ਜੀ.ਐਮ. ਨੇ ਬਰਾਈਟਡਰੌਪ ਇਲੈਕਟ੍ਰਿਕ ਕਮਰਸ਼ੀਅਲ ਗੱਡੀਆਂ ਨੂੰ ਰੀਕਾਰਡ ਸਮੇਂ ਅੰਦਰ ਬਾਜ਼ਾਰ ’ਚ ਪੇਸ਼ ਕੀਤਾ

Avatar photo

ਜਨਰਲ ਮੋਟਰਸ ਨੇ ਕਿਹਾ ਹੈ ਕਿ ਇਸ ਨੇ ਆਪਣੀ ਸਹਿ-ਕੰਪਨੀ ਬਰਾਈਟਡਰੌਪ ਦੀਆਂ ਈ.ਵੀ.600 ਇਲੈਕਟਿ੍ਰਕ ਕਮਰਸ਼ੀਅਲ ਗੱਡੀਆਂ ਦੇ ਪਹਿਲੇ ਦੌਰ ਦਾ ਉਤਪਾਦਨ ਪੂਰਾ ਕਰ ਲਿਆ ਹੈ, ਜੋ ਕਿ ਕੰਪਨੀ ਦੇ ਹੁਣ ਤਕ ਦੇ ਇਤਿਹਾਸ ’ਚ ਵਿਚਾਰ-ਤੋਂ-ਵਪਾਰੀਕਰਨ ਦੀ ਸਭ ਤੋਂ ਤੇਜ਼ੀ ਨਾਲ ਮੁਕੰਮਲ ਕੀਤੀ ਗਈ ਪ੍ਰਕਿਰਿਆ ਹੈ।

ਬਰਾਈਟਡਰੌਪ ਈ.ਵੀ.410 ਇਸ ਦੀ ਇਲੈਕਟ੍ਰਿਕ ਕਮਰਸ਼ੀਅਲ ਵਹੀਕਲ ਲੜੀ ’ਚ ਤਾਜ਼ਾ ਆਮਦ ਹੈ। (ਤਸਵੀਰ: ਬਰਾਈਟਡਰੌਪ)

ਇਸ ਨੇ ਇੱਕ ਹੋਰ ਦਰਮਿਆਨੇ ਆਕਾਰ ਦੀ ਇਲੈਕਟ੍ਰਿਕ ਗੱਡੀ, ਈ.ਵੀ.410, ਨੂੰ ਸ਼ਾਮਲ ਕਰ ਕੇ ਆਪਣੀ ਬਰਾਈਟਡਰੌਪ ਲੜੀ ਦਾ ਵਿਸਤਾਰ ਕਰਨ ਦਾ ਵੀ ਐਲਾਨ ਕੀਤਾ ਹੈ। ਬਰਾਈਟਡਰੌਪ ਆਪਣੀਆਂ ਗੱਡੀਆਂ ਦਾ ਉਤਪਾਦਨ ਇੰਗਰਸੋਲ, ਓਂਟਾਰੀਓ ’ਚ ਕਰੇਗਾ ਜਦੋਂ ਪਲਾਂਟ ਦੀ ਉਸਾਰੀ ਨਵੰਬਰ 2022 ’ਚ ਮੁਕੰਮਲ ਹੋ ਜਾਵੇਗੀ।

ਪਹਿਲੀ ਈ.ਵੀ.600 ਦੀ ਵਿਕਰੀ ਫ਼ੈੱਡਐਕਸ ਐਕਸਪ੍ਰੈੱਸ ਨੂੰ ਛੁੱਟੀਆਂ ਦੇ ਮੌਸਮ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ ਹੈ। ਨਵੀਂ ਈ.ਵੀ.410 ਨੂੰ ਛੋਟੀਆਂ, ਛੇਤੀ-ਛੇਤੀ ਕੀਤੇ ਜਾਣ ਵਾਲੇ ਸਫ਼ਰ ਨੂੰ ਧਿਆਨ ’ਚ ਰੱਖਦਿਆਂ ਬਣਾਇਆ ਗਿਆ ਹੈ, ਅਤੇ ਇਸ ਦੀ ਪਹਿਲੀ ਡਿਲੀਵਰੀ ਵੇਰਾਈਜ਼ਨ ਨੂੰ ਦਿੱਤੀ ਜਾਵੇਗੀ।

ਬਰਾਈਟਡਰੌਪ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਟਰੈਵਿਸ ਕਾਟਜ਼ ਨੇ ਕਿਹਾ, ‘‘ਸਾਮਾਨ ਡਿਲੀਵਰ ਕਰਨ ਲਈ ਛੁੱਟੀਆਂ ਦੇ ਰਸ਼ ਤੋਂ ਪਹਿਲਾਂ ਆਪਣੀ ਪਹਿਲੀ ਇਲੈਕਟ੍ਰਿਕ ਗੱਡੀ ਨੂੰ ਰੀਕਾਰਡ ਸਮੇਂ ਅੰਦਰ ਸੜਕ ’ਤੇ ਉਤਾਰਨਾ ਸਾਡੀ ਲਈ ਇਸ ਸਾਲ ਦਾ ਬਿਹਤਰੀਨ ਤੋਹਫ਼ਾ ਰਿਹਾ ਹੈ, ਵਿਸ਼ੇਸ਼ ਕਰ ਕੇ ਜਦੋਂ ਸਾਨੂੰ ਪਤਾ ਹੈ ਕਿ ਪੂਰੀ ਦੁਨੀਆਂ ’ਚ ਸਪਲਾਈ ਚੇਨ ਦਰਪੇਸ਼ ਕਿੰਨੀਆਂ ਸਮੱਸਿਆਵਾਂ ਹਨ। ਇਹ ਬਾਜ਼ਾਰ ਦਾ ਮਜ਼ਬੂਤ ਖੇਤਰ ਹੈ ਕਿ ਕਿਸ ਤਰ੍ਹਾਂ ਸਾਡੀਆਂ ਵਿਸ਼ੇਸ਼ ਕਾਰਵਾਈਆਂ ਨਾਲ ਨਵੀਨਤਮ ਖੋਜ, ਤੇਜ਼ੀ ਅਤੇ ਤਕਨਾਲੋਜੀ ਸਟਾਰਟਅੱਪ ਦੀ ਮੁਹਾਰਤ ਅਤੇ ਵੱਡੇ ਗੱਡੀ ਨਿਰਮਾਤਾ ਦੀ ਤਾਕਤ ਦੇ ਸੁਮੇਲ ਕਰਕੇ ਗ੍ਰਾਹਕਾਂ ਅਤੇ ਧਰਤੀ ਦੋਹਾਂ ਨੂੰ ਫ਼ਾਇਦਾ ਪਹੁੰਚਦਾ ਹੈ।’’

ਜੀ.ਐਮ. ਦਾ ਕਹਿਣਾ ਹੈ ਕਿ ਈ.ਵੀ.600 ਨੂੰ ਸਿਰਫ਼ 20 ਮਹੀਨਿਆਂ ਅੰਦਰ ਉਤਪਾਦਨ ਹੇਠ ਲਿਆਂਦਾ ਗਿਆ। ਇਸ ਦਾ ਇਹ ਵੀ ਕਹਿਣਾ ਹੈ ਕਿ ਆਪਰੇਟਰ ਹਰ ਸਾਲ ਡੀਜ਼ਲ ਗੱਡੀ ਮੁਕਾਬਲੇ 7,000 ਅਮਰੀਕੀ ਡਾਲਰ ਦੀ ਬੱਚਤ ਪ੍ਰਾਪਤ ਕਰ ਸਕਦੇ ਹਨ।

ਬਰਾਈਟਡਰੌਪ ਈ.ਵੀ.410 ਦੀਆਂ ਵਿਸ਼ੇਸ਼ਤਾਵਾਂ ਵੀ ਵੱਡੇ ਮਾਡਲ ਵਰਗੀਆਂ ਹੀ ਹਨ, ਜੋ ਕਿ 400 ਕਿਊਬਿਕ ਫ਼ੁੱਟ ਤੋਂ ਵੱਧ ਦਾ ਕਾਰਗੋ ਖੇਤਰ ਪ੍ਰਦਾਨ ਕਰਦੀ ਹੈ, ਜੋ ਕਿ ਸਿਰਫ਼ 150 ਇੰਚ ਛੋਟਾ ਵ੍ਹੀਲਬੇਸ ਹੈ ਅਤੇ ਕੁੱਲ ਲੰਬਾਈ 20 ਫ਼ੁੱਟ ਤੋਂ ਥੋੜ੍ਹੀ ਹੀ ਘੱਟ ਹੈ, ਜਿਸ ਨਾਲ ਇਹ ਆਮ ਪਾਰਕਿੰਗ ਵਾਲੀ ਥਾਂ ’ਤੇ ਵੀ ਖੜ੍ਹੀ ਹੋ ਸਕਦੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਹ ਛੋਟੇ ਪੇਲੋਡ, ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਡਿਲੀਵਰੀ ਜਾਂ ਸਰਵਿਸ ਵਹੀਕਲ ਵਜੋਂ ਆਦਰਸ਼ ਹੈ। ਇਸ ਦੀ ਰੇਂਜ 400 ਕਿਲੋਮੀਟਰ ਪ੍ਰਤੀ ਚਾਰਜ ਹੋਵੇਗੀ।