ਕਾਰਗੋ ਚੋਰਾਂ ਕਰ ਕੇ ਫ਼ਲੀਟ-ਟਰੈਕਿੰਗ ਦਾ ਬਾਜ਼ਾਰ ਵਧਿਆ

Avatar photo

ਪਿਛਲੇ ਸਾਲ, ਪੀਲ ਖੇਤਰ ‘ਚ 341 ਕਾਰਗੋ ਚੋਰੀਆਂ ਦੀ ਖ਼ਬਰ ਆਈ, ਜਦਕਿ ਕੈਲੇਫੋਰਨੀਆ ‘ਚ ਇਹ ਗਿਣਤੀ 208 ਸੀ।

ਪੀਲ ਖੇਤਰ ਨੂੰ ਹੁਣ ਕਾਰਗੋ ਚੋਰੀ ਮੁਕਤ ਹੋਣ ਦਾ ਆਪਣਾ ਅਕਸ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਜਦਕਿ ਦੂਜੇ ਪਾਸੇ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਆਵਾਜਾਈ ਕੇਂਦਰ ਦੀਆਂ ਤਕਨੀਕੀ ਕੰਪਨੀਆਂ ਵੱਧ-ਫੁੱਲ ਰਹੇ ਫ਼ਲੀਟ-ਟਰੈਕਿੰਗ ਬਾਜ਼ਾਰ ‘ਚ ਕਿਸਮਤ ਅਜ਼ਮਾ ਰਹੀਆਂ ਹਨ।

ਟਰੈਕਸਮਾਰਟ ਫ਼ਲੀਟ ਸਲਿਊਸ਼ਨਜ਼ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਜਗਦੀਪ ਸਿੰਘ ਸ਼ਿਪਰਾ ਨੇ ਕਿਹਾ, ”ਅਸੀਂ ਕੈਰੀਅਰਸ ਅਤੇ ਉਨ੍ਹਾਂ ਦੇ ਅਸਾਸਿਆਂ ਦੀ ਸੁਰੱਖਿਆ ਕਰਨ ਲਈ ਹਾਲਾਤ ਦਾ ਬਿਹਤਰ ਲਾਭ ਲੈਣ ਦੀ ਸਥਿਤੀ ‘ਚ ਹਾਂ।” ਇਹ ਕੰਪਨੀ ਦੋ ਸਾਲ ਪਹਿਲਾਂ ਹੀ ਇਸ ਕਾਰੋਬਾਰ ‘ਚ ਸ਼ਾਮਲ ਹੋਈ ਹੈ।

ਪੀਲ ਰੀਜਨਲ ਪੁਲਿਸ ਅਨੁਸਾਰ ਪੀਲ ਖੇਤਰ ‘ਚ ਪਿਛਲੇ ਸਾਲ 341 ਕਾਰਗੋ ਚੋਰੀ ਦੀਆਂ ਵਾਰਦਾਤਾਂ ਹੋਈਆਂ ਸਨ। ਇਸ ਦੇ ਮੁਕਾਬਲੇ ‘ਚ ਕੈਲੇਫ਼ੋਰਨੀਆ ਹਾਈਵੇ ਪੈਟਰੋਲ ਨੇ ਕਿਹਾ ਕਿ ਪੂਰੇ ਕੈਲੇਫ਼ੋਰਨੀਆ ਸੂਬੇ ‘ਚ 2018 ਦੌਰਾਨ ਸਿਰਫ਼ 208 ਕਾਰਗੋ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ।

ਹਾਲਾਤ ਦੇ ਖ਼ਰਾਬ ਹੋਣ ਦੀ ਹਾਲਤ ਬਾਰੇ ਜਾਣਨ ਲਈ ਦੋਹਾਂ ਖੇਤਰਾਂ ਦੀ ਵਸੋਂ ‘ਤੇ ਵੀ ਨਜ਼ਰ ਮਾਰਨੀ ਚਾਹੀਦੀ ਹੈ। ਪੀਲ ਦੀ ਵਸੋਂ ਸਿਰਫ਼ 14 ਲੱਖ ਹੈ ਜਦਕਿ ਕੈਲੇਫ਼ੋਰਨੀਆ ਅਮਰੀਕਾ ਦੇ ਸਭ ਤੋਂ ਜ਼ਿਆਦਾ ਵਸੋਂ ਵਾਲੇ ਸੂਬਿਆਂ ‘ਚੋਂ ਇੱਕ ਹੈ ਜਿਥੇ 4 ਕਰੋੜ ਲੋਕ ਵਸਦੇ ਹਨ।
ਸ਼ਿਪਰਾ ਨੇ ਕਿਹਾ, ”ਚੋਰ ਟਰੱਕਾਂ ਜਾਂ ਟਰੇਲਰਾਂ ਦੀ ਚੋਰੀ ਨਹੀਂ ਕਰਦੇ। ਉਹ ਕਾਰਗੋ ਦੀ ਚੋਰੀ ਕਰਦੇ ਹਨ।”

ਸਿਰਫ਼ ਫ਼ਲੀਟ-ਟਰੈਕਿੰਗ ਦੇ ਮਾਮਲੇ ‘ਚ ਹੀ ਟਰੈਕਸਮਾਰਟ ਦੇ 3,000 ਗ੍ਰਾਹਕ ਹਨ।

ਸ਼ਿਪਰਾ ਨੇ ਕਿਹਾ, ”ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹਾ ਹੈ।”

ਅਸਲ ‘ਚ ਇਹ ਹੈ ਵੀ।

ਮਾਰਕੀਟ ਇੰਟੈਲੀਜੈਂਸ ਪ੍ਰੋਵਾਈਡਰ ਇੰਡਸਟਰੀ ਰੀਸਰਚ ਨੇ ਜੂਨ ‘ਚ ਦੱਸਿਆ ਸੀ ਕਿ ਕੌਮਾਂਤਰੀ ਫ਼ਲੀਟ ਪ੍ਰਬੰਧਨ ਸਮਾਧਾਨ ਬਾਜ਼ਾਰ 2018 ‘ਚ 5 ਅਰਬ ਡਾਲਰ ਦਾ ਸੀ ਅਤੇ ਇਸ ਦੇ 2024 ‘ਚ 15 ਅਰਬ ਡਾਲਰ ਦੇ ਹੋ ਜਾਣ ਦੀ ਉਮੀਦ ਹੈ।
ਫ਼ਲੀਟ ਟਰੈਕਿੰਗ ‘ਚ ਹੁਣ ਆਵਾਜਾਈ ਦੇ ਸਾਰੇ ਪੱਖ ਸ਼ਾਮਲ ਹਨ।

ਇਸ ‘ਚ ਤੁਰੰਤ ਚੇਤਾਵਨੀਆਂ, ਰੀਫ਼ਰਾਂ ‘ਚ ਤਾਪਮਾਨ ਅਤੇ ਨਮੀ ਦੀ ਜਾਣਕਾਰੀ, ਲਾਈਵਸਟਾਕ ਮੋਨੀਟਰਿੰਗ ਸਮੇਤ ਉੱਚ-ਕੀਮਤ ਵਾਲੇ ਲੋਡ, ਜਿਵੇਂ ਕਿ ਸਮਾਰਟਫ਼ੋਨ ਅਤੇ ਕੰਪਿਊਟਰਾਂ ਦੇ ਮਾਮਲੇ ‘ਚ ਵਿਅਕਤੀਗਤ ਪੈਕੇਜਾਂ ਦੀ ਟਰੈਕਿੰਗ ਸ਼ਾਮਲ ਹੈ।

ਇਲੈਕਟ੍ਰੋਨਿਕ ਲਾਗਿੰਗ ਡਿਵਾਇਸਾਂ ਅਤੇ ਡੈਸ਼ ਕੈਮਰਿਆਂ ਨਾਲ ਡਰਾਈਵਰਾਂ ਦੀ ਆਨਬੋਰਡ ਟਰੈਕਿੰਗ ਬਿਲਕੁਲ ਨਵਾਂ ਖੇਤਰ ਹੈ, ਜੋ ਕਿ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।

ਫ਼ਲੀਟ ਟਰੈਕਿੰਗ ‘ਚ ਮੁੱਖ ਤੌਰ ‘ਤੇ ਟਰੇਲਰਾਂ, ਚੈਸਿਸ ਅਤੇ ਕੰਟੇਨਰਾਂ ਦੀ ਨਿਗਰਾਨੀ ਸ਼ਾਮਲ ਹੁੰਦੀ ਹੈ ਜਿਸ ‘ਚ ਬਣਾਵਟੀ ਬੁੱਧੀ (ਏ.ਆਈ.) ਅਤੇ ਇੰਟਰਨੈੱਟ ਆਫ਼ ਥਿੰਗਜ਼ (ਆਈ.ਓ.ਟੀ.) ਪਲੇਟਫ਼ਾਰਮ ਸਮੇਤ ਕਈ ਤਰ੍ਹਾਂ ਦੀਆਂ ਤਕਨੀਕਾਂ ਦੀ ਵਰਤੋਂ ਹੁੰਦੀ ਹੈ।

360 ਟਰੈਕਿੰਗ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਮਿਸੀਸਾਗਾ, ਓਂਟ. ਵਿਖੇ ਸਥਿਤ ਆਪਣੇ ਦਫ਼ਤਰ ‘ਚ ਟਰੈਕਿੰਗ ਉਪਕਰਨ ਵਿਖਾਉਂਦੇ ਹੋਏ।

360 ਟਰੈਕਿੰਗ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਦੋ ਬੀਕਨ ਵਿਖਾਉਂਦੇ ਹੋਏ ਕਹਿੰਦੇ ਹਨ, ”ਤੁਹਾਨੂੰ 53 ਫ਼ੁੱਟ ਦੇ ਟਰੇਲਰ ‘ਚ ਰੱਖੀਆਂ ਚੀਜ਼ਾਂ ਨੂੰ ਟਰੈਕ ਕਰਨ ਲਈ ਸਿਰਫ਼ ਇਸ ਤਰ੍ਹਾਂ ਦੇ ਛੇ ਚਾਹੀਦੇ ਹਨ।”

ਬਲੂਟੁੱਥ ਘੱਟ-ਊਰਜਾ (ਬੀ.ਐਲ.ਈ.) ਉਪਕਰਨ ਵੀ ਸਮਾਧਾਨ ਦਾ ਇੱਕ ਹਿੱਸਾ ਹਨ ਜੋ ਕਿ ਕੰਪਨੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ।

360 ਟਰੈਕਿੰਗ ਅਤੇ ਟਰੈਕਸਮਾਰਟ ਵਰਗੇ ਨਵੇਂ ਖਿਡਾਰੀ ਹੁਣ ਫ਼ਲੀਟ ਟਰੈਕਿੰਗ ਦੇ ਬਾਜ਼ਾਰ ‘ਚ ਵੱਡੇ ਖਿਡਾਰੀਆਂ ਦਾ ਹਿੱਸਾ ਕੱਟ ਰਹੇ ਹਨ।

ਸਿੰਘ ਨੇ ਗੱਲਬਾਤ ਕਰਦਿਆਂ ਕਿਹਾ, ”ਅਸੀਂ ਐਸੇਟ ਟਰੈਕਿੰਗ ਦੇ ਮਾਮਲੇ ‘ਚ ਏ.ਆਈ. ਨੂੰ ਲਾਗੂ ਕਰਨ ਲਈ ਕੈਨੇਡੀਅਨ ਬਾਜ਼ਾਰ ਦੇ ਇੱਕ ਵੱਡੇ ਖਿਡਾਰੀ ਨਾਲ ਭਾਈਵਾਲੀ ਕਰਨ ਜਾ ਰਹੇ ਹਾਂ।”

ਇਸ ਕਦਮ ਨਾਲ 360 ਟਰੈਕਿੰਗ ਦਾ ਗ੍ਰਾਹਕ ਆਧਾਰ ਵੱਧ ਕੇ 36,000 ਹੋ ਜਾਵੇਗਾ।

ਸਥਾਪਤ ਕੰਪਨੀਆਂ ਜਿਵੇਂ ਬਲੈਕਬੇਰੀ ਰਾਡਾਰ, ਓਮਨੀਟਰੈਕਸ ਅਤੇ ਫ਼ਲੀਟ ਕੰਪਲੀਟ ਛੋਟੀਆਂ ਕੰਪਨੀਆਂ ਹੱਥੋਂ ਆਪਣੇ ਬਾਜ਼ਾਰ ਦੀ ਹਿੱਸੇਦਾਰੀ ਗੁਆਉਣ ਤੋਂ ਫ਼ਿਕਰਮੰਦ ਨਹੀਂ ਹਨ।

ਬਲੈਕਬੇਰੀ ਰਾਡਾਰ ਨੇ 2016 ‘ਚ ਆਗਾਜ਼ ਕਰਨ ਤੋਂ ਬਾਅਦ ਕਾਫ਼ੀ ਵਿਕਾਸ ਕੀਤਾ ਹੈ, ਜਿਸ ਨੂੰ ਉਮੀਦ ਹੈ ਕਿ ਇਹ ਬਾਜ਼ਾਰ ਅਜੇ ਹੋਰ ਵਧਣ ਵਾਲਾ ਹੈ।

ਬਲੈਕਬੇਰੀ ਰਾਡਾਰ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਕਰਿਸਟੋਫ਼ਰ ਪਲਾਟ ਨੇ ਕਿਹਾ, ”ਕੌਮਾਂਤਰੀ ਪੱਧਰ ‘ਤੇ ਆਵਾਜਾਈ ਖੇਤਰ ‘ਚ 250 ਲੱਖ ਅਸਾਸੇ ਹਨ – ਟਰੇਲਰ, ਚੈਸਿਸ ਅਤੇ ਕੰਟੇਨਰ – ਜਿਨ੍ਹਾਂ ‘ਚੋਂ 20% ਤੋਂ ਵੀ ਘੱਟ ਟਰੈਕਿੰਗ ਦਾ ਪ੍ਰਯੋਗ ਕਰਦੇ ਹਨ।”

ਬਲੈਕਬੇਰੀ ਰਾਡਾਰ ਦੀ ਸੱਭ ਤੋਂ ਵੱਡੀ ਖ਼ਾਸੀਅਤ ਇਸ ਦੀ ਇਨਕਰਿਪਸ਼ਨ ਤਕਨਾਲੋਜੀ ਹੈ ਜੋ ਕਿ ਇਸ ਦੀ ਪੇਰੈਂਟ ਕੰਪਨੀ ਅਤੇ ਸਾਬਕਾ ਸਮਾਰਟਫ਼ੋਨ ਖੇਤਰ ਦੀ ਮੋਢੀ ਬਲੈਕਬੇਰੀ ਨੇ ਬਣਾਈ ਹੈ।

ਬਲਾਟ ਨੂੰ ਉਮੀਦ ਹੈ ਕਿ ਕੰਪਨੀ ਕੋਲ ਬਿਹਤਰ ਟਰੈਕਿੰਗ ਉਪਕਰਨ ਹੈ, ਜੋ ਕਿ ਬਲੈਕਬੇਰੀ ਦੀਆਂ ਕਈ ਖੋਜਾਂ ਸਮੇਤ ਆਉਂਦੇ ਹਨ।

ਉਨ੍ਹਾਂ ਕਿਹਾ ਕਿ ਛੋਟੀਆਂ ਕੰਪਨੀਆਂ ਨਾਲ ਜੋਖ਼ਮ ਜੁੜਿਆ ਰਹਿੰਦਾ ਹੈ ਕਿਉਂਕਿ ਗ੍ਰਾਹਕ ਉਮੀਦ ਕਰਦੇ ਹਨ ਕਿ ਉਨ੍ਹਾਂ ਦਾ ਸਮਾਧਾਨ ਲੰਮੇ ਸਮੇਂ ਤਕ ਕੰਮ ਕਰਦਾ ਰਹੇ।

ਇੱਕ ਹੋਰ ਵੱਡੇ ਫ਼ਲੀਟ-ਟਰੈਕਿੰਗ ਸਮਾਧਾਨਦਾਤਾ ਓਮਨੀਟਰੈਕਸ ਨੂੰ ਵੀ ਨਵੀਆਂ ਕੰਪਨੀਆਂ ਤੋਂ ਕੋਈ ਖ਼ਤਰਾ ਨਹੀਂ ਵਿੱਖ ਰਿਹਾ।

ਓਮਨੀਟਰੈਕਸ ਦੇ ਪ੍ਰਮੁੱਖ ਉਤਪਾਦ ਪ੍ਰਬੰਧਕ ਐਂਡਰਿਊ ਹਿਕਸ ਨੇ ਕਿਹਾ, ”ਉਸ ਪੱਧਰ ‘ਤੇ ਬਾਜ਼ਾਰ ‘ਚ ਆ ਰਹੇ ਮੁਕਾਬਲੇਬਾਜ਼ਾਂ ਤੋਂ ਸਾਨੂੰ ਕੋਈ ਡਰ ਨਹੀਂ ਹੈ।”

ਪਰ ਉਨ੍ਹਾਂ ਦਾ ਕਹਿਣਾ ਹੈ ਕਿ ਨਵੀਆਂ ਖੋਜਾਂ ਕਰ ਰਿਹਾ ਕੋਈ ਵੀ ਬਾਜ਼ਾਰ ਦੀ ਮੱਦਦ ਹੀ ਕਰੇਗਾ।

ਉਨ੍ਹਾਂ ਕਿਹਾ, ”ਜੇਕਰ ਛੋਟੇ ਮੁਕਾਬਲੇਬਾਜ਼ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹਨ ਤਾਂ ਮੈਂ ਸਮਝਦਾ ਹਾਂ ਕਿ ਇਹ ਸਵਾਗਤਯੋਗ ਕਦਮ ਹੈ।”

ਫ਼ਲੀਟ ਕੰਪਲੀਟ ਇੱਕ ਤੇਜ਼ੀ ਨਾਲ ਵਿਕਾਸ ਕਰ ਰਹੀ ਟੈਲੀਮੈਟਿਕਸ ਕੰਪਨੀ ਹੈ ਜਿਸ ਦਾ ਯੂਰੋਪ ਦੇ 15 ਦੇਸ਼ਾਂ ਸਮੇਤ ਕੌਮਾਂਤਰੀ ਪੱਧਰ ‘ਤੇ ਨਾਂ ਹੈ।

ਫ਼ਲੀਟ ਕੰਪਲੀਟ ਵਿਖੇ ਸੇਲਜ਼ ਅਤੇ ਮਾਰਕੀਟਿੰਗ ਦੇ ਵਾਇਸ ਪ੍ਰੈਜ਼ੀਡੈਂਟ ਡੇਵਿਡ ਪਰੂਸਿੰਸਕੀ ਦਾ ਮੰਨਣਾ ਹੈ ਕਿ ਉੱਤਰੀ ਅਮਰੀਕੀ ਫ਼ਲੀਟ-ਟਰੈਕਿੰਗ ਮਾਰਕੀਟ ਦੋ ਕਾਰਨਾਂ ਕਰ ਕੇ ਬਹੁਤ ਮਜ਼ਬੂਤ ਹੈ : ਵੱਡੀ ਗਿਣਤੀ ‘ਚ ਟਰੱਕ ਅਤੇ ਇਹ ਤੱਥ ਕਿ ਜ਼ਿਆਦਾਤਰ ਲੋਕਾਂ ਨੇ ਅਜੇ ਤੱਕ ਇਸ ਵਿਚਾਰ ਨੂੰ ਅਪਣਾਇਆ ਨਹੀਂ ਹੈ।

ਉਸੇ ਸਮੇਂ ਉਹ ਨਵੀਆਂ ਕੰਪਨੀਆਂ ਬਾਰੇ ਵੀ ਬਹੁਤ ਆਸ਼ਵੰਦ ਨਹੀਂ ਹਨ।

”ਬਾਜ਼ਾਰ ਅਜੇ ਹਲਚਲ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਿਰਫ਼ ਕੁੱਝ ਵੱਡੇ ਖਿਡਾਰੀ ਹੀ ਸਥਿਤੀ ਦਾ ਲਾਭ ਲੈ ਸਕਣਗੇ।”

ਉਨ੍ਹਾਂ ਕਿਹਾ ਕਿ ਫ਼ਲੀਟ ਕੰਪਲੀਟ ਮੁਕੰਮਲ ਸਮਾਧਾਨ ਪੇਸ਼ ਕਰਦਾ ਹੈ ਅਤੇ ਨਿਵੇਸ਼ ‘ਤੇ ਲਾਭ ਬਹੁਤ ਜ਼ਿਆਦਾ ਹੈ।

 

ਅਬਦੁੱਲ ਲਤੀਫ਼ ਵੱਲੋਂ