ਟਰੱਕਰਸ ਨੇ ਬਰੈਂਪਟਨ ਸਿਵਿਕ ਹਸਪਤਾਲ ਲਈ ਇਕੱਠੇ ਕੀਤੇ 15 ਹਜ਼ਾਰ ਡਾਲਰ

Avatar photo
ਹਸਪਤਾਲ ਦੇ ਸਟਾਫ਼ ਨੂੰ ਮੱਦਦ ਦਾ ਚੈੱਕ ਭੇਂਟ ਕਰਦੇ ਹੋਏ ਓ.ਏ.ਟੀ.ਏ. ਦੇ ਮੈਂਬਰ।

ਓਂਟਾਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ ਨੇ ਕੋਵਿਡ-19 ਨਾਲ ਲੜਾਈ ਵਿਰੁੱਧ ਬਰੈਂਪਟਨ ਸਿਵਿਕ ਹਸਪਤਾਲ ਦੀ ਮੱਦਦ ਲਈ 15,000 ਡਾਲਰ ਇਕੱਠੇ ਕੀਤੇ ਹਨ।

ਗਰੁੱਪ ਨੇ ਕਿਹਾ ਕਿ ਇਹ ਰਕਮ 7 ਮਈ ਨੂੰ ਕਰਵਾਏ ਇੱਕ ਧੰਨਵਾਦੀ ਕਾਫ਼ਲੇ ਦੌਰਾਨ ਇਕੱਠੀ ਕੀਤੀ ਗਈ ਸੀ ਅਤੇ ਇਸ ਦਾ ਪ੍ਰਯੋਗ ਵਿਅਕਤੀਗਤ ਸੁਰੱਖਿਆ ਉਪਕਰਨ ਅਤੇ ਹੋਰ ਜ਼ਰੂਰੀ ਵਸਤਾਂ ਖ਼ਰੀਦਣ ਲਈ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਅਧੀਨ 10 ਟਰੱਕਾਂ ਦਾ ਇੱਕ ਕਾਫ਼ਲਾ ਬਰੈਂਪਟਨ ਹਸਪਤਾਲ ਅਤੇ ਓਰੇਂਜਵਿਲੇ, ਓਂਟਾਰੀਓ ‘ਚ ਸਥਿਤ ਹੋਰ ਮੈਡੀਕਲ ਸਹੂਲਤਾਂ ਦੇ ਸਾਹਮਣਿਉਂ ਲੰਘਿਆ।

ਗਰੁੱਪ ਨੇ ਕਿਹਾ ਕਿ ਇਹ ਪ੍ਰੋਗਰਾਮ ਸਾਰੇ ਫ਼ਰੰਟਲਾਈਨ ਵਰਕਰਾਂ ਅਤੇ ਸਰਕਾਰ ਦੇ ਹਰ ਪੱਧਰ ‘ਤੇ ਕੀਤੇ ਜਾ ਰਹੇ ਕੰਮ ਦੀ ਤਾਰੀਫ਼ ਵਜੋਂ ਕਰਵਾਇਆ ਗਿਆ ਸੀ।

ਗਰੁੱਪ ਨੇ ਕਿਹਾ, ”ਡਾਕਟਰਾਂ ਸਮੇਤ 40 ਤੋਂ ਜ਼ਿਆਦਾ ਸਿਹਤ ਕਾਮਿਆਂ ਨੇ ਬਰੈਂਪਟਨ ਹਸਪਤਾਲ ਦੇ ਬਾਹਰ ਆ ਕੇ ਸਾਡਾ ਧੰਨਵਾਦ ਕੀਤਾ ਅਤੇ ਤਾੜੀਆਂ ਵਜਾ ਕੇ ਹੌਸਲਾ ਅਫ਼ਜ਼ਾਈ ਕੀਤੀ।”

ਇਹ ਪ੍ਰੋਗਰਾਮ ਖ਼ਾਲਸਾ ਕੇਅਰ ਦੀ ਮੱਦਦ ਨਾਲ ਕਰਵਾਇਆ ਗਿਆ ਸੀ, ਜੋ ਕਿ ਕੈਲੇਡਨ, ਓਂਟਾਰੀਓ ‘ਚ ਅਧਾਰਤ ਚੈਰਿਟੀ ਸੰਸਥਾ ਹੈ।