ਕੈਨੇਡੀਅਨ ਟਾਇਰ, ਟਰੱਕਿੰਗ ਐਸੋਸੀਏਸ਼ਨਾਂ ਨੇ ਬੀ.ਸੀ. ਨੂੰ ਟਰੱਕ ਭਰ ਕੇ ਖ਼ੁਸ਼ੀਆਂ ਦਿੱਤੀਆਂ

Avatar photo

ਬੀ.ਸੀ. ’ਚ ਹੜ੍ਹ ਪ੍ਰਭਾਵਤ ਪਰਿਵਾਰਾਂ ਨੂੰ ਖ਼ੁਸ਼ੀਆਂ ਦੇਣ ਲਈ ਕਈ ਟਰੱਕਿੰਗ ਐਸੋਸੀਏਸ਼ਨਾਂ ਅਤੇ ਕੈਨੇਡੀਅਨ ਟਾਇਰ ਨੇ ਹੱਥ ਮਿਲਾਇਆ ਹੈ।

ਬੀ.ਸੀ. ’ਚ ਡਿਲੀਵਰੀ ਇੱਕ ਕੈਨੇਡੀਅਨ ਟਾਇਰ ਦੇ ਟਰੱਕ ’ਚ ਅੱਪੜੀ। (ਤਸਵੀਰ: ਕੈਨੇਡੀਅਨ ਟਰੱਕਿੰਗ ਅਲਾਇੰਸ)

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਤੇ ਬੀ.ਸੀ., ਓਂਟਾਰੀਓ ਅਤੇ ਮੇਨੀਟੋਬਾ ਦੀਆਂ ਪ੍ਰੋਵਿੰਸ਼ੀਅਲ ਐਸੋਸੀਏਸ਼ਨਾਂ ਵੱਲੋਂ ਆਏ ਪੈਸਿਆਂ ਨਾਲ ਖ਼ਰੀਦੇ ਤੋਹਫ਼ਿਆਂ ’ਚ ਹਜ਼ਾਰਾਂ ਖਿਡੌਣੇ, ਖੇਡਾਂ ਦੀਆਂ ਵਸਤਾਂ, ਗੇਮਾਂ ਅਤੇ ਗਿਫ਼ਟ ਕਾਰਡ ਸ਼ਾਮਲ ਹਨ। ਇਨ੍ਹਾਂ ਨੂੰ ਪਹੁੰਚਾਉਣ ਲਈ ਪੂਰੇ ਕੈਨੇਡਾ ਤੋਂ ਰੀਟੇਲਰਾਂ, ਸੀ.ਟੀ.ਏ. ਅਤੇ ਟਰੱਕਸ ਫ਼ਾਰ ਚੇਂਜ ਦੀ ਮੱਦਦ ਲਈ ਗਈ।

ਤੋਹਫ਼ੇ ਪ੍ਰਾਪਤ ਕਰਨ ਲਈ ਬੀ.ਸੀ. ਟਰੱਕਿੰਗ ਐਸੋਸੀਏਸ਼ਨ ਨੇ ਲੋਅਰ ਮੇਨਲੈਂਡ ਕ੍ਰਿਸਮਸ ਨਾਲ ਬਿਊਰੋ ਨਾਲ ਸੰਪਰਕ ਬਣਾਇਆ।

ਸੀ.ਟੀ.ਏ. ਬੋਰਡ ਮੈਂਬਰ ਅਤੇ ਟਰੱਕਸ ਫ਼ਾਰ ਚੇਂਜ ਦੇ ਚੇਅਰਮੈਨ ਸਕੌਟ ਸਮਿੱਥ ਨੇ ਕਿਹਾ, ‘‘ਸੰਕਟ ਦੇ ਵੇਲੇ ਦੌਰਾਨ, ਹਮੇਸ਼ਾ ਵਾਂਗ ਕੈਨੇਡੀਅਨ ਟਰੱਕਿੰਗ ਉਦਯੋਗ ਨੇ ਲੋੜ ਪੈਣ ’ਤੇ ਕੈਨੇਡੀਅਨ ਲੋਕਾਂ ਦੀ ਮੱਦਦ ਲਈ ਕਦਮ ਚੁੱਕੇ ਹਨ। ਕੈਨੇਡੀਅਨ ਟਾਇਰ, ਬੀ.ਸੀ.ਟੀ.ਏ. ਅਤੇ ਇਸ ਉੱਦਮ ’ਚ ਸ਼ਾਮਲ ਹੋਰ ਪ੍ਰੋਵਿੰਸ਼ੀਅਲ ਐਸੋਸੀਏਸ਼ਨਾਂ ਨਾਲ ਕੰਮ ਕਰਨਾ ਬਹੁਤ ਸੁਖਾਵਾਂ ਤਜ਼ਰਬਾ ਰਿਹਾ। ਬੀ.ਸੀ. ਦੇ ਕਈ ਹਿੱਸਿਆਂ ਨੂੰ ਪੈਰਾਂ ਭਾਰ ਖੜ੍ਹਾ ਕਰਨ ਲਈ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ, ਪਰ ਉਮੀਦ ਹੈ ਕਿ ਅਸੀਂ ਕੁੱਝ ਪਰਿਵਾਰਾਂ ਦੀ ਮੱਦਦ ’ਚ ਆ ਸਕੇ ਅਤੇ ਕੁੱਝ ਬੱਚਿਆਂ ਦੇ ਚਿਹਰਿਆਂ ’ਤੇ ਇਸ ਹਫ਼ਤੇ ਮੁਸਕਾਨ ਲਿਆ ਸਕੇ।’’

ਕੈਨੇਡੀਅਨ ਟਾਇਰ ਦੇ ਈ.ਐਸ.ਜੀ. ਰਣਨੀਤੀ ਅਤੇ ਕਮਿਊਨਿਟੀ ਅਸਰ ਬਾਰੇ ਵਾਇਸ-ਪ੍ਰੈਜ਼ੀਡੈਂਟ ਕਿਮ ਸੌਊਂਡਰਸ ਨੇ ਕਿਹਾ, ‘‘ਟਰੱਕਿੰਗ ਐਸੋਸੀਏਸ਼ਨਾਂ ਵਾਂਗ ਸਾਡੇ ਅੰਦਰ ਵੀ ਕੈਨੇਡੀਅਨ ਲੋਕਾਂ ਦੀ ਜ਼ਰੂਰਤ ਸਮੇਂ ਮੱਦਦ ਕਰਨ ਦਾ ਜਜ਼ਬਾ ਹੈ ਅਤੇ ਅਸੀਂ ਉਨ੍ਹਾਂ ਵੱਲੋਂ ਛੁੱਟੀਆਂ ਦੇ ਇਸ ਮੌਸਮ ਦੌਰਾਨ ਬੀ.ਸੀ. ਦੇ ਬੱਚਿਆਂ ਨੂੰ ਕ੍ਰਿਸਮਸ ਮੌਕੇ ਥੋੜ੍ਹੀ ਜਿਹੀ ਹੋਰ ਖ਼ੁਸ਼ੀ ਲਿਆਉਣ ਦੀ ਇਸ ਕੋਸ਼ਿਸ਼ ’ਚ ਸਾਥ ਦੇ ਕੇ ਬਹੁਤ ਖ਼ੁਸ਼ ਮਹਿਸੂਸ ਕਰ ਰਹੇ ਹਾਂ।’’