ਕੋਵਿਡ ਦੇ ਕੇਸ ਵਧਣ ਕਰਕੇ ਟਰੱਕਰਸ ਨੇ ਕੀਤੀ ਵੈਕਸੀਨ ਦੀ ਮੰਗ

Avatar photo

ਕੋਵਿਡ-19 ਦੀ ਤੀਜੀ ਲਹਿਰ ਨੂੰ ਹੌਲੀ ਕਰਨ ਦੀ ਕੋਸ਼ਿਸ਼ ’ਚ ਓਂਟਾਰੀਓ ਵੱਲੋਂ 7 ਅਪ੍ਰੈਲ ਨੂੰ ਐਮਰਜੈਂਸੀ ਦੀ ਸਥਿਤੀ ਅਤੇ ਨਵੇਂ ‘ਘਰ ਅੰਦਰ ਰਹੋ’ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਟਰੱਕ ਡਰਾਈਵਰਾਂ ਨੇ ਓਂਟਾਰੀਓ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਵੈਕਸੀਨੇਸ਼ਨ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ।

ਅਮਨਦੀਪ ਗਰੇਵਾਲ

ਇੱਕ ਸਥਾਨਕ ਟਰੱਕ ਡਰਾਈਵਰ ਅਮਨਦੀਪ ਗਰੇਵਾਲ ਨੇ ਕਿਹਾ, ‘‘ਅਸੀਂ ਰੋਜ਼ ਮੌਤ ਦੇ ਮੂੰਹ ’ਚ ਜਾਂਦੇ ਹਾਂ।’’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਟਰੱਕ ਡਰਾਈਵਰਾਂ ਨੂੰ ਵੈਕਸੀਨ ਮਿਲਣ ਵਾਲਿਆਂ ਦੀ ਸੂਚੀ ’ਚ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਗ੍ਰੇਟਰ ਟੋਰਾਂਟੋ ਖੇਤਰ ’ਚ ਕਈ ਥਾਵਾਂ ’ਤੇ ਜਾਂਦੇ ਹਾਂ, ਵੱਖੋ-ਵੱਖ ਲੋਕਾਂ ਨੂੰ ਮਿਲਦੇ ਹਾਂ ਅਤੇ ਸਾਨੂੰ ਨਹੀਂ ਪਤਾ ਕਿ ਉਹ ਕਿਨ੍ਹਾਂ ਲੋਕਾਂ ਨਾਲ ਸੰਪਰਕ ’ਚ ਆਏ ਸਨ।’’

ਡਾ. ਗੁਰਜੀਤ ਬਾਜਵਾ

ਵਿਲੀਅਮ ਓਸਲਰ ਹੈਲਥ ਸਿਸਟਮ ’ਚ ਇੱਕ ਐਮਰਜੈਂਸੀ ਰੂਮ ਦੇ ਡਾਕਟਰ ਡਾ. ਗੁਰਜੀਤ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਵੇਖਿਆ ਹੈ ਕਿ ਕੋਵਿਡ ਨਾਲ ਪੀੜਤ ਬਹੁਤ ਸਾਰੇ ਟਰੱਕ ਡਰਾਈਵਰ ਐਮਰਜੈਂਸੀ ਰੂਮ ’ਚ ਆਉਂਦੇ ਹਨ। ਉਨ੍ਹਾਂ ਕਿਹਾ, ‘‘ਵਾਇਰਸ ਦੀ ਨਵੀਂ ਨਸਲ ਬਹੁਤ ਛੇਤੀ ਫੈਲਦੀ ਹੈ।’’

ਡਾਕਟਰ ਦਾ ਕਹਿਣਾ ਹੈ ਕਿ ਹੁਣ ਜ਼ਿਆਦਾਤਰ ਕੋਵਿਡ ਦੇ ਮਾਮਲੇ ਕੰਮਕਾਜ ਦੇ ਖੇਤਰਾਂ ’ਚੋਂ ਆ ਰਹੇ ਹਨ। ਇੱਕ ਵਾਰੀ ਜਦੋਂ ਵਰਕਰ ਪੀੜਤ ਹੋ ਜਾਂਦਾ ਹੈ ਅਤੇ ਵਾਇਰਸ ਨੂੰ ਲੈ ਕੇ ਘਰ ਆਉਂਦਾ ਹੈ ਤਾਂ ਉਸ ਦੇ ਪਰਿਵਾਰ ਦੇ ਜੀਅ ਵੀ ਬਿਮਾਰ ਹੋ ਜਾਂਦੇ ਹਨ। ਨਰਸਾਂ, ਹੈਲਥਕੇਅਰ ਵਰਕਰ, ਟਰਾਂਸਪੋਰਟੇਸ਼ਨ ਵਰਕਰ, ਡਿਲੀਵਰੀ ਕਰਨ ਵਾਲੇ ਲੋਕ, ਗਰੋਸਰੀ ਸਟੋਰ ਸਟਾਫ਼, ਫ਼ੈਕਟਰੀ ਅਤੇ ਵੇਅਰਹਾਊਸ ਵਰਕਰ ਆਦਿ ਸਾਰੇ ਹਮਲਾ ਸਹਿਣ ਦੀ ਪਹਿਲੀ ਕਤਾਰ ’ਚ ਹਨ।

ਲੋਂਗ-ਹੌਲ ਟਰੱਕਰ ਅਜੈ ਸ਼ਰਮਾ ਦਾ ਕਹਿਣਾ ਹੈ ਕਿ ਉਹ ਸਾਰੀ ਮਹਾਂਮਾਰੀ ਦੇ ਸਮੇਂ ਦੌਰਾਨ ਕੰਮ ਕਰਦਾ ਰਿਹਾ ਪਰ ਉਸ ਨੂੰ ਅਜੇ ਤਕ ਵੈਕਸੀਨ ਨਹੀਂ ਮਿਲੀ ਹੈ। 58 ਸਾਲਾਂ ਦੇ ਅਜੈ ਸ਼ਰਮਾ ਨੇ ਕਿਹਾ ਕਿ ਟਰੱਕ ਡਰਾਈਵਰ, ਜ਼ਰੂਰੀ ਵਰਕਫ਼ੋਰਸ ਦਾ ਹਿੱਸਾ ਹਨ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਵੈਕਸੀਨ ਮਿਲਣੀ ਚਾਹੀਦੀ ਹੈ। ਲੋਂਗ-ਟਰਮ ਕੇਅਰ ਹੋਮ ’ਚ ਕੰਮ ਕਰਨ ਵਾਲੀ ਉਸ ਦੀ ਬੇਟੀ ਨੂੰ ਪਹਿਲਾਂ ਹੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।

ਡਾ. ਬਾਜਵਾ ਨੇ ਕਿਹਾ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਪੀਲ ਰੀਜਨ ’ਚ ਕੋਵਿਡ ਦੀ ਦਰ ਜ਼ਿਆਦਾ ਹੋਣ ਦੇ ਦੋ ਕਾਰਨ ਹਨ। ਪਹਿਲਾ ਕਾਰਨ ਵੱਡੇ ਪਰਿਵਾਰ ਹਨ। ਟੋਰਾਂਟੋ ’ਚ ਘਰਾਂ ਅੰਦਰ ਰਹਿਣ ਵਾਲੇ ਔਸਤਨ ਲੋਕਾਂ ਦੀ ਦਰ 3.5 ਹੈ, ਜਦਕਿ ਪੀਲ ’ਚ ਇਹ 5.2 ਹੈ, ਵਿਸ਼ੇਸ਼ ਕਰ ਕੇ ਬਰੈਂਪਟਨ ’ਚ। ਬਹੁਤ ਸਾਰੇ ਲੋਕਾਂ ਦੇ ਘਰਾਂ ’ਚ ਕਿਰਾਏਦਾਰ ਵੀ ਰਹਿੰਦੇ ਹਨ। ਜਦੋਂ ਕੋਈ ਇੱਕ ਵਿਅਕਤੀ ਵੀ ਘਰ ’ਚ ਵਾਇਰਸ ਲੈ ਆਉਂਦਾ ਹੈ ਤਾਂ ਉਹ ਕਈਆਂ ਨੂੰ ਇਨਫ਼ੈਕਟ ਕਰ ਦਿੰਦਾ ਹੈ।

ਡਾ. ਬਾਜਵਾ ਅਨੁਸਾਰ ਦੂਜਾ ਕਾਰਨ ਇਹ ਹੈ ਕਿ ਪੀਲ ’ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਫ਼ਰੰਟਲਾਈਨ ਨੌਕਰੀਆਂ ਕਰਦੇ ਹਨ। ਉਹ ਘਰ ’ਚ ਬੈਠ ਕੇ ਕੰਮ ਨਹੀਂ ਕਰ ਸਕਦੇ, ਜ਼ੂਮ ’ਤੇ ਕਾਨਫ਼ਰੰਸਾਂ ਨਹੀਂ ਕਰ ਸਕਦੇ, ਉਨ੍ਹਾਂ ਨੂੰ ਕੰਮ ’ਤੇ ਜਾਣਾ ਹੀ ਪਵੇਗਾ। ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਲੋਕਾਂ ਦੇ ਆਹਮੋ-ਸਾਹਮਣੇ ਹੋਣਾ ਪੈਂਦਾ ਹੈ ਅਤੇ ਉਨ੍ਹਾਂ ਦੇ ਇਨਫ਼ੈਕਟ ਹੋਣ ਦੀ ਸੰਭਾਵਨਾ ਜ਼ਿਆਦਾ ਹੈ।’’

40 ਵਰਿ੍ਆਂ ਦੇ ਡਰਾਈਵਰ ਗਰੇਵਾਲ ਨੇ ਕਿਹਾ ਕਿ ਉਸ ਦੇ ਦਫ਼ਤਰ ’ਚ ਸ਼ਿੱਪਿੰਗ ਅਤੇ ਰਿਸੀਵਿੰਗ ’ਚ ਕੰਮ ਕਰਨ ਵਾਲਾ ਕੁੱਝ ਸਟਾਫ਼ ਵਾਇਰਸ ਕਰਕੇ ਬਿਮਾਰ ਪੈ ਗਿਆ। ਉਨ੍ਰਾਂ ਕਿਹਾ, ‘‘ਜਦੋਂ ਵੀ ਮੈਨੂੰ ਮੌਕਾ ਮਿਲੇਗਾ ਮੈਂ ਵੈਕਸੀਨ ਜ਼ਰੂਰ ਲਵਾਂਗਾ।’’

ਅਜੈ ਸ਼ਰਮਾ

ਟਰੱਕਰ ਸ਼ਰਮਾ ਨੇ ਕਿਹਾ ਕਿ ਉਸ ਦੀ ਕੰਪਨੀ ਦੇ ਦੋ ਡਰਾਈਵਰ ਕੋਵਿਡ ਨਾਲ ਪੀੜਤ ਹਨ ਅਤੇ ਉਨ੍ਹਾਂ ਨੇ ਖ਼ੁਦ ਨੂੰ ਘਰ ’ਚ ਏਕਾਂਤਵਾਸ ’ਚ ਰੱਖ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕੰਮਕਾਜ ਦੌਰਾਨ ਸਾਵਧਾਨੀ ਵਰਤਦੇ ਹਨ ਅਤੇ ਜਦੋਂ ਵੀ ਉਨ੍ਹਾਂ ਦੀ ਉਮਰ ਦੇ ਲੋਕਾਂ ਦੀ ਵਾਰੀ ਆਵੇਗੀ ਉਹ ਵੈਕਸੀਨ ਜ਼ਰੂਰ ਲੈਣਗੇ।

ਸ਼ਰਮਾ ਨੇ ਕਿਹਾ, ‘‘ਕਈ ਵਾਰੀ ਗ੍ਰਾਹਕ ਉਹ ਦਸਤਾਵੇਜ਼ ਛੂਹਣਾ ਨਹੀਂ ਚਾਹੁੰਦੇ ਜੋ ਅਸੀਂ ਉਨ੍ਹਾਂ ਨੂੰ ਦੇਣੇ ਹੁੰਦੇ ਹਨ। ਪਰ ਉਹ ਸਾਨੂੰ ਜੋ ਵੀ ਦਸਤਾਵੇਜ਼ ਦਿੰਦੇ ਹਨ ਉਹ ਸਾਨੂੰ ਫੜਨੇ ਹੀ ਪੈਂਦੇ ਹਨ।’’ ਉਨ੍ਹਾਂ ਕਿਹਾ ਕਿ ਅਮਰੀਕਾ ’ਚ ਕੁੱਝ ਥਾਵਾਂ ’ਤੇ ਲੋਕ ਮਾਸਕ ਨਹੀਂ ਪਾਉਂਦੇ, ਅਤੇ ਡਰਾਈਵਰਾਂ ਨੂੰ ਅਜਿਹੇ ਹਾਲਾਤ ’ਚ ਕੰਮ ਕਰਨ ਤੋਂ ਕੋਈ ਚਾਰਾ ਨਹੀਂ ਹੁੰਦਾ।

ਡਾ. ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਵੈਕਸੀਨ ਦੇਣ ਦੇ ਵੱਖੋ-ਵੱਖ ਤਰੀਕਿਆਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਸ ਲਈ ਸਿਰਫ਼ ਉਮਰ ਨੂੰ ਆਧਾਰ ਨਹੀਂ ਬਣਾਉਣਾ ਚਾਹੀਦਾ। ੍ਹਉਨ੍ਹਾਂ ਕਿਹਾ, ‘‘ਟਰੱਕ ਯਾਰਡਾਂ, ਕੰਮਕਾਜ ਦੀਆਂ ਥਾਵਾਂ ’ਤੇ ਜਾਓ, ਲੋਕਾਂ ਦੀ ਕਤਾਰ ਬਣਾਓ ਅਤੇ ਉਨ੍ਹਾਂ ਨੂੰ ਕਹੋ ਕਿ ਵੈਕਸੀਨ ਆ ਗਈ ਹੈ, ਆਓ ਤੇ ਲੈ ਲਵੋ।’’

ਜੋ ਵੀ ਯੋਗ ਹੋਵੇ ਉਸ ਨੂੰ ਵੈਕਸੀਨ ਮਿਲਣੀ ਚਾਹੀਦੀ ਹੈ, ਵੈਕਸੀਨ ਨਾ ਲੈਣ ਦਾ ਕੋਈ ਕਾਰਨ ਨਹੀਂ। ਐਮਰਜੈਂਸੀ ਰੂਮ ਦੇ ਡਾਕਟਰ ਨੇ ਕਿਹਾ, ‘‘ਇੱਕ-ਦੋ ਮਹੀਨੇ ਹੋਰ, ਜਦੋਂ ਤਕ ਸਾਰਿਆਂ ਨੂੰ ਵੈਕਸੀਨ ਨਹੀਂ ਮਿਲ ਜਾਂਦੀ, ਕਿ੍ਰਪਾ ਕਰਕੇ ਹੋਰ ਲੋਕਾਂ ਦੇ ਘਰਾਂ ’ਚ ਨਾ ਜਾਓ।’’ ਉਨ੍ਹਾਂ ਅਪੀਲ ਕਰਦਿਆਂ ਵਾਅਦਾ ਕੀਤਾ, ‘‘ਪਾਰਟੀ ਲਈ, ਡਿਨਰ ਲਈ, ਸਮਾਜਕ ਕਾਰਨਾਂ ਕਰਕੇ, ਕਿ੍ਰਪਾ ਕਰਕੇ ਘਰ ਤੋਂ ਬਾਹਰ ਨਾ ਨਿਕਲੋ। ਇਹ ਸਭ ਹੁਣੇ ਰੁਕਣਾ ਚਾਹੀਦਾ ਹੈ। ਮੈਨੂੰ ਪਤਾ ਹੈ ਕਿ ਲੋਕ ਅੱਕ ਚੁੱਕੇ ਹਨ, ਹੁਣ 13 ਮਹੀਨਿਆਂ ਤੋਂ ਇਹ ਸਭ ਹੋ ਰਿਹਾ ਹੈ। ਇੱਕ ਜਾਂ ਦੋ ਮਹੀਨੇ ਹੋਰ ਬਾਅਦ ਹਾਲਾਤ ਬਦਲ ਜਾਣਗੇ।’’

ਲੀਓ ਬਾਰੋਸ ਵੱਲੋਂ