ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਆਈ.ਐਚ.ਐਸ.ਏ. ਵੱਲੋਂ ਢੋਆ-ਢੁਆਈ ਸੈਕਟਰ ਲਈ ਹਦਾਇਤਾਂ ਜਾਰੀ

Avatar photo

ਆਵਾਜਾਈ ਖੇਤਰ ਲਈ ਮੁੱਢਲਾ ਢਾਂਚਾ ਸਿਹਤ ਅਤੇ ਸੁਰੱਖਿਆ ਐਸੋਸੀਏਸ਼ਨ (ਆਈ.ਐਚ.ਐਸ.ਏ.) ਨੇ ਓਂਟਾਰੀਓ ਦੇ ਕਿਰਤ ਮੰਤਰਾਲੇ ਦੀ ਸਾਂਝੇਦਾਰੀ ਨਾਲ ਕੋਵਿਡ-19 ਬਾਰੇ ਮੁਫ਼ਤ ‘ਚ ਹਦਾਇਤਾਂ ਦੀ ਇਕ ਲੜੀ ਜਾਰੀ ਕੀਤੀ ਹੈ।

ਆਵਾਜਾਈ ਖੇਤਰ ਲਈ ਜਾਰੀ ਇਨ੍ਹਾਂ ਹਦਾਇਤਾਂ ‘ਚ ਸਰੀਰਕ ਦੂਰੀ ਕਾਇਮ ਰੱਖਣ, ਠੀਕ ਤਰੀਕੇ ਨਾਲ ਹੱਥ ਸਾਫ਼ ਕਰਨ ਵਰਗੀਆਂ ਸਾਫ਼-ਸਫ਼ਾਈ ਦੀਆਂ ਆਦਤਾਂ ਪਾਉਣ, ਮੋਬਾਈਲ ਫ਼ੋਨ ਵਰਗੇ ਸੰਪਰਕ ਉਪਕਰਨ ਸਾਂਝੇ ਨਾ ਕਰਨ, ਪੈੱਨਾਂ ਅਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਨੂੰ ਸਾਂਝਾ ਨਾ ਕਰਨ ਅਤੇ ਸਿਹਤ ਠੀਕ ਨਾ ਹੋਣ ‘ਤੇ ਘਰ ਰਹਿਣ ਵਰਗੇ ਉਪਾਅ ਕਰਨ ‘ਤੇ ਜ਼ੋਰ ਦਿੱਤਾ ਹੈ।

ਕੁੱਝ ਹੋਰ ਆਮ ਵਰਤੋਂ ‘ਚ ਆਉਣ ਵਾਲੀਆਂ ਗੱਲਾਂ ‘ਚ ਕਿਹਾ ਗਿਆ ਹੈ:

  • ਵਾਇਰਸ ਦੇ ਫੈਲਾਅ ਨੂੰ ਘੱਟ ਤੋਂ ਘੱਟ ਕਰਨ ਲਈ ਕਈ ਮੁਲਾਜ਼ਮਾਂ ਵਲੋਂ ਇੱਕ ਹੀ ਗੱਡੀ ਨੂੰ ਵਰਤਣ ਦੀ ਗਿਣਤੀ ਘੱਟ ਤੋਂ ਘੱਟ ਕਰਨਾ।
  • ਇਹ ਯਕੀਨੀ ਕਰਨਾ ਕਿ ਡਰਾਈਵਰਾਂ ਕੋਲ ਢੁਕਵੀਂ ਮਾਤਰਾ ‘ਚ ਡਿਸਇਨਫ਼ੈਕਟੈਂਟ, ਹੈਂਡ ਸੈਨੇਟਾਈਜ਼ਰ, ਵਿਅਕਤੀਗਤ ਸੁਰੱਖਿਆ ਉਪਕਰਨ (ਪੀ.ਪੀ.ਈ.) ਅਤੇ ਹੋਰ ਸਾਮਾਨ ਹੈ ਜੋ ਕਿ ਉਨ੍ਹਾਂ ਦੀਆਂ ਗੱਡੀਆਂ ‘ਚ ਬਹੁਤ ਜ਼ਿਆਦਾ ਛੂਹੇ ਜਾਣ ਵਾਲੀਆਂ ਥਾਵਾਂ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ।
  • ਜਿੰਨਾ ਹੋ ਸਕੇ ਆਹਮੋ-ਸਾਹਮਣੇ ਸੰਪਰਕ ਤੋਂ ਬਚਣਾ, ਅਤੇ ਲੋਡ ਨੂੰ ਚੜ੍ਹਾਉਣ, ਉਤਾਰਨ ਜਾਂ ਜਾਂਚ ਕਰਦੇ ਸਮੇਂ ਕੈਬ ਅੰਦਰ ਜਾਂ ਉਡੀਕ ਕਰਨ ਲਈ ਬਣਾਈ ਥਾਂ ਅੰਦਰ ਰਹਿਣਾ।
  • ਸਿਹਤਮੰਦ ਭੋਜਨ ਕਰਨਾ ਅਤੇ ਜ਼ਰੂਰਤ ਅਨੁਸਾਰ ਆਰਾਮ ਕਰਨ ਨਾਲ ਕਸਰਤ ਕਰਨਾ ਤਾਂ ਕਿ ਸਰੀਰਕ ਅਤੇ ਮਾਨਸਿਕ ਸਿਹਤ ਕਾਇਮ ਰਹੇ।

ਆਰਾਮ ਘਰਾਂ ਅਤੇ ਥਕਾਵਟ ਦੂਰ ਕਰਨ ਲਈ ਰੁਕੇ ਡਰਾਈਵਰਾਂ ਲਈ ਵਾਧੂ ਅਹਿਤਿਆਤੀ ਉਪਾਅ ਵੀ ਦੱਸੇ ਗਏ ਹਨ। ਫ਼ਿਊਲ ਭਰਵਾਉਣ ਸਮੇਂ ਦਸਤਾਨਿਆਂ ਵਰਗੇ ਪੀ.ਪੀ.ਈ. ਦੀ ਵਰਤੋਂ ਕਰਨਾ ਜਾਂ ਪੰਪ ਦੇ ਹੈਂਡਲ ਨੂੰ ਡਿਸਇਨਫ਼ੈਕਟੈਂਟ ਵਾਇਪਸ ਨਾਲ ਪੂੰਝਣਾ। ਜੇਕਰ ਨਿਯਮਤ ਸਟਾਪ ਬੰਦ ਹਨ ਤਾਂ ਖਾਣ-ਪੀਣ ਦਾ ਸਮਾਨ ਕੋਲ ਹੀ ਰੱਖਣਾ ਅਤੇ ਵਾਰ-ਵਾਰ ਵਰਤੋਂ ਕੀਤੇ ਜਾ ਸਕਣ ਵਾਲੇ ਮੱਗ ਦੀ ਵਰਤੋਂ ਤੋਂ ਬਚਣਾ ਅਜਿਹੀਆਂ ਹੋਰ ਸਲਾਹਾਂ ਹਨ ਜਿਸ ਨਾਲ ਇਸ ਵਾਇਰਸ ਨੂੰ ਫੈਲਣ ਦੀ ਦਰ ਘੱਟ ਕੀਤੀ ਜਾ ਸਕਦੀ ਹੈ।