ਕੇਨਵਰਥ ਨੇ ਸ਼੍ਰੇਣੀ 8 ਦੇ ਪਹਿਲੇ ਬੈਟਰੀ-ਇਲੈਕਟ੍ਰਿਕ ਟਰੱਕ ਦੀ ਕੀਤੀ ਘੁੰਡ ਚੁਕਾਈ

Avatar photo
(ਤਸਵੀਰ : ਕੇਨਵਰਥ)

ਕੇਨਵਰਥ ਨੇ ਆਪਣਾ ਪਹਿਲਾ ਸ਼੍ਰੇਣੀ 8 ਇਲੈਕਟ੍ਰਿਕ ਟਰੱਕ ਟੀ680ਈ ਪੇਸ਼ ਕਰ ਦਿੱਤਾ ਹੈ।

ਬੈਟਰੀ-ਇਲੈਕਟ੍ਰਿਕ ਟਰੱਕ ਲਈ ਅਮਰੀਕਾ ਅਤੇ ਕੈਨੇਡਾ ‘ਚ ਆਰਡਰ ਦਿੱਤੇ ਜਾ ਸਕਦੇ ਹਨ ਅਤੇ ਇਸ ਦਾ ਨਿਰਮਾਣ 2021 ‘ਚ ਸ਼ੁਰੂ ਹੋ ਜਾਵੇਗਾ।

ਪੈਕਾਰ ਦੇ ਜਨਰਲ ਮੈਨੇਜਰ ਅਤੇ ਵਾਇਸ-ਪ੍ਰੈਜ਼ੀਡੈਂਟ ਕੇਵਿਨ ਬੈਨੀ ਨੇ ਕਿਹਾ, ”ਕੇਨਵਰਥ ਟੀ680ਈ ਦੀ ਲਾਂਚਿੰਗ ਉਤਸ਼ਾਹਜਨਕ ਅਤੇ ਮੀਲ ਦਾ ਪੱਥਰ ਹੈ, ਜੋ ਕਿ ਕੇਨਵਰਥ ਵੱਲੋਂ ਫ਼ਲੀਟਸ ਅਤੇ ਟਰੱਕ ਆਪਰੇਟਰਾਂ ਨੂੰ ਉੱਚ ਕੋਟੀ ਦੇ ਅਤੇ ਉਤਪਾਦਕ ਟਰੱਕ ਮੁਹੱਈਆ ਕਰਵਾਉਣ ਦੀ ਬਿਹਤਰੀਨ ਵਿਰਾਸਤ ‘ਤੇ ਖੜ੍ਹਾ ਹੋਇਆ ਹੈ ਅਤੇ ਇਹ ਮਿਆਰ, ਖੋਜ ਅਤੇ ਤਕਨਾਲੋਜੀ ਤੋਂ ਪ੍ਰੇਰਿਤ ਹੈ।”

ਟਰੱਕ ਪੂਰਾ ਚਾਰਜ ਹੋਣ ਤੋਂ ਬਾਅਦ 150 ਮੀਲ ਤਕ ਦਾ ਸਫ਼ਰ ਤੈਅ ਕਰ ਸਕਦਾ ਹੈ ਅਤੇ ਇਸ ਨੂੰ ਸੀ.ਸੀ.ਐਸ.1 ਡੀ.ਸੀ. ਫ਼ਾਸਟ ਚਾਰਜਰ ਨਾਲ 3.3 ਘੰਟਿਆਂ ‘ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ।

ਸ਼ੁਰੂਆਤ ‘ਚ ਇਸ ਨੂੰ ਟਰੈਕਟਰ ਜਾਂ ਸਟ੍ਰੇਟ ਟਰੱਕ ਦੇ ਰੂਪ ‘ਚ ਡੇਅ ਕੈਬ ਵਜੋਂ ਪੇਸ਼ ਕੀਤਾ ਜਾਵੇਗਾ, ਜਿਸ ਦਾ ਭਾਰ 82,000 ਪਾਊਂਡ ਦੇ ਲਗਭਗ ਹੋਵੇਗਾ।

ਟਰੱਕ ‘ਚ ਮੇਰੀਟੋਰ ਦੇ ਬਲੂ ਹੋਰੀਜ਼ਨ 14ਐਕਸ.ਈ. ਟੈਂਡਮ ਇਲੈਕਟ੍ਰਿਕ ਐਕਸਲ ਲੱਗੇ ਹੋਏ ਹਨ। ਟਰੱਕ 536 ਦੀ ਨਿਰੰਤਰ ਹਾਰਸਪਾਵਰ ਪੈਦਾ ਕਰ ਸਕਦਾ ਹੈ ਅਤੇ ਇਸ ਦੀ ਉੱਚਤਮ ਹਾਰਸ ਪਾਵਰ ਸਮਰਥਾ 1,623 ਪਾਊਂਡ-ਫ਼ੁੱਟ ਦੀ ਟੋਰਕ ਨਾਲ 670 ਹੈ।