ਕੈਨੇਡਾ ‘ਚ ਈ.ਐਲ.ਡੀ. ਲਾਜ਼ਮੀ ਹੋਣ ਬਾਰੇ 10 ਜਾਣਨਯੋਗ ਗੱਲਾਂ

Avatar photo

ਟਰਾਂਸਪੋਰਟ ਕੈਨੇਡਾ ਨੇ ਅਧਿਕਾਰਤ ਤੌਰ ‘ਤੇ ਉਨ੍ਹਾਂ ਨਿਯਮਾਂ ਤੋਂ ਪਰਦਾ ਚੁੱਕ ਦਿੱਤਾ ਹੈ ਜੋ ਕਿ ਇਲੈਕਟ੍ਰਾਨਿਕ ਲਾਗਿੰਗ ਡਿਵਾਇਸਿਜ਼ (ਈ.ਐਲ.ਡੀ.) ਬਾਰੇ ਸਰਕਾਰੀ ਨਿਯਮਾਂ ਦਾ ਹਿੱਸਾ ਹੋਣਗੇ ਅਤੇ ਲੰਮੇ ਸਮੇਂ ਤੋਂ ਚਲ ਰਹੀਆਂ ਕਾਗ਼ਜ਼ਾਂ ਦੀਆਂ ਲਾਗਬੁੱਕਸ ਦੀ ਥਾਂ ਲੈਣਗੇ। ਪੇਸ਼ ਹਨ ਇਸ ਬਾਰੇ ਜਾਣਨਯੋਗ 10 ਗੱਲਾਂ:

  1. ਈ.ਐਲ.ਡੀ. ਜੂਨ 2021 ਤੋਂ ਲਾਜ਼ਮੀ ਹੋ ਜਾਣਗੇ ਸ਼ੁਰੂਆਤੀ ਖਰੜਾ ਨਿਯਮਾਂ ‘ਚ ਈ.ਐਲ.ਡੀ. ਨੂੰ ਚਾਰ ਸਾਲਾਂ ਬਾਅਦ ਲਾਜ਼ਮੀ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਰੈਗੂਲੇਟਰਾਂ ਨੇ ਮੌਜੂਦਾ ਇਲੈਕਟ੍ਰਾਨਿਕ ਰੀਕਾਰਡਿੰਗ ਡਿਵਾਈਸਿਜ਼ (ਈ.ਆਰ.ਡੀ.) ਦੇ ਪੁਰਾਣੇ ਹੋਣ ਦੀ ਸ਼ਰਤ ਹਟਾ ਦਿੱਤੀ ਹੈ। ਸਪਲਾਈਕਰਤਾਵਾਂ ਨਾਲ ਗੱਲਬਾਤ ਤੋਂ ਬਾਅਦ, ਟਰਾਂਸਪੋਰਟ ਕੈਨੇਡਾ ਨੇ ਫ਼ੈਸਲਾ ਕੀਤਾ ਹੈ ਕਿ ਪੁਰਾਣੇ ਉਪਕਰਨਾਂ ਨੂੰ ਸਿਰਫ਼ ਇੱਕ ਸਾਫ਼ਟਵੇਅਰ ਅਪਡੇਟ ਨਾਲ ਨਵੇਂ ਵਾਂਗ ਬਣਾਇਆ ਜਾ ਸਕਦਾ ਹੈ।
  2. ਸਾਰੇ ਕੈਨੇਡੀਅਨ ਈ.ਐਲ.ਡੀ. ਤੀਜੀ ਧਿਰ ਵੱਲੋਂ ਪ੍ਰਮਾਣਿਤ ਹੋਣਗੇ ਜਾਂਚ ਪ੍ਰਬੰਧ ਦਾ ਵੇਰਵਾ ਅਜੇ ਜਾਰੀ ਕੀਤਾ ਜਾਣਾ ਬਾਕੀ ਹੈ, ਪਰ ਅਮਰੀਕੀ ਨਿਯਮਾਂ ਨਾਲ ਮੁਕਾਬਲਾ ਕਰੀਏ ਤਾਂ ਇਹ ਇੱਕ ਵੱਡਾ ਫ਼ਰਕ ਇਹ ਹੈ ਕਿ ਜਿੱਥੇ ਨਿਰਮਾਤਾ ਖ਼ੁਦ ਹੀ ਉਪਕਰਨ ਨੂੰ ਪ੍ਰਮਾਣਿਤ ਕਰਦੇ ਹਨ। ਅਮਰੀਕੀ ਨਿਯਮਾਂ ਹੇਠ ਜਾਰੀ ਕੀਤੇ ਗਏ ਕੁੱਝ ਉਪਕਰਨਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ, ਜਿਸ ਨਾਲ ਡਰਾਈਵਰਾਂ ਦੇ ਗੱਡੀ ਚਲਾਉਣ ਬਾਰੇ ਸਮੇਂ ਨੂੰ ਵੀ ਬਦਲਿਆ ਜਾ ਸਕਦਾ ਹੈ।
  3. ਕੰਮ ਦੇ ਸਮੇਂ ਬਾਰੇ ਸਥਾਪਤ 2005 ਵਾਲੇ ਨਿਯਮਾਂ ‘ਚ ਤਬਦੀਲੀ ਨਹੀਂ ਹੋਵੇਗੀ ਫ਼ਰਕ ਸਿਰਫ਼ ਇਹ ਪਵੇਗਾ ਕਿ ਕੰਮ ਕਰਨ ਦੇ ਘੰਟਿਆਂ ਦਾ ਹਿਸਾਬ ਇਲੈਕਟ੍ਰਾਨਿਕ ਤਰੀਕੇ ਨਾਲ ਰਖਿਆ ਜਾਵੇਗਾ। ਕੁੱਝ ਡਰਾਈਵਰ ਅਤੇ ਫ਼ਲੀਟਸ ਦਾ ਕਹਿਣਾ ਹੈ ਕਿ ਕਾਗ਼ਜ਼ਾਂ ਦੀ ਲਾਗਬੁੱਕ ਨਾਲ ਛੇੜਛਾੜ ਕਰਨ ਦਾ ਮੌਕਾ ਵੱਧ ਰਹਿੰਦਾ ਹੈ, ਪਰ ਲਾਗ ਰੱਖਣ ਦੇ ਕੰਮ ‘ਚ ਤਬਦੀਲੀ ਲਈ ਕਦੇ ਕੋਈ ਸਰਕਾਰੀ ਭੱਤਾ ਨਹੀਂ ਐਲਾਨਿਆ ਗਿਆ।
  4. ਕੈਨੇਡਾ ‘ਚ 2010 ਅਤੇ 2015 ਵਿਚਕਾਰ ਹਰ ਸਾਲ 9400 ਸੇਵਾ ਦੇ ਸਮੇਂ ਦੀ ਉਲੰਘਣਾ ਦੇ ਦੋਸ਼ ਦਰਜ ਹੋਏ ਟਰਾਂਸਪੋਰਟ ਕੈਨੇਡਾ ਦੀ ਰੀਪੋਰਟ ਅਨੁਸਾਰ ਇਨ੍ਹਾਂ ‘ਚੋਂ 25% ਵੱਧ ਤੋਂ ਵੱਧ ਕੰਮ ਦੇ ਘੰਟਿਆਂ ਤੋਂ ਜ਼ਿਆਦਾ ਕੰਮ ਕਰਨ ਦੇ ਸਨ, ਜਦਕਿ 11% ਇੱਕੋ ਸਮੇਂ ਦੋ ਲਾਗ ਬਣਾਉਣ ਦੇ ਸਨ ਜਾਂ ਲਾਗ ‘ਚ ਝੂਠੀ ਸੂਚਨਾ ਦਰਜ ਕਰਨ ਦੇ ਸਨ। ਕੰਮ ਦੇ ਵੱਧ ਤੋਂ ਵੱਧ ਸਮੇਂ ਦੀ ਉਲੰਘਣਾ ਦਾ ਮਾਮਲਾ ਉਸ ਸਮੇਂ ਸੁਰਖ਼ੀਆਂ ‘ਚ ਆ ਗਿਆ ਜਦੋਂ ਹਮਬੋਲਡਟ ਬਰੋਂਕੋਸ ਹਾਕੀ ਟੀਮ ਦੀ ਬੱਸ ਅਤੇ ਇੱਕ ਟਰੱਕ ਵਿਚਕਾਰ ਟੱਕਰ ਹੋ ਗਈ ਸੀ। ਆਦੇਸ਼ ਦਿਓਲ ਟਰੱਕਿੰਗ ਦੇ ਜਸਕੀਰਤ ਸਿੰਘ ਸਿੱਧੂ ਨੇ ਪਿਛਲੇ 14 ਦਿਨਾਂ ਦੇ ਲਾਗ ਨੂੰ ਪੂਰਾ ਨਹੀਂ ਕੀਤਾ ਸੀ, ਡਿਊਟੀ ਤਬਦੀਲ ਹੋਣ ਬਾਰੇ ਸਮਾਂ ਅਤੇ ਥਾਂ ਦੀ ਜਾਣਕਾਰੀ ਦੇਣ ‘ਚ ਅਸਫ਼ਲ ਰਿਹਾ, ਅਤੇ ਲਾਗ ਵੀ ਗ਼ਲਤ ਦਰਜ ਕੀਤਾ ਗਿਆ ਸੀ। ਫ਼ਲੀਟ ਮਾਲਕ ਸੁਖਮਿੰਦਰ ਸਿੰਘ ‘ਤੇ ਡਰਾਈਵਰ ਲਾਗ ਬਣਾਉਣ ‘ਚ ਅਸਫ਼ਲ ਰਹਿਣ, ਅਤੇ ਇੱਕੋ ਸਮੇਂ ਕਈ ਲਾਗ ਬਣਾਉਣ ਦਾ ਦੋਸ਼ ਲਾਇਆ ਗਿਆ ਸੀ।
  5. ਨਵੇਂ ਨਿਯਮ ਸਿਰਫ਼ ਫ਼ੈਡਰਲ ਤੌਰ ‘ਤੇ ਰੈਗੂਲੇਟਡ ਕੈਰੀਅਰਸ ‘ਤੇ ਲਾਗੂ ਹੋਣਗੇ – ਫ਼ਿਲਹਾਲ ਇਸ ਦਾ ਮਤਲਬ ਹੈ ਕਿ ਨਿਯਮ 157,424 ਫ਼ੈਡਰਲ ਪੱਧਰ ‘ਤੇ ਰੈਗੂਲੇਟਡ ਕਮਰਸ਼ੀਅਲ ਡਰਾਈਵਰਾਂ ‘ਤੇ ਲਾਗੂ ਹੋਣਗੇ ਜਿਨ੍ਹਾਂ ਨੂੰ ਇਸ ਵੇਲੇ ਕਾਗ਼ਜ਼ ਦੀ ਲਾਗਬੁੱਕ ਬਣਾਉਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਦੇ 160 ਕਿਲੋਮੀਟਰ ਦੇ ਘੇਰੇ ਤੋਂ ਅੱਗੇ ਕੰਮ ਕਰਨ ਦੀ ਜ਼ਰੂਰਤ ਪੈਂਦੀ ਹੈ। ਸੂਬਾਈ ਅਤੇ ਖੇਤਰੀ ਰੈਗੂਲੇਟਰਾਂ ਨੂੰ ਅਜਿਹੇ ਨਿਯਮ ਅਪਨਾਉਣੇ ਪੈਣਗੇ ਜੋ ਕਿ ਸੂਬਾਈ ਅਤੇ ਅੰਤਰ-ਸੂਬਾਈ ਕਾਰਵਾਈਆਂ ‘ਤੇ ਲਾਗੂ ਹੋਣਗੇ।
  6. ਥੋੜ੍ਹੇ-ਸਮੇਂ ਦੇ ਕਿਰਾਏ ‘ਤੇ ਅਤੇ ਕੁੱਝ ਪੁਰਾਣੇ ਉਪਕਰਨਾਂ ਨੂੰ ਨਿਯਮਾਂ ਤੋਂ ਛੋਟ ਦਿਤੀ ਜਾਵੇਗੀ ਉਦਾਹਰਣ ਵਜੋਂ, 30 ਦਿਨਾਂ ਤੋਂ ਘੱਟ ਸਮੇਂ ਲਈ ਕਿਰਾਏ ‘ਤੇ ਲਏ ਉਪਕਰਨਾਂ ਅਤੇ ਸਾਲ 2000 ਤੋਂ ਪਹਿਲਾਂ ਦੇ ਨਿਰਮਿਤ ਮਾਡਲ ਵਾਲੇ ਟਰੱਕਾਂ ਲਈ ਈ.ਐਲ.ਡੀ. ਦੀ ਜ਼ਰੂਰਤ ਨਹੀਂ ਪਵੇਗੀ। ਜੇਕਰ ਕੋਈ ਈ.ਐਲ.ਡੀ. ਖ਼ਰਾਬ ਹੋ ਜਾਂਦਾ ਹੈ ਤਾਂ ਡਰਾਈਵਰਾਂ ਨੂੰ ਕਾਗ਼ਜ਼ ‘ਤੇ ਰੋਜ਼ਾਨਾ ਲਾਗ ਰੱਖਣਾ ਪਵੇਗਾ। ਕਾਗ਼ਜ਼ ਦੀਆਂ ਐਂਟਰੀਆਂ ਨੂੰ ਵੱਧ ਤੋਂ ਵੱਧ 14 ਦਿਨਾਂ ਤਕ ਬਣਾਇਆ ਜਾ ਸਕਦਾ ਹੈ, ਜਾਂ ਜੇਕਰ ਕੋਈ ਯੋਜਨਾਬੱਧ ਟਰਿੱਪ ਤੋਂ ਵਾਪਸ ਆਉਣ ‘ਤੇ 14 ਦਿਨਾਂ ਤੋਂ ਜ਼ਿਆਦਾ ਸਮਾਂ ਲੱਗਦਾ ਹੈ ਤਾਂ ਹੋਮ ਟਰਮੀਨਲ ਪੁੱਜਣ ਤਕ। ਇਸ ਤੋਂ ਬਾਅਦ ਅੱਗੇ ਜਾਣ ਲਈ ਈ.ਐਲ.ਡੀ. ਦੀ ਮੁਰੰਮਤ ਕੀਤੀ ਜਾਵੇਗੀ, ਬਦਲ ਦਿੱਤਾ ਜਾਵੇਗਾ, ਜਾਂ ਪੂਰੀ ਤਰ੍ਹਾਂ ਚੱਲਣਯੋਗ ਬਣਾਇਆ ਜਾਵੇਗਾ।
  7. ਟਰਾਂਸਪੋਰਟ ਕੈਨੇਡਾ ਦਾ ਅੰਦਾਜ਼ਾ ਹੈ ਕਿ ਈ.ਐਲ.ਡੀ. ਨਾਲ ਟਰੱਕਿੰਗ ਉਦਯੋਗ ਦੇ 8.1 ਕਰੋੜ ਡਾਲਰਾਂ ਦੀ ਬਚਤ ਹੋਵੇਗੀ 38.03 ਕਰੋੜ ਡਾਲਰ ਦੀ ਅੰਦਾਜ਼ਨ ਬਚਤ ਉਨੀਂਦਰੇ ਕਰ ਕੇ ਹੋਣ ਵਾਲੇ ਹਾਦਸਿਆਂ ‘ਚ ਕਮੀ, ਕੰਮ ਦੇ ਸਮੇਂ ਦੀ ਉਲੰਘਣਾ ਲਈ ਜੁਰਮਾਨੇ ‘ਚ ਕਮੀ, ਅਤੇ ਪ੍ਰਸ਼ਾਸਕੀ ਸਮੇਂ ਦੀ ਬਚਤ ‘ਤੇ ਅਧਾਰਤ ਹੈ। ਇਸ ‘ਤੇ 29.9 ਕਰੋੜ ਡਾਲਰ ਦਾ ਖ਼ਰਚਾ ਵੀ ਹੋਵੇਗਾ ਜੋ ਕਿ ਉਪਕਰਨਾਂ ਨੂੰ ਖ਼ਰੀਦਣ ਅਤੇ ਲਾਉਣ, ਸਿਖਲਾਈ ਅਤੇ ਮਹੀਨਾਵਾਰ ਦੇਖ-ਰੇਖ ਸੇਵਾਵਾਂ ਨਾਲ ਸਬੰਧਤ ਹੈ।
  8. ਸਰਹੱਦ ਪਾਰ ਜਾਣ ਵਾਲੇ ਟਰੱਕਾਂ ਨੂੰ ਈ.ਐਲ.ਡੀ. ਦਸੰਬਰ, 2017 ਤੋਂ ਪ੍ਰਯੋਗ ਕਰਨੇ ਪੈ ਰਹੇ ਹਨ, ਜਦੋਂ ਅਮਰੀਕਾ ਨੇ ਇਸ ਬਾਰੇ ਨਿਯਮਾਂ ਨੂੰ ਅੰਤਮ ਰੂਪ ਦਿੱਤਾ ਸੀ ਟਰਾਂਸਪੋਰਟ ਕੈਨੈਡਾ ਦਾ ਕਹਿਣਾ ਹੈ ਕਿ ਇਸ ਦਾ ਮਤਲਬ ਹੈ ਕਿ ਫ਼ੈਡਰਲ ਪੱਧਰ ‘ਤੇ ਰੈਗੂਲੇਟਰ ਲਗਭਗ ਅੱਧੀਆਂ (47%) ਕਮਰਸ਼ੀਅਲ ਮੋਟਰ ਗੱਡੀਆਂ ਅੰਦਰ ਪਹਿਲਾਂ ਹੀ ਈ.ਐਲ.ਡੀ. ਲੱਗੇ ਹੋਏ ਹਨ।
  9. ਕੁੱਝ ਈ.ਐਲ.ਡੀ. ਅੰਕੜੇ ਆਟੋਮੈਟਿਕ ਤਰੀਕੇ ਨਾਲ ਦਰਜ ਹੋ ਜਾਣਗੇ, ਜਦਕਿ ਕੁੱਝ ਦਾ ਵੇਰਵਾ ਡਰਾਈਵਰਾਂ ਨੂੰ ਦਰਜ ਕਰਨਾ ਪਵੇਗਾ ਡਰਾਈਵਰਾਂ ਨੂੰ ਆਪਣੇ ਡਿਊਟੀ ਦੇਣ ਦੇ ਪੱਧਰ (ਜਿਵੇਂ ਫ਼ਿਊਲ ਭਰਨ, ਲੋਡਿੰਗ ਅਤੇ ਅਨਲੋਡਿੰਗ ਬਾਰੇ) ਸੂਚਨਾ ਦਰਜ ਕਰਨੀ ਪਵੇਗੀ। ਈ.ਐਲ.ਡੀ. ਡਰਾਈਵਿੰਗ ਦਾ ਸਮਾਂ, ਓਡੋਮੀਟਰ ਰੀਡਿੰਗ ਅਤੇ ਇੰਜਣ ਪਾਵਰ-ਅੱਪ ਵਰਗੀਆਂ ਚੀਜ਼ਾਂ ਖ਼ੁਦ ਹੀ ਰੀਕਾਰਡ ਕਰੇਗਾ।
  10. ਸੜਕਾਂ ‘ਤੇ ਜਾਂਚ ਕਰ ਰਹੇ ਇੰਸਪੈਕਟਰ ਈ.ਐਲ.ਡੀ. ਰੀਕਾਰਡ ਨੂੰ ਕਿਸੇ ਦਿੱਤੇ ਪਤੇ ‘ਤੇ ਈ-ਮੇਲ ਕਰਨ ਲਈ ਕਹਿ ਸਕਦੇ ਹਨ ਯੂ.ਐਸ.ਬੀ. 2.0 ਜਾਂ ਬਲੂਟੁੱਥ ਰਾਹੀਂ ਸਥਾਨਕ ਪੱਧਰ ‘ਤੇ ਅੰਕੜਿਆਂ ਦਾ ਵਟਾਂਦਾਰਾ ਵੀ ਕੀਤਾ ਜਾ ਸਕਦਾ ਹੈ, ਪਰ ਇਸ ਬਾਰੇ ਕੋਈ ਨਿਯਮ ਨਹੀਂ ਹੈ।