ਕੈਂਸਰ ਇਲਾਜ ਕੇਂਦਰ ਲਈ ਵਰਸਪੀਟਨ ਪਰਿਵਾਰ ਨੇ ਦਾਨ ਕੀਤੇ 30 ਲੱਖ ਡਾਲਰ

Avatar photo

ਟਰੱਕਿੰਗ ਖੇਤਰ ਦੇ ਮੋਢੀ ਰਹੇ ਇੱਕ ਪਰਿਵਾਰ ਨੇ ਕੈਨੇਡਾ ਦੇ ਪਹਿਲੇ ਕਲੀਨੀਕਲ ਜੀਨੋਮ ਕੇਂਦਰ ਲਈ 30 ਲੱਖ ਡਾਲਰ ਦਾ ਦਾਨ ਦਿੱਤਾ ਹੈ। ਇਸ ਜੀਨੋਮ ਕੇਂਦਰ ‘ਚ ਕੈਂਸਰ ਅਤੇ ਹੋਰ ਅਣੂਵੰਸ਼ਕ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ।

ਆਰਚੀ ਵਰਸਪੀਟਨ, ਨੇ 1953 ‘ਚ 800 ਡਾਲਰ ਦੇ ਕਰਜ਼ੇ ਨਾਲ ਵਰਸਪੀਟਨ ਕਾਰਟੇਜ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਵਲੋਂ ਦਾਨ ਕੀਤੀ ਰਕਮ ਨਾਲ ਲੰਦਨ ਸਿਹਤ ਸੇਵਾਵਾਂ ਕੇਂਦਰ ‘ਚ ਆਰਚੀ ਐਂਡ ਆਇਰੀਨ ਵਰਸਪੀਟਨ ਕਲੀਨੀਕਲ ਜੀਨੋਮ ਕੇਂਦਰ ਬਣਾਇਆ ਜਾਵੇਗਾ। ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੀ ਕੈਂਸਰ ਕਰਕੇ ਮੌਤ ਹੋ ਚੁੱਕੀ ਹੈ।

ਉਨ੍ਹਾਂ ਦੇ ਪੁੱਤਰ ਰੌਨ ਵਰਸਪੀਟਨ ਨੇ ਕਿਹਾ, ”ਇਸ ਦਾਨ ਦਾ ਮੇਰੇ ਪਰਿਵਾਰ ਲਈ ਕੀ ਮਹੱਤਵ ਹੈ, ਮੈਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ। ਪਿਛਲੇ ਕਈ ਸਾਲਾਂ ਤੋਂ ਮੇਰੇ ਪਰਿਵਾਰ ‘ਤੇ ਕੈਂਸਰ ਨੇ ਬਹੁਤ ਬੁਰਾ ਅਸਰ ਪਾਇਆ ਹੈ, ਇਸ ਲਈ ਅਸੀਂ ਇਸ ਬਿਮਾਰੀ ਨਾਲ ਜੁੜੇ ਦਰਦ ਨੂੰ ਜਾਣਦੇ ਹਾਂ।” ਉਹ 14 ਅਕਤੂਬਰ ਨੂੰ ਕਰਵਾਏ ਇੱਕ ਵਰਚੂਅਲ ਈਵੈਂਟ ‘ਚ ਪਰਿਵਾਰ ਵੱਲੋਂ ਬੋਲ ਰਹੇ ਸਨ।

ਲੰਦਨ ਸਿਹਤ ਵਿਗਿਆਨ ਫ਼ਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਜੌਨ ਮੈਕਫ਼ਾਰਲੇਨ ਨੇ ਕਿਹਾ, ”ਵਰਸਪੀਟਨ ਕਲੀਨੀਕਲ ਜੀਨੋਮ ਕੇਂਦਰ ਨਾ ਸਿਰਫ਼ ਸਾਡੇ ਭਾਈਚਾਰੇ, ਬਲਕਿ ਪੂਰੀ ਦੁਨੀਆਂ ‘ਚ ਸਥਿਤ ਮਰੀਜ਼ਾਂ ਦੀ ਸਿਹਤ ‘ਤੇ ਡੂੰਘਾ ਅਸਰ ਪਵੇਗਾ ਜੋ ਕਿ ਗੁੰਝਲਦਾਰ ਬਿਮਾਰੀਆਂ ਤੋਂ ਪੀੜਤ ਹਨ। ਆਰਚੀ ਅਤੇ ਆਇਰੀਨ ਦੀ ਦੂਰਦ੍ਰਿਸ਼ਟੀ ਅਤੇ ਕੈਂਸਰ ਨੂੰ ਖ਼ਤਮ ਕਰਨ ਲਈ ਇਲਾਜ ਲੱਭਣ ਦੇ ਜਨੂੰਨ ਕਰਕੇ ਹੀ ਇਹ ਕੇਂਦਰ ਹੋਂਦ ‘ਚ ਆ ਸਕਿਆ ਹੈ।”

ਜਿਨੋਮਿਕ ਪ੍ਰੋਫ਼ਾਈਲਿੰਗ ਨਾਲ ਡਾਕਟਰ ਮਰੀਜ਼ ਦੇ ਡੀ.ਐਨ.ਏ. ‘ਤੇ ਅਧਾਰਤ ਉਨ੍ਹਾਂ ਲਈ ਵਿਅਕਤੀਗਤ ਤੌਰ ‘ਤੇ ਢੁਕਵਾਂ ਇਲਾਜ ਮੁਹੱਈਆ ਕਰਵਾ ਸਕਦੇ ਹਨ। ਇਸ ਤਰੀਕੇ ਨਾਲ ਕੈਂਸਰ, ਅਧਰੰਗ, ਨਿਊਰੋਮਸਕੂਲਰ ਬਿਮਾਰੀਆਂ ਅਤੇ ਵਿਕਾਸਾਤਮਕ ਅਪਾਹਜਤਾ ਨੂੰ ਠੀਕ ਕੀਤਾ ਜਾ ਸਕਦਾ ਹੈ।

ਵਰਸਪੀਟਨ ਕਲੀਨੀਕਲ ਜੀਨੋਮ ਸੈਂਟਰ ਦੇ ਵਿਗਿਆਨਕ ਅਤੇ ਕਲੀਨੀਕਲ ਡਾਇਰੈਕਟਰ ਡਾ. ਬੇਕਿਮ ਸੇਡੀਕੋਵਿਕ ਨੇ ਕਿਹਾ, ”ਕੈਨੇਡਾ ‘ਚ ਆਪਣੇ ਤਰ੍ਹਾਂ ਦੀ ਇਹ ਪਹਿਲੀ ਸਹੂਲਤ ਹੈ। ਇਸ ‘ਚ ਜੀਨੋਮ ਕੇਂਦਰ ਦੀਆਂ ਐਡਵਾਂਸਡ ਟਰਾਂਜ਼ੀਸ਼ਨਲ ਖੋਜ ਸਮਰਥਾਵਾਂ ਨੂੰ ਉੱਚ ਮਾਨਕੀਕ੍ਰਿਤ ਅਤੇ ਰੈਗੂਲੇਟਰ ਕਲੀਨੀਕਲ ਡਾਇਗਨੋਸਟਿਕ ਲੈਬੋਰੇਟਰੀ ਵਾਤਾਵਰਣ ਨਾਲ ਏਕੀਕ੍ਰਿਤ ਕੀਤਾ ਜਾ ਸਕਦਾ ਹੈ।”

”ਇਸ ਨਾਲ ਦੱਖਣ-ਪੱਛਮੀ ਓਂਟਾਰੀਓ ‘ਚ ਕੈਂਸਰ ਦੇ ਮਰੀਜ਼ਾਂ ਲਈ ਵਿਸ਼ਵ-ਪੱਧਰੀ ਮਾਲੀਕਿਊਲਰ ਜੈਨੇਟਿਕ ਡਾਇਗਨੋਸਟਿਕ ਤਕ ਪਹੁੰਚ ਅਤੇ ਹਰ ਮਰੀਜ਼ ਲਈ ਵੱਖਰੀ ਦਵਾਈ ਤਿਆਰ ਕਰਨ ਨਾਲ ਇਲਾਜ ਦੀ ਸਹੂਲਤ ਉੱਨਤ ਹੋਵੇਗੀ। ਵਰਸਪੀਟਨ ਕਲੀਨੀਕਲ ਜੀਨੋਮ ਕੇਂਦਰ ਮਰੀਜ਼ ਦੇ ਵਿਅਕਤੀਗਤ ਜੀਨੋਮ ‘ਚ ਲੁਕੀ ਸੂਚਨਾ ਨੂੰ ਉਜਾਗਰ ਕਰ ਕੇ ਮਰੀਜ਼ ਦਾ ਸਫ਼ਰ ਸੌਖਾ ਬਣਾਏਗੀ। ਵਰਸਪੀਟਨ ਕਲੀਨੀਕਲ ਜੀਨੋਮ ਕੇਂਦਰ ‘ਚ ਤੇਜ਼ੀ ਨਾਲ ਵੱਧ ਰਹੇ ਪੈਂਕਿਰਿਆਟਿਕ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਕਾਬੂ ਕਰਨ ‘ਚ ਮੱਦਦ ਕਰੇਗਾ। ਜੀਨੋਮਿਕ ਪ੍ਰੋਫ਼ਾਈਲਿੰਗ ਰਾਹੀਂ ਪ੍ਰਾਪਤ ਕੀਤੀ ਗਈ ਸੂਚਨਾ ਨਾਲ ਬਹੁਮੁੱਲੀ ਜਾਣਕਾਰੀ ਮਿਲੇਗੀ ਜੋ ਕਿ ਮਰੀਜ਼ਾਂ ਨੂੰ ਹੁਣ ਅਤੇ ਭਵਿੱਖ ‘ਚ ਵੀ ਮੱਦਦ ਕਰੇਗੀ।”

ਆਰਚੀ ਵਰਸਪੀਟਨ ਨੇ ਕਿਹਾ, ”ਮੈਨੂੰ ਬਹੁਤ ਖ਼ੁਸ਼ੀ ਹੈ ਕਿ ਅਸੀਂ ਕੈਨੇਡਾ ‘ਚ ਪਹਿਲੇ ਕਲੀਨੀਕਲ ਕੇਂਦਰ ਦੀ ਮੱਦਦ ਕਰ ਸਕੇ ਹਾਂ। ਇਸ ਬਾਰੇ ਮੈਂ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ‘ਚ ਜ਼ਾਹਰ ਨਹੀਂ ਕਰ ਸਕਦਾ। ਮੇਰੀ ਪਤਨੀ ਅਤੇ ਮੈਂ ਕੈਂਸਰ ਦਾ ਇਲਾਜ ਲੱਭਣ ਲਈ ਬਹੁਤ ਉਤਸ਼ਾਹਿਤ ਸੀ, ਕਿਉਂਕਿ ਬਦਕਿਸਮਤੀ ਨਾਲ ਮੇਰਾ ਪਰਿਵਾਰ ਇਸ ਘਾਤਕ ਬਿਮਾਰੀ ਦੀ ਜਕੜ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੈ। ਕੈਂਸਰ ਨੂੰ ਖ਼ਤਮ ਕਰਨਾ ਹੀ ਮੇਰੀ ਪਹਿਲੀ ਇੱਛਾ ਹੈ। ਮੈਨੂੰ ਉਮੀਦ ਹੈ ਕਿ ਇਹ ਕੇਂਦਰ ਸਾਨੂੰ ਆਪਣੀ ਮੰਜ਼ਿਲ ਦੇ ਇੱਕ ਕਦਮ ਨੇੜੇ ਲਿਆਵੇਗਾ। ਮੈਨੂੰ ਉਮੀਦ ਹੈ ਕਿ ਜੈਨੇਟਿਕ ਟੈਸਟਿੰਗ ਮਰੀਜ਼ਾਂ ਦੇ ਇਲਾਜ ‘ਚ ਮੱਦਦ ਕਰੇਗਾ ਅਤੇ ਉਨ੍ਹਾਂ ਨੂੰ ਲੰਮੀ ਤੇ ਖ਼ੁਸ਼ਹਾਲ ਜ਼ਿੰਦਗੀ ਜੀਣ ਦਾ ਮੌਕਾ ਦੇਵੇਗਾ।”

30 ਲੱਖ ਡਾਲਰ ਦਾ ਸਭ ਤੋਂ ਵੱਡੇ ਤੋਹਫ਼ੇ ਨਾਲ ਇਸ ਕੇਂਦਰ ਦਾ ਮੁਢਲਾ ਕੰਮ ਸ਼ੁਰੂ ਹੋ ਜਾਵੇਗਾ, ਪਰ ਇਸ ਦੀ ਕੁੱਲ ਲਾਗਤ 1 ਕਰੋੜ ਡਾਲਰ ਹੈ। ਹੋਰ ਪੈਸੇ ਇਕੱਠੇ ਕਰਨ ਦੀ ਪ੍ਰਕਿਰਿਆ ਜਾਰੀ ਹੈ।