ਕੋਵਿਡ-19 ਐਸ.ਐਮ.ਐਸ. ਘਪਲੇ ਦਾ ਨਿਸ਼ਾਨਾ ਬਣੇ ਕਰਾਸ-ਬਾਰਡਰ ਟਰੱਕ ਡਰਾਈਵਰ

Avatar photo
shot of the word scam

ਸਰਹੱਦ-ਪਾਰ ਤੋਂ ਆਉਣ ਵਾਲੇ ਸਿਹਤਮੰਦ ਟਰੱਕ ਡਰਾਈਵਰਾਂ ਨੂੰ ਆਪਣੇ ਆਪ ਨੂੰ 14 ਦਿਨਾਂ ਲਈ ਏਕਾਂਤਵਾਸ ‘ਚ ਰੱਖਣ ਦੀ ਜ਼ਰੂਰਤ ਨਹੀਂ ਹੈ, ਭਾਵੇਂ ਤੁਹਾਨੂੰ ਇਸ ਬਾਰੇ ਕੋਈ ਐਸ.ਐਮ.ਐਸ. ਹੀ ਕਿਉਂ ਨਾ ਆਇਆ ਹੋਵੇ।

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ ਨੇ ਅਜਿਹੇ ਫ਼ਰਜ਼ੀ ਸੰਦੇਸ਼ਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਜੋ ਵੇਖਣ ‘ਚ ਇੰਜ ਲਗਦੇ ਹਨ ਕਿ ਇਨ੍ਹਾਂ ਨੂੰ ਕੈਨੇਡਾ ਸਰਕਾਰ ਨੇ ਜਾਰੀ ਕੀਤਾ ਹੈ ਅਤੇ ਉਹ ਲੋਕਾਂ ਨੂੰ ਏਕਾਂਤਵਾਸ ‘ਚ ਰਹਿਣ ਲਈ ਕਹਿ ਰਹੀ ਹੈ। ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਇਹ ਵੀ ਕਿਹਾ ਕਿ ਇਸ ਸੰਦੇਸ਼ ‘ਚ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਜੇਕਰ ਉਨ੍ਹਾਂ ‘ਚ ਕੋਵਿਡ-19 ਦੇ ਕੋਈ ਲੱਛਣ ਹਨ ਤਾਂ ਉਹ ਸਰਕਾਰੀ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰਨ।

ਇਸ ਸੰਦੇਸ਼ ‘ਚ ਇੱਕ ਫ਼ਰਜ਼ੀ ਵੈੱਬਸਾਈਟ ਦਾ ਲਿੰਕ ਵੀ ਦਿੱਤਾ ਜਾਂਦਾ ਹੈ ਜੋ ਕਿ bit.ly ਦੇ ਰੂਪ ‘ਚ ਹੁੰਦਾ ਹੈ।

ਟਰੱਕ ਡਰਾਈਵਰਾਂ ਨੂੰ ਅਜਿਹੇ ਸਵੈ-ਏਕਾਂਤਵਾਸ ਵਰਗੇ ਕਦਮਾਂ ਤੋਂ ਬਾਹਰ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਲਾਜ਼ਮੀ ਕਾਮਿਆਂ ਦੇ ਰੂਪ ‘ਚ ਵਰਗੀਕ੍ਰਿਤ ਕੀਤਾ ਗਿਆ ਹੈ।

ਸੀ.ਟੀ.ਏ. ਨੇ ਆਪਣੇ ਮੈਂਬਰਾਂ ਨੂੰ ਜਾਰੀ ਇੱਕ ਸੰਦੇਸ਼ ‘ਚ ਕਿਹਾ, ”ਏਜੰਸੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਹ ਸਰਕਾਰੀ ਸੰਚਾਰ ਦਾ ਜਾਇਜ਼ ਰੂਪ ਨਹੀਂ ਹੈ ਅਤੇ ਇਸ ਸਮੱਸਿਆ ‘ਤੇ ਲਗਾਮ ਕੱਸਣ ਲਈ ਉਹ ਯਾਤਰੀਆਂ ਨੂੰ ਸੰਦੇਸ਼ ਭੇਜ ਰਹੀ ਹੈ।”

ਕੋਵਿਡ-19 ਨਾਲ ਜੁੜੇ ਘਪਲਿਆਂ ਦਾ ਸਿਰਫ਼ ਇਹੋ ਇੱਕੋ-ਇੱਕ ਰੂਪ ਨਹੀਂ ਹੈ।

ਕੈਨੇਡੀਅਨ ਐਂਟੀ-ਫ਼ਰਾਡ ਸੈਂਟਰ ਨੇ ਕਿਹਾ ਕਿ ਅਜਿਹੀਆਂ ਸ਼ੱਕੀ ਤੀਜੀ ਧਿਰ ਕੰਪਨੀਆਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਜੋ ਕਿ ਸੀ.ਈ.ਆਰ.ਬੀ. ਬਿਨੈ ਭਰਨ ਲਈ ਮੱਦਦ ਦੀ ਪੇਸ਼ਕਸ਼ ਕਰਦੀਆਂ ਹਨ, ਸੀ.ਈ.ਆਰ.ਬੀ. ਲਈ ਬਿਨੈ ਕਰਨ ਬਹਾਨੇ ਪਛਾਣ ਚੋਰੀ ਕਰ ਲੈਂਦੀਆਂ ਹਨ, ਸਰਕਾਰੀ ਅਤੇ ਸਿਹਤ ਬਾਰੇ ਜਾਣਕਾਰੀ ਚੋਰੀ ਕਰਦੀਆਂ ਹਨ ਅਤੇ ਮੈਡੀਕਲ ਸਲਾਹ ਦੇਣ ਲਈ ਪੈਸੇ ਮੰਗਣ ਬਹਾਨੇ ਗ਼ੈਰਜ਼ਰੂਰੀ ਕਾਲ ਅਤੇ ਸੰਦੇਸ਼ ਕਰਦੀਆਂ ਰਹਿੰਦੀਆਂ ਹਨ।

ਇਨ੍ਹਾਂ ਘਪਲਿਆਂ ਨੂੰ ਅਜਿਹੇ ਘਪਲੇਬਾਜ਼ ਅੰਜਾਮ ਦੇ ਰਹੇ ਹਨ ਜੋ ਕਿ ਖ਼ੁਦ ਨੂੰ ਮਹਾਂਮਾਰੀ ਕਾਬੂ ਕਰਨ ਵਾਲੇ ਵਿਭਾਗ ਜਾਂ ਵਿਸ਼ਵ ਸਿਹਤ ਸੰਗਠਨ, ਸਰਕਾਰੀ ਵਿਭਾਗਾਂ, ਰੈੱਡ ਕਰਾਸ ਅਤੇ ਹੋਰ ਜਾਣਕਾਰੀ ‘ਚ ਚੈਰੀਟੀ ਦੇ ਕਾਮੇ ਦੱਸਦੇ ਹਨ।

ਯੂ.ਐਸ. ਫ਼ੈਡਰਲ ਟਰੇਡ ਕਮਿਸ਼ਨ ਨੇ ਕੋਵਿਡ-19 ਨਾਲ ਸੰਬੰਧਤ ਲਿਖਤੀ ਸੰਦੇਸ਼ ਘਪਲਿਆਂ ਤੋਂ ਬਚਣ ਲਈ ਕਈ ਸੁਰੱਖਿਆ ਉਪਾਅ ਜਾਰੀ ਕੀਤੇ ਸਨ।

ਇਸ ‘ਚ ਸਲਾਹ ਦਿੱਤੀ ਗਈ ਸੀ ਕਿ ਲੋਕ ਆਪਣੇ ਆਨਲਾਈਨ ਖਾਤਿਆਂ ਨੂੰ ਬਹੁਪੱਧਰੀ ਸੁਰੱਖਿਆ ਨਾਲ ਮਜ਼ਬੂਤ ਬਣਾ ਕੇ ਰੱਖਣ, ਜਿਸ ਨੂੰ ਪ੍ਰਯੋਗ ਕਰਨ ਲਈ ਦੋ ਤੋਂ ਜ਼ਿਆਦਾ ਜਾਣਕਾਰੀਆਂ ਦੀ ਜ਼ਰੂਰਤ ਹੁੰਦੀ ਹੈ, ਆਪਰੇਟਿੰਗ ਸਿਸਟਮ ‘ਤੇ ਆਟੋਅਪਡੇਟ ਨੂੰ ਚਾਲੂ ਰੱਖਣਾ ਅਤੇ ਨਿਯਮਤ ਰੂਪ ‘ਚ ਆਪਣੇ ਉਪਕਰਨਾਂ ‘ਤੇ ਡਾਟਾ ਦਾ ਬੈਕਅੱਪ ਰੱਖਣਾ ਸ਼ਾਮਲ ਹੈ ਤਾਂ ਕਿ ਮਾਲਵੇਅਰ ਜਾਂ ਰੈਂਸਮਵੇਅਰ ਦੇ ਹਮਲੇ ਕਰਕੇ ਮੁੱਲਵਾਨ ਜਾਣਕਾਰੀ ਚੋਰੀ ਹੋਣ ਦੀ ਚਿੰਤਾ ਨਾ ਰਹੇ।