਰਟ ਵਿਖਾਉਂਦੀ ਹੈ ਕਿ ਕੈਨੇਡਾ ਨੇ 2020 ’ਚ 18 ਅਰਬ ਲਿਟਰ ਡੀਜ਼ਲ ਖਪਤ ਕੀਤਾ, ਅਤੇ ਲਗਭਗ 480,000 ਹੈਵੀ-ਡਿਊਟੀ ਗੱਡੀਆਂ ਨੇ 2018 ਦੌਰਾਨ ਦੇਸ਼ ਦੀ ਸੜਕ ਆਵਾਜਾਈ ਕਰਕੇ ਹੋਏ ਪ੍ਰਦੂਸ਼ਣ ’ਚ 42% ਦਾ ਯੋਗਦਾਨ ਦਿੱਤਾ। ਇਹ ਅੰਕੜਾ ਇਸ ਤੱਥ ਤੋਂ ਬਾਅਦ ਆਇਆ ਹੈ ਕਿ ਮੀਡੀਅਮ- ਅਤੇ ਹੈਵੀ-ਡਿਊਟੀ ਗੱਡੀਆਂ ਦੀ ਫ਼ਿਊਲ ਖਪਤ ’ਚ 2000 ਅਤੇ 2018 ਵਿਚਕਾਰ 20% ਦੀ ਕਮੀ ਆਈ ਹੈ।

ਫ਼ਿਊਲਿੰਗ 2050: ਦ ਰੋਡ ਫ਼ਾਰਵਰਡ ’ਚ ਕਿਹਾ ਗਿਆ ਹੈ, ‘‘2050 ਤੱਕ ਆਵਾਜਾਈ ਨੂੰ ਪ੍ਰਦੂਸ਼ਣ ਮੁਕਤ ਕਰਨਾ ਗੁੰਝਲਦਾਰ ਕੰਮ ਹੈ। ਆਰਥਕ ਗਤੀਵਿਧੀਆਂ ਨੂੰ ਰੋਕ ਦੇਣ ਬਾਰੇ ਸੋਚਣਾ ਤਰਕਸੰਗਤ ਨਹੀਂ ਹੋਵੇਗਾ।’’

ਪਰ, ਜਿਵੇਂ ਕਿ ਸਿਰਲੇਖ ਦੱਸਦਾ ਹੈ, ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਨੂੰ ਰਾਹ ਦਿਸ ਰਿਹਾ ਹੈ।

ਰਿਪੋਰਟ ਰਾਹੀਂ ਇਸ ਨੇ ਕਿਹਾ ਹੈ ਕਿ ਸਿਫ਼ਰ ਉਤਸਰਜਨ ਨੂੰ ਪ੍ਰਾਪਤ ਕਰਨ ਦੇ ਰਾਹ ਪੈਣਾ ਹੈ ਤਾਂ ਯਥਾਰਥਕ ਲਾਗਤ, ਕੈਨੇਡਾ ਦੇ ਜੀਵਨ ਮਾਨਕ, ਅਤੇ ਪੁਖਤਾ ਆਰਥਕ ਤੇ ਵਿਗਿਆਨਕ ਜਲਵਾਯੂ ਤਬਦੀਲੀ ਟੀਚਿਆਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਪਵੇਗੀ।

ਰਿਪੋਰਟ ’ਚ ਪੇਸ਼ਨਗੋਈ ਕੀਤੀ ਗਈ ਹੈ ਕਿ 2050 ਤੱਕ ਵੀ ਤੇਲ ਅਤੇ ਗੈਸ ਆਵਾਜਾਈ ਲਈ ਜ਼ਰੂਰੀ ਊਰਜਾ ਦਾ ਵੱਡਾ ਹਿੱਸਾ ਮੁਹੱਈਆ ਕਰਵਾਉਂਦੇ ਰਹਿਣਗੇ। ਪਰ ਜਿੱਥੇ ਇਹ ਫ਼ਿਊਲ ਅੱਜ ਊਰਜਾ ਦਾ 90% ਹਿੱਸਾ ਮੁਹੱਈਆ ਕਰਵਾ ਰਹੇ ਹਨ ਉੱਥੇ 2050 ’ਚ ਇਹ ਹਿੱਸਾ ਘੱਟ ਕੇ ਇੱਕ ਤਿਹਾਈ ਰਹਿ ਜਾਵੇਗਾ। ਇਹ ਤਬਦੀਲੀ ਜ਼ਿਆਦਾਤਰ ਨਵੇਂ ਤਰਲ ਫ਼ਿਊਲ, ਗੈਸ, ਅਤੇ ਇਲੈਕਟਿ੍ਰਕ ਪਾਵਰ ’ਤੇ ਨਿਰਭਰ ਕਰੇਗਾ।

ਉਦਾਹਰਣ ਵਜੋਂ ਕੈਨੇਡਾ ਦੇ ਸਵੱਛ ਫ਼ਿਊਲ ਮਾਨਕਾਂ ਹੇਠ ਬਾਇਓਡੀਜ਼ਲ ਅਤੇ ਨਵਿਆਉਣਯੋਗ ਡੀਜ਼ਲ ਦੇ ਪੱਧਰਾਂ ਨੂੰ ਵਧਾਉਣਾ 2030 ਤੱਕ ਸੜਕਾਂ ਰਾਹੀਂ ਹੋਣ ਵਾਲੇ ਪ੍ਰਦੂਸ਼ਣ ਨੂੰ 7 ਮਿਲੀਅਨ ਟਨ ਘੱਟ ਕਰੇਗਾ। ਅੱਜ ਦੀਆਂ ਜ਼ਿਆਦਾਤਰ ਹੈਵੀ-ਡਿਊਟੀ ਗੱਡੀਆਂ ਰਵਾਇਤੀ ਡੀਜ਼ਲ ’ਤੇ ਚਲਦੀਆਂ ਹਨ ਜਿਨ੍ਹਾਂ ’ਚ 2% ਬਾਇਓਡੀਜ਼ਲ ਹੁੰਦਾ ਹੈ।

ਨਵੇਂ ਫ਼ਿਊਲ ਮਾਨਕ ਇਸ ਸਾਲ ਦੇ ਅੰਤ ਤਕ ਲਾਗੂ ਕੀਤੇ ਜਾਣਗੇ।