ਕੋਵਿਡ-19 ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਬਾਰੇ ਜਾਣਕਾਰੀ ਦੇਣ ਲਈ ਮੌਜੂਦ ਹਨ ਮੁਫ਼ਤ ਐਪ

Avatar photo

ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਕਈ ਉਦਯੋਗ ਐਸੋਸੀਏਸ਼ਨਾਂ ਅਜਿਹੀ ਮੋਬਾਈਲ ਐਪਸ ਦੇ ਵੱਡੇ ਪੱਧਰ ‘ਤੇ ਪ੍ਰਯੋਗ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ ਜੋ ਕਿ ਇਸ ਬਿਮਾਰੀ ਦੇ ਸੰਪਰਕ ‘ਚ ਆਉਣ ਵਾਲੇ ਕਿਸੇ ਵਿਅਕਤੀ ਦੀ ਜਾਣਕਾਰੀ ਦੇਣ ‘ਚ ਮੱਦਦ ਕਰਦੀਆਂ ਹਨ।

ਹੈਲਥ ਕੈਨੇਡਾ ਦੀ ਕੋਵਿਡ ਅਲਰਟ ਐਪ ਬਲੂਟੁੱਥ ਸਿਗਨਲ ਰਾਹੀਂ ਇਹ ਪੁਸ਼ਟੀ ਕਰਦੀ ਹੈ ਕਿ ਕੀ ਪ੍ਰਯੋਗਕਰਤਾ ਕਦੇ ਕਿਸੇ ਅਜਿਹੇ ਵਿਅਕਤੀ ਕੋਲੋਂ ਲੰਘਿਆ ਜਾਂ ਮਿਲਿਆ ਹੈ ਜੋ ਹੁਣ ਜਾਂ ਪਹਿਲਾਂ ਕਦੇ ਕੋਰੋਨਾ ਵਾਇਰਸ ਨਾਲ ਗ੍ਰਸਤ ਹੋਇਆ ਹੋਵੇ। ਅਤੇ ਸਰਹੱਦ ਪਾਰ ਕਰਨ ਵਾਲੇ ਵਿਅਕਤੀ ਅਰਾਈਵਕੈਨ ਐਪ ਦੀ ਵਰਤੋਂ ਕਰ ਕੇ ਦਾਖ਼ਲਾ ਸਥਾਨ ‘ਤੇ ਆਉਣ ਤੋਂ ਪਹਿਲਾਂ ਆਪਣੀ ਵਿਅਕਤੀਗਤ ਜਾਣਕਾਰੀ ਨੂੰ ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਨਾਲ ਸਾਂਝੀ ਕਰ ਸਕਦੇ ਹਨ।

ਹਰ ਐਪ ਵੱਧ ਤੋਂ ਵੱਧ ਵਰਤੋਂ ਤੋਂ ਲਾਭ ‘ਚ ਰਹੇਗੀ।

ਕੈਨੇਡੀਅਨ ਡਿਜੀਟਲ ਸਰਵੀਸਿਜ਼ ਦੇ 3 ਅਗੱਸਤ ਤੋਂ 1.1 ਮਿਲੀਅਨ ਤੋਂ ਵੱਧ ਡਾਊਨਲੋਡ ਹੋ ਚੁੱਕੇ ਸਨ, ਪਰ ਅਜਿਹੀਆਂ ਐਪਸ ਉਸ ਹਾਲਤ ‘ਚ ਸਭ ਤੋਂ ਜ਼ਿਆਦਾ ਅਸਰਦਾਰ ਸਾਬਤ ਹੋਣਗੀਆਂ ਜੇਕਰ 55% ਤੋਂ ਜ਼ਿਆਦਾ ਵੱਸੋਂ ਇਸ ਦਾ ਰੋਜ਼ਾਨਾ ਪ੍ਰਯੋਗ ਕਰੇ। ਕੈਨੇਡਾ ਦੀ ਵੱਸੋਂ 37.59 ਮਿਲੀਅਨ ਹੈ।

ਇਸ ਐਪ ਦੀ ਇੱਕ ਕਮੀ ਇਹ ਵੀ ਹੈ ਕਿ ਇਹ ਸਿਰਫ਼ ਉਨ੍ਹਾਂ ਸਮਾਰਟਫ਼ੋਨਾਂ ‘ਤੇ ਕੰਮ ਕਰਦੀ ਹੈ ਜੋ ਕਿ ਪਿਛਲੇ ਪੰਜ ਸਾਲਾਂ ਦੌਰਾਨ ਬਣੇ ਹਨ ਅਤੇ ਜਿਨ੍ਹਾਂ ‘ਚ ਨਵਾਂ ਆਪਰੇਟਿੰਗ ਸਾਫ਼ਟਵੇਅਰ ਚਲ ਰਿਹਾ ਹੈ।

ਇਸ ਦੌਰਾਨ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਕੁੱਝ ਬਾਰਡਰ ਲੋਕੇਸ਼ਨਾਂ ‘ਤੇ ਦੇਰੀ ਅਤੇ ਕਤਾਰਾਂ ਲੱਗਣ ਦੀ ਸ਼ਿਕਾਇਤ ਕੀਤੀ ਹੈ ਜਦੋਂ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ ਦੇ ਅਫ਼ਸਰਾਂ ਨੇ ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਲਈ ਵਿਅਕਤੀਗਤ ਸੂਚਨਾ ਇਕੱਠੀ ਕਰਨੀ ਸ਼ੁਰੂ ਕੀਤੀ ਸੀ, ਜੋ ਕਿ ਕੁਆਰੰਟੀਨ ਐਕਟ ਹੇਠ ਪ੍ਰਾਪਤ ਕਰਨੀ ਲਾਜ਼ਮੀ ਹੈ। ਇੱਕ ਵਾਰੀ ਯਾਤਰੀ ਦਾ ਫ਼ੋਨ ਨੰਬਰ ਅਤੇ ਈ-ਮੇਲ ਪਤਾ ਸਿਸਟਮ ‘ਚ ਦਰਜ ਹੋਣ ਤੋਂ ਬਾਅਦ ਅੰਕੜਿਆਂ ਨੂੰ ਯਾਤਰਾ ਦੇ ਦਸਤਾਵੇਜ਼ਾਂ ਨਾਲ ਨੱਥੀ ਕਰ ਦਿੱਤਾ ਜਾਂਦਾ ਹੈ ਅਤੇ ਇਸ ਦੀ ਮੁੜ ਜ਼ਰੂਰਤ ਨਹੀਂ ਪੈਂਦੀ।

ਇਹੀ ਜਾਣਕਾਰੀ ਅਰਾਈਵਕੈਨ ਐਪ ਰਾਹੀਂ ਕੈਨੇਡਾ ‘ਚ ਦਾਖ਼ਲ ਹੋਣ ਤੋਂ 48 ਘੰਟੇ ਪਹਿਲਾਂ ਹੀ ਦਰਜ ਹੋ ਜਾਂਦੀ ਹੈ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਇਸ ਮਹੀਨੇ ਦੇ ਸ਼ੁਰੂ ‘ਚ ਦੱਸਿਆ ਸੀ ਕਿ ਡਰਾਈਵਰਾਂ ਨੂੰ ਐਪ ਦੀ ਤਸਦੀਕ ਪ੍ਰਕਿਰਿਆ ਸਮੇਂ ਸਮੱਸਿਆਵਾਂ ਪੇਸ਼ ਆ ਰਹੀਆਂ ਸਨ। ਹਾਲਾਂਕਿ ਇਸ ਦੇ ਹੱਲ ਲਈ ਡਰਾਈਵਰਾਂ ਨੂੰ ਐਪ ਦਾ 2.0.25 ਸੰਸਕਰਣ ਡਾਊਨਲੋਡ ਕਰਨ ਲਈ ਕਿਹਾ ਗਿਆ ਸੀ ਜਿਸ ਨਾਲ ਸਮੱਸਿਆ ਦੂਰ ਹੋ ਜਾਂਦੀ ਹੈ।

ਇੱਕ ਸੰਬੰਧਤ ਬੁਲੇਟਿਨ ‘ਚ ਓ.ਟੀ.ਏ. ਨੇ ਕਿਹਾ, ”ਕਮਰਸ਼ੀਅਲ ਡਰਾਈਵਰਾਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਉਹ ਐਪ ਨੂੰ ਨਿਰੰਤਰ ਅਪਡੇਟ ਕਰਦੇ ਰਹਿਣ ਤਾਂ ਕਿ ਕਿਸੇ ਵੀ ਕਮੀ ਤੋਂ ਨਿਜਾਤ ਪਾਈ ਜਾ ਸਕੇ।”

ਪ੍ਰਾਈਵੇਟ ਮੋਟਰ ਕਾਊਂਸਿਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਵੀ ਸੰਪਰਕ ਲੱਭਣ ਦੇ ਕਈ ਤਰੀਕਿਆਂ ਦਾ ਸਮਰਥਨ ਕਰ ਰਹੀ ਹੈ ਜਿਨ੍ਹਾਂ ‘ਚ ਟਰੱਕ ਜੀ.ਪੀ.ਐਸ. ਅਤੇ ਈ.ਐਲ.ਡੀ. ਅੰਕੜੇ ਸ਼ਾਮਲ ਹਨ।

ਪ੍ਰਾਈਵੇਟ ਫ਼ਲੀਟਸ ਦੀ ਪ੍ਰਤੀਨਿਧਗੀ ਕਰਨ ਵਾਲੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇ ਕਿਹਾ, ”ਅਰਾਈਵਕੈਨ ਐਪ ਨੂੰ ਡਾਊਨਲੋਡ ਕਰ ਕੇ ਡਰਾਈਵਰ ਸਰਹੱਦ ‘ਤੇ ਆਪਣਾ ਸਮਾਂ ਬਚਾ ਸਕਦੇ ਹਨ ਅਤੇ ਇਹ ਯਕੀਨੀ ਕਰ ਕੇ ਆਪਣੀ ਸੁਰੱਖਿਆ ਵੀ ਕਰ ਸਕਦੇ ਹਨ ਕਿ ਜੇਕਰ ਉਹ ਕੋਵਿਡ-19 ਦੇ ਕਿਸੇ ਮਰੀਜ਼ ਦੇ ਸੰਪਰਕ ‘ਚ ਆਏ ਹਨ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਆਪਣੀ ਜਾਂਚ ਕਰਵਾਉਣ ਬਾਰੇ ਸੂਚਿਤ ਕੀਤਾ ਜਾ ਸਕੇਗਾ।”

ਓਂਟਾਰੀਓ ਦੇ ਉਸਾਰੀ ਅਤੇ ਡਿਜ਼ਾਈਨ ਅਲਾਇੰਸ ਅਤੇ ਕੰਸਟਰੱਕਸ਼ਨ ਮੁਲਾਜ਼ਮ ਗਠਜੋੜ ਵੀ ਵਰਕਰਾਂ ਅਤੇ ਨਾਗਰਿਕਾਂ ਨੂੰ ਕੋਵਿਡ ਅਲਰਟ ਐਪ ਦੇ ਪ੍ਰਯੋਗ ਲਈ ਉਤਸ਼ਾਹਿਤ ਕਰ ਰਿਹਾ ਹੈ।

ਸੀ.ਈ.ਸੀ. ਦੇ ਚੇਅਰਮੈਨ ਅਤੇ ਓਂਟਾਰੀਓ ਜਨਰਲ ਕੋਂਟਰੈਕਟਰਸ ਐਸੋਸੀਏਸ਼ਨ ਦੇ ਡਾਇਰੈਕਟਰ ਡੇਵਿਡ ਫ਼ਰੇਮ ਨੇ ਕਿਹਾ, ”ਸਿਹਤ ਅਤੇ ਸੁਰੱਖਿਆ ਦਾ ਮਤਲਬ ਖ਼ਤਰਿਆਂ ਨੂੰ ਖ਼ਤਮ ਕਰਨਾ ਹੈ। ਜਿੱਥੇ ਖ਼ਤਰੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਉਥੇ ਇਸ ਤੋਂ ਬਚਣ ਦੇ ਉਪਾਅ ਕੀਤੇ ਜਾਣੇ ਚਾਹੀਦੇ ਹਨ। ਟਰੇਸਿੰਗ ਐਪਸ ਕੋਵਿਡ-19 ‘ਤੇ ਕਾਬੂ ਪਾਉਣ ਦੀ ਸਾਡੀ ਸਮਰੱਥਾ ਦਾ ਵਿਸਤਾਰ ਕਰਦੇ ਹਨ ਪਰ ਇਹ ਤਾਂ ਹੀ ਕੰਮ ਕਰਨਗੇ ਜੇਕਰ ਵੱਡੀ ਵੱਸੋਂ ਇਸ ਦਾ ਘਰਾਂ, ਕੰਮ ਦੇ ਸਥਾਨ ਅਤੇ ਖੇਡ ਦੇ ਸਥਾਨ ‘ਤੇ ਹਿੱਸਾ ਬਣੇ।”

ਓਂਟਾਰੀਓ ਦੇ ਪ੍ਰੀਮੀਅਰ ਡੱਗ ਫ਼ੋਰਡ ਨੇ ਕੋਵਿਡ ਅਲਰਟ ਐਪ ਨੂੰ ”ਸਾਡੀ ਸੰਪਰਕ ਪ੍ਰਬੰਧਨ ਰਣਨੀਤੀ ਦੀ ਨਾਜ਼ੁਕ ਕੜੀ” ਦੱਸਿਆ ਹੈ, ਜਿਸ ਵੇਲੇ ਸੂਬਾ ਪਾਬੰਦੀਆਂ ਹਟਾਉਣ ਦੀ ਪ੍ਰਕਿਰਿਆ ‘ਚ ਹੈ।

ਜੇਕਰ ਕੋਈ ਕੋਵਿਡ ਅਲਰਟ ਐਪ ਪ੍ਰਯੋਗਕਰਤਾ ਕੋਵਿਡ-19 ਤੋਂ ਪ੍ਰਭਾਵਤ ਹੁੰਦਾ ਹੈ ਤਾਂ ਉਹ ਸੂਬੇ ਦੇ ਟੈਸਟ ਨਤੀਜਿਆਂ ਵਾਲੀ ਵੈੱਬਸਾਈਟ ‘ਤੇ ਉਸ ਦੀ ਜਾਣਕਾਰੀ ਦੇ ਦੇਣਗੇ। ਇੱਥੋਂ ਪਿਛਲੇ 14 ਦਿਨਾਂ ਤੋਂ ਜੋ ਵੀ ਪ੍ਰਯੋਗਕਰਤਾ ਉਸ ਵਿਅਕਤੀ ਕੋਲ ਘੱਟ ਤੋਂ 15 ਮਿੰਟਾਂ ਲਈ ਦੋ ਮੀਟਰ ਦੇ ਘੇਰੇ ‘ਚ ਸਨ ਤਾਂ ਉਸ ਨੂੰ ਸੰਦੇਸ਼ ਭੇਜਿਆ ਜਾਵੇਗਾ, ਪਰ ਇਸ ‘ਚ ਪ੍ਰਯੋਗਕਰਤਾ ਦੇ ਸਥਾਨ ਅਤੇ ਸਮੇਂ ਦਾ ਵੇਰਵਾ ਨਸ਼ਰ ਨਹੀਂ ਕੀਤਾ ਜਾਂਦਾ ਹੈ।

ਅਰਾਈਵਕੈਨ ਐਪ ਨੂੰ ਮੁਫ਼ਤ ‘ਚ ਆਈ.ਓ.ਐਸ. ਜਾਂ ਐਂਡਰਾਇਡ ਮੋਬਾਈਲ ਫ਼ੋਨਾਂ ‘ਤੇ ਡਾਊਨਲੋਡ ਕੀਤਾ ਜਾ ਸਕਦਾ ਹੈ ਜਾਂ ਇਸ ਨੂੰ ਵੈੱਬ ਫ਼ਾਰਮੈਟ ਰਾਹੀਂ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ।

ਕੋਵਿਡ ਅਲਰਟ ਐਪ ਵੀ ਮੁਫ਼ਤ ‘ਚ ਆਈ.ਓ.ਐਸ. ਅਤੇ ਐਂਡਰਾਇਡ ਮੋਬਾਈਲ ਫ਼ੋਨਾਂ ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।