ਕੈਨੇਡਾ ’ਚ ਟਰੱਕ ਡਰਾਈਵਰਾਂ ਦੀਆਂ ਖ਼ਾਲੀ ਆਸਾਮੀਆਂ ਰੀਕਾਰਡ ਪੱਧਰ ’ਤੇ ਪੁੱਜੀਆਂ : ਰਿਪੋਰਟ

Avatar photo

ਟਰੱਕਿੰਗ ਐਚ.ਆਰ. ਕੈਨੇਡਾ ਅਨੁਸਾਰ ਕੈਨੇਡੀਅਨ ਟਰੱਕ ਡਰਾਈਵਰਾਂ ਦੀਆਂ ਖ਼ਾਲੀ ਆਸਾਮੀਆਂ ’ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। 2021 ਦੀ ਤੀਜੀ ਤਿਮਾਹੀ ’ਚ ਡਰਾਈਵਰਾਂ ਦੀਆਂ 22,900 ਖ਼ਾਲੀ ਆਸਾਮੀਆਂ ਸਨ।

ਇਸੇ ਤਰ੍ਹਾਂ ਸਾਲ ਦੀ ਦੂਜੀ ਤਿਮਾਹੀ ਦੌਰਾਨ ਖ਼ਾਲੀ ਆਸਾਮੀਆਂ ’ਚ 20% ਵਾਧਾ ਦਰਜ ਕੀਤਾ ਗਿਆ ਹੈ। 2015 ’ਚ ਸਟੈਟਿਸਟਿਕਸ ਕੈਨੇਡਾ ਵੱਲੋਂ ਖ਼ਾਲੀ ਆਸਾਮੀਆਂ ਦਾ ਹਿਸਾਬ ਰੱਖਣਾ ਸ਼ੁਰੂ ਕਰਨ ਤੋਂ ਬਾਅਦ ਇਹ ਸਭ ਤੋਂ ਵੱਡਾ ਅੰਕੜਾ ਹੈ।

(ਤਸਵੀਰ: ਆਈਸਟਾਕ)

ਟਰੱਕਿੰਗ ਐਚ.ਆਰ. ਕੈਨੇਡਾ ਦੀ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਵਿਸ਼ੇਸ਼ ਰਿਪੋਰਟ: ਟਰੱਕਿੰਗ ਅਤੇ ਲੋਜਿਸਟਿਕਸ ’ਚ ਖ਼ਾਲੀ ਆਸਾਮੀਆਂ ਬਾਰੇ ਕਿਹਾ, ‘‘ਡਰਾਈਵਰਾਂ ਦੀਆਂ ਇਹ ਖ਼ਾਲੀ ਆਸਾਮੀਆਂ ਬਗ਼ੈਰ ਸ਼ੱਕ ਚਿੰਤਾ ਦਾ ਵਿਸ਼ਾ ਹਨ।’’

‘‘ਕੈਨੇਡਾ ਦੀ ਆਰਥਕ ਰਿਕਵਰੀ ਸਾਡੇ ਉਦਯੋਗ ’ਚ ਮਜ਼ਬੂਤ ਕਿਰਤ ਬਲ ’ਤੇ ਹੀ ਨਿਰਭਰ ਕਰਦੀ ਹੈ। ਇਹ ਸਾਫ਼ ਹੈ ਕਿ ਟਰੱਕਿੰਗ ਅਤੇ ਲੋਜਿਸਟਿਕਸ ਖੇਤਰ ਨੂੰ ਡਰਾਈਵਰਾਂ ਦੀ ਕਮੀ ਨਾਲ ਨਜਿੱਠਣ ਲਈ ਹੋਰ ਜ਼ਿਆਦਾ ਹਮਾਇਤ ਅਤੇ ਪ੍ਰੋਗਰਾਮਿੰਗ ਦੀ ਜ਼ਰੂਰਤ ਹੈ।’’

ਇਹੀ ਨਹੀਂ ਤੀਜੀ ਤਿਮਾਹੀ ’ਚ ਡਰਾਈਵਰਾਂ ਦੀਆਂ ਕੁੱਲ ਖ਼ਾਲੀ ਨੌਕਰੀਆਂ ’ਚੋਂ 44.3% ਨੂੰ 90 ਦਿਨਾਂ ਤੱਕ ਨਹੀਂ ਭਰਿਆ ਜਾ ਸਕਿਆ, ਜੋ ਕਿ ਦੂਜੀ ਤਿਮਾਹੀ ’ਚ 34.5% ਸੀ।

ਰਿਪੋਰਟ ’ਚ ਕਿਹਾ ਗਿਆ ਹੈ, ‘‘ਟਰੱਕ ਡਰਾਈਵਰਾਂ ਦੀ ਭਰਤੀ ਲਗਾਤਾਰ ਮੁਸ਼ਕਲ ਹੁੰਦੀ ਜਾ ਰਹੀ ਹੈ।’’ ਇਸ ’ਚ ਕਿਹਾ ਗਿਆ ਹੈ ਕਿ ਸਿਰਫ਼ 12.2% ਨੌਕਰੀਆਂ ਹੀ 15 ਦਿਨਾਂ ਅੰਦਰ ਭਰੀਆਂ ਜਾ ਸਕੀਆਂ ਹਨ, ਜੋ ਕਿ ਪਿਛਲੇ ਤਿਮਾਹੀ ’ਚ 20.8% ਸੀ।

‘‘ਇਸ ਦਾ ਮਤਲਬ ਹੈ ਕਿ ਰੁਜ਼ਗਾਰਦਾਤਾਵਾਂ ਨੂੰ ਨੌਕਰੀਆਂ ਲਈ ਸਹੀ ਉਮੀਦਵਾਰ ਲੱਭਣ ’ਚ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪੂਰੇ ਕੈਨੇਡਾ ’ਚ ਖ਼ਾਲੀ ਆਸਾਮੀਆਂ ’ਚੋਂ 32% ਪਿਛਲੇ 90 ਦਿਨਾਂ ਤੋਂ ਭਰੀਆਂ ਨਹੀਂ ਜਾ ਸਕੀਆਂ ਹਨ।’’

ਡਰਾਈਵਰਾਂ ਦੀਆਂ ਆਸਾਮੀਆਂ ’ਚੋਂ 94.3% ਪੂਰਨਕਾਲਿਕ ਸਨ, ਜੋ ਕਿ ਹੋਰਨਾਂ ਆਰਥਿਕ ਖੇਤਰਾਂ ’ਚ 73.8% ਹੈ। ਡਰਾਈਵਿੰਗ ਦੀਆਂ 91.3% ਨੌਕਰੀਆਂ ਮੌਸਮੀ ਹੋਣ ਦੀ ਬਜਾਏ ਪੱਕੀਆਂ ਸਨ।

ਟਰੱਕ ਆਵਾਜਾਈ ’ਚ ਖ਼ਾਲੀ ਆਸਾਮੀਆਂ ਦੀ 8% ਦਰ ਸਿਰਫ਼ ਰਿਹਾਇਸ਼ ਅਤੇ ਭੋਜਨ ਸੇਵਾਵਾਂ ਦੇ ਖੇਤਰ ਤੋਂ ਘੱਟ ਹੈ, ਜੋ ਕਿ 12.9% ਰਹੀ, ਜਿੱਥੇ ਕਿ ਕਈ ਕਾਰੋਬਾਰਾਂ ਨੂੰ ਜਨਤਕ ਸਿਹਤ ਮਾਪਦੰਡਾਂ ਕਰਕੇ ਆਪਣੇ ਦਰ ਖੋਲ੍ਹਣੇ ਅਤੇ ਬੰਦ ਕਰਨੇ ਪਏ ਹਨ। ਸਾਰੇ ਆਰਥਿਕ ਖੇਤਰਾਂ ’ਚ ਖ਼ਾਲੀ ਆਸਾਮੀਆਂ ਦੀ ਦਰ ਔਸਤਨ 5.4% ਰਹੀ।

ਓਂਟਾਰੀਓ ’ਚ ਟਰੱਕ ਡਰਾਈਵਰਾਂ ਦੀਆਂ ਕੁੱਲ ਖ਼ਾਲੀ ਆਸਾਮੀਆਂ ’ਚੋਂ 6,080 (26.4%) ਖ਼ਾਲੀ ਰਹੀਆਂ, ਜਿਸ ਤੋਂ ਬਾਅਦ 4,280 ਖ਼ਾਲੀ ਆਸਾਮੀਆਂ ਨਾਲ ਬਿ੍ਰਟਿਸ਼ ਕੋਲੰਬੀਆ, ਅਤੇ 3,925 ਖ਼ਾਲੀ ਆਸਾਮੀਆਂ ਨਾਲ ਅਲਬਰਟਾ ਰਿਹਾ।

ਕਈ ਟਰੱਕਿੰਗ ਉਦਯੋਗ ਗਰੁੱਪਾਂ ਨੇ ਇਹ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਵੈਕਸੀਨ ਨਾ ਲਗਵਾਉਣ ਵਾਲੇ ਸਰਹੱਦ ਪਾਰ ਜਾਣ ਵਾਲੇ ਟਰੱਕ ਡਰਾਈਵਰ 15 ਜਨਵਰੀ ਤੋਂ ਬਾਅਦ ਨੌਕਰੀਆਂ ਛੱਡ ਜਾਣਗੇ ਜਦੋਂ ਵੈਕਸੀਨ ਕਾਨੂੰਨ ਲਾਗੂ ਹੋ ਜਾਵੇਗਾ। ਕੈਨੇਡੀਅਨ ਟਰੱਕਿੰਗ ਅਲਾਇੰਸ ਦਾ ਅੰਦਾਜ਼ਾ ਹੈ ਕਿ ਮੌਜੂਦਾ ਵੈਕਸੀਨੇਸ਼ਨ ਦਰ ’ਤੇ 12,000 ਤੋਂ 16,000 ਟਰੱਕ ਡਰਾਈਵਰ ਕਰਾਸ-ਬਾਰਡਰ ਟਰੱਕਿੰਗ ਛੱਡ ਜਾਣਗੇ।

ਸੀਨੀਅਰ ਸਰਕਾਰੀ ਅਫ਼ਸਰਾਂ ਨੇ ਰੋਡ ਟੂਡੇ ਡਾਟ ਕਾਮ ਨੂੰ ਪੁਸ਼ਟੀ ਕੀਤੀ ਹੈ ਕਿ ਵੈਕਸੀਨ ਕਾਨੂੰਨ ਦੀ ਮਿਤੀ ਬਦਲੀ ਨਹੀਂ ਜਾਵੇਗੀ।