ਕੈਲੇਡਨ – ਨਾਜਾਇਜ਼ ਕਬਜ਼ਿਆਂ ਦੇ ਅਧੀਨ ਇੱਕ ਸ਼ਹਿਰ

Avatar photo
ਨਿਜੀ ਅਤੇ ਸਰਕਾਰੀ ਜ਼ਮੀਨਾਂ ‘ਤੇ ਗ਼ੈਰਕਾਨੂੰਨੀ ਰੂਪ ‘ਚ  ਟਰੱਕ ਖੜ੍ਹੇ ਕਰਨ ਵਿਰੁੱਧ ਸ਼ਿਕੰਜਾ ਕੱਸੇਗਾ ਕੈਲੇਡਨ

ਸੇਵਾਮੁਕਤ ਟਰੱਕ ਡਰਾਈਵਰ ਵਿਲੀਅਮ ਬੋਇਡ ਲਈ ਗ਼ੈਰਕਾਨੂੰਨੀ ਰੂਪ ‘ਚ ਟਰੱਕ ਪਾਰਕ ਕਰਨ ਵਿਰੁੱਧ ਜੰਗ ਵਿਅਕਤੀਗਤ ਅਤੇ ਲੰਮੀ ਰਹੀ ਸੀ।

ਇਹ ਸਮੱਸਿਆ 2016 ‘ਚ ਸ਼ੁਰੂ ਹੋਈ ਜਦੋਂ ਕੈਲੇਡਨ ਦੀ ਏਅਰਪੋਰਟ ਰੋਡ ‘ਤੇ ਸਥਿਤ ਉਨ੍ਹਾਂ ਦੀ ਜਾਇਦਾਦ ਦੇ ਪਿਛਲੇ ਪਾਸੇ ਇੱਕ ਗੱਡੀਆਂ ਤੋੜਨ ਵਾਲੀ ਥਾਂ ਨੂੰ ਇਸ ਦੇ ਮਾਲਕ ਨੇ ਪਾਰਕਿੰਗ ਵਾਲੀ ਥਾਂ ‘ਚ ਤਬਦੀਲ ਕਰ ਦਿੱਤਾ।

ਬੋਇਡ ਨੇ ਕਿਹਾ, ”ਇਹ ਕੋਈ ਟਰੱਕ ਪਾਰਕ ਕਰਨ ਦੀ ਥਾਂ ਨਹੀਂ ਸੀ। ਇਹ ਸਿਰਫ਼ ਗੱਡੀਆਂ ਤੋੜਨ ਵਾਲੀ ਥਾਂ ਸੀ। ਉਥੇ ਹਮੇਸ਼ਾ ਦਿਨ-ਰਾਤ ਟਰੈਕਟਰ ਅਤੇ ਟਰੇਲਰ ਖੜ੍ਹੇ ਰਹਿੰਦੇ ਸਨ ਜਿਸ ਕਰ ਕੇ ਮੈਨੂੰ ਦਖ਼ਲ ਦੇਣਾ ਪਿਆ।”

ਬੋਇਡ ਨੇ ਇਸ ਬਾਰੇ ਟਾਊਨ ਕੌਂਸਲ ਕੋਲ ਸ਼ਿਕਾਇਤ ਕੀਤੀ ਅਤੇ ਮਸਲੇ ਦਾ ਹੱਲ ਕਰਨ ਲਈ ਕਿਹਾ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦੋ ਸਾਲਾਂ ਤੋਂ ਬਾਅਦ ਇਸ ਸਮੱਸਿਆ ਤੋਂ ‘ਕੁੱਝ ਨਿਜਾਤ’ ਮਿਲੀ। ਹੁਣ ਉਥੇ ਟਰੱਕ ਨਹੀਂ ਖੜ੍ਹੇ ਰਹਿੰਦੇ।

ਪਰ ਕੈਲੇਡਨ ਦੇ ਹੋਰ ਲੋਕ ਏਨੇ ਕਿਸਮਤ ਵਾਲੇ ਨਹੀਂ ਹਨ, ਕਿਉਂਕਿ ਇਹ ਸ਼ਹਿਰ ਸਰਕਾਰੀ ਜ਼ਮੀਨ ‘ਤੇ ਟਰੱਕਿੰਗ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਕਬਜ਼ੇ ਦੀ ਮਾਰ ਝੱਲ ਰਿਹਾ ਹੈ। ਸਮੱਸਿਆ ਏਨਾ ਭਿਆਨਕ ਰੂਪ ਧਾਰ ਚੁੱਕੀ ਹੈ ਕਿ ਸ਼ਹਿਰ ‘ਚ ਅਜਿਹੇ ਗ਼ੈਰਕਾਨੂੰਨੀ ਟਰੱਕਿੰਗ ਯਾਰਡਾਂ ਨੂੰ ਖ਼ਤਮ ਕਰਨ ਲਈ ਟਾਸਕ ਫ਼ੋਰਸ ਬਣਾਉਣ ਦੀ ਜ਼ਰੂਰਤ ਪੈ ਗਈ ਹੈ।

ਪ੍ਰੋਐਕਟਿਵ ਲੈਂਡ ਯੂਜ਼ ਇਨਫ਼ੋਰਸਮੈਂਟ ਟਾਸਕ ਫ਼ੋਰਸ ਨਾਲ ਕੈਲੇਡਨ ਨੂੰ ਇਸ ਸਾਲ 477,000 ਡਾਲਰ ਅਤੇ ਇਸ ਤੋਂ ਬਾਅਦ ਸਾਲਾਨਾ 620,000 ਡਾਲਰ ਖ਼ਰਚ ਕਰਨੇ ਪੈਣਗੇ।

ਮੇਅਰ ਐਲਨ ਥੋਂਪਸਨ ਨੇ ਇੱਕ ਈ-ਮੇਲ ਰਾਹੀਂ ਕਿਹਾ, ”ਸਾਡਾ ਸ਼ਹਿਰ ਸਫ਼ਲ ਲੋਜਿਸਟਿਕਸ ਕੰਪਨੀਆਂ ਦਾ ਘਰ ਹੈ। ਮੰਦਭਾਗੀ ਗੱਲ ਹੈ ਕਿ ਇੱਥੇ ਕੁੱਝ ਬੁਰੇ ਅਨਸਰ ਵੀ ਪਨਪ ਗਏ ਹਨ, ਰਾਤੋ-ਰਾਤ ਰਫ਼ੂਚੱਕਰ ਹੋ ਜਾਣ ਵਾਲੇ ਆਪਰੇਟਰ ਜੋ ਕਿ ਆਮ ਤੌਰ ‘ਤੇ ਖੇਤੀਬਾੜੀ ਵਾਲੀ ਜ਼ਮੀਨ ‘ਤੇ ਦੁਕਾਨਾਂ ਖੋਲ੍ਹ÷  ਲੈਂਦੇ ਹਨ। ਉਹ ਉਸ ਜ਼ਮੀਨ ‘ਤੇ ਯਾਰਡ ਬਣਾ ਕੇ ਬੈਠ ਜਾਂਦੇ ਹਨ ਜਿਸ ਦਾ ਪ੍ਰਯੋਗ ਖੇਤੀਬਾੜੀ ਲਈ ਕੀਤਾ ਜਾਣਾ ਹੈ ਅਤੇ ਉੱਥੇ ਕਈ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਜਿਵੇਂ ਕਿ ਫ਼ਿਊਲ ਆਦਿ ਸੁੱਟ ਜਾਂਦੇ ਹਨ।”

ਥੋਂਪਸਨ ਨੇ ਕਿਹਾ ਕਿ ਸ਼ਹਿਰ ਨੇ ਅਜਿਹੇ ਕਈ ਆਪਰੇਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ, ਪਰ ਸਾਡੇ ਕੋਲ ਏਨੀਆਂ ਸ਼ਿਕਾਇਤਾਂ ਆ ਚੁੱਕੀਆਂ ਹਨ ਕਿ ਸਾਰੀਆਂ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੈ।

ਮੇਅਰ ਨੇ ਕਿਹਾ, ”ਮੈਨੂੰ ਉਮੀਦ ਹੈ ਕਿ ਜ਼ਿਆਦਾਤਰ ਆਪਰੇਟਰ ਮਹਿੰਗੀ ਕਾਨੂੰਨੀ ਲੜਾਈ ‘ਚ ਪੈਣ ਦੀ ਬਜਾਏ ਕਾਨੂੰਨ ਦੀ ਪਾਲਣਾ ਕਰਨ ‘ਚ ਬਿਹਤਰੀ ਸਮਝਣਗੇ। ਕੈਲੇਡਨ ‘ਚ ਕਾਨੂੰਨੀ ਰੂਪ ‘ਚ ਕੰਮ ਕਰਨ ਵਾਲੇ ਆਪਰੇਟਰਾਂ ਦੇ ਕਾਰੋਬਾਰੀਆਂ ਦਾ ਸਵਾਗਤ ਹੈ, ਪਰ ਅਸੀਂ ਆਪਣੇ ਭਾਈਚਾਰੇ ਦੇ ਵਾਤਾਵਰਣ, ਪੇਂਡੂ ਅਤੇ ਖੇਤੀਬਾੜੀ ਚਰਿੱਤਰ ਨੂੰ ਕੁਰਬਾਨ ਨਹੀਂ ਕਰ ਸਕਦੇ।”

ਨਵੀਂ ਤਾਮੀਲੀ ਮੁਹਿੰਮ ਬਸੰਤ ਦੇ ਮੌਸਮ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਰਣਨੀਤਕ ਪਹਿਲਾਂ ਲਈ ਜਨਰਲ ਮੈਨੇਜਰ ਡੇਵਿਡ ਆਰਬਕਲ ਨੇ ਕਿਹਾ, ”ਸਾਡਾ ਟੀਚਾ ਪਾਰਕਿੰਗ ਅਤੇ ਟਰੈਕਟਰ ਟਰੇਲਰਾਂ ਤੇ ਕਮਰਸ਼ੀਅਲ ਗੱਡੀਆਂ ਨੂੰ ਕੈਲੇਡਨ ਦੀਆਂ ਨਿਜੀ ਜਾਇਦਾਦਾਂ ‘ਤੇ ਸਟੋਰ ਕਰਨ ਲਈ ਜ਼ਮੀਨ ਦੀ ਵੱਧ ਰਹੀ ਗ਼ੈਰਕਾਨੂੰਨੀ ਵਰਤੋਂ ਨੂੰ ਘੱਟ ਕਰਨ ਦਾ ਹੈ।”

ਇੱਕ ਅੰਦਾਜ਼ੇ ਅਨੁਸਾਰ ਸ਼ਹਿਰ ‘ਚ 100 ਦੇ ਲਗਭਗ ਗ਼ੈਰਕਾਨੂੰਨੀ ਪਾਰਕਿੰਗ ਥਾਵਾਂ ਹਨ। ਬੋਇਡ ਨੇ ਇਸ ਗਿਣਤੀ ਨੂੰ 300 ਦੇ ਲਗਭਗ ਦੱਸਿਆ ਹੈ।

ਬਰੈਂਪਟਨ ‘ਚ ਜ਼ਮੀਨ ਦੀ ਕਮੀ

75,000 ਤੋਂ ਘੱਟ ਵਸੋਂ ਵਾਲਾ ਕੈਲੇਡਨ ਪੀਲ ਖੇਤਰ ਦਾ ਹਿੱਸਾ ਹੈ, ਜਿਸ ਨੂੰ ਓਂਟਾਰੀਓ ਦੇ ਟਰੱਕਿੰਗ ਕੇਂਦਰ ਵਜੋਂ ਜਾਣਿਆ ਜਾਂਦਾ ਹੈ।

40 ਸਾਲਾਂ ਤੋਂ ਵੱਧ ਸਮੇਂ ਤਕ ਟਰੱਕ ਚਲਾ ਚੁੱਕੇ ਬੋਇਡ ਨੇ ਕਿਹਾ, ”ਟਰੱਕ ਪਾਰਕ ਕਰਨ ਵਾਲੀ ਥਾਂ ਦੀ ਕਮੀ ਹੋਣਾ ਇਸ ਸਮੱਸਿਆ ਨੂੰ ਹੋਰ ਜ਼ਿਆਦਾ ਵਧਾ ਰਿਹਾ ਹੈ।”

ਕੈਲੇਡਨ ਅਤੇ ਮਿਸੀਸਾਗਾ ਸਮੇਤ ਬਰੈਂਪਟਨ ਨੂੰ ਮਿਲਾ ਕੇ ਪੀਲ ਖੇਤਰ ਬਣਦਾ ਹੈ। ਬਰੈਂਪਟਨ ‘ਚ ਥਾਂ ਦੀ ਕਮੀ ਹੋਣ ਕਰ ਕੇ ਲੋਕਾਂ ਨੇ ਪਿਛਲੇ ਕੁੱਝ ਸਾਲਾਂ ਦੌਰਾਨ ਕੈਲੇਡਨ ਦੀਆਂ ਜਾਇਦਾਦਾਂ ‘ਤੇ ਕਬਜ਼ਾ ਕੀਤਾ ਹੋਇਆ ਹੈ।

”ਉਨ੍ਹਾਂ ਲਈ ਇੱਥੇ ਆਉਣਾ ਅਤੇ ਰਿਹਾਇਸ਼ੀ ਥਾਂ ਖ਼ਰੀਦ ਕੇ ਇਸ ਨੂੰ ਪਾਰਕਿੰਗ ਲਈ ਵਰਤਣਾ ਆਸਾਨ ਕੰਮ ਹੈ। ਇਹ ਥਾਂ ਹਾਈਵੇਜ਼ ਦੇ ਨੇੜੇ ਵੀ ਹੈ। ਇਸੇ ਲਈ ਉਹ ਕੈਲੇਡਨ ਆ ਰਹੇ ਹਨ।”

ਬੋਇਡ ਨੇ ਕਿਹਾ ਕਿ 15 ਟਰੱਕਾਂ ਦੇ ਮਾਲਕ ਲਈ ਉਨ੍ਹਾਂ ਦੀ ਜਾਇਦਾਦ ‘ਤੇ 2,000 ਜਾਂ 3,000 ਡਾਲਰ ਦੇ ਜੁਰਮਾਨੇ ਨੂੰ ਵਪਾਰ ਚਲਾਉਣ ਦੀ ਲਾਗਤ ਵਜੋਂ ਹੀ ਮੰਨ ਲਿਆ ਜਾਂਦਾ ਹੈ।

ਹਰ ਥਾਂ ਲਾਗੂ ਨਹੀਂ?

ਕੈਲੇਡਨ ਵੱਲੋਂ ਆਪਣੀ ਸਥਿਤੀ ਸਖ਼ਤ ਕੀਤੇ ਜਾਣ ਤੋਂ ਬਾਅਦ, ਇਸ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਸ਼ਹਿਰ ਦੇ ਕਾਨੂੰਨ ਹਰ ਥਾਂ ਲਾਗੂ ਨਹੀਂ ਹੁੰਦੇ ਅਤੇ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦੀ ਜ਼ਰੂਰਤ ਨਹੀਂ ਪੈਂਦੀ।

ਭਰਮਜੀਤ ਮੰਡ

ਉਸਾਰੀ ਦਾ ਕਾਰੋਬਾਰ ਕਰਨ ਵਾਲੇ ਭਰਮਜੀਤ ਮੰਡ ਦਾ ਕਹਿਣਾ ਹੈ ਕਿ ਉਹ ਇਸ ਸ਼ਹਿਰ ‘ਚ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਰਹਿੰਦੇ ਆ ਰਹੇ ਹਨ। ਜਿਸ ਤਰੀਕੇ ਨਾਲ ਕਾਨੂੰਨਾਂ ਨੂੰ ਲਾਗੂ ਕੀਤਾ ਜਾਂਦਾ ਹੈ ਉਸ ਦੀ ਗੱਲ ਕਰਦਿਆਂ ਉਹ ਭਾਵੁਕ ਹੋ ਜਾਂਦੇ ਹਨ।

ਮੰਡ ਨੇ ਕਿਹਾ ਕਿ ਨਵੰਬਰ ਦੇ ਮਹੀਨੇ ‘ਚ ਉਸ ‘ਤੇ ਉਸੇ ਦੀ ਅੱਠ ਏਕੜ ਦੀ ਜਾਇਦਾਦ ‘ਤੇ ਟਰੇਲਰ ਪਾਰਕ ਕਰਨ ਲਈ 183,000 ਡਾਲਰ ਦਾ ਜੁਰਮਾਨਾ ਕੀਤਾ ਗਿਆ। ਉਸ ਨੇ ਕਿਹਾ ਕਿ ਇਨ੍ਹਾਂ ਟਰੇਲਰਾਂ ਦਾ ਪ੍ਰਯੋਗ ਇਸੇ ਜ਼ਮੀਨ ‘ਤੇ ਉਸਾਰੀ ਦੇ ਕੰਮ ‘ਚ ਲੱਗੇ ਠੇਕੇਦਾਰ ਵੱਲੋਂ ਉਸਾਰੀ ਦਾ ਸਾਮਾਨ ਰੱਖਣ ਲਈ ਕੀਤਾ ਜਾ ਰਿਹਾ ਸੀ।

”ਸਾਡੇ ਕੋਲ ਇੱਥੇ ਟਰੇਲਰ ਖੜ੍ਹੇ ਕਰਨ ਦਾ ਪਰਮਿਟ ਸੀ, ਪਰ ਇਨਫ਼ੋਰਸਮੈਂਟ ਅਫ਼ਸਰ ਆਏ ਅਤੇ ਕਹਿਣ ਲੱਗੇ ‘ਤੁਸੀਂ ਇਹ ਨਹੀਂ ਕਰ ਸਕਦੇ’।”

ਉਸ ਨੂੰ ਸ਼ਹਿਰ ਵੱਲੋਂ ਛੇਤੀ ਹੀ ਇੱਕ ਨੋਟਿਸ ਮਿਲਿਆ ਜਿਸ ‘ਚ ਉਸ ਨੂੰ ਜੁਰਮਾਨਾ ਲਗਾਇਆ ਗਿਆ। ਹੁਣ ਉਹ ਅਦਾਲਤ ‘ਚ ਕਾਨੂੰਨੀ ਲੜਾਈ ਲੜ ਰਿਹਾ ਹੈ।

ਉਸ ਨੇ ਇਹ ਵੀ ਕਿਹਾ ਕਿ 1,000 ਟਰੱਕਾਂ ਲਈ ਥਾਂ ਵਾਲੇ ਸੱਭ ਤੋਂ ਵੱਡੇ ਪਾਰਕਿੰਗ ਲਾਟ ਦਾ ਇੱਕ ਮਾਲਕ ਇਸ ਥਾਂ ਨੂੰ ਗਰੈਂਡਫ਼ਾਦਰ ਸ਼ਰਤ ਹੇਠ ਕਿਰਾਏ ‘ਤੇ ਦੇ ਰਿਹਾ ਹੈ, ਪਰ ਕੈਲੇਡਨ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ।

ਮੰਡ ਨੇ ਕਿਹਾ ਕਿ ਪਹਿਲੇ ਗੇੜ ਦੀ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਹੀ ਸ਼ਹਿਰ ਅਦਾਲਤ ‘ਚ ਪਿੱਛੇ ਹਟ ਗਿਆ।

ਉਨ੍ਹਾਂ ਕਿਹਾ, ”ਉਹ ਦੇਖ ਕੇ ਫ਼ੈਸਲਾ ਕਰਦੇ ਹਨ ਕਿ ਕਿਸ ‘ਤੇ ਜੁਰਮਾਨਾ ਲਾਉਣਾ ਚਾਹੀਦਾ ਹੈ ਅਤੇ ਕਿਸ ‘ਤੇ ਨਹੀਂ।”

ਇਸ ਵਿਸ਼ਾਲ ਪਾਰਕਿੰਗ ਲਾਟ ਵਿਰੁਧ ਸ਼ਹਿਰ ਆਪਣਾ ਕੇਸ ਹਾਰ ਗਿਆ।

ਜਾਇਦਾਦ ਦੇ ਮਾਲਕ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਮੇਅਰ ਨੇ ਕਿਹਾ ਕਿ ਸ਼ਹਿਰ ਅਜਿਹੀਆਂ ਸਮੱਸਿਆਵਾਂ ਤੋਂ ਜਾਣੂ ਹੈ।

ਥੋਂਪਸਨ ਨੇ ਆਪਣੀ ਦੂਜੀ ਈ-ਮੇਲ ‘ਚ ਕਿਹਾ, ”ਇਸੇ ਕਰ ਕੇ 2020 ਦੇ ਬਜਟ ਦੇ ਹਿੱਸੇ ਵਜੋਂ ਦਸੰਬਰ, 2019 ‘ਚ ਟਾਊਨ ਕੌਂਸਲ ਨੇ ਇੱਕ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਸੀ ਜੋ ਕਿ ਟਰੈਕਟਰ-ਟਰੇਲਰਾਂ ਅਤੇ ਕਮਰਸ਼ੀਅਲ ਵਹੀਕਲਾਂ ਦੀ ਪਾਰਕਿੰਗ ਅਤੇ ਸਟੋਰੇਜ  ਲਈ ਗ਼ੈਰਕਾਨੂੰਨੀ ਜ਼ਮੀਨ ਦੇ ਪ੍ਰਯੋਗ ਨੂੰ ਕਾਨੂੰਨ ਹੇਠ ਲਿਆਉਣ ਲਈ ਹੋਰ ਜ਼ਿਆਦਾ ਸਰਗਰਮੀ ਨਾਲ ਕੰਮ ਕਰੇਗਾ। ਇਸ ਪ੍ਰੋਗਰਾਮ ਨਾਲ ਹਰ ਕਿਸੇ ਲਈ ਬਰਾਬਰ ਦੇ ਮੌਕੇ ਪੈਦਾ ਹੋਣਗੇ ਅਤੇ ਇਹ ਯਕੀਨੀ ਹੋਵੇਗਾ ਕਿ ਖੇਤੀਬਾੜੀ ਦੀ ਜ਼ਮੀਨ ਨੂੰ ਉਸੇ ਤਰੀਕੇ ਨਾਲ ਵਰਤਿਆ ਜਾਵੇ ਜਿਸ ਲਈ ਸਾਡੀ ਯੋਜਨਾਬੰਦੀ ਉਲੀਕੀ ਗਈ ਹੈ।”

ਮੇਅਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਹੁਣ ਤਕ ਸ਼ਹਿਰ ਸ਼ਿਕਾਇਤ ਦੇ ਆਧਾਰ ‘ਤੇ ਇਨਫ਼ੋਰਸਮੈਂਟ ਸੇਵਾਵਾਂ ਦੇ ਰਿਹਾ ਹੈ।

”ਪਿਛਲੇ ਕੁੱਝ ਸਾਲਾਂ ‘ਚ ਸਾਨੂੰ ਇਸ ਤਰ੍ਹਾਂ ਦੀਆਂ ਦਰਜਨਾਂ ਸ਼ਿਕਾਇਤਾਂ ਮਿਲੀਆਂ ਹਨ। ਸਾਡੀ ਇਨਫ਼ੋਰਸਮੈਂਟ ਟੀਮ ਇਸ ਵੱਧ ਰਹੀ ਸਮੱਸਿਆ ਨੂੰ ਖ਼ਤਮ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ।”

ਵੰਡਵੀਂ ਸੋਚ

ਸ਼ਹਿਰ ਦੀ ਇਸ ਬਾਰੇ ਪਹੁੰਚ ‘ਤੇ ਸੋਚ ਵੰਡਵੀਂ ਹੈ। ਜਿੱਥੇ ਕੁੱਝ ਟਰੱਕਿੰਗ ਕਾਰੋਬਾਰ ਤੋਂ ਪ੍ਰੇਸ਼ਾਨ ਹਨ, ਤਾਂ ਕੁੱਝ ਸ਼ਹਿਰ ‘ਤੇ ਦੋਸ਼ ਲਗਾ ਰਹੇ ਹਨ ਜਿਸ ਨੇ ਇਹ ਸਾਰਾ ਕੁੱਝ ਹੋਣ ਦਿੱਤਾ।

ਰੋਡ ਟੁਡੇ ਨੂੰ ਇੱਕ ਸ਼ਹਿਰ ਵਾਸੀ ਦੀ ਚਿੱਠੀ ਮਿਲੀ, ”ਅਜਿਹੇ ਜ਼ਿਆਦਾਤਰ ਯਾਰਡ ਅਜਿਹੀਆਂ ਸੜਕਾਂ ‘ਤੇ ਸਥਿਤ ਹਨ ਜਿਨ੍ਹਾਂ ‘ਤੇ ਟਰੱਕ ਚਲਾਉਣ ਦੀ ਮਨਾਹੀ ਹੈ।” ਉਨ੍ਹਾਂ ਕਿਹਾ ਕਿ ਇੱਕ ਏਕੜ ਜਾਂ ਇਸ ਤੋਂ ਜ਼ਿਆਦਾ ਜ਼ਮੀਨ ਵਾਲੀਆਂ ਜਾਇਦਾਦਾਂ ਤੁਰੰਤ ਵਿੱਕ ਜਾਂਦੀਆਂ ਹਨ ਜਦੋਂ ਉਨ੍ਹਾਂ ‘ਤੇ ਵਿਕਾਊ ਹੋਣ ਦਾ ਬੋਰਡ ਲਗਦਾ ਹੈ।

”ਅਤੇ ਵੇਖਦਿਆਂ ਹੀ ਵੇਖਦਿਆਂ ਇਹ ਡੰਪ ਟਰੱਕਾਂ, ਬੱਜਰੀ ਢੋਣ ਵਾਲੇ ਟਰੱਕਾਂ ਜਾਂ ਟਰੈਕਟਰ-ਟਰੇਲਰਾਂ ਨਾਲ ਭਰ ਜਾਂਦੀ ਹੈ।”

ਇੱਕ ਹੋਰ ਸ਼ਹਿਰ ਵਾਸੀ ਨੇ ਕਿਹਾ ਕਿ ਕੈਲੇਡਨ ਇੱਕ ਵਿਸ਼ਾਲ ਟਰੱਕ ਪਾਰਕਿੰਗ ਵਾਲੀ ਥਾਂ ਬਣ ਚੁੱਕਾ ਹੈ।

ਸਿੰਡੀ ਏਰੀਅਸ ਨੇ ਕਿਹਾ, ”ਸੋਹਣੇ ਘਰਾਂ ਨੂੰ ਤੋੜ ਕੇ ਟਰੱਕ ਖੜ੍ਹੇ ਕਰਨ ਵਾਲੀਆਂ ਥਾਵਾਂ ਬਣਾਇਆ ਜਾ ਰਿਹਾ ਹੈ। ਸ਼ਹਿਰ ਨੂੰ ਇਹ ਗੱਲ ਛੇਤੀ ਹੀ ਬਦਲਣ ਦੀ ਜ਼ਰੂਰਤ ਹੈ। ਉਲੰਘਣਾ ਕਰਨ ਵਾਲਿਆਂ ‘ਤੇ ਵੱਡੇ ਜੁਰਮਾਨੇ ਲਾਉਣ ਦੀ ਜ਼ਰੂਰਤ ਹੈ।”

ਹਾਲਾਂਕਿ ਲੰਮੇ ਸਮੇਂ ਤੋਂ ਕੈਲੇਡਨ ਦੇ ਵਸਨੀਕ ਗਰੇੱਗ ਮੋਫ਼ਟ ਸਰਕਾਰ ਦੀ ਇਸ ਪਹਿਲ ਦੀ ਹਮਾਇਤ ਨਹੀਂ ਕਰਦੇ।

ਮੋਫ਼ਟ ਨੇ ਰੋਡ ਟੂਡੇ ਨੂੰ ਕਿਹਾ, ”ਸ਼ਹਿਰ ਕੋਲ ਇਸ ਤੋਂ ਵੱਧੀਆ ਕਰਨ ਲਈ ਕੁੱਝ ਨਹੀਂ ਹੈ। ਇਹ ਬਹੁਤ ਬੁਰੀ ਗੱਲ ਹੈ। ਇਹ ਆਰਥਕ ਮਸਲਾ ਹੋਣ ਦੀ ਬਜਾਏ ਸਿਆਸੀ ਜ਼ਿਆਦਾ ਹੈ।”

”ਕਾਰੋਬਾਰੀ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰ ਰਹੇ। ਇਹ ਜ਼ਮੀਨ ਵੈਸੇ ਵੀ ਖ਼ਾਲੀ ਹੀ ਪਈ ਰਹਿੰਦੀ ਹੈ।”

ਅਬਦੁਲ ਲਤੀਫ਼ ਵੱਲੋਂ