ਗੁੱਡਯੀਅਰ ਅਤੇ ਗਤਿਕ ਨੇ ਖ਼ੁਦਮੁਖਤਿਆਰ ਟਰੱਕ ਟਾਇਰਾਂ ’ਤੇ ਭਾਈਵਾਲੀ ਸ਼ੁਰੂ ਕੀਤੀ

Avatar photo

ਗੁੱਡਯੀਅਰ ਅਤੇ ਆਟੋਨੋਮਸ (ਖ਼ੁਦਮੁਖਤਿਆਰ) ਟਰੱਕ ਵਿਕਸਤ ਕਰਨ ਵਾਲੀ ਕੰਪਨੀ ਗਤਿਕ ਨੇ ਖ਼ੁਦਮੁਖਤਿਆਰ ਬੀ2ਬੀ ਸ਼ਾਰਟ-ਹੌਲ ਡਿਲੀਵਰੀਜ਼ ਲਈ ਕਈ ਸਾਲਾਂ ਦੇ ਇੱਕ ਕਰਾਰ ’ਤੇ ਹਸਤਾਖ਼ਰ ਕੀਤੇ ਹਨ।

(ਤਸਵੀਰ: ਗਤਿਕ)

ਗਤਿਕ ਨੇ ਕਿਹਾ ਕਿ ਇਸ ਨੇ ਉੱਤਰੀ ਅਮਰੀਕਾ ’ਚ ਪਹਿਲਾ ਖ਼ੁਦਮੁਖਤਿਆਰ ਮਿਡਲ ਮਾਈਲ ਲੋਜਿਸਟਿਕਸ ਨੈੱਟਵਰਕ ਸਥਾਪਤ ਕਰ ਲਿਆ ਹੈ ਅਤੇ ਇਹ ਆਪਣੇ ਸ਼੍ਰੇਣੀ 3-6 ਖ਼ੁਦਮੁਖਤਿਆਰ ਟਰੱਕਾਂ ਦੇ ਫ਼ਲੀਟ ਦਾ ਵਿਸਤਾਰ ਕਰ ਰਿਹਾ ਹੈ। ਓਂਟਾਰੀਓ ’ਚ ਇਹ ਖ਼ੁਦਮੁਖਤਿਆਰ ਲੋਕਲ ਡਿਲੀਵਰੀਜ਼ ’ਤੇ ਲੌਬਲੋ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਗੁੱਡਯੀਅਰ ਵੀ ਇਸ ਕੰਪਨੀ ’ਚ ਆਪਣੇ ਗੁੱਡਯੀਅਰ ਵੈਂਚਰਸ ਵੈਂਚਰ ਕੈਪੀਟਲ ਫ਼ੰਡ ਰਾਹੀਂ ਨਿਵੇਸ਼ ਕਰ ਰਿਹਾ ਹੈ। ਇਹ ਕੰਪਨੀ ਨੂੰ ਇੰਟੈਲੀਜੈਂਟ ਤਕਨਾਲੋਜੀ ਨਾਲ ਲੈਸ ਟਾਇਰ ਸਪਲਾਈ ਕਰੇਗਾ, ਜੋ ਕਿ ਗੁੱਡਯੀਅਰ ਸਾਈਟਲਾਈਨ ਨਾਲ ਸਮਰੱਥ ਬਣੇਗਾ, ਜੋ ਕਿ ਇੰਟੈਲੀਜੈਂਟ ਟਾਇਰ ਸਲਿਊਸ਼ਨਜ਼ ਦਾ ਇੱਕ ਸਮੂਹ ਹੈ।

ਕੰਪਨੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਖ਼ੁਦਮੁਖਤਿਆਰ ਗੱਡੀਆਂ ਦੇ ਰੁਕਣ ਦੀ ਦੂਰੀ ਨੂੰ ਘੱਟ ਕਰਨ ’ਤੇ ਕੰਮ ਕਰਨਗੀਆਂ, ਅਤੇ ਟਾਇਰਾਂ ’ਚ ਦਬਾਅ ਵਧਣ-ਘਟਣ ਦੀ ਤੁਰੰਤ ਜਾਣਕਾਰੀ ਦੇਣ ’ਤੇ ਕੰਮ ਕਰਨਗੀਆਂ।

ਗੁੱਡਯੀਅਰ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ, ਗਲੋਬਲ ਆਪਰੇਸ਼ਨਜ਼ ਅਤੇ ਚੀਫ਼ ਤਕਨਾਲੋਜੀ ਅਫ਼ਸਰ ਕਰਿਸ ਹੇਲਸੇਲ ਨੇ ਕਿਹਾ, ‘‘ਆਪਣੇ ਉੱਨਤ ਟਾਇਰ ਇੰਟੈਲੀਜੈਂਸ ਸਲਿਊਸ਼ਨਜ਼ ਦੀ ਮੱਦਦ ਨਾਲ ਗੁੱਡਯੀਅਰ ਖ਼ੁਦਮੁਖਤਿਆਰ ਆਵਾਜਾਈ ’ਚ ਗੱਡੀ ਦੀ ਕਾਰਗੁਜ਼ਾਰੀ ਅਤੇ ਸੁਰੱਖਿਆ ਨੂੰ ਬਿਹਤਰ ਕਰਨ ’ਚ ਮੱਦਦ ਕਰ ਸਕਦਾ ਹੈ। ਗੁੱਡਯੀਅਰ ਅਤੇ ਗਤਿਕ ਸਾਡੀਆਂ ਨਵੀਂਆਂ ਤਕਨਾਲੋਜੀਆਂ ਦੇ ਸੁਮੇਲ ਨਾਲ ਦਿਨੋ-ਦਿਨ ਮਹੱਤਵਪੂਰਨ ਹੁੰਦੇ ਜਾ ਰਹੇ ਮਿਡਲ ਮਾਈਲ ਖੇਤਰ ਨੂੰ ਹੋਰ ਜ਼ਿਆਦਾ ਕੁਸ਼ਲ ਬਣਾਉਣਗੇ।’’

ਗਤਿਕ ਦੇ ਸੀ.ਟੀ.ਓ. ਅਤੇ ਸਹਿ-ਸੰਸਥਾਪਕ ਅਰਜੁਨ ਨਾਰੰਗ ਨੇ ਕਿਹਾ, ‘‘ਗੁੱਡਯੀਅਰ ਦੀ ਟਾਇਰ ਇੰਟੈਲੀਜੈਂਸ ਤਕਨਾਲੋਜੀ ਦੇ ਲਾਭ ਬਿਹਤਰ ਸੁਰੱਖਿਆ, ਬਿਹਤਰ ਕਾਰਗੁਜ਼ਾਰੀ ਅਤੇ ਘੱਟ ਕੀਮਤ ’ਚ ਲੁਕੇ ਹੋਏ ਹਨ – ਜੋ ਕਿ ਗਤਿਕ ਦੇ ਮਿਸ਼ਨ ਅਤੇ ਸਫ਼ਲਤਾ ਲਈ ਬਹੁਤ ਜ਼ਰੂਰੀ ਸਿਧਾਂਤ ਹਨ। ਇਹ ਸਾਂਝੇਦਾਰੀ ਸਾਨੂੰ ਆਪਣੇ ਗ੍ਰਾਹਕਾਂ ਨੂੰ ਦਿੱਤੇ ਜਾ ਰਹੇ ਲਾਭ ਨੂੰ ਹੋਰ ਵੱਧ ਕਰਨ ’ਚ ਮੱਦਦ ਕਰੇਗੀ ਅਤੇ ਬੀ2ਬੀ ਸ਼ਾਰਟ-ਹੌਲ ਖੇਤਰ ’ਚ ਸੁਰੱਖਿਆ ਅਤੇ ਟਿਕਾਊਪਨ ਦੇ ਨਵੇਂ ਮਾਨਕ ਸਥਾਪਤ ਕਰਨ ’ਚ ਮੱਦਦ ਕਰੇਗੀ।’’