ਜੀ.ਐਮ. ਆਪਣਾ ਇਲੈਕਟ੍ਰਿਕ ਕਮਰਸ਼ੀਅਲ ਵਹੀਕਲ ਪਲਾਂਟ ਓਂਟਾਰੀਓ ‘ਚ ਲੈ ਕੇ ਆਵੇਗਾ

Avatar photo

ਜਨਰਲ ਮੋਟਰਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਬਰਾਈਟਡਰੋਪ ਇਲੈਕਟ੍ਰਿਕ ਹਲਕੀਆਂ ਕਮਰਸ਼ੀਅਲ ਗੱਡੀਆਂ ਨੂੰ ਇੰਗਰਸੋਲ, ਓਂਟਰੀਓ ‘ਚ ਸਥਿਤ ਸੀ.ਏ.ਐਮ.ਆਈ. ਨਿਰਮਾਣ ਪਲਾਂਟ ‘ਚ ਬਣਾਏਗਾ ਜੋ ਕਿ 2021 ਦੇ ਅਖ਼ੀਰ ਤਕ ਬਰਾਈਟਡਰੋਪ ਈ.ਵੀ.600 ਨੂੰ ਬਾਜ਼ਾਰ ‘ਚ ਲਿਆਉਣ ਲਈ 1 ਅਰਬ ਡਾਲਰ ਦੇ ਨਿਵੇਸ਼ ਦਾ ਹਿੱਸਾ ਹੈ।

ਇਹ ਕਰਾਰ, ਸਰਕਾਰ ਦੀ ਮੱਦਦ ਅਤੇ ਯੂਨੀਫ਼ੋਰ ਨਾਲ ਕੀਤੇ ਕਰਾਰ ‘ਚ ਸੋਧ ਦਾ ਵਿਸ਼ਾ ਹੋਵੇਗਾ, ਜਿਸ ਅਧੀਨ ਸ਼ੈਵਰਲੇ ਇਕੁਈਨੋਕਸ ਲਾਈਨ ਦਾ ਅਗਲੇ ਦੋ ਸਾਲਾਂ ਦੌਰਾਨ ਰੂਪ ਬਦਲ ਦਿੱਤਾ ਜਾਵੇਗਾ।

ਨਵੇਂ ਬਰਾਈਟਡਰੌਪ ਕਾਰੋਬਾਰੀ ਇਕਾਈ ਦੇ ਪਹਿਲੇ ਉਤਪਾਦਾਂ ‘ਚ ਈ.ਪੀ.1 ਇਲੈਕਟ੍ਰਿਕ ਈ-ਪੈਲੇਟ, ਈ.ਵੀ.600 ਕਮਰਸ਼ੀਅਲ ਵੈਨ ਅਤੇ ਫ਼ਲੀਟ ਤੇ ਐਸੇਟ ਮੈਨੇਜਮੈਂਟ ਸਾਫ਼ਟਵੇਅਰ ਸ਼ਾਮਲ ਹੋਵੇਗਾ।

ਬਰਾਈਟਡਰੋਪ ਈ.ਵੀ.600 ‘ਚ 10,000 ਪਾਊਂਡ ਦਾ ਜੀ.ਵੀ.ਡਬਲਿਊ.ਆਰ. ਹੋਵੇਗਾ ਅਤੇ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਇਸ ਦੀ ਰੇਂਜ 400 ਕਿਲੋਮੀਟਰ ਹੋਵੇਗੀ। (ਤਸਵੀਰ: ਜਨਰਲ ਮੋਟਰਸ)

ਜੀ.ਐਮ. ਦੇ ਚੇਅਰਮੈਨ ਅਤੇ ਸੀ.ਈ.ਓ. ਮੈਰੀ ਬਾਰਾ ਨੇ ਕਿਹਾ, ”ਵਸਤਾਂ ਅਤੇ ਸੇਵਾਵਾਂ ਦੇਣ ਲਈ ਬਰਾਈਟਡਰੌਪ ਇੱਕ ਬਿਹਤਰ ਤਰੀਕਾ ਪ੍ਰਦਾਨ ਕਰਦਾ ਹੈ। ਅਸੀਂ ਕਮਰਸ਼ੀਅਲ ਗ੍ਰਾਹਕਾਂ ਲਈ ਬਿਹਤਰ ਅਤੇ ਜ਼ਿਆਦਾ ਟਿਕਾਊ ਤਰੀਕੇ ਨਾਲ ਵਸਤਾਂ ਨੂੰ ਇਧਰੋਂ-ਉਧਰ ਕਰਨ ਲਈ ਵਨ-ਸਟਾਪ-ਸ਼ਾਪ ਸਲਿਊਸ਼ਨ ਨਾਲ ਬਿਜਲਈਕਰਨ, ਮੋਬੀਲਿਟੀ ਅਮਲਾਂ, ਟੈਲੀਮੈਟਿਕਸ ਅਤੇ ਫ਼ਲੀਟ ਮੈਨੇਜਮੈਂਟ, ‘ਚ ਆਪਣਾ ਵਿਸ਼ਾਲ ਤਜ਼ਰਬਾ ਬਣਾ ਰਹੇ ਹਾਂ।”

ਇਸ ਓ.ਈ.ਐਮ. ਦਾ ਅੰਦਾਜ਼ਾ ਹੈ ਕਿ ਅਮਰੀਕਾ ਪਾਰਸਲ, ਭੋਜਨ ਡਿਲੀਵਰੀ, ਅਤੇ ਰਿਵਰਸ ਲੋਜਿਸਟਿਕਸ ਮਾਰਕੀਟ 2025 ਤਕ 850 ਅਰਬ ਡਾਲਰ ਦਾ ਹੋ ਜਾਵੇਗਾ। ਅਤੇ ਇੱਕ ਸੰਬੰਧਤ ਪ੍ਰੈੱਸ ਰਿਲੀਜ਼ ‘ਚ ਇਸ ਨੇ ਵਿਸ਼ਵ ਆਰਥਕ ਮੰਚ ਦੇ ਅੰਦਾਜ਼ੇ ਨੂੰ ਦੁਹਰਾਇਆ ਕਿ ਸ਼ਹਿਰੀ ਆਖ਼ਰੀ ਮੰਜ਼ਿਲ ਤਕ ਡਿਲੀਵਰੀ ਦੀਆਂ ਗਤੀਵਿਧੀਆਂ ‘ਚ 2030 ਤਕ 78% ਦਾ ਵਾਧਾ ਹੋਵੇਗਾ, ਜਿਸ ਨਾਲ ਵਿਸ਼ਵ ਦੇ ਸਿਖਰਲੇ 100 ਸ਼ਹਿਰਾਂ ‘ਚ ਡਿਲੀਵਰੀ ਗੱਡੀਆਂ ‘ਚ 36% ਦਾ ਵਾਧਾ ਦਰਜ ਹੋਵੇਗਾ।

ਪਹਿਲਾ ਸਾਹਮਣੇ ਆਉਣ ਵਾਲਾ ਉਤਪਾਦ ਈ.ਪੀ.1 ਪੈਲੇਟ ਹੋਵੇਗਾ। (ਤਸਵੀਰ: ਜਨਰਲ ਮੋਟਰਸ)

ਬਾਜ਼ਾਰ ‘ਚ ਆਉਣ ਵਾਲਾ ਪਹਿਲਾ ਉਤਪਾਦ ਈ.ਪੀ.1, ਇੱਕ ਇਲੈਕਟ੍ਰਿਕ ਪੈਲੇਟ ਹੈ ਜੋ ਕਿ ਥੋੜ੍ਹੀ ਦੂਰੀ ਤਕ ਵਸਤਾਂ ਨੂੰ ਲੈ ਕੇ ਜਾ ਸਕਦਾ ਹੈ, ਜਿਵੇਂ ਕਿ ਡਿਲੀਵਰੀ ਗੱਡੀ ਤੋਂ ਗ੍ਰਾਹਕ ਦੇ ਦਰਵਾਜ਼ੇ ਤਕ। ਇਲੈਕਟ੍ਰਿਕ ਹੱਬ ਮੋਟਰਾਂ ਦੀ ਤਾਕਤ ਨਾਲ ਇਹ ਪ੍ਰਯੋਗਕਰਤਾ ਦੀ ਕੰਮਕਾਜ ਦੀ ਥਾਂ ਅਨੁਸਾਰ ਇਹ 5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲ ਸਕੇਗਾ। ਇਹ 23 ਕਿਊਬਿਕ ਫ਼ੁੱਟ ਕਾਰਗੋ ਲੈ ਕੇ ਜਾ ਸਕੇਗਾ ਅਤੇ 200 ਪਾਊਂਡ ਪੇਲੋਡ ਸੰਭਾਲ ਸਕਦਾ ਹੈ।

ਅਲਟੀਅਮ ਬੈਟਰੀ ਸਿਸਟਮ ਨਾਲ ਚੱਲਣ ਵਾਲੀ ਈ.ਵੀ.600 ਗੱਡੀ ਪੂਰੀ ਤਰ੍ਹਾਂ ਚਾਰਜ ਹੋਣ ‘ਤੇ 400 ਕਿਲੋਮੀਟਰ (250 ਮੀਲ) ਤਕ ਦਾ ਸਫ਼ਰ ਤੈਅ ਕਰ ਸਕਦੀ ਹੈ। 120 ਕਿਲੋਵਾਟ ਡੀ.ਸੀ. ਫ਼ਾਸਟ ਚਾਰਜਰ 275 ਕਿਲੋਮੀਟਰ (175 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ‘ਤੇ) ਤਕ ਦੀ ਰੇਂਜ ਦਿੰਦਾ ਹੈ। ਵੈਨ ‘ਚ 600 ਕਿਊਬਿਕ ਫ਼ੁੱਟ ਦਾ ਕਾਰਗੋ ਏਰੀਆ ਹੋਵੇਗਾ, ਅਤੇ ਓ.ਈ.ਐਮ. ਅਨੁਸਾਰ ਇਸ ਦੀ ਕੁੱਲ ਗੱਡੀ ਭਾਰ ਰੇਟਿੰਗ 10,000 ਪਾਊਂਡ ਤੋਂ ਘੱਟ ਹੋਵੇਗੀ।

ਮਾਨਕ ਡਰਾਈਵਰ ਅਸਿਸਟੈਂਸ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ ਅੱਗੇ ਅਤੇ ਪਿਛਲੇ ਪਾਸੇ ਪਾਰਕਿੰਗ ‘ਚ ਮੱਦਦ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਸਾਹਮਣੇ ਦੀ ਟੱਕਰ ਬਾਰੇ ਚੇਤਾਵਨੀ, ਪਿਛਲੀਆਂ ਗੱਡੀਆਂ ਦੀ ਦੂਰੀ ਬਾਰੇ ਜਾਣਕਾਰੀ, ਸਾਹਮਣੇ ਪੈਦਲ ਚਾਲਕਾਂ ਨੂੰ ਵੇਖਦਿਆਂ ਬ੍ਰੇਕਾਂ, ਲੇਨ ‘ਚ ਰਹਿਣ ਲਈ ਮੱਦਦ, ਇੰਟੈਲੀਬੀਮ ਆਟੋਮੈਟਿਕ ਹਾਈ ਬੀਮ, ਅਤੇ ਪਿਛਲੇ ਪਾਸੇ ਦਾ ਹਾਈ-ਡੈਫ਼ੀਨੇਸ਼ਨ ਕੈਮਰਾ।

ਹੋਰ ਮੌਜੂਦ ਵਿਸ਼ੇਸ਼ਤਾਵਾਂ ‘ਚ ਪਿਛਲੇ ਪਾਸੇ ਕਰਾਸ ਟ੍ਰੈਫ਼ਿਕ ਬ੍ਰੇਕਿੰਗ, ਬਲਾਇੰਡ ਜ਼ੋਨ ਸਟੀਅਰਿੰਗ ਸਹਾਇਤਾ, ਰਿਵਰਸ ਆਟੋਮੈਟਿਕ ਬ੍ਰੇਕਿੰਗ, ਐਚ.ਡੀ. ਸਰਾਊਂਡ ਵਿਜ਼ਨ, ਪਿਛਲੇ ਪਾਸੇ ਪੈਦਲ ਚੱਲਣ ਵਾਲਿਆਂ ਬਾਰੇ ਚੇਤਾਵਨੀ ਅਤੇ ਬਿਹਤਰ ਆਟੋਮੈਟਿਕ ਹੰਗਾਮੀ ਹਾਲਤ ‘ਚ ਬ੍ਰੇਕਿੰਗ ਸ਼ਾਮਲ ਹਨ। ਕਾਰਗੋ ਖੇਤਰ ‘ਚ ਗਤੀ ਸੈਂਸਰ ਕਾਰਗੋ ਨੂੰ ਸੁਰੱਖਿਅਤ ਰੱਖਣਗੇ।

ਜੀ.ਐਮ. ਨੇ ਕਿਹਾ ਕਿ ਪਹਿਲੀਆਂ ਗੱਡੀਆਂ ਇਸ ਸਾਲ ਦੇ ਅਖ਼ੀਰ ਤਕ ਡਿਲੀਵਰ ਕਰ ਦਿੱਤੀਆਂ ਜਾਣਗੀਆਂ, ਈ.ਵੀ. 600 ਵਿਸ਼ਾਲ ਪੱਧਰ ‘ਤੇ 2022 ਤਕ ਮੁਹੱਈਆ ਹੋ ਸਕੇਗੀ।

ਫ਼ੈਡਐਕਸ ਐਕਸਪ੍ਰੈੱਸ ਪਹਿਲਾਂ ਹੀ ਈ.ਪੀ.1 ਨੂੰ ਤਜ਼ਰਬੇ ਵਜੋਂ ਚਲਾ ਰਹੀ ਹੈ, ਜਿਸ ਨਾਲ ਕੋਰੀਅਰ ਪ੍ਰਤੀ ਦਿਨ 25% ਵੱਧ ਪੈਕੇਜ ਪਹੁੰਚਾ ਰਹੇ ਹਨ। ਕੰਪਨੀ ਪਹਿਲੀ ਈ.ਵੀ.600 ਪ੍ਰਯੋਗਕਰਤਾ ਵੀ ਬਣਨ ਵਾਲੀ ਹੈ।

ਕਲਾਊਡ ਅਧਾਰਤ ਸਾਫ਼ਟਵੇਅਰ ਦਾ ਪ੍ਰਯੋਗ ਕਰ ਕੇ ਈ.ਪੀ.1 ਦੇ ਪ੍ਰਯੋਗਕਰਤਾ ਬੈਟਰੀ ਦਾ ਸਟੇਟਸ ਅਤੇ ਸਥਾਨ ਪਤਾ ਕਰ ਸਕਣਗੇ ਅਤੇ ਤਾਲਿਆਂ ਨੂੰ ਕਿਤੇ ਵੀ ਬੈਠੇ ਹੋਏ ਬੰਦ ਕਰ ਸਕਣਗੇ। (ਤਸਵੀਰ: ਜਨਰਲ ਮੋਟਰਸ)

ਅਮਰੀਕਾ ‘ਚ ਫ਼ੈੱਡਐਕਸ ਐਕਸਪ੍ਰੈੱਸ ਦੇ ਖੇਤਰੀ ਪ੍ਰਧਾਨ ਅਤੇ ਕੌਮਾਂਤਰੀ ਸਪੋਰਟ ਬਾਰੇ ਕਾਰਜਕਾਰੀ ਉਪ ਪ੍ਰਧਾਨ ਰਿਚਰਡ ਸਮਿੱਥ ਨੇ ਕਿਹਾ, ”ਭਰੋਸੇਯੋਗ, ਟਿਕਾਊ ਆਵਾਜਾਈ ਦੀ ਸਾਡੀ ਜ਼ਰੂਰਤ ਪਹਿਲਾਂ ਕਦੇ ਏਨੀ ਜ਼ਿਆਦਾ ਮਹੱਤਵਪੂਰਨ ਨਹੀਂ ਰਹੀ।”

ਯੂਨੀਫ਼ੋਰ ਦੇ ਰਾਸ਼ਟਰੀ ਪ੍ਰਧਾਨ ਜੈਰੀ ਡੀਆਸ ਨੇ ਪਲਾਂਟ ਵਰਕਰਾਂ ਨਾਲ ਸੰਬੰਧਤ ਗੱਲਬਾਤ ਦਾ ਹਵਾਲਾ ਦਿੰਦਿਆਂ ਕਿਹਾ, ”ਇਹ ਕਰਾਰ ਵੱਡਾ ਨਿਵੇਸ਼, ਨਵੇਂ ਉਤਪਾਦ, ਨਵੀਂਆਂ ਨੌਕਰੀਆਂ ਅਤੇ ਨੌਕਰੀ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ, ਜੋ ਕਿ ਇਨ੍ਹਾਂ ਚੁਨੌਤੀਪੂਰਨ ਸਮਿਆਂ ‘ਚ ਸਾਡੀ ਯੂਨੀਅਨ ਦੇ ਪ੍ਰਮੁੱਖ ਟੀਚਿਆਂ ਨੂੰ ਸਰ ਕਰਦਾ ਹੈ।”

ਯੂਨੀਅਨ ਦਾ ਵੋਟ ਅੱਜ ਆਉਣ ਦੀ ਉਮੀਦ ਹੈ।