ਜੈਕ ਲੋਚਂਦ ਦਾ ਸਫ਼ਰ: ਮੱਲਾਹ ਤੋਂ ਡਰਾਈਵਿੰਗ ਅਧਿਆਪਕ ਤਕ

Avatar photo

ਜਗਦੀਸ਼ (ਜੈਕ) ਲੋਚਂਦ ਦਾ ਮੰਨਣਾ ਹੈ ਕਿ ਸਫ਼ਰ ਦੌਰਾਨ ਕੋਈ ਵਿਅਕਤੀ ਆਪਣੇ ਲਈ ਬਿਹਤਰੀਨ ਤਜ਼ਰਬੇ ਹਾਸਲ ਕਰ ਸਕਦਾ ਹੈ।

ਇਹ ਉਸਦਾ ਤਜ਼ਰਬਾ ਬੋਲਦਾ ਹੈ।

ਜੈਕ ਲੋਚਂਦ: ਤੁਸੀਂ ਜੋ ਵੀ ਕਰਦੇ ਹੋ, ਉਸ ‘ਚ ਸਫ਼ਲ ਹੋਣ ਲਈ ਤੁਹਾਡਾ ਰਵੱਈਆ ਸਾਕਾਰਾਤਮਕ ਹੋਣਾ ਚਾਹੀਦਾ ਹੈ। ਤਸਵੀਰ: ਅਬਦੁਲ ਲਤੀਫ਼

ਹੁਣ 62 ਵਰ੍ਹਿਆਂ ਦੇ ਲੋਚਂਦ ਨੇ 17 ਸਾਲ ਦੀ ਉਮਰ ‘ਚ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਨ੍ਹਾਂ ਨੇ ਨੌਰਡਿਕ ਮਰਚੈਂਟ ਨੇਵੀ ‘ਚ ਮਲਾਹ ਵਜੋਂ ਕੈਮੀਕਲ ਕੈਰੀਅਰ ‘ਤੇ ਕੰਮ ਸ਼ੁਰੂ ਕੀਤਾ ਸੀ।

”ਮੈਂ ਲਗਭਗ ਅੱਧੀ ਦੁਨੀਆਂ ਘੁੰਮ ਚੁੱਕਿਆ ਹਾਂ – ਪੂਰੇ ਕੈਰੇਬੀਆਈ ਖੇਤਰ, ਪੂਰਾ ਦੱਖਣੀ ਅਮਰੀਕਾ ਅਤੇ ਯੂਰੋਪ। ਮੈਂ ਅਫ਼ਰੀਕਾ ਦੇ ਕੁੱਝ ਹਿੱਸੇ ਵੀ ਘੁੰਮੇ ਹਨ। ਉੱਤਰੀ ਅਮਰੀਕਾ ਦੇ ਸਾਰੇ ਦੇਸ਼ ਤਾਂ ਘੁੰਮ ਹੀ ਲਏ ਹਨ।”

ਲੋਚਂਦ ਦੱਖਣੀ ਅਮਰੀਕੀ ਦੇਸ਼ ਗਾਇਨਾ ‘ਚ ਇੱਕ ਭਾਰਤੀ ਪ੍ਰਵਾਸੀ ਪਰਿਵਾਰ ‘ਚ ਪੈਦਾ ਹੋਏ ਸਨ। ਉਹ ਇੱਕ ਫ਼ਾਰਮ ‘ਚ ਪਲ ਕੇ ਵੱਡੇ ਹੋਏ ਹਨ, ਜਿੱਥੇ ਉਨ੍ਹਾਂ ਨੂੰ ਛੋਟੀ ਉਮਰ ‘ਚ ਹੀ ਖੇਤੀਬਾੜੀ ਦੇ ਉਪਕਰਨ ਚਲਾਉਣ ਦਾ ‘ਖੁੱਲ੍ਹਾ ਮੌਕਾ’ ਮਿਲਿਆ।

ਪਰ ਅਸਲ ‘ਚ ਉਨ੍ਹਾਂ ਦੇ ਸਮੁੰਦਰ ਦੇ 11 ਸਾਲਾਂ ਦੇ ਕਰੀਅਰ ਨੇ ਉਨ੍ਹਾਂ ਦਾ ਦੁਨੀਆਂ ਪ੍ਰਤੀ ਨਜ਼ਰੀਆ ਅਤੇ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਇਸੇ ਕਰਕੇ ਉਹ ਆਪਣੇ ਆਪ ਨੂੰ ਕਰੜੇ ਤਜ਼ਰਬਿਆਂ ਦੇ ਸਕੂਲ ‘ਚੋਂ ਪਾਸ ਦੱਸਦੇ ਹਨ।

ਲੋਚਂਦ ਨੇ ਇੱਕ ਮੈੱਸਬੁਆਏ ਤੋਂ ਇੱਕ ਮਕੈਨਿਕ ਵਜੋਂ ਤਰੱਕੀ ਕੀਤੀ ਅਤੇ ਅਖ਼ੀਰ ਉਨ੍ਹਾਂ ਨੂੰ ਆਪਣੀ ਸਭ ਤੋਂ ਤਸੱਲੀਬਖਸ਼ ਨੌਕਰੀ ਮਿਲੀ, ਜੋ ਕਿ ਸ਼ੈੱਫ਼ ਦੀ ਸੀ।

”ਕਈ ਦੇਸ਼ਾਂ ਦੇ ਖਾਣੇ ਬਣਾਉਣ ‘ਚ ਬਹੁਤ ਅਨੰਦ ਮਿਲਦਾ ਸੀ।”

ਇਸ ਲਈ ਜਦੋਂ ਉਹ 1989 ‘ਚ ਕੈਨੇਡਾ ਆਏ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਉਹ ਕਿੱਥੇ ਕੰਮ ਕਰਨਗੇ। ਕਈ ਰੇਸਤਰਾਂ ‘ਚ ਥੋੜ੍ਹੀ-ਥੋੜ੍ਹੀ ਦੇਰ ਕੰਮ ਕਰਨ ਤੋਂ ਬਾਅਦ ਲੋਚਂਦ ਨੇ ਫ਼ੈਸਲਾ ਕੀਤਾ ਕਿ ਉਹ ਆਪਣਾ ਖ਼ੁਦ ਦਾ ਕੰਮ ਸ਼ੁਰੂ ਕਰਨਗੇ।

1997 ‘ਚ ਲੋਚਂਦ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਨੇ ਸਕਾਰਬੋਰੋ, ਓਂਟਾਰੀਓ ‘ਚ ਜੈਕ ਐਂਡ ਐਨਜ਼ ਨਾਮਕ ਪਰਿਵਾਰਕ ਰੇਸਤਰਾਂ ਕੈਫ਼ੇ ਖੋਲ੍ਹਿਆ ਜਿਸ ਦੀ ਵਿਸ਼ੇਸ਼ਤਾ ਕੈਰੇਬੀਆਈ ਭੋਜਨ ਸੀ।

ਲੋਚਂਦ ਨੇ ਕਿਹਾ, ”ਰੇਸਤਰਾਂ ਸਿਰਫ਼ ਅੱਠ ਮਹੀਨਿਆਂ ਤਕ ਚੱਲਿਆ, ਕਿਉਂਕਿ ਮੰਦੀ ਦਾ ਦੌਰ ਸ਼ੁਰੂ ਹੋ ਗਿਆ ਸੀ ਅਤੇ ਮੇਰੀ ਸਾਰੀ ਬਚਤ ਖ਼ਤਮ ਹੋ ਗਈ ਸੀ।” ਉਹ ਸਮਾਂ 1997 ‘ਚ ਪੈਦਾ ਹੋਏ ਏਸ਼ੀਆਈ ਵਿੱਤੀ ਸੰਕਟ ਕਰਕੇ ਸਾਰੀ ਦੁਨੀਆਂ ‘ਤੇ ਪਏ ਅਸਰ ਦਾ ਸੀ।

ਹੁਣ ਇਸ ਕਿੱਤੇ ‘ਚ ਵਾਪਸ ਮੁੜਨਾ ਕਾਫੀ ਮੁਸ਼ਕਲ ਸੀ।

ਤਿੰਨ ਸਾਲਾਂ ਬਾਅਦ ਲੋਚਂਦ ਨੇ ਟਰੱਕਿੰਗ ‘ਚ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਗਾਇਨਾ ‘ਚ ਕੁੱਝ ਭਾਰੀਆਂ ਗੱਡੀਆਂ ਚਲਾਉਣ ਦਾ ਤਜ਼ਰਬਾ ਸੀ।

1999 ‘ਚ ਉਨ੍ਹਾਂ ਨੇ ਐਡਨੈਕ ਟਰੱਕ ਸਿਖਲਾਈ ਸਕੂਲ ‘ਚ ਵਿਦਿਆਰਥੀ ਵਜੋਂ ਦਾਖ਼ਲਾ ਲਿਆ।

ਸਕੂਲ ਨੂੰ ਵੇਨ ਕੈਂਪਬੈੱਲ ਚਲਾ ਰਹੇ ਸਨ, ਜੋ ਕਿ ਟਰੱਕ ਸਿਖਲਾਈ ਸਕੂਲ ਐਸੋਸੀਏਸ਼ਨ ਆਫ ਓਂਟਾਰੀਓ (ਟੀ.ਟੀ.ਐਸ.ਏ.ਓ.) ਦੇ ਸਾਬਕਾ ਪ੍ਰੈਜ਼ੀਡੈਂਟ ਸਨ, ਜਿਸ ਨਾਲ ਉਨ੍ਹਾਂ ਨੇ ਚੰਗੇ ਰਿਸ਼ਤੇ ਕਾਇਮ ਕੀਤੇ ਹੋਏ ਸਨ।

ਲੋਚਂਦ ਨੇ ਸਾਲ 2000 ਦੇ ਸ਼ੁਰੂ ‘ਚ ਗਰੈਜੁਏਸ਼ਨ ਪ੍ਰਾਪਤ ਕੀਤੀ।

”ਅਗਲੇ ਹੀ ਦਿਨ, ਮੈਂ ਅਮਰੀਕਾ ਚਲਾ ਗਿਆ, ਜਿੱਥੇ ਸਟੀਲ ਲਿਜਾਣ ਵਾਲਾ ਫ਼ਲੈਟ  ਬੈੱਡ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਓਨਰ-ਆਪਰੇਟਰ ਬਣ ਗਿਆ।”

ਲੋਚਂਦ ਨੇ 10 ਸਾਲਾਂ ਤਕ ਟਰੱਕ ਚਲਾਏ ਅਤੇ ਕੈਂਪਬੈੱਲ ਦੀ ਮੌਤ ਤੋਂ ਬਾਅਦ ਐਡਨੈਕ ਨੂੰ ਖ਼ਰੀਦ ਲਿਆ। ਉਨ੍ਹਾਂ ਨੇ ਸਕੂਲ ਦਾ ਨਾਂ ਬਦਲ ਕੇ ਐਲਪਾਈਨ ਟਰੱਕ ਡਰਾਈਵਿੰਗ ਰੱਖ ਦਿੱਤਾ।

ਉਨ੍ਹਾਂ ਕਿਹਾ, ”ਸਕੂਲ ਦਾ ਨਾਂ ਐਲਪਾਈਨ ਦੇ ਦਰੱਖ਼ਤਾਂ ‘ਤੇ ਰੱਖਿਆ ਗਿਆ ਜੋ ਕਿ ਮੈਂ ਆਪਣੇ ਯੂਰੋਪ ਦੇ ਸਫ਼ਰ ਦੌਰਾਨ ਵੇਖੇ ਸਨ।”

ਐਲਪਾਈਨ ਕੋਲ ਇੱਕ ਛੋਟਾ ਫ਼ਲੀਟ ਵੀ ਹੈ ਪਰ ਲੋਚਂਦ ਦਾ ਧਿਆਨ ਡਰਾਈਵਿੰਗ ਦੀ ਸਿਖਲਾਈ ‘ਤੇ ਕੇਂਦਰਤ ਹੈ।

ਉਨ੍ਹਾਂ ਕਿਹਾ, ”ਮੈਂ ਨਾ ਸਿਰਫ਼ ਉਨ੍ਹਾਂ ਨੂੰ ਟਰੱਕ ਚਲਾਉਣਾ ਸਿਖਾ ਰਿਹਾ ਹਾਂ, ਬਲਕਿ ਉਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ ਵੀ ਦੇ ਰਿਹਾ ਹਾਂ।”

”ਉਨ੍ਹਾਂ ਨੂੰ ਸਿਖਲਾਈ ਦੇਣ ਨੂੰ ਭਾਵੇਂ ਕਿੰਨਾ ਵੀ ਸਮਾਂ ਲੱਗ ਜਾਵੇ। ਪ੍ਰੋਗਰਾਮ ਅੱਠ ਹਫ਼ਤਿਆਂ ਦਾ ਹੈ, ਪਰ ਕੁੱਝ ਲੋਕਾਂ ਨੂੰ ਜ਼ਿਆਦਾ ਸਮਾਂ ਚਾਹੀਦਾ ਹੈ। ਕੁੱਝ ਦੇਰੀ ਨਾਲ ਸਿੱਖਦੇ ਹਨ ਅਤੇ ਕੁੱਝ ਛੇਤੀ ਸਿੱਖ ਜਾਂਦੇ ਹਨ। ਹਰ ਕੋਈ ਵੱਖ ਤਰੀਕੇ ਨਾਲ ਸਿੱਖਦਾ ਹੈ।”

ਉਨ੍ਹਾਂ ਕਿਹਾ ਕਿ ਡਰਾਈਵਿੰਗ ਸਿਖਾਉਣ ਦਾ ਕੰਮ ਮੱਲਾਹ ਦੇ ਕੰਮ ਤੋਂ ਜ਼ਿਆਦਾ ਵੱਖਰਾ ਨਹੀਂ ਹੈ। ਸਭ ਤੋਂ ਜ਼ਿਆਦਾ ਅਸਰ ਤੁਹਾਡੇ ਰਵੱਈਏ ਦਾ ਪੈਂਦਾ ਹੈ।

”ਤੁਸੀਂ ਜੋ ਵੀ ਕਰਦੇ ਹੋ, ਉਸ ‘ਚ ਸਫ਼ਲ ਹੋਣ ਲਈ ਤੁਹਾਡਾ ਰਵੱਈਆ ਸਾਕਾਰਾਤਮਕ ਹੋਣਾ ਚਾਹੀਦਾ ਹੈ।”

ਐਲਪਾਈਨ ਨੂੰ 10 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਉਦੋਂ ਤੋਂ ਹੁਣ ਤਕ ਲੋਚਂਦ 1,000 ਲੋਕਾਂ ਨੂੰ ਸਿਖਲਾਈ ਦੇ ਚੁੱਕੇ ਹਨ।

”ਇੱਕ ਵਿਦਿਆਰਥੀ ਮੈਡੀਕਲ ਡਾਕਟਰ ਸੀ, ਜਿਸ ਨੂੰ ਆਪਣੇ ਖੇਤਰ ‘ਚ ਨੌਕਰੀ ਨਹੀਂ ਮਿਲੀ। ਇਸ ਲਈ ਉਹ ਇੱਥੇ ਆਇਆ ਅਤੇ ਟਰੱਕ ਡਰਾਈਵਰ ਬਣ ਗਿਆ।”

ਲੋਚਂਦ ਅਤੇ ਉਨ੍ਹਾਂ ਦੀ ਪਤਨੀ ਦੇ ਦੋ ਕੁੜੀਆਂ, ਸ਼ੈਲੀਸਾ ਅਤੇ ਐਂਜਲੀਨਾ ਅਤੇ ਇੱਕ ਪੁੱਤਰ ਐਰੋਨ ਹਨ। ਉਹ ਮਾਰਖਮ, ਓਂਟਾਰੀਓ ਵਿਖੇ ਰਹਿੰਦੇ ਹਨ।

ਲੋਚਂਦ ਆਪਣਾ ਖ਼ਾਲੀ ਸਮਾਂ ਕ੍ਰਿਕਟ ਖੇਡਦਿਆਂ ਜਾਂ ਵੇਖਦਿਆਂ ਬਿਤਾਉਂਦੇ ਹਨ।

ਉਨ੍ਹਾਂ ਕਿਹਾ, ”ਜਾਣਦੇ ਹੋ, ਕ੍ਰਿਕਟ ਨੇ ਹੀ ਮੈਨੂੰ ਡਰਾਈਵਿੰਗ ਸਿਖਾਉਣ ਲਈ ਪ੍ਰੇਰਿਤ ਕੀਤਾ। ਇਹ ਇੱਕ ਖੇਡ ਹੀ ਹੈ ਜੋ ਅਸੀਂ ਖੇਡ ਰਹੇ ਹਾਂ। ਜੇ ਤੁਸੀਂ ਜਿੱਤਣਾ ਹੈ ਤਾਂ ਤੁਹਾਨੂੰ ਟੀਮ ‘ਚ ਖੇਡਣਾ ਆਉਣਾ ਚਾਹੀਦਾ ਹੈ।”

 

ਅਬਦੁਲ ਲਤੀਫ਼ ਵੱਲੋਂ