ਗ੍ਰੀਨ ਟਰੱਕ ਤਕਨਾਲੋਜੀ ਲਈ ਮੇਨੀਟੋਬਾ ਨੇ ਹੋਰ ਫ਼ੰਡਿੰਗ ਮੁਹੱਈਆ ਕਰਵਾਈ

Avatar photo

ਹੈਵੀ ਟਰੱਕ ਫ਼ਿਊਲ-ਬੱਚਤ ਤਕਨਾਲੋਜੀਆਂ ਅਤੇ ਰੈਟਰੋਫ਼ਿਟਿੰਗ ਲਈ ਵਿੱਤੀ ਮੱਦਦ ਮੁਹੱਈਆ ਕਰਵਾਉਣ ਲਈ ਮੇਨੀਟੋਬਾ ਨੇ ਬਿਨੈ ਕਰਨ ਦਾ ਦੂਜਾ ਦੌਰ ਸ਼ੁਰੂ ਕਰ ਦਿੱਤਾ ਹੈ।

ਕਨਜ਼ਰਵੇਸ਼ਨ ਅਤੇ ਵਾਤਾਵਰਣ ਮੰਤਰੀ ਸਾਰਾਹ ਗੁਈਲੀਮਾਰਡ ਨੇ ਕਿਹਾ, ”ਸਾਡੇ ਸੂਬੇ ਅੰਦਰ ਗ੍ਰੀਨਹਾਊਸ-ਗੈਸ ਉਤਸਰਜਨ ਦਾ ਇੱਕ ਤਿਹਾਈ ਆਵਾਜਾਈ ਖੇਤਰ ਦੀ ਦੇਣ ਹੈ, ਇਸ ਲਈ ਅਸੀਂ ਉਦਯੋਗ ‘ਚ ਆਪਣੇ ਮਹੱਤਵਪੂਰਨ ਸਾਂਝੇਦਾਰਾਂ ਨਾਲ ਮਿਲ ਕੇ ਇਸ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਾਂ। ਆਵਾਜਾਈ ਖੇਤਰ ਨਾਲ ਸਾਡੀ ਬਹੁਤ ਵਧੀਆ ਸਾਂਝੇਦਾਰੀ ਰਹੀ ਹੈ ਅਤੇ ਅਸੀਂ ਇਸ ਉਦਯੋਗ ਨੂੰ ਮਿਲਣ ਵਾਲੀ ਮੱਦਦ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਨੂੰ ਉਤਸਰਜਨ ਦੇ ਟੀਚਿਆਂ ਨੂੰ ਪੂਰਾ ਕਰਨ ‘ਚ ਮੱਦਦ ਮਿਲ ਸਕੇ।”

ਤਸਵੀਰ : ਫ਼ਰੇਟ ਵਿੰਗ

ਮੇਨੀਟੋਬਾ ਦਾ ਬਿਹਤਰ ਟਰੱਕਿੰਗ ਪ੍ਰੋਗਰਾਮ ਫ਼ਿਊਲ ਦੀ ਬੱਚਤ ਕਰਨ ਵਾਲੇ ਉਪਕਰਨਾਂ ‘ਤੇ 50% ਤਕ ਦੀ ਛੋਟ ਮੁਹੱਈਆ ਕਰਵਾਉਂਦਾ ਹੈ, ਜਿਵੇਂ ਕਿ ਆਈਡੀਅਲਿੰਗ ਤਕਨਾਲੋਜੀਆਂ, ਲੋ-ਰੋਲਿੰਗ ਰੈਜਿਸਟੈਂਸ ਟਾਇਰ ਅਤੇ ਟਰੇਲਰ ਸਕਰਟਾਂ। ਪ੍ਰਤੀ ਟਰੱਕ ਅਤੇ ਟਰੇਲਰ ਜੋੜੀ ‘ਤੇ 20,000 ਡਾਲਰ ਤਕ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।

ਪ੍ਰੋਵਿੰਸ ਨੇ ਇਸ ਪ੍ਰੋਗਰਾਮ ‘ਚ 5.9 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ, ਜਿਸ ਪ੍ਰਤੀ ਫ਼ੈਡਰਲ ਸਰਕਾਰ ਨੇ ਵੀ ਘੱਟ ਕਾਰਬਨ ਆਰਥਿਕਤਾ ਲੀਡਰਸ਼ਿਪ ਫ਼ੰਡ ਰਾਹੀਂ ਏਨਾ ਹੀ ਯੋਗਦਾਨ ਦਿੱਤਾ ਹੈ।

ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਟੈਰੀ ਸ਼ਾਅ ਨੇ ਕਿਹਾ, ”ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ ਨੂੰ ਇਹ ਵੇਖ ਕੇ ਖ਼ੁਸ਼ੀ ਹੈ ਕਿ ਇਹ ਪ੍ਰੋਗਰਾਮ ਅੱਗੇ ਵੱਧ ਰਿਹਾ ਹੈ ਅਤੇ ਹੋਰ ਜ਼ਿਆਦਾ ਆਪਰੇਟਰ ਇਸ ਪਹਿਲ ‘ਚ ਹਿੱਸਾ ਲੈਣ ਦੇ ਸਮਰੱਥ ਹੋ ਰਹੇ ਹਨ। ਆਵਾਜਾਈ ਉਦਯੋਗ ਸਪਲਾਈ ਚੇਨ ਦਾ ਵੱਡਾ ਹਿੱਸਾ ਹੈ, ਵਿਸ਼ੇਸ਼ ਕਰ ਕੇ ਕੋਵਿਡ-19 ਮਹਾਂਮਾਰੀ ਦੌਰਾਨ, ਅਤੇ ਅਸੀਂ ਫ਼ਿਊਲ ਬੱਚਤ ਵੱਧ ਕਰਨ ਅਤੇ ਗ੍ਰੀਨਹਾਊਸ ਗੈਸ ਉਤਸਰਜਨ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ।”