ਕੋਵਿਡ-19 ਸੰਕਟ ‘ਚੋਂ ਬਾਹਰ ਨਿਕਲਣ ‘ਚ ਮੱਦਦ ਦੀ ਮੰਗ ਲਈ ਨਿਰਮਾਤਾਵਾਂ ਨੂੰ ਮਿਲਿਆ ਸੀ.ਟੀ.ਈ.ਏ. ਦਾ ਸਾਥ

Avatar photo

ਕੈਨੇਡੀਅਨ ਟਰਾਂਸਪੋਰਟੇਸ਼ਨ ਇਕੁਇਪਮੈਂਟਸ ਐਸੋਸੀਏਸ਼ਨ (ਸੀ.ਟੀ.ਈ.ਏ.) ਦੇ ਨਾਲ ਮਿਲ ਕੇ ਕੈਨੇਡੀਅਨ ਨਿਰਮਾਤਾ ਗਰੁੱਪਾਂ ਦੇ ਗੱਠਜੋੜ ਨੇ ਕੋਵਿਡ-19 ਕਰ ਕੇ ਪੈਦਾ ਹੋਏ ਆਰਥਕ ਸੰਕਟ ਤੋਂ ਬਾਹਰ ਨਿਕਲਣ ਲਈ ਰੈਗੂਲੇਟਰੀ ਮੱਦਦ ਦੀ ਮੰਗ ਕੀਤੀ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੀ ਇੱਕ ਚਿੱਠੀ ‘ਚ ਉਨ੍ਹਾਂ ਕਿਹਾ ਹੈ, ”ਅਸੀਂ ਅਜੇ ਸੰਕਟ ‘ਚੋਂ ਬਾਹਰ ਨਹੀਂ ਨਿਕਲੇ ਹਾਂ।” ਉਨ੍ਹਾਂ ਪ੍ਰਧਾਨ ਮੰਤਰੀ ਦਾ ਧਿਆਨ ਕੈਨੇਡੀਅਨ ਐਮਰਜੈਂਸੀ ਵੇਜ ਸਬਸਿਡੀ ਅਤੇ ਕੈਨੇਡੀਅਨ ਕਮਰਸ਼ੀਅਲ ਰੈਂਟ ਅਸਿਸਟੈਂਸ ਪ੍ਰੋਗਰਾਮਾਂ ਵਰਗੇ ਰਾਹਤ ਪ੍ਰੋਗਰਾਮਾਂ ਤਕ ਪਹੁੰਚ ਦੇਣ ਦੇ ਲਟਕ ਰਹੇ ਮੁੱਦਿਆਂ ਵਲ ਦਿਵਾਇਆ।

ਗਰੁੱਪ ਨੇ ਨਵੇਂ ਵਾਤਾਵਰਣ ਰੈਗੂਲੇਸ਼ਨ ਅਤੇ ਕਰਮਚਾਰੀਆਂ ਨੂੰ ਬਿਮਾਰ ਰਹਿਣ ਦੌਰਾਨ ਮਿਲਣ ਵਾਲੇ ਲਾਭਾਂ ਬਾਰੇ ਚਿੰਤਾਵਾਂ ਕਰ ਕੇ ਪਏ ਆਰਥਕ ਬੋਝ ਦੇ ਮੁੱਦਿਆਂ ਨੂੰ ਵੀ ਚੁੱਕਿਆ।

19 ਜੂਨ ਨੂੰ ਲਿਖੀ ਚਿੱਠੀ ‘ਚ ਉਨ੍ਹਾਂ ਲਿਖਿਆ ਹੈ, ”ਅਸੀਂ ਅਪੀਲ ਕਰਦੇ ਹਾਂ ਕਿ ਕਾਰੋਬਾਰਾਂ ‘ਤੇ ਇਸ ਕਰ ਕੇ ਪੈਣ ਵਾਲੇ ਵੱਡੇ ਬੋਝ ਵੱਲ ਅਤੇ ਨਵੇਂ ਨਿਯਮਾਂ ਨੂੰ ਅਪਨਾਉਣ ‘ਚ ਉਨ੍ਹਾਂ ਦੀ ਸੀਮਤ ਸਮਰੱਥਾ ਵੱਲ ਧਿਆਨ ਦਿੱਤਾ ਜਾਵੇ, ਜਿਨ੍ਹਾਂ ਨਾਲ ਉਨ੍ਹਾਂ ਦੇ ਕਾਰੋਬਾਰ ਦੀ ਸਮਰੱਥਾ ਅਤੇ ਮੁਕਾਬਲੇਬਾਜ਼ੀ ‘ਚ ਕੋਈ ਸੁਧਾਰ ਨਹੀਂ ਹੁੰਦਾ ਹੈ।”

ਨਿਰਮਾਤਾਵਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਮੱਦਦ ਰੈਗੂਲੇਟਰੀ ਅਧਿਕਾਰ ਬਿੱਲ, ਕੌਮੀ ਨਿਰਮਾਣ ਰਣਨੀਤੀ, ਅਤੇ ਇਹ ਯਕੀਨੀ ਕਰ ਕੇ ਕੀਤੀ ਜਾਵੇ ਕਿ ਕਾਰੋਬਾਰਾਂ ‘ਤੇ ਇਸ ਅਨਿਸ਼ਚਿਤ ਆਰਥਕ ਦੌਰ ‘ਚ ਬੇਲੋੜਾ ਬੋਝ ਨਾ ਪਵੇ।

ਰਾਹਤ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਅਤੇ ਇਸ ਦਾ ਵਿਸਤਾਰ ਕਰਨ, ਟੈਕਸ ਅਦਾਇਗੀਆਂ ਮੁਲਤਵੀ ਕਰਨ ਦੀ ਮਿਤੀ ਵਧਾਉਣ ਅਤੇ ਗਾਹਕਾਂ ਦੀ ਖ਼ਰਚੇ ਵਧਾਉਣ ਲਈ ਪਹਿਲ ਕਰਨ ਦੀਆਂ ਕਈ ਮੰਗਾਂ ਉੱਠ ਚੁੱਕੀਆਂ ਹਨ। ਉਨ੍ਹਾਂ ਨੇ ਹੋਰ ਜ਼ਿਆਦਾ ਸਰਕਾਰੀ ਖ਼ਰੀਦ ਅਤੇ ‘ਮੇਡ ਇਨ ਕੈਨੇਡਾ’ ਮੁਹਿੰਮ ਚਲਾਉਣ ਦੀ ਵੀ ਮੰਗ ਕੀਤੀ ਹੈ।

ਨਿਰਮਾਤਾਵਾਂ ਦਾ ਕਹਿਣਾ ਹੈ ਕਿ ਧਿਆਨ ਕਾਰੋਬਾਰ ਦੀ ਲਾਗਤ ਘੱਟ ਕਰਨ, ਖੇਤਰੀ ਕੀਮਤ ਲੜੀ ਨੂੰ ਬਿਹਤਰ ਕਰਨ ਅਤੇ ਕੁਦਰਤੀ ਸਰੋਤਾਂ ਦਾ ਲਾਹਾ ਲੈਣ ਵੱਲ ਹੋਣਾ ਚਾਹੀਦਾ ਹੈ।

ਇਸ ਚਿੱਠੀ ‘ਤੇ ਹਸਤਾਖ਼ਰ ਕਰਨ ਵਾਲੇ ਹੋਰ ਵਿਅਕਤੀਆਂ ‘ਚ 22 ਕੌਮੀ ਨਿਰਮਾਤਾ ਐਸੋਸੀਏਸ਼ਨਾਂ ਸ਼ਾਮਲ ਹਨ, ਜੋ ਕਿ ਸਿਹਤ ਅਤੇ ਗਾਹਕ ਉਤਪਾਦ, ਪੈਟਰੋਲੀਅਮ ਉਦਯੋਗ, ਆਟੋਮੋਟਿਵ, ਟੂਲਿੰਗ ਐਂਡ ਮਸ਼ੀਨਿੰਗ ਅਤੇ ਹੋਰ ਉਦਯੋਗਾਂ ਦੀ ਪ੍ਰਤੀਨਿਧਗੀ ਕਰਦੇ ਹਨ। ਸੀ.ਟੀ.ਈ.ਏ. ਮੈਂਬਰਾਂ ‘ਚ ਟਰੇਲਰ ਅਤੇ ਵਿਸ਼ੇਸ਼ ਗੱਡੀਆਂ ਦੇ ਨਿਰਮਾਤਾ ਸ਼ਾਮਲ ਹਨ।

ਇਹ ਮੁੱਦਾ ਅਗਲੇ ਹਫ਼ਤੇ ਵੀ ਨਿਰਮਾਤਾਵਾਂ ਅਤੇ ਸੰਸਦ ਮੈਂਬਰਾਂ ਵਿਚਕਾਰ ਆਨਲਾਈਨ ਲਾਬੀ ਦਿਵਸ ਦੌਰਾਨ ਚਰਚਾ ਦਾ ਵਿਸ਼ਾ ਰਹਿਣ ਦੀ ਉਮੀਦ ਹੈ।