ਟਰੱਕਿੰਗ ਐਚ.ਆਰ. ਕੈਨੇਡਾ ਦੀਆਂ ਸਬਸਿਡੀਆਂ ਬਦੌਲਤ ਬਾਰਡਰ ਸਿਟੀ ਕੰਕਰੀਟ ਨੂੰ ਮਿਲੇ ਨਵੇਂ ਸ਼੍ਰੇਣੀ 1 ਦੇ ਡਰਾਈਵਰ ਅਤੇ ਮਕੈਨਿਕ

ਲੋਇਡਮਿੰਸਟਰ ਦੀ ਖ਼ਾਸੀਅਤ ਇਹ ਹੈ ਕਿ ਇਹ ਅਲਬਰਟਾ ਅਤੇ ਸਸਕੈਚਵਨ ਦੋਹਾਂ ਨਾਲ ਜੁੜਿਆ ਹੋਇਆ ਹੈ। ਤੁਸੀਂ ਇੱਕ ਗਲੀ ਨੂੰ ਪਾਰ ਕਰਦਿਆਂ ਹੀ ਦੂਜੇ ਸੂਬੇ ’ਚ ਚਲੇ ਜਾਂਦੇ ਹੋ।

ਇਹ ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਰੌਨ ਕੈਲੀ ਸਿਖਲਾਈ ਦੇਣ ’ਤੇ ਮਿਲਦੀ ਸਬਸਿਡੀ ਪ੍ਰਾਪਤ ਕਰਨ ਲਈ ਦੋਹਾਂ ਪ੍ਰੋਵਿੰਸਾਂ ਦੇ ਪ੍ਰੋਗਰਾਮਾਂ ਦੀ ਪੜਤਾਲ ਕਰ ਰਹੇ ਹਨ ਤਾਂ ਕਿ ਉਨ੍ਹਾਂ ਦੇ ਦੋ ਮੌਜੂਦਾ ਮੁਲਾਜ਼ਮ ਆਪਣਾ ਸ਼੍ਰੇਣੀ 1 ਲਾਇਸੰਸ ਪ੍ਰਾਪਤ ਕਰ ਸਕਣ ਅਤੇ ਬਾਰਡਰ ਸਿਟੀ ਕੰਕਰੀਟ (ਬੀ.ਸੀ.ਸੀ.) ’ਚ ਵੱਧ ਪ੍ਰਕਾਰ ਦੇ ਕੰਮ ਕਰ ਸਕਣ। ਇਹ ਇੱਕ ਖੁਦਾਈ, ਐਗਰੀਗੇਟ ਅਤੇ ਕੰਕਰੀਟ ਡਿਲੀਵਰੀ ਕੰਪਨੀ ਹੈ, ਜਿਸ ’ਚ ਉਹ ਮੈਨੇਜਰ ਹਨ।

ਅਖ਼ੀਰ ਉਨ੍ਹਾਂ ਨੂੰ ਟਰੱਕਿੰਗ ਐਚ.ਆਰ. ਕੈਨੇਡਾ ਦੇ ਕਰੀਅਰ ਐਕਸਪ੍ਰੈੱਸਵੇ ਪ੍ਰੋਗਰਾਮ ਰਾਹੀਂ ਹੱਲ ਲੱਭ ਹੀ ਗਿਆ, ਜੋ ਕਿ ਸ਼੍ਰੇਣੀ 1 ਲਾਇਸੰਸ ਸਿਖਲਾਈ ਲਈ ਪ੍ਰਤੀ ਵਿਅਕਤੀ 10 ਹਜ਼ਾਰ ਡਾਲਰ ਪ੍ਰਦਾਨ ਕਰਦਾ ਹੈ।

ਕੈਲੀ ਨੇ ਕਿਹਾ, ‘‘ਫ਼ੈਡਰਲ ਪ੍ਰੋਗਰਾਮ ਰਾਹੀਂ, ਸਿਰਫ਼ ਇੱਕ ਧਿਰ ਨਾਲ ਰਹਿ ਕੇ ਮੈਂ ਕਈ ਕੰਮ ਨਿਪਟਾ ਸਕਦਾ ਹਾਂ।’’

ਪਹਿਲਾ ਮੁਲਾਜ਼ਮ ਜਿਸ ਨੇ ਪੇਸ਼ੇਵਰ ਡਰਾਈਵਰ ਸਿਖਲਾਈ ਪ੍ਰਾਪਤ ਕੀਤੀ ਉਹ ਇੱਕ ਇਕੁਇਪਮੈਂਟ ਆਪਰੇਟਰ ਸੀ। ਹੁਣ ਜਦੋਂ ਉਸ ਨੂੰ ਆਪਣਾ ਸ਼੍ਰੇਣੀ 1 ਲਾਇਸੰਸ ਮਿਲ ਚੁੱਕਾ ਹੈ, ਉਸ ਨੂੰ ਆਪਣੇ ਉਪਕਰਨ ਨੂੰ ਚਲਾਉਣ ਲਈ ਕਿਸੇ ਸਾਥੀ ਦੀ ਜ਼ਰੂਰਤ ਨਹੀਂ ਅਤੇ ਉਹ ਬੱਜਰੀ ਢੋਣ ਵਾਲਾ ਟਰੱਕ ਚਲਾ ਸਕਦਾ ਹੈ। ਕੈਲੀ ਨੇ ਕਿਹਾ, ‘‘ਇਸ ਨਾਲ ਉਸ ਲਈ ਕਈ ਸੰਭਾਵਨਾਵਾਂ ਖੁੱਲ੍ਹ ਗਈਆਂ।’’

ਦੂਜੇ ਕੋਲ ਕਰੀਅਰ ਐਕਸਪ੍ਰੈੱਸਵੇ ਦੇ ਤਜ਼ਰਬੇ ਤੋਂ ਪਹਿਲਾਂ ਸ਼੍ਰੇਣੀ 3 ਲਾਇਸੰਸ ਸੀ, ਜਿਸ ਨਾਲ ਉਹ ਟਰੱਕਿੰਗ ਦੇ ਕੁੱਝ ਕੰਮ ਕਰ ਸਕਦਾ ਸੀ। ਕੈਲੀ ਨੇ ਕਿਹਾ, ‘‘ਪਰ ਉਹ ਲੋਂਗ ਹੌਲ ’ਤੇ ਨਹੀਂ ਜਾ ਸਕਦਾ ਸੀ ਅਤੇ ਵੱਡੇ ਕੰਮ ਨਹੀਂ ਕਰ ਸਕਦਾ ਸੀ ਕਿਉਂਕਿ ਉਸ ਕੋਲ ਸ਼੍ਰੇਣੀ 1 ਲਾਇਸੰਸ ਨਹੀਂ ਸੀ।’’

ਟਰੱਕਿੰਗ ਐਚ.ਆਰ. ਕੈਨੇਡਾ ਹੇਠ ਸਿਖਲਾਈ ਫ਼ੀਸ ’ਤੇ 100% ਸਬਸਿਡੀਆਂ ਪ੍ਰਾਪਤ ਕਰਨ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੇ ਕਿਹਾ, ‘‘ਇਹ ਅਜਿਹੇ ਵਿਅਕਤੀ ਸਨ ਜਿਨ੍ਹਾਂ ਕੋਲ ਸ਼੍ਰੇਣੀ 1 ਲਾਇਸੰਸ ਪ੍ਰਾਪਤ ਕਰਨ ਦਾ ਖ਼ਰਚਾ ਨਹੀਂ ਸੀ। ਸਬਸਿਡੀ ਨਾਲ ਇਨ੍ਹਾਂ ਦੋਹਾਂ ਨੂੰ ਕੰਪਨੀ ’ਚ ਵਾਧੂ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਕੰਪਨੀ ਨੂੰ ਯਕੀਨੀ ਤੌਰ ’ਤੇ ਵੱਧ ਸਫ਼ਲ ਹੋਣ ਦਾ।’’

ਕੈਲੀ ਨੇ ਕਿਹਾ ਕਿ ਕਰੀਅਰ ਐਕਸਪ੍ਰੈੱਸਵੇ ਪ੍ਰੋਗਰਾਮ ਨੇ ਉਸ ਨੂੰ ‘ਕਈ ਚੀਜ਼ਾਂ’ ਕਰਨ ਦੀ ਇਜਾਜ਼ਤ ਦਿੱਤੀ, ਜਿਸ ਨਾਲ ਉਨ੍ਹਾਂ ਨੇ ਦੋ ਡਰਾਈਵਰਾਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਨੌਜੁਆਨਾਂ ਦੇ ਪ੍ਰੋਗਰਾਮ ਲਈ ਮੁਲਾਜ਼ਮ ਤਨਖ਼ਾਹ ਸਹਾਇਤਾ ਦਾ ਪ੍ਰਯੋਗ ਕਰਦਿਆਂ ਇੱਕ ਸਿਖਾਂਦਰੂ ਮਕੈਨਿਕ ਵੀ ਭਰਤੀ ਕਰ ਲਿਆ, ਜਿਸ ਹੇਠ ਇਸ ਨੌਜੁਆਨ ਦੀ ਤਨਖ਼ਾਹਾਂ ਦੇ ਪਹਿਲੇ 10,000 ਡਾਲਰ ਦਾ ਭੁਗਤਾਨ ਕੀਤਾ ਗਿਆ।

ਟਰੱਕਿੰਗ ਐਚ.ਆਰ. ਕੈਨੇਡਾ ਦੀ ਵਿੱਤੀ ਮੱਦਦ ਬਾਰੇ ਗੱਲ ਕਰਦਿਆਂ ਕੈਲੀ ਨੇ ਕਿਹਾ, ‘‘ਅੱਜ ਤੋਂ ਪੰਜ ਜਾਂ ਛੇ ਸਾਲ ਪਹਿਲਾਂ ਤੋਂ ਹੁਣ ਹਾਲਾਤ ਕੁੱਝ ਬਦਲ ਚੁੱਕੇ ਹਨ। ਹਰ ਕੋਈ ਪੈਸੇ ਬਚਾਉਣ ਦੀ ਸੋਚ ਰਿਹਾ ਹੈ। ਇਸ ਲਈ ਕਿਸੇ ਨਵੇਂ ਬੰਦੇ ਨੂੰ ਭਰਤੀ ਕਰਨਾ ਅਤੇ ਉਸ ਨੂੰ ਕਿਸੇ ਨਵੇਂ ਕੰਮ ਲਈ ਸਿਖਲਾਈ ਦੇਣਾ ਅਤੇ ਜਦੋਂ ਤੱਕ ਉਹ ਹੋਰ ਕੰਮ ਕਰਨ ਦੇ ਕਾਬਲ ਨਾ ਹੋ ਜਾਵੇ, ਉਦੋਂ ਤੱਕ ਵਿੱਤੀ ਮੱਦਦ ਪ੍ਰਾਪਤ ਕਰਨਾ ਬਹੁਤ ਵਧੀਆ ਗੱਲ ਹੈ।’’

ਅਤੇ ਪ੍ਰੋਗਰਾਮ ਦਾ ਪ੍ਰਬੰਧਨ ਕਰਨਾ ਬੀ.ਸੀ.ਸੀ. ਲਈ ਬਹੁਤ ਆਸਾਨ ਕੰਮ ਰਿਹਾ। ਕੈਲੀ ਨੇ ਕਿਹਾ, ‘‘ਟਰੱਕਿੰਗ ਐਚ.ਆਰ. ਕੈਨੇਡਾ ਨਾਲ ਕੰਮ ਕਰਨਾ ਮੈਨੂੰ ਬਹੁਤ ਆਸਾਨ ਲੱਗਾ; ਉਨ੍ਹਾਂ ਬੜੀ ਤੇਜ਼ੀ ਨਾਲ ਹੁੰਗਾਰਾ ਦਿੱਤਾ ਅਤੇ ਬਹੁਤ ਸਲੀਕੇ ਨਾਲ ਪੇਸ਼ ਆਏ। ਜਿੱਥੇ ਵੀ ਸਵਾਲ ਪੈਦਾ ਹੋਏ ਉਨ੍ਹਾਂ ਨੇ ਮੇਰੀ ਮੱਦਦ ਕੀਤੀ ਅਤੇ ਅਸੀਂ ਬਹੁਤ ਛੇਤੀ ਇਸ ਕੰਮ ਨੂੰ ਨਿਪਟਾ ਲਿਆ।’’

ਨੌਜੁਆਨ ਅਤੇ ਕੰਮ ਦੀ ਭਾਲ ’

20 ਸਾਲਾਂ ਦਾ ਨਿਕੋਲਸ ਵੈਂਜਰ ਇੱਕ ਸਿਖਾਂਦਰੂ ਮਕੈਨਿਕ ਹੈ ਜਿਸ ਨੂੰ ਬੀ.ਸੀ.ਸੀ. ਨੇ ਆਪਣੇ ਪੈਰਾਡਾਇਸ ਹਿੱਲ (ਐਸ.ਕੇ.) ਹਾਰਡੀ ਸਰਵੀਸਿਜ਼ ਡਿਵੀਜ਼ਨ ਲਈ ਭਰਤੀ ਕੀਤਾ ਹੈ। ਨਿਕੋਲਸ ਦਾ ਪਿਤਾ, ਲੀਓਨ, ਲੰਮੇ ਸਮੇਂ ਤੋਂ ਟਰੱਕ ਡਰਾਈਵਰ ਹੈ, ਇਸ ਲਈ ਟਰੱਕਾਂ ਨਾਲ ਉਸ ਦੀ ਜਾਣ-ਪਛਾਣ ਬਚਪਨ ਤੋਂ ਹੀ ਹੈ।

ਫਿਰ ਵੀ ਉਸ ਦੀ ਅਸਲ ਰੁਚੀ ਮਕੈਨਿਕ ਬਣਨ ’ਚ ਹੈ ਅਤੇ ਬੀ.ਸੀ.ਸੀ. ’ਚ ਉਸ ਦੇ ਕਰਨ ਲਈ ਬਹੁਤ ਕੁੱਝ ਹੈ ਕਿਉਂਕਿ ਉਸਾਰੀ ਦੇ ਕੰਮਾਂ ’ਚ ਲੱਗੇ ਟਰੱਕਾਂ ਅਤੇ ਭਾਰੀ ਮਸ਼ੀਨਰੀ ਨੂੰ ਬਹੁਤ ਕੁੱਝ ਸਹਿਣਾ ਪੈਂਦਾ ਹੈ। ਉਸ ਨੂੰ ਆਪਣੇ ਵੱਲੋਂ ਕੀਤੇ ਜਾਣ ਵਾਲੇ ਕਈ ਤਰ੍ਹਾਂ ਦੇ ਕੰਮ ਬਹੁਤ ਪਸੰਦ ਹਨ। ਆਪਣੇ ਰੁਜ਼ਗਾਰਦਾਤਾ ਬਾਰੇ ਵੈਂਜਰ ਦਾ ਕਹਿਣਾ ਹੈ, ‘‘ਮੈਨੂੰ ਹਰ ਤਰ੍ਹਾਂ ਦੇ ਕੰਮਾਂ ’ਤੇ ਲਾਉਣ ਅਤੇ ਜਿੰਨੀਆਂ ਹੋ ਸਕਣ ਓਨੀਆਂ ਚੀਜ਼ਾਂ ਨਾਲ ਜਾਣ-ਪਛਾਣ ਕਰਵਾਉਣ ਬਾਰੇ ਉਹ ਬਹੁਤ ਚੰਗੇ ਹਨ।’’

ਟਰੱਕਿੰਗ ਅਤੇ ਲੋਜਿਸਟਿਕਸ ਖੇਤਰ ’ਚ ਕਰੀਅਰ ਬਣਾਉਣ ਲਈ ਵੈਂਜਰ ਬਹੁਤ ਉਤਸੁਕ ਹੈ। ਉਨ੍ਹਾਂ ਕਿਹਾ, ‘‘ਅਜੇ ਤੱਕ ਤਾਂ ਮੈਨੂੰ ਇਸ ਕੰਮ ’ਚ ਬਹੁਤ ਮਜ਼ਾ ਆ ਰਿਹਾ ਹੈ। ਆਉਣ ਵਾਲੇ ਸਾਲਾਂ ’ਚ ਮੈਂ ਯਕੀਨੀ ਤੌਰ ’ਤੇ ਇਸੇ ਰਸਤੇ ’ਤੇ ਅੱਗੇ ਵਧਣ ਵਾਲਾ ਹਾਂ।’’

ਇਹ ਗੱਲ ਕੈਲੀ ਲਈ ਬਹੁਤ ਚੰਗੀ ਹੈ। ਉਨ੍ਹਾਂ ਕਿਹਾ, ‘‘ਨਵੀਂ ਭਰਤੀ ਲਈ ਤਨਖ਼ਾਹ ਸਬਸਿਡੀ ਪ੍ਰਾਪਤ ਕਰਨ ਨਾਲ ਸਿਖਲਾਈ ਦੇ ਖ਼ਰਚ ਦਾ ਕੁੱਝ ਬੋਝ ਤਾਂ ਹਲਕਾ ਹੁੰਦਾ ਹੈ। ਇਸ ਨਾਲ ਸਥਾਨਕ ਵਿਅਕਤੀਆਂ ਨੂੰ ਭਰਤੀ ਕਰਨ ਦਾ ਮੌਕਾ ਮਿਲਦਾ ਹੈ, ਤਾਂ ਕਿ ਅਜਿਹੇ ਵਿਅਕਤੀ ਨੂੰ ਭਰਤੀ ਕੀਤਾ ਜਾ ਸਕੇ ਜੋ ਨੌਜੁਆਨ ਹੈ, ਲੋੜਵੰਦ ਹੈ, ਕੰਮ ਕਰਨ ਦਾ ਇੱਛੁਕ ਹੈ, ਸਿੱਖਣਾ ਚਾਹੁੰਦਾ ਹੈ ਅਤੇ ਸਾਡੀ ਕੰਪਨੀ ਦਾ ਵਿਸਤਾਰ ਕਰਨਾ ਚਾਹੁੰਦਾ ਹੈ।’’

ਕੈਲੀ ਨੇ ਇਹ ਵੀ ਕਿਹਾ ਕਿ ਉਹ ਨੌਜੁਆਨਾਂ ਦੇ ਕੰਮ ਤੋਂ ਕਈ ਕਾਰਨਾਂ ਕਰਕੇ ਬਹੁਤ ਖ਼ੁਸ਼ ਹੈ, ਜਿਸ ’ਚ ਤਕਨਾਲੋਜੀ ਦੀ ਆਸਾਨੀ ਨਾਲ ਵਰਤੋਂ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਨੌਜੁਆਨ ਵਰਕਰਾਂ ਨਾਲ ਭਾਈਵਾਲੀ ਸਥਾਪਤ ਕਰਨ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਚੀਜ਼ਾਂ ਵੱਧ ਤੋਂ ਵੱਧ ਡਿਜੀਟਲ ਬਣਦੀਆਂ ਜਾ ਰਹੀਆਂ ਹਨ ਅਤੇ ਇਸ ਨਾਲ ਪੂਰੀ ਕੰਪਨੀ ਨੂੰ ਮੱਦਦ ਮਿਲਦੀ ਹੈ ਜਦੋਂ ਤੁਸੀਂ ਸੁਰੱਖਿਆ, ਪ੍ਰੀ-ਟ੍ਰਿਪ ਜਾਂ ਟਾਈਮ ਸ਼ੀਟਾਂ ਲਈ ਵੱਧ ਐਪਲੀਕੇਸ਼ਨ ਪ੍ਰੋਗਰਾਮ ਪ੍ਰਯੋਗ ਕਰਨ ਲਗਦੇ ਹੋ। ਵੱਡੀ ਉਮਰ ਦੇ ਲੋਕਾਂ ਨੂੰ ਸੇਧ ਦੇਣ ਵਾਲੇ ਨੌਜੁਆਨਾਂ ਦਾ ਕਾਰਜਬਲ ’ਚ ਸ਼ਾਮਲ ਹੋਣਾ ਚੰਗੀ ਗੱਲ ਹੈ।’’

ਕੈਲੀ ਨਾ ਸਿਰਫ਼ ਕਰੀਅਰ ਐਕਸਪ੍ਰੈੱਸਵੇ ਦੇ ਤਜ਼ਰਬੇ ਦਾ ਇੱਕ ਵਾਰੀ ਫਿਰ ਪ੍ਰਯੋਗ ਕਰਨਗੇ ਬਲਕਿ ਉਹ ਹੋਰਨਾਂ ਕੰਪਨੀਆਂ ਨੂੰ ਵੀ ਇਸ ਦਾ ਪ੍ਰਯੋਗ ਕਰਨ ਬਾਰੇ ਜਾਗਰੂਕ ਕਰ ਰਹੇ ਹਨ। ਉਨ੍ਹਾਂ ਅਖ਼ੀਰ ’ਚ ਕਿਹਾ, ‘‘ਮੈਂ ਇਸ ਦੀ ਸਿਫ਼ਾਰਸ਼ ਕੀਤੀ ਕਿਉਂਕਿ ਮੈਂ ਸੋਚਿਆ ਕਿ ਨੌਜੁਆਨਾਂ ਨੂੰ ਭਰਤੀ ਕਰਨ ਅਤੇ ਕੰਪਨੀਆਂ ਨੂੰ ਮੁਲਾਜ਼ਮਾਂ ਦੀ ਕਮੀ ਕੁੱਝ ਘੱਟ ਕਰਨ ਦਾ ਇਹ ਬਹੁਤ ਚੰਗਾ ਤਰੀਕਾ ਹੈ। ਇਹ ਬਹੁਤ ਵਧੀਆ ਪ੍ਰੋਗਰਾਮ ਹੈ।’’

ਤਨਖ਼ਾਹ ਸਬਸਿਡੀ ਅਤੇ ਸਬਸਿਡੀ ਵਾਲੇ ਡਰਾਈਵਰ ਸਿਖਲਾਈ ਪ੍ਰੋਗਰਾਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, ਅਤੇ ਤੁਸੀਂ ਇਸ ਦਾ ਲਾਭ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ, ਜਾਣਨ ਲਈ ਕ੍ਰਿਪਾ ਕਰਕੇ ਟੀ.ਐਚ.ਆਰ.ਸੀ. ਕਰੀਅਰ ਐਕਸਪ੍ਰੈੱਸਵੇ ਦੀ ਵੈੱਬਸਾਈਟ ’ਤੇ ਜਾਓ ਜਾਂ theteam@truckinghr.com ’ਤੇ ਈਮੇਲ ਕਰੋ।