ਟਰਾਂਸਪੋਰਟ ਕੈਨੇਡਾ ਨੇ ਟਰੱਕ ਡਰਾਈਵਰਾਂ ਨੂੰ ਮਾਸਕ, ਸਾਫ਼-ਸਫ਼ਾਈ ਦੀਆਂ ਆਦਤਾਂ ਆਦਿ ਦੇ ਸੁਝਾਏ ਨੁਕਤੇ

Avatar photo

ਟਰਾਂਸਪੋਰਟ ਕੈਨੇਡਾ ਵੱਲੋਂ ਜਾਰੀ ਨਵੀਂ ਜਾਣਕਾਰੀ ‘ਚ ਕੋਵਿਡ-19 ਵਿਰੁੱਧ ਜੰਗ ਦੌਰਾਨ ਵਿਅਕਤੀਗਤ ਸੁਰੱਖਿਆ ਉਪਕਰਨਾਂ (ਪੀ.ਪੀ.ਈ.) ਦੀ ਪਛਾਣ ਕਰਨ ਅਤੇ ਪ੍ਰਯੋਗ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਕਮਰਸ਼ੀਅਲ ਵਹੀਕਲ ਆਪਰੇਸ਼ਨਜ਼ ਲਈ ਮੌਜੂਦ ਫ਼ੈਡਰਲ ਸੁਰੱਖਿਆ ਹਦਾਇਤਾਂ ਦੇ ਨਾਲ-ਨਾਲ ਇਨ੍ਹਾਂ ਸਲਾਹਾਂ ਨੂੰ ਵੀ ਅਪਣਾਉਣ ਲਈ ਕਿਹਾ ਗਿਆ ਹੈ। ਤਾਂ ਕਿ ਡਰਾਈਵਰਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਨਾਲ ਹੀ ਪੀ.ਪੀ.ਈ. ਅਤੇ ਸਾਫ਼-ਸਫ਼ਾਈ ਦੀਆਂ ਵਸਤਾਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਜੋ ਕਿ ਡਰਾਈਵਰ ਆਪਣੀ ਵਰਤੋਂ ‘ਚ ਲਿਆ ਸਕਦੇ ਹਨ।

ਇਸ ਦੇ ਵੇਰਵੇ ‘ਚ ਨਿਯਮਤ ਰੂਪ ਤੋਂ ਇਲਾਵਾ ਕਈ ਸਲਾਹਾਂ ਦਿੱਤੀਆਂ ਗਈਆਂ ਹਨ ਜਿਵੇਂ ਕਿ ਹੱਥ ਧੋਣ, ਆਮ ਤੌਰ ‘ਤੇ ਛੂਹੀਆਂ ਜਾਣ ਵਾਲੀਆਂ ਥਾਵਾਂ ਨੂੰ ਸਾਫ਼ ਕਰਨਾ ਅਤੇ ਹੋਰਨਾਂ ਲੋਕਾਂ ਤੋਂ 2 ਮੀਟਰ ਦੂਰੀ ਬਣਾ ਕੇ ਰੱਖਣਾ ਆਦਿ।

ਮਾਸਕ ਦੀ ਚੋਣ ਅਤੇ ਪ੍ਰਯੋਗ

ਦਸਤਾਵੇਜ਼ ‘ਚ ਕਿਹਾ ਗਿਆ ਹੈ ਕਿ ਨੱਕ ਅਤੇ ਮੂੰਹ ‘ਤੇ ਲਾਉਣ ਲਈ ਐਨ-95 ਮਾਸਕ ਵਰਗੀਆਂ ਚੀਜ਼ਾਂ ਅਜੇ ਵੀ ਕੋਵਿਡ-19 ਮਰੀਜ਼ਾਂ ਦੀ ਦੇਖਭਾਲ ‘ਚ ਲੱਗੇ ਸਿਹਤ ਕਾਮਿਆਂ ਅਤੇ ਹੋਰਨਾਂ ਲਈ ਰੱਖੀਆਂ ਗਈਆਂ ਹਨ। ਛਿੱਕਣ ਅਤੇ ਖੰਘਣ ਕਰ ਕੇ ਵਿਸ਼ਾਣੂਆਂ ਦੇ ਸੰਪਰਕ ‘ਚ ਆਉਣ ਤੋਂ ਕਪੜੇ ਦੇ ਮਾਸਕ ਜਾਂ ਮੂੰਹ ਢੱਕਣ ਨਾਲ ਵੀ ਬਚਾਅ ਹੋ ਸਕਦਾ ਹੈ।

ਗ਼ੈਰ-ਮੈਡੀਕਲ ਮਾਸਕ ਜਾਂ ਮੂੰਹ ਢੱਕਣ ਵਾਲੀਆਂ ਚੀਜ਼ਾਂ ਚਾਹੇ ਪੀ.ਪੀ.ਈ. ‘ਚ ਸ਼ਾਮਲ ਨਹੀਂ ਹਨ, ਲੋਕਿਨ ਟਰੱਕ ਡਰਾਈਵਰਾਂ ਨੂੰ ਅਜਿਹੇ ਹਾਲਾਤ ‘ਚ ਇਨ੍ਹਾਂ ਨੂੰ ਪਹਿਨਣ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਜਦੋਂ ਉਹ ਹੋਰਨਾਂ ਲੋਕਾਂ ਤੋਂ ਸਰੀਰਕ ਦੂਰੀ ਨਹੀਂ ਬਣਾ ਸਕਦੇ ਜਾਂ ਗੱਡੀ ਤੋਂ ਬਾਹਰ ਸਰੀਰਕ ਦੂਰੀ ਬਣਾਈ ਰੱਖਣਾ ਮੁਸ਼ਕਲ ਹੋਵੇ, ਜਿਵੇਂ ਕਿ ਫ਼ਿਊਲ ਭਰਨ ਸਮੇਂ ਜਾਂ ਡਿਲੀਵਰੀ ਮੁਕੰਮਲ ਕਰਦੇ ਸਮੇਂ। ਉਨ੍ਹਾਂ ਨੂੰ ਕਾਨੂੰਨ ਤਾਮੀਲ ਕਰਵਾਉਣ ਵਾਲੇ, ਜਨਤਕ ਸਿਹਤ ਅਧਿਕਾਰੀ ਜਾਂ ਸਰਹੱਦ ‘ਤੇ ਤੈਨਾਤ ਅਫ਼ਸਰ ਅਜਿਹੇ ਮਾਸਕ ਦੀ ਵਰਤੋਂ ਲਈ ਕਹਿ ਸਕਦੇ ਹਨ।

ਦਸਤਾਨਿਆਂ ਦੀ ਵਰਤੋਂ ਕਿੱਥੇ ਕੀਤੀ ਜਾਵੇ?

ਗੱਡੀਆਂ ‘ਚ ਬਹੁਤ ਜ਼ਿਆਦਾ ਛੂਹੀਆਂ ਜਾਣ ਵਾਲੀਆਂ ਥਾਵਾਂ, ਫ਼ਿਊਲ ਪੰਪ, ਸਰਵਿਸ ਸਟੇਸ਼ਨ ਦੇ ਦਰਵਾਜ਼ਿਆਂ ਦੇ ਹੈਂਡਲ, ਜਾਂ ਗੱਡੀਆਂ ਦੇ ਹੋਰ ਤਰਲ ਪਦਾਰਥ ਵਰਤੋਂ ਕਰਦੇ ਸਮੇਂ ਦਸਤਾਨੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ।

ਜੇਕਰ ਕੂੜੇਦਾਨ ਮੌਜੂਦ ਨਹੀਂ ਹੈ ਤਾਂ ਦਸਤਾਨਿਆਂ ਨੂੰ ਵਰਤੋਂ ਤੋਂ ਬਾਅਦ ਸੀਲਬੰਦ ਲਿਫ਼ਾਫ਼ੇ ਅੰਦਰ ਪਾ ਕੇ ਰੱਖਿਆ ਜਾਣਾ ਚਾਹੀਦਾ ਹੈ।

ਦਸਤਾਨੇ ਉਤਾਰਨ ਤੋਂ ਬਾਅਦ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਹੱਥਾਂ ਦੀ ਸਫ਼ਾਈ

ਅਜੇ ਵੀ ਹੱਥਾਂ ਨੂੰ ਸਾਬਣ ਅਤੇ ਗਰਮ ਪਾਣੀ ਨਾਲ 20 ਸਕਿੰਟਾਂ ਤੱਕ ਧੋਣਾ ਸੱਭ ਤੋਂ ਸੁਰੱਖਿਅਤ ਤਰੀਕੇ ਵਜੋਂ ਵੇਖਿਆ ਜਾ ਰਿਹਾ ਹੈ। ਪਰ ਜਦੋਂ ਇਹ ਤਰੀਕਾ ਮੌਜੂਦ ਨਾ ਹੋਵੇ ਤਾਂ ਅਲਕੋਹਲ-ਅਧਾਰਤ ਹੈਂਡ ਸੈਨੇਟਾਈਜ਼ਰ, ਜਿਸ ‘ਚ 60-90% ਅਲਕੋਹਲ ਹੋਵੇ- ਘੱਟ ਤੋਂ ਘੱਟ 70% ਸਰਬੋਤਮ ਹੈ-ਸੱਭ ਤੋਂ ਅਸਰਦਾਰ ਸਾਬਤ ਹੁੰਦਾ ਹੈ।