ਕੋਵਿਡ ਕਰ ਕੇ ਦੇਰੀ ਹੋਣ ਮਗਰੋਂ ਮੈਕ ਦੀ ਐਮ.ਡੀ. ਸੀਰੀਜ਼ ਦਾ ਉਤਪਾਦਨ ਹੁਣ ਪੂਰੇ ਜ਼ੋਰਾਂ ‘ਤੇ

Avatar photo
(ਤਸਵੀਰ : ਮੈਕ ਟਰੱਕਸ)

ਮੈਕ ਦੇ ਨਵੇਂ ਮੀਡੀਅਮ-ਡਿਊਟੀ ਟਰੱਕ ਦਾ ਉਤਪਾਦਨ ਕੋਵਿਡ-19 ਮਹਾਂਮਾਰੀ ਕਰ ਕੇ ਦੋ ਮਹੀਨਿਆਂ ਲਈ ਰੁਕ ਗਿਆ ਸੀ, ਪਰ ਟਰੱਕ 1 ਸਤੰਬਰ ਤੋਂ ਫਿਰ ਬਣਨੇ ਸ਼ੁਰੂ ਹੋ ਗਏ ਹਨ।

22 ਸਤੰਬਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਕ ਦੇ ਸੇਲਜ਼ ਅਤੇ ਕਮਰਸ਼ੀਅਲ ਆਪਰੇਸ਼ਨ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਕਿਹਾ ਕਿ ਮਹਾਂਮਾਰੀ ਕਰ ਕੇ ਮੀਡੀਅਮ-ਡਿਊਟੀ ਟਰੱਕਾਂ ਦੀ ਮੰਗ ‘ਚ ਇਸ ਸਾਲ 40% ਦੀ ਕਮੀ ਆਈ ਹੈ, ”ਪਰ ਹੁਣ ਸਾਨੂੰ ਰੌਸ਼ਨੀ ਦੀ ਕਿਰਨ ਦਿਸ ਪਈ ਹੈ। ਅਗਲੇ ਸਾਲ ਸਾਨੂੰ ਕਲਾਸ 6/7 ਦੀ ਮੰਗ ‘ਚ ਵਾਧਾ ਵੇਖਣ ਨੂੰ ਮਿਲੇਗਾ ਅਤੇ ਸਾਨੂੰ ਇਸ ਖੇਤਰ ‘ਚ ਵਿਕਾਸ ਦੀਆਂ ਬਹੁਤ ਉਮੀਦਾਂ ਹਨ।”

ਇਹ ਮੈਕ ਲਈ ਖ਼ੁਸ਼ਖ਼ਬਰੀ ਹੈ, ਜਿਸ ਨੇ ਐਮ.ਡੀ. ਸੀਰੀਜ਼ ਦੇ ਟਰੱਕਾਂ ਲਈ ਸਮਰਪਿਤ ਰੋਨੋ ਵੈਲੀ ਦੇ 280,000 ਵਰਗ ਫ਼ੁੱਟ ਦੇ ਅਸੈਂਬਲੀ ਪਲਾਂਟ ‘ਚ 13 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। ਇਹ ਫ਼ਰਵਰੀ, 2021 ਦੇ ਅੰਤ ਤਕ 250 ਕਾਮਿਆਂ ਨੂੰ ਭਰਤੀ ਕਰੇਗਾ।

ਮੀਡੀਅਮ-ਡਿਊਟੀ ਬਾਜ਼ਾਰ ਵੱਲ ਜਿਸ ਚੀਜ਼ ਨੇ ਮੈਕ ਨੂੰ ਖਿੱਚਿਆ ਸੀ ਉਹ ਹੈ ਨਿਰੰਤਰਤਾ। ਰੈਂਡਲ ਨੇ ਇਸ ਨੂੰ ‘ਪੁਖਤਾ, ਨਿਰੰਤਰ ਕਾਰਗੁਜ਼ਾਰੀ ਦਿਖਾਉਣ ਵਾਲਾ ਬਾਜ਼ਾਰ’ ਦੱਸਿਆ ਸੀ ਜਿਸ ਹੇਠ ਅਮਰੀਕਾ ਅਤੇ ਕੈਨੇਡਾ ‘ਚ 100,000 ਟਰੱਕ ਸਾਲਾਨਾ ਵਿਕਦੇ ਹਨ।

(ਤਸਵੀਰ : ਮੈਕ ਟਰੱਕਸ)

ਮੈਕ ਕੋਲ ਹੁਣ ਕਲਾਸ 6-8 ਦੇ ਟਰੱਕਾਂ ਦੀ ਪੂਰੀ ਲੜੀ ਹੈ, ਜਿਸ ਨੂੰ ਕਈ ਤਰ੍ਹਾਂ ਦੇ ਕੰਮਾਂ ‘ਚ ਪ੍ਰਯੋਗ ਕੀਤਾ ਜਾ ਸਕਦਾ ਹੈ। ਐਮ.ਡੀ. ਸੀਰੀਜ਼ ਦਾ ਨਿਸ਼ਾਨਾ: ਪਿੱਕਅੱਪ ਅਤੇ ਡਿਲੀਵਰੀ, ਵੈਨ, ਰੈਫ਼ਰੀਜਿਰੇਟਡ, ਫ਼ਲੈਟਬੈੱਡ, ਡੰਪ, ਟੈਂਕ, ਬੂਮ ਅਤੇ ਬੱਕੇਟ ਐਪਲੀਕੇਸ਼ਨਜ਼ ਹਨ। ਐਮ.ਡੀ.6 ਕਲਾਸ 6 ਦਾ ਟਰੱਕ ਹੈ ਜਿਸ ਦਾ ਜੀ.ਵੀ.ਡਬਲਿਊ.ਆਰ. 25,995 ਪਾਊਂਡ ਹੈ ਅਤੇ ਐਮ.ਡੀ.7 ਕਲਾਸ 7 ਦਾ ਟਰੱਕ ਹੈ ਜਿਸ ਦਾ ਜੀ.ਡੀ.ਡਬਲਿਊ.ਆਰ. 33,000 ਪਾਊਂਡ ਹੈ।

ਕੋਵਿਡ-19 ਦੇ ਦੌਰ ‘ਚ ਉਤਪਾਦਨ ਨੂੰ ਚਾਲੂ ਕਰਨ ਲਈ ਮੈਕ ਨੂੰ ਸੈਂਟਰ ਫ਼ਾਰ ਡਿਸੀਜ਼ ਕੰਟਰੋਲ ਪ੍ਰੋਟੋਕਾਲ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਈ, ਜਿਨ੍ਹਾਂ ‘ਚ ਸਮਾਜਕ ਦੂਰੀ ਕਾਇਮ ਰਖਣਾ, ਪਲਾਂਟ ‘ਚ ਦਾਖ਼ਲ ਹੋਣ ਸਮੇਂ ਸਰੀਰ ਦੇ ਤਾਪਮਾਨ ਦੀ ਜਾਂਚ ਕਰਨਾ, ਅੰਦਰ ਰਹਿਣ ਵੇਲੇ ਮਾਸਕ ਪਾਈ ਰਖਣਾ ਅਤੇ ਮੁਲਾਜ਼ਮਾਂ ਨਾਲ ਨਿਰੰਤਰ ਸੰਚਾਰ ਕਾਇਮ ਕਰਨਾ ਸ਼ਾਮਲ ਹੈ। ਮੈਕ ਨੇ ਮਹਾਂਮਾਰੀ ਦੌਰਾਨ 85 ਲੋਕਾਂ ਦੀ ਭਰਤੀ ਵੀ ਕੀਤੀ, ਜਦਕਿ ਬਾਕੀ ਹੋਰ ਪਾਸੇ ਲੋਕਾਂ ਨੂੰ ਨੌਕਰੀ ਤੋਂ ਕਢਿਆ ਜਾ ਰਿਹਾ ਸੀ।

ਪਰ ਰੈਂਡਲ ਨੂੰ ਨਹੀਂ ਲਗਦਾ ਕਿ ਵਾਇਰਸ ਦਾ ਮੈਕ ਦੇ ਉਤਪਾਦਨ ਜਾਂ ਟੀਚਿਆਂ ‘ਤੇ ਕੋਈ ਲੰਮੇ ਸਮੇਂ ਤਕ ਅਸਰ ਪਵੇਗਾ।

ਮੀਡੀਅਮ-ਡਿਊਟੀ ਖੇਤਰ ‘ਚ ਪੈਰ ਰੱਖਦਿਆਂ ਮੈਕ ਨੇ ਟਰਾਂਸਮਿਸ਼ਨ ਲਈ ਐਲੀਸਨ ਅਤੇ ਪਾਵਰ ਲਈ ਕਮਿੰਸ ਨਾਲ ਹੱਥ ਮਿਲਾਇਆ ਸੀ।