ਚੰਗੇ ਸੰਬੰਧਾਂ ’ਤੇ ਟਿਕੀ ਹੋਈ ਹੈ ਕੂਨਰ ਦੀ ਤਰੱਕੀ

Avatar photo

ਚੰਗੇ ਸੰਬੰਧ ਸਥਾਪਤ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਦੀ ਮੱਦਦ ਨਾਲ ਸੁੱਖ ਕੂਨਰ ਨੇ ਆਪਣੇ ਕਾਰੋਬਾਰ ਨੂੰ ਬੜੀ ਤੇਜ਼ੀ ਨਾਲ ਖੜ੍ਹਾ ਕੀਤਾ ਅਤੇ ਫੈਲਾਇਆ ਹੈ।

ਐਸ.ਐਸ.ਪੀ. ਗਰੁੱਪ ਆਫ਼ ਕੰਪਨੀਜ਼ ਦੇ ਇਸ ਮਾਲਕ ਨੇ 2015 ’ਚ ਦੋ ਗੱਡੀਆਂ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ। ਹੁਣ ਉਨ੍ਹਾਂ ਦੇ ਫ਼ਲੀਟ ’ਚ 155 ਟਰੱਕ ਹਨ।

ਉਨ੍ਹਾਂ ਦਾ ਕਹਿਣਾ ਹੈ, ‘‘ਜੇਕਰ ਤੁਹਾਡੇ ਸੰਬੰਧ ਗ੍ਰਾਹਕਾਂ, ਡਰਾਈਵਰਾਂ ਅਤੇ ਮੁਲਾਜ਼ਮਾਂ ਨਾਲ ਚੰਗੇ ਨਹੀਂ ਹਨ ਤਾਂ ਤੁਹਾਡਾ ਕੰਮ ਨਹੀਂ ਚੱਲ ਸਕਦਾ। ਸੰਬੰਧ ਹੀ ਤੁਹਾਨੂੰ ਸਫ਼ਲ ਬਣਾਉਂਦੇ ਹਨ।’’

ਕੂਨਰ ਹਰ ਰੋਜ਼ ਕੰਮ ਕਰਨ ਲਈ ਉਤਸ਼ਾਹਿਤ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਕਈ ਕਰਾਰ ਪੂਰੇ ਕਰਨੇ ਹੁੰਦੇ ਹਨ। ‘‘ਮੈਂ ਆਪਣੇ ਮੁਲਾਜ਼ਮਾਂ, ਗ੍ਰਾਹਕਾਂ ਅਤੇ ਡਰਾਈਵਰਾਂ ਨੂੰ ਜਵਾਬ ਦੇਣਾ ਹੁੰਦਾ ਹੈ।’’

ਉਨ੍ਹਾਂ ਕਿਹਾ ਕਿ ਮੁਲਾਜ਼ਮ ਵੀ ਸਮੱਸਿਆਵਾਂ ਦਾ ਹੱਲ ਕੱਢ ਸਕਦੇ ਹਨ, ਪਰ ਜੇਕਰ ਉਹ ਤੁਹਾਨੂੰ ਨਹੀਂ ਵੇਖਦੇ ਹਨ ਤਾਂ ਉਨ੍ਹਾਂ ਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਕੀ ਕਰ ਰਹੇ ਹੋ। ਉਨ੍ਹਾਂ ਕਿਹਾ, ‘‘ਮੈਨੂੰ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਉਨ੍ਹਾਂ ਕੋਲ ਹਮੇਸ਼ਾ ਤਾਜ਼ਾ ਜਾਣਕਾਰੀ ਰਹੇ।’’

ਕੂਨਰ ਪੰਜਾਬ, ਭਾਰਤ ਤੋਂ 1997 ’ਚ ਕੈਨੇਡਾ ਪੁੱਜੇ ਸਨ। ਉਨ੍ਹਾਂ ਕਿਹਾ, ‘‘ਮੇਰੇ ਕੋਲ ਜ਼ਿਆਦਾ ਬਦਲ ਨਹੀਂ ਸਨ, ਇਸ ਲਈ ਮੈਂ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।’’

ਉਨ੍ਹਾਂ ਨੇ ਲਗਭਗ ਦੋ ਦਹਾਕਿਆਂ ਤੱਕ ਖੇਤਰੀ ਪੱਧਰ ’ਤੇ ਅਤੇ ਪੂਰੇ ਕੈਨੇਡਾ ਅਤੇ ਅਮਰੀਕਾ ’ਚ ਡਰਾਈਵਿੰਗ ਕੀਤੀ, ਜਿਸ ਤੋਂ ਬਾਅਦ 2015 ’ਚ ਉਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ।

ਉਨ੍ਹ੍ਹਾਂ ਦਾ ਕੈਰੀਅਰ ਫ਼ਲੈਟਬੈੱਡ, ਸਟੈੱਪ ਡੈੱਕ ਅਤੇ ਡਬਲ ਡਰਾਪ ਸੇਵਾਵਾਂ ’ਚ ਮੁਹਾਰਤ ਰੱਖਦਾ ਹੈ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਓਂਟਾਰੀਓ ਦੇ ਮਿਲਟਨ ਅਤੇ ਇੰਗਰਸੋਲ ’ਚ, ਕਿਊਬੈੱਕ ਦੇ ਮਾਂਟ੍ਰਿਆਲ, ਲਾਰੇਡੋ, ਟੈਕਸਾਸ ਅਤੇ ਮੋਂਟੇਰੀ, ਮੈਕਸੀਕੋ ’ਚ ਚਲਦੀਆਂ ਹਨ।

ਕੰਪਨੀ ਓਂਟਾਰੀਓ, ਕਿਊਬੈੱਕ, ਨਿਊ ਬਰੂੰਸ਼ਵਿਕ, ਨੋਵਾ ਸਕੋਸ਼ੀਆ ਅਤੇ ਨਿਊਫ਼ਾਊਂਡਲੈਂਡ ’ਚ ਰੂਟ ਚਲਾਉਂਦੀ ਹੈ। ਅਮਰੀਕਾ ’ਚ, ਮੁੱਖ ਗੇੜਾ ਮੈਕਸੀਕੋ ਦਾ ਹੁੰਦਾ ਹੈ, ਹਾਲਾਂਕਿ ਦੱਖਣ ਦੇ ਹੋਰ ਹਿੱਸਿਆਂ ’ਚ ਵੀ ਕੰਮ ਆਉਂਦਾ ਰਹਿੰਦਾ ਹੈ। ਟਰੇਲਰਾਂ ਨੂੰ ਫਲ਼ੀਟ ਪਾਰਟਨਰ ਅਮਰੀਕਾ ਦੀ ਸਰਹੱਦ ਤੋਂ ਪਿਕਅੱਪ ਕਰ ਕੇ ਮੈਕਸੀਕੋ ਤੱਕ ਖਿੱਚਦੇ ਹਨ।

ਐਸ.ਐਸ.ਪੀ. ਗਰੁੱਪ ਆਫ਼ ਕੰਪਨੀਜ਼ ਦੇ ਮਾਲਕ ਸੁੱਖ ਕੂਨਰ। ਤਸਵੀਰ: ਲੀਓ ਬਾਰੋਸ

ਕੂਨਰ ਨੇ ਕਿਹਾ ਕਿ ਘਰ ’ਚ ਉਸ ਦੇ ਪਰਿਵਾਰ ਦੀ ਮੱਦਦ ਕਰਕੇ ਉਹ ਆਪਣੇ ਕਾਰੋਬਾਰ ’ਤੇ ਧਿਆਨ ਕੇਂਦਰਿਤ ਕਰ ਸਕਿਆ ਹੈ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ, ਯੂਨੀਵਰਸਿਟੀ ’ਚ ਪੜ੍ਹਦੀ ਧੀ, ਨਾਬਾਲਗ ਮੁੰਡਾ ਅਤੇ ਉਨ੍ਹਾਂ ਦੇ ਮਾਪੇ ਸ਼ਾਮਲ ਹਨ।

ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵੀ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਇਸ ਕਾਰੋਬਾਰ ’ਚ ਹੱਥ ਵਟਾਉਣ।

ਕੂਨਰ ਨੇ ਕਿਹਾ, ‘‘ਉਨ੍ਹਾਂ ਨੂੰ ਕੋਈ ਵਿਸ਼ੇਸ਼ ਰੁਤਬਾ ਨਹੀਂ ਮਿਲੇਗਾ। ਉਨ੍ਹਾਂ ਨੂੰ ਹੇਠਲੇ ਪੱਧਰ ਤੋਂ ਕੰਮ ਸ਼ੁਰੂ ਕਰਨਾ ਹੋਵੇਗਾ।’’

ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਇਹ ਨਹੀਂ ਲਗਣਾ ਚਾਹੀਦਾ ਕਿ ਜੇਕਰ ਕੰਪਨੀ ’ਚ ਤਰੱਕੀ ਕਰਨ ਦਾ ਕੋਈ ਮੌਕਾ ਹੈ ਤਾਂ ਉਹ ਮਾਲਕ ਦੇ ਬੱਚਿਆਂ ਨੂੰ ਮਿਲੇਗਾ। ਉਨ੍ਹਾਂ ਕਿਹਾ, ‘‘ਜੇਕਰ ਕੋਈ ਮੌਕਾ ਹੈ ਤਾਂ ਇਹ ਕਾਬਲ ਵਿਅਕਤੀ ਨੂੰ ਹੀ ਮਿਲੇਗਾ। ਮੈਂ ਆਪਣੇ ਮੁਲਾਜ਼ਮਾਂ ਨੂੰ ਤਰੱਕੀ ਕਰਨ ਦਾ ਮੌਕਾ ਦਿੰਦਾ ਹਾਂ।’’

ਕੂਨਰ ਨੇ ਪਿੱਛੇ ਜਿਹੇ ਦੋ ਟਰਾਂਸਪੋਰਟ ਕੰਪਨੀਆਂ ਨੂੰ ਖ਼ਰੀਦ ਲਿਆ – ਫ਼ੈਲੋਸ ਟਰਾਂਸ ਅਤੇ ਨਿਊ ਇੰਗਲੈਂਡ ਸਟੀਲ ਹੌਲਰਸ। ਉਹ ਇੱਕ ਹੋਰ ਕੰਪਨੀ ਨੂੰ ਖ਼ਰੀਦਣ ਬਾਰੇ ਵੀ ਸੋਚ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਫ਼ਲੀਟ ’ਚ 50 ਟਰੱਕਾਂ ਦਾ ਵਾਧਾ ਹੋਵੇਗਾ।

ਕੰਪਨੀ ਦਾ ਇੱਕ ਲੋਜਿਸਟਿਕਸ ਡਿਵੀਜ਼ਨ – ਐਸ.ਐਸ.ਪੀ. ਗਲੋਬਲ ਫ਼ਾਰਵਾਰਡਿੰਗ ਵੀ ਹੈ।

ਕੀ ਏਨੀ ਤੇਜ਼ੀ ਨਾਲ ਵਿਕਾਸ ਕਰਨ ’ਚ ਕੋਈ ਖ਼ਤਰਾ ਤਾਂ ਨਹੀਂ? ਕੂਨਰ ਹੱਸਦਿਆਂ ਕਹਿੰਦੇ ਹਨ, ‘‘ਜੇ ਜ਼ਿੰਦਗੀ ’ਚ ਕੋਈ ਖ਼ਤਰਾ ਨਹੀਂ ਹੈ ਤਾਂ ਮਜ਼ਾ ਨਹੀਂ ਹੈ। ਜੇ ਮੈਂ ਖ਼ਤਰਾ ਨਾ ਚੁੱਕਿਆ ਹੁੰਦਾ ਤਾਂ ਮੈਂ ਅਜੇ ਵੀ ਟਰੱਕ ਡਰਾਈਵਿੰਗ ਕਰ ਰਿਹਾ ਹੁੰਦਾ। ਮੈਂ ਇਹ ਕਾਰੋਬਾਰ ਸ਼ੁਰੂ ਕਰ ਕੇ ਹੀ ਖ਼ਤਰਾ ਮੁੱਲ ਲਿਆ ਸੀ।’’

ਕੂਨਰ ਨੂੰ ਮਾਣ ਹੈ ਕਿ ਉਸ ਦੀ ਕੰਪਨੀ ਨੂੰ ਡਰਾਈਵ ਕਰਨ ਲਈ ਸਰਬੋਤਮ ਫ਼ਲੀਟ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਮਹਾਂਮਾਰੀ ਦੀ ਸ਼ੁਰੂਆਤ ’ਚ ਜਦੋਂ ਲੋਕ ਮਾਸਕ ਅਤੇ ਸੈਨੇਟਾਈਜ਼ਰ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਸਨ ਤਾਂ ਉਨ੍ਹਾਂ ਦੇ ਟਰੱਕਾਂ ਨੇ ਇਨ੍ਹਾਂ ਚੀਜ਼ਾਂ ਦੀ ਸਪਲਾਈ ਮੁਫ਼ਤ ’ਚ ਕੀਤੀ ਸੀ।

ਕੋਨੂਰ ਨੇ ਕਿਹਾ ਕਿ 2020 ਤੋਂ 2021 ਤਕ ਉਨ੍ਹਾਂ ਦੀ ਆਮਦਨ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ, ‘‘ਤੁਸੀਂ ਜੋ ਵੀ ਕੰਮ ਕਰੋ, ਆਪਣਾ 100% ਧਿਆਨ ਇਸ ’ਚ ਹੀ ਲਾਓ।’’

2020 ’ਚ ਉਨ੍ਹਾਂ ਨੇ ਲੋਜਿਸਟਿਕਸ ਕਾਰੋਬਾਰ ’ਚ ਨਿਵੇਸ਼ ਕਰਨਾ ਜਾਰੀ ਰੱਖਿਆ, ਜਿਸ ਕਰਕੇ ਉਨ੍ਹਾਂ ਦਾ ਰੈਵੀਨਿਊ 10 ਲੱਖ ਡਾਲਰ ਹੋ ਗਿਆ। ਇਸ ਸਾਲ ਉਨ੍ਹਾਂ ਨੂੰ 140 ਤੋਂ 150 ਲੱਖ ਡਾਲਰ ਦਾ ਰੈਵੀਨਿਊ ਹੋਣ ਦਾ ਅੰਦਾਜ਼ਾ ਹੈ।

ਕੂਨਰ ਨੇ ਕਿਹਾ, ‘‘ਸ਼ੁਰੂ ਦੇ ਕੁੱਝ ਮਹੀਨਿਆਂ ਦੌਰਾਨ, ਜੇ ਮੈਂ ਲੋਜਿਸਟਿਕਸ ਤੋਂ ਨਿਰਾਸ਼ ਹੋ ਗਿਆ ਹੁੰਦਾ ਅਤੇ ਆਪਣੇ ਸਰੋਤ ਟਰੱਕਿੰਗ ਕਾਰੋਬਾਰ ’ਚ ਲਾਉਂਦਾ ਤਾਂ ਮੈਨੂੰ ਸ਼ਾਇਦ ਇਹ ਮੌਕਾ ਨਾ ਮਿਲਦਾ। ਪਰ ਮੈਂ ਲੋਜਿਸਟਿਕਸ ਕਾਰੋਬਾਰ ’ਚ ਨਿਵੇਸ਼ ਕਰਨਾ ਜਾਰੀ ਰੱਖਿਆ।’’

ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ, ਟਰੱਕਰਸ ਇਸ ਕੰਮ ਨੂੰ ਸਿੱਖਣਾ ਅਤੇ ਸਮਝਣਾ ਚਾਹੁੰਦੇ ਸਨ, ਪਰ ਹੁਣ ਹਰ ਕੋਈ ਅਗਲੀ ਪੌੜੀ ਚੜ੍ਹਨਾ ਚਾਹੁੰਦਾ ਹੈ।

ਕੂਨਰ ਨੇ ਕਿਹਾ, ‘‘ਹਰ ਕੋਈ ਬਿਲ ਗੇਟਸ ਅਤੇ ਵਾਰੇਨ ਬਫ਼ੇ ਬਣਨਾ ਚਾਹੁੰਦਾ ਹੈ। ਉਹ ਕਈ ਸਾਲਾਂ ਦੀ ਮਿਹਨਤ ਨੂੰ ਨਹੀਂ ਵੇਖਦੇ। ਉਹ ਨਾਕਾਮਯਾਬੀਆਂ ਨੂੰ ਨਹੀਂ ਵੇਖਦੇ, ਸਿਰਫ਼ ਸਫ਼ਲਤਾਵਾਂ ਨੂੰ ਵੇਖਦੇ ਹਨ।’’

ਇਸ ਕਾਰੋਬਾਰ ’ਚ ਨਵੇਂ ਵਿਅਕਤੀਆਂ ਲਈ ਉਨ੍ਹਾਂ ਦੀ ਸਲਾਹ ਹੈ ਕਿ ਇੱਥੇ ਕਈ ਮੌਕੇ ਹਨ, ਇਸ ਲਈ ਚੰਗੀ ਟੀਮ ਬਣਾਉਣ ’ਤੇ ਧਿਆਨ ਕੇਂਦਰਤ ਕਰੋ। ਸ਼ੁਰੂ ਦੇ ਕੁੱਝ ਵਰ੍ਹੇ ਮੁਸ਼ਕਲ ਹੋਣਗੇ, ਫਿਰ ਤੁਹਾਨੂੰ ਸਫ਼ਲਤਾ ਦਾ ਫੱਲ ਚਖਣ ਦਾ ਮੌਕਾ ਮਿਲੇਗਾ।

ਉਨ੍ਹਾਂ ਕਿਹਾ, ‘‘ਲੋਕਾਂ ਨੂੰ ਲਗਦਾ ਹੈ ਕਿ ਦਿਨਾਂ ’ਚ ਹੀ ਕੰਮ ਚੱਲ ਜਾਵੇਗਾ। ਮਹੀਨਿਆਂ ’ਚ ਹੀ ਮੇਰੇ ਕੋਲ 100 ਟਰੱਕ ਹੋ ਜਾਣਗੇ। ਅਸਲ ’ਚ ਇਹ ਸਭ ਹੋਣ ਨੂੰ ਕਾਫ਼ੀ ਸਮਾਂ ਲਗਦਾ ਹੈ ਅਤੇ ਬਹੁਤ ਕੰਮ ਕਰਨਾ ਪੈਂਦਾ ਹੈ। ਸਖ਼ਤ ਮਿਹਨਤ ਹੀ ਉਹ ਚੀਜ਼ ਹੈ ਜੋ ਤੁਹਾਨੂੰ ਸਫ਼ਲ ਬਣਾਉਂਦੀ ਹੈ।’’

 

ਲੀਓ ਬਾਰੋਸ ਵੱਲੋਂ