ਛੇਤੀ ਮਿਲਣਗੇ : ਬਿਹਤਰ ਆਨਰੂਟ ਟਰੱਕ ਸਟਾਪ

Avatar photo
ਵੁੱਡਸਟਾਕ, ਓਂਟਾਰੀਓ ‘ਚ ਆਨਰੂਟ ਟਰੈਵਲ ਪਲਾਜ਼ਾ। (ਤਸਵੀਰ : ਆਨਰੂਟ)

ਟਰੱਕ ਸਟਾਪ ਆਪਰੇਟਰ ਆਨਰੂਟ ਆਪਣੇ ਗ੍ਰਾਹਕਾਂ ਨੂੰ ਬਿਹਤਰ ਸੇਵਾ ਦੇਣ ਲਈ ਕਈ ਕਦਮ ਚੁੱਕ ਰਿਹਾ ਹੈ, ਜਿਨ੍ਹਾਂ ‘ਚ ਇੱਥੇ ਮਿਲਣ ਵਾਲੇ ਭੋਜਨ ਦੀ ਸੂਚੀ ‘ਚ ਵਾਧਾ ਅਤੇ ਵੱਡੀ ਪਾਰਕਿੰਗ ਸ਼ਾਮਲ ਹੋਵੇਗੀ।

ਕੰਪਨੀ ਦੇ ਸੀ.ਈ.ਓ. ਨੇ ਰੋਡ ਟੂਡੇ ਨੂੰ ਦੱਸਿਆ, ”ਅਸੀਂ ਅਗਲੇ 12 ਮਹੀਨਿਆਂ ਦੌਰਾਨ 200 ਪਾਰਕਿੰਗ ਵਾਲੀਆਂ ਥਾਵਾਂ ਜੋੜਨ ਬਾਰੇ ਤੇਜ਼ੀ ਨਾਲ ਸਮੀਖਿਆ ਕਰ ਰਹੇ ਹਨ।” ਮੇਲੇਨੀ ਟੀਡ-ਮਰਚ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਪਾਰਕਿੰਗ ਦੀਆਂ ਇਹ ਥਾਵਾਂ ਚਾਰ ਟਿਕਾਣਿਆਂ ‘ਤੇ ਬਣਾਈਆਂ ਜਾਣਗੀਆਂ। ਇਸ ਬਾਰੇ ਵੇਰਵਾ ਛੇਤੀ ਹੀ ਐਲਾਨ ਦਿੱਤਾ ਜਾਵੇਗਾ।

ਆਨਰੂਟ ਓਂਟਾਰੀਓ ‘ਚ 23 ਟਰੈਵਲ ਪਲਾਜ਼ਾ ਚਲਾਉਂਦਾ ਹੈ, ਪਰ ਉਨ੍ਹਾਂ ਦੀਆਂ ਸੇਵਾਵਾਂ ਤੋਂ ਕਈ ਟਰੱਕ ਡਰਾਈਵਰ ਸੰਤੁਸ਼ਟ ਨਹੀਂ ਹਨ।

ਡਰਾਈਵਰਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਕੈਨੇਡੀਅਨ ਟਰੱਕ ਸਟਾਪ ਅਮਰੀਕਾ ਮੁਕਾਬਲੇ ਸੇਵਾਵਾਂ ‘ਚ ਪਿੱਛੇ ਰਹਿੰਦੇ ਹਨ ਅਤੇ ਜ਼ਿਆਦਾਤਰ ‘ਚ ਉਹ ਸਹੂਲਤਾਂ ਨਹੀਂ ਮਿਲਦੀਆਂ ਜੋ ਅਮਰੀਕੀਆਂ ਨੂੰ ਮਿਲਦੀਆਂ ਹਨ।

ਸਰਹੱਦ ਪਾਰ ਸਫ਼ਰ ਕਰਨ ਵਾਲੇ ਤਜ਼ਰਬੇਕਾਰ ਟਰੱਕਰ ਜੌਨ ਗੀਓਂਟਾ ਨੇ ਕਿਹਾ, ”ਅਮਰੀਕੀ ਟਰੱਕ ਸਟਾਪ 24 ਘੰਟੇ ਖੁੱਲ੍ਹੇ ਰਹਿੰਦੇ ਹਨ, ਜਿਸ ਦਾ ਮਤਲਬ ਹੈ ਕਿ ਦਿਨ ਹੋਵੇ ਜਾਂ ਰਾਤ, ਤੁਸੀਂ ਗਰਮ ਖਾਣਾ ਖ਼ਰੀਦ ਸਕਦੇ ਹੋ ਕਿਸੇ ਵੀ ਸਮੇਂ ਜਾ ਕੇ ਟਰੱਕ ਦੀ ਸਰਵਿਸ ਜਾਂ ਮੁਰੰਮਤ ਕਰਵਾ ਸਕਦੇ ਹੋ।”

ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਟਰੱਕ ਸਟਾਪ ਖੁੱਲ੍ਹੇ ਤਾਂ ਰਹਿੰਦੇ ਹਨ ਪਰ ਉੱਥੇ ਸਾਰੀ ਰਾਤ ਗਰਮ ਖਾਣਾ ਨਹੀਂ ਮਿਲਦਾ ਅਤੇ ਉਹ ਪੂਰੀਆਂ ਸਰਵਿਸ ਸਹੂਲਤਾਂ ਵੀ ਨਹੀਂ ਦਿੰਦੇ ਹਨ।

ਗੀਓਂਟਾ ਨੇ ਇੱਕ ਈ-ਮੇਲ ‘ਚ ਲਿਖਿਆ, ”ਲਗਦੈ ਕੈਨੇਡਾ ਨੂੰ ਨਹੀਂ ਪਤਾ ਕਿ ਟਰੱਕ ਦਿਨ ਦੇ 24 ਘੰਟੇ ਚਲਦੇ ਰਹਿੰਦੇ ਹਨ।”

ਮੇਲੇਨੀ ਟੀਡ-ਮਰਚ, ਸੀ.ਈ.ਓ., ਆਨਰੂਟ। (ਤਸਵੀਰ: ਆਨਰੂਟ)

ਟੀਡ-ਮਰਚ ਨੇ ਕਿਹਾ ਕਿ ਆਨਰੂਟ ਆਪਣੇ ਗ੍ਰਾਹਕਾਂ ਦੀ ਪ੍ਰਤੀਕਿਰਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ, ਅਤੇ ਕੰਪਨੀ ਆਪਣੇ ਭੋਜਨ ਦੀ ਪੇਸ਼ਕਸ਼ ਨੂੰ ਬਿਹਤਰ ਬਣਾਉਣ ਲਈ ਕਰੜੀ ਮਿਹਨਤ ਕਰ ਰਹੀ ਹੈ।

ਉਨ੍ਹਾਂ ਕਿਹਾ, ”ਅਸੀਂ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਅਤੇ ਸਾਲ ਦੇ 365 ਦਿਨ ਭੋਜਨ ਦੀ ਸੇਵਾ ਦਿੰਦੇ ਹਾਂ।”

ਟੀਡ-ਮਰਚ ਅਨੁਸਾਰ, ”ਆਉਣ ਵਾਲੇ 12 ਮਹੀਨਿਆਂ ਦੌਰਾਨ, ਸਾਡੇ ਟਰੱਕਿੰਗ ਭਾਈਚਾਰੇ ਨੂੰ ਆਨਰੂਟ ‘ਤੇ ਹੋਰ ਜ਼ਿਆਦਾ ਸੇਵਾਵਾਂ ਵੇਖਣ ਨੂੰ ਮਿਲਣਗੀਆਂ ਜਿਨ੍ਹਾਂ ‘ਚ ਫ਼ਰੋਜ਼ਨ ਭੋਜਨ ਸ਼ਾਮਲ ਹੋਵੇਗਾ ਜਿਸ ਨੂੰ ਉਹ ਗਰਮ ਕਰ ਕੇ ਖਾ ਸਕਦੇ ਹਨ ਜਾਂ ਅਜਿਹੀਆਂ ਚੀਜ਼ਾਂ ਜੋ ਪਹਿਲਾਂ ਤੋਂ ਤਿਆਰ ਕੀਤੀਆਂ ਗਈਆਂ ਹਨ ਅਤੇ ਉਹ ਸਿੱਧਾ ਖਾ ਸਕਦੇ ਹਨ।”

ਉਨ੍ਹਾਂ ਕਿਹਾ ਕਿ ਕੰਪਨੀ ਵੈਂਡਿੰਗ ਮਸ਼ੀਨਾਂ ਦੀ ਵੀ ਪਰਖ ਕਰ ਰਹੀ ਹੈ ਜੋ ਕਿ ਸਲਾਦ ਅਤੇ ਗਰਮ ਪੀਜ਼ਾ ਮੁਹੱਈਆ ਕਰਵਾਉਣਗੀਆਂ।

ਟੀਡ-ਮਰਚ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਅਸੀਂ ਆਪਣੀ ਕੰਪਨੀ ਦੀਆਂ ਸੇਵਾਵਾਂ ਦੀ ਬਹੁਤ ਧਿਆਨ ਨਾਲ ਸਮੀਖਿਆ ਕਰਦੇ ਹਾਂ ਅਤੇ ਇਹ ਯਕੀਨੀ ਕਰਦੇ ਹਾਂ ਕਿ ਸਾਡੇ ਕੋਲ ਨਾ ਸਿਰਫ਼ ਤੁਰੰਤ ਸੇਵਾ ਵਾਲੇ ਰੇਸਤਰਾਂ, ਭੋਜਨ ਹੋਣ ਬਲਕਿ ਸਾਡੀਆਂ ਚੀਜ਼ਾਂ ਸਿਹਤ ਲਈ ਵੀ ਚੰਗੀਆਂ ਹੋਣ।”

ਉਨ੍ਹਾਂ ਕਿਹਾ ਕਿ ਆਨਰੂਟ ਨੇ ਆਪਣੇ ਟਿਕਾਣਿਆਂ ‘ਤੇ ਨਕਦ ਡਾਲਰ ਲੈਣਾ ਸ਼ੁਰੂ ਕਰ ਦਿੱਤਾ ਹੈ। ਕੋਵਿਡ-19 ਮਹਾਂਮਾਰੀ ਫੈਲਣ ਤੋਂ ਬਾਅਦ ਟਰੱਕ ਸਟਾਪ ਸਮੇਤ ਕਈ ਕਾਰੋਬਾਰਾਂ ਨੇ ਨਕਦ ਨੋਟ ਪ੍ਰਾਪਤ ਕਰਨੇ ਬੰਦ ਕਰ ਦਿੱਤੇ ਸਨ ਅਤੇ ਡੈਬਿਟ/ਕਰੈਡਿਟ ਕਾਰਡ ਲੈਣ-ਦੇਣ ਨੂੰ ਪਹਿਲ ਦਿੱਤੀ ਸੀ।

”ਸਾਨੂੰ ਆਪਣੇ ਟਰੱਕਿੰਗ ਭਾਈਚਾਰੇ ਤੋਂ ਇੱਕ ਸਮੱਸਿਆ ਇਹ ਸੁਣਨ ਨੂੰ ਮਿਲੀ ਸੀ ਕਿ ਅਸੀਂ ਨਕਦ ਨਹੀਂ ਮਨਜ਼ੂਰ ਕਰਦੇ। ਅੱਜ ਮੈਂ ਇਹ ਪੁਸ਼ਟੀ ਕਰ ਸਕਦੀ ਹਾਂ ਕਿ ਭਾਵੇਂ ਅਸੀਂ ਡੈਬਿਟ ਅਤੇ ਕ੍ਰੈਡਿਟ ਕਾਰਡ ਨੂੰ ਪਹਿਲ ਦਿੰਦੇ ਹਾਂ ਪਰ ਸਾਡੇ ਸਾਰੇ 23 ਟਿਕਾਣਿਆਂ ‘ਤੇ ਅਸੀਂ ਨਕਦੀ ਪ੍ਰਾਪਤ ਕਰਨ ਸ਼ੁਰੂ ਕਰ ਦਿੱਤਾ ਹੈ।”

ਉਨ੍ਹਾਂ ਕਿਹਾ ਕਿ ਕੰਪਨੀ ਨੇ ਗ੍ਰਾਹਕਾਂ ਦੀ ਸਹੂਲਤ ਲਈ ਕਈ ਥਾਵਾਂ ‘ਤੇ ਕੈਸ਼ ਡਿਸਪੈਂਸਰ ਵੀ ਲਾਏ ਹਨ।

ਪਾਈਲਟ ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਟਿਕਾਣਿਆਂ ‘ਤੇ ਨਿਰੰਤਰ ਅਤੇ ਬਿਹਤਰ ਅਹਿਸਾਸ ਮੁਹੱਈਆ ਕਰਵਾਉਣ ‘ਤੇ ਜ਼ੋਰ ਦੇ ਰਹੇ ਹਨ। (ਤਸਵੀਰ : ਪਾਈਲਟ ਕੰ.)

ਅਮਰੀਕਾ ਅਤੇ ਕੈਨੇਡਾ ‘ਚ ਪਾਈਲਟ ਫ਼ਲਾਇੰਗ ਜੇ ਬਰਾਂਡ ਤੋਂ ਟਰੈਵਲ ਕੇਂਦਰ ਚਲਾਉਣ ਵਾਲੀ ਪਾਈਲਟ ਕੰ. ਨੇ ਕਿਹਾ ਕਿ ਇਸ ਦਾ ਮਿਸ਼ਨ ਸਾਡੇ ਡਰਾਈਵਰਾਂ ਲਈ ਸੜਕ ‘ਤੇ ਉਨ੍ਹਾਂ ਦੇ ਤਜ਼ਰਬੇ ਨੂੰ ਬਿਹਤਰੀਨ ਬਣਾਉਣਾ ਹੈ।

ਕੰਪਨੀ ਨੇ ਕਿਹਾ, ”ਅਸੀਂ ਅਮਰੀਕਾ ਅਤੇ ਕੈਨੇਡਾ ‘ਚ ਲਗਾਤਾਰ ਆਪਣੇ ਨੈੱਟਵਰਕ ‘ਚ ਵਾਧਾ ਕਰ ਕੇ ਅਤੇ ਨਵੀਆਂ ਭੋਜਨ ਖੋਜਾਂ ਤੇ ਸਟੋਰ ਅੰਦਰ ਮਿਲਣ ਵਾਲੇ ਸਾਮਾਨ ‘ਤੇ ਧਿਆਨ ਕੇਂਦਰਤ ਕਰ ਕੇ ਸਾਰੇ ਡਰਾਈਵਰਾਂ ਲਈ ਉਨ੍ਹਾਂ ਦਾ ਇੱਥੇ ਤਜ਼ਰਬਾ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਭਾਵੇਂ ਉਹ ਕਿਸੇ ਵੀ ਪਾਈਲਟ ਜਾਂ ਫ਼ਲਾਇੰਗ ਜੇ ਦੀ ਲੋਕੇਸ਼ਨ ‘ਤੇ ਕਿਉਂ ਨਾ ਹੋਣ।”

ਪਾਈਲਟ ਦੇ ਕੈਨੇਡਾ ‘ਚ 60 ਟਿਕਾਣੇ ਹਨ।

ਉੱਤਰੀ ਓਂਟਾਰੀਓ

ਡਰਾਈਵਰ ਅਰੁਣ ਜੋਸ ਓਂਟਾਰੀਓ-ਮੇਨੀਟੋਬਾ-ਬੀ.ਸੀ. ਰੂਟ ‘ਤੇ ਟਰੱਕ ਸਟਾਪਾਂ ਦੀ ਕਮੀ ਤੋਂ ਬਹੁਤ ਪ੍ਰੇਸ਼ਾਨ ਹਨ, ਵਿਸ਼ੇਸ਼ ਕਰ ਕੇ ਹਾਈਵੇ 17 ‘ਤੇ।

ਉਨ੍ਹਾਂ ਕਿਹਾ, ਇਹ ਟਿਕਾਣੇ ਸੈਂਕੜੇ ਕਿਲੋਮੀਟਰ ਦੀ ਦੂਰੀ ਤੋਂ ਬਾਅਦ ਮਿਲਦੇ ਹਨ ਅਤੇ ਅਕਸਰ ਬਹੁਤ ਮੰਦੀ ਹਾਲਤ ‘ਚ ਹੁੰਦੇ ਹਨ।

ਜੋਸ ਨੇ ਕਿਹਾ, ”ਇਸ ਲਈ ਜੇਕਰ ਤੁਸੀਂ ਟੀਮ ਬਣ ਕੇ ਟਰੱਕ ਚਲਾ ਰਹੇ ਹੋ ਅਤੇ ਸ਼ਿਫ਼ਟ ਬਦਲਣੀ ਹੈ ਤਾਂ ਤੁਹਾਨੂੰ ਰਸਤੇ ‘ਚ ਹੀ ਰੁਕਣਾ ਪਵੇਗਾ।”

ਉੱਤਰੀ ਓਂਟਾਰੀਓ ‘ਚ ਸੂਬਾ ਚਾਰ ਨਵੇਂ ਆਰਾਮ ਘਰ ਅਤੇ 10 ਮੌਜੂਦਾ ਸਹੂਲਤਾਂ ਦੀ ਮੁਰੰਮਤ ਜਾਂ ਵਿਸਤਾਰ ਕਰਨ ਵਾਲਾ ਹੈ। (ਸਰੋਤ: ਆਵਾਜਾਈ ਮੰਤਰਾਲਾ)

ਹਾਲਾਂਕਿ ਓਂਟਾਰੀਓ ਦੇ ਐਲਾਨ ਤੋਂ ਬਾਅਦ ਇਹ ਸਥਿਤੀ ਹੁਣ ਬਦਲਣ ਵਾਲੀ ਹੈ।

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਕਿਹਾ ਕਿ ਸੂਬਾ ਚਾਰ ਨਵੇਂ ਆਰਾਮ ਘਰ ਬਣਾਉਣ ਜਾ ਰਿਹਾ ਹੈ ਅਤੇ ਉੱਤਰੀ ਓਂਟਾਰੀਓ ਦੇ 10 ਮੌਜੂਦਾ ਸਹੂਲਤਾਂ ਦੀ ਮੁਰੰਮਤ ਅਤੇ ਵਿਸਤਾਰ ਕੀਤਾ ਜਾਵੇਗਾ।

ਇਨ੍ਹਾਂ ‘ਚ ਨਵੇਂ ਗੁਸਲਖ਼ਾਨੇ, ਬਿਹਤਰ ਲਾਈਟਿੰਗ ਅਤੇ ਵਧੀ ਹੋਈ ਪਾਰਕਿੰਗ ਦੀ ਥਾਂ ਸ਼ਾਮਲ ਹੈ।

ਮਲਰੋਨੀ ਨੇ ਕਿਹਾ, ”ਇਨ੍ਹਾਂ ਅਸਾਧਾਰਨ ਸਮਿਆਂ ‘ਚ, ਸਾਨੂੰ ਲਗਦਾ ਹੈ ਕਿ ਸਾਡੇ ਸੂਬੇ ‘ਚ ਸਫ਼ਰ ਕਰਨ ਵਾਲਿਆਂ ਅਤੇ ਟਰੱਕ ਡਰਾਈਵਰਾਂ ਲਈ ਉੱਤਰੀ ਓਂਟਾਰੀਓ ‘ਚ ਆਰਾਮ ਘਰਾਂ ‘ਚ ਬਿਹਤਰ ਸਹੂਲਤਾਂ ਹੋਣ ਦੀ ਬਹੁਤ ਵੱਡੀ ਲੋੜ ਹੈ।”

”ਬਿਹਤਰ ਸਹੂਲਤਾਂ ਨਾਲ ਹੋਰ ਜ਼ਿਆਦਾ ਆਰਾਮ ਘਰ ਬਣਾਉਣ ਨਾਲ ਸਫ਼ਰ ਕਰਨਾ ਸੁਰੱਖਿਅਤ ਅਤੇ ਜ਼ਿਆਦਾ ਸਹੂਲਤਜਨਕ ਹੋਵੇਗਾ, ਵਿਸ਼ੇਸ਼ ਕਰ ਕੇ ਉਨ੍ਹਾਂ ਲਈ ਜੋ ਲੰਮੀ ਦੂਰੀ ਤਕ ਡਰਾਈਵ ਕਰਦੇ ਹਨ। ਇਨ੍ਹਾਂ ਬਿਹਤਰ ਸਹੂਲਤਾਂ ਰਾਹੀਂ ਮਨੁੱਖੀ ਤਸਕਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਕਦਮ ਚੁੱਕ ਰਹੇ ਹਾਂ ਤਾਂ ਕਿ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਪਾਈ ਜਾ ਸਕੇ।”

ਇਨ੍ਹਾਂ ‘ਚੋਂ ਜ਼ਿਆਦਾ ਪ੍ਰਾਜੈਕਟ ਹਾਈਵੇ 17 ‘ਤੇ ਸਥਿਤ ਹਨ ਅਤੇ ਇਹ ਅਗਲੇ ਸਾਲ ਮੁਕੰਮਲ ਹੋ ਜਾਣਗੇ।