ਟਰੱਕਿੰਗ ਐਚ.ਆਰ. ਨੇ ਫ਼ਲੀਟਸ ਨੂੰ ਕਿਹਾ : ਬਿੱਲ ਸੀ-65 ਲਈ ਤਿਆਰ ਰਹੋ

Avatar photo

ਟਰੱਕਿੰਗ ਐਚ.ਆਰ. ਰੁਜ਼ਗਾਰਦਾਤਾਵਾਂ ਨੂੰ ਨਵੇਂ ਵਰਕਪਲੇਸ ਹਰਾਸਮੈਂਟ ਅਤੇ ਹਿੰਸਾ ਤੋਂ ਬਚਾਅ ਰੈਗੂਲੇਸ਼ਨਾਂ ਲਈ ਤਿਆਰ ਰਹਿਣ ਦਾ ਸੱਦਾ ਦੇ ਰਿਹਾ ਹੈ ਜੋ ਕਿ ਨਵੇਂ ਸਾਲ ਮੌਕੇ ਲਾਗੂ ਹੋਣਗੇ।

ਬਿੱਲ ਸੀ-65 ਨੀਤੀਆਂ ‘ਚ ਇੱਧਰੋਂ-ਉਧਰੋਂ ਸੁਧਾਰ ਦੀ ਬਜਾਏ ਸਪੱਸ਼ਟ ਨਿਯਮਾਂ ਨੂੰ ਲਾਗੂ ਕਰੇਗਾ।

ਨਵਾਂ ਵਰਕਪਲੇਸ ਹਰਾਸਮੈਂਟ ਅਤੇ ਹਿੰਸਾ ਤੋਂ ਬਚਾਅ ਰੈਗੂਲੇਸ਼ਨ 1 ਜਨਵਰੀ ਤੋਂ ਅਮਲ ‘ਚ ਆਏਗਾ। (ਤਸਵੀਰ: ਆਈ.ਸਟਾਕ)

ਸੋਮਵਾਰ ਨੂੰ ਟਰੱਕਿੰਗ ਐਚ.ਆਰ. ਨੇ ਇੱਕ ਵੈਬੀਨਾਰ ਕਰਵਾਇਆ ਜਿਸ ‘ਚ ਇਸ ਤੋਂ ਪੈਦਾ ਹੋਣ ਵਾਲੀਆਂ ਉਲਝਣਾਂ ਬਾਰੇ ਚਰਚਾ ਕੀਤੀ ਗਈ ਅਤੇ ਇਸ ਬਾਰੇ ਸਲਾਹ ਦਿੱਤੀ ਗਈ ਕਿ ਰੁਜ਼ਗਾਰਦਾਤਾਵਾਂ ਨੂੰ ਇਸ ਕਾਨੂੰਨ ਅਧੀਨ ਕੀ ਕਰਨਾ ਪਵੇਗਾ।

ਸੀ.ਈ.ਓ. ਐਂਜਿਲਾ ਸਪਲਿੰਟਰ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਦੇ ਮੁੱਦੇ ਤੋਂ ਇਲਾਵਾ ਬਿੱਲ ਦੀਆਂ ਉਲਝਣਾਂ ਨੂੰ ਐਚ.ਆਰ. ਬਿਹਤਰੀਨ ਕਾਰਜਪ੍ਰਣਾਲੀ ਵਜੋਂ ਵੀ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਟਰੱਕਿੰਗ ਦੇ ਅਕਸ ‘ਤੇ ਬਹੁਤ ਅਸਰ ਪਵੇਗਾ।

ਸਪਲਿੰਟਰ ਨੇ ਕਿਹਾ, ”ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਸਾਡੇ ਉਦਯੋਗ ਦਾ ਸਾਕਾਰਾਤਮਕ ਅਕਸ ਵਿਖਾਉਣ ਦੀ ਜ਼ਰੂਰਤ ਹੈ ਜੇ ਅਸੀਂ ਨੌਜੁਆਨ ਲੋਕਾਂ, ਜ਼ਿਆਦਾ ਔਰਤਾਂ ਅਤੇ ਹੋਰਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਨ। ਸਾਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਅਸੀਂ ਕਿਰਤਬਲ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕੀਏ।”

ਅਤੇ ਅਕਸ ਨੂੰ ਬਿਹਤਰ ਕਰਨ ਲਈ, ਟਰੱਕਿੰਗ ਐਚ.ਆਰ. ਨੇ ਕਿਹਾ ਕਿ ਉਹ ਜਨਵਰੀ ਦੇ ਸ਼ੁਰੂ ‘ਚ ਸਿਖਲਾਈ ਦੇਣਾ ਚਾਲੂ ਕਰੇਗਾ।

ਬਿੱਲ ਸੀ-65 ਕੀ ਹੈ?

ਬਿੱਲ ਸੀ-65 ਫ਼ੈਡਰਲ ਪੱਧਰ ‘ਤੇ ਰੈਗੂਲੇਟਿਡ ਸਾਰੀਆਂ ਕੰਮਕਾਜ ਵਾਲੀਆਂ ਥਾਵਾਂ ‘ਤੇ ਲਾਗੂ ਹੁੰਦਾ ਹੈ ਅਤੇ ਟਰੱਕਿੰਗ ਤੇ ਲੋਜਿਸਟਿਕਸ ਸੈਕਟਰ ਇਸ ਦੇ ਸਭ ਤੋਂ ਵੱਡੇ ਹਿੱਸੇ ਦੀ ਪ੍ਰਤੀਨਿਧਗੀ ਕਰਦਾ ਹੈ।

ਮੌਂਕਹਾਊਸ ਲਾਅ ਦੇ ਕਿਰਤ ਵਕੀਲ ਮੀਗੁਏਲ ਮੰਗਾਲਿੰਦਨ ਨੇ ਕਿਹਾ, ”ਇਸ ਦਾ ਟੀਚਾ ਇੱਕ ਵਿਸਤ੍ਰਿਤ ਪਹੁੰਚ ਲਾਗੂ ਕਰ ਕੇ ਸੀ.ਐਲ.ਸੀ. (ਕੈਨੇਡਾ ਲੇਬਰ ਕੋਡ) ਦੀਆਂ ਤਜਵੀਜ਼ਾਂ ਨੂੰ ਮਜ਼ਬੂਤ ਕਰਨਾ ਹੈ, ਜੋ ਕਿ ਹਰ ਤਰ੍ਹਾਂ ਦੇ ਸੋਸ਼ਣ ਅਤੇ ਹਿੰਸਾ ਨੂੰ ਧਿਆਨ ‘ਚ ਰੱਖਦਾ ਹੋਵੇ।”

ਕੰਮਕਾਜ ਵਾਲੀਆਂ ਥਾਵਾਂ ‘ਤੇ ਸੋਸ਼ਣ ਅਤੇ ਹਿੰਸਾ ਮੁਲਾਜ਼ਮਾਂ, ਗ੍ਰਾਹਕਾਂ ਅਤੇ ਕੰਪਨੀ ਦੇ ਅਕਸ ‘ਤੇ ਗੰਭੀਰ ਅਸਰ ਪਾ ਸਕਦੀ ਹੈ।

2019 ‘ਚ ਕੀਤੇ ਗਏ, ਟਰੱਕਿੰਗ ਐਚ.ਆਰ. ਅਧਿਐਨ ‘ਚ ਕਿਹਾ ਗਿਆ ਹੈ ਕਿ 12 ਮਹੀਨਿਆਂ ਦੌਰਾਨ ਉਦਯੋਗ ਦੇ 15% ਮੁਲਾਜ਼ਮਾਂ ਨੂੰ ਕੰਮਕਾਜ ਵਾਲੀਆਂ ਥਾਵਾਂ ‘ਤੇ ਸੋਸ਼ਣ ਜਾਂ ਹਿੰਸਾ ਦਾ ਸਾਹਮਣਾ ਕਰਨਾ ਪਿਆ।

ਇਹ ਕੈਨੇਡੀਅਨ ਵਰਕਫ਼ੋਰਸ ਦੇ ਔਸਤ 16% ਤੋਂ ਥੋੜਾ ਜਿਹਾ ਹੀ ਘੱਟ ਹੈ।

ਸਵਾਲ ਇਹ ਹੈ ਕਿ, ਕੰਮਕਾਜ ਵਾਲੀਆਂ ਥਾਵਾਂ ‘ਤੇ ਸੋਸ਼ਣ ਦਾ ਮਤਲਬ ਕੀ ਹੈ?

ਮੰਗਾਲਿੰਦਨ ਨੇ ਕਿਹਾ ਕਿ ਇਸ ਦੀ ਪਰਿਭਾਸ਼ਾ ਹੈ, ”ਕੋਈ ਵੀ ਕਾਰਵਾਈ, ਹਰਕਤ ਜਾਂ ਟਿੱਪਣੀ, ਜਿਸ ‘ਚ ਜਿਨਸੀ ਕਿਸਮ ਦੀ ਹਰਕਤ ਵੀ ਸ਼ਾਮਲ ਹੈ, ਜੋ ਕਿ ਕਿਸੇ ਮੁਲਾਜ਼ਮ ‘ਤੇ ਵਧਹੀਕੀ, ਬੇਇੱਜ਼ਤੀ ਜਾਂ ਹੋਰ ਸਰੀਰਕ ਜਾਂ ਮਾਨਸਿਕ ਜ਼ਖ਼ਮ ਜਾਂ ਬਿਮਾਰ ਕਰਨ ਵਾਲੀ ਹੋਵੇ, ਕਿਸੇ ਵੀ ਨਿਸ਼ਚਿਤ ਕਾਰਵਾਈ, ਹਰਕਤ ਜਾਂ ਟਿੱਪਣੀ ਸਮੇਤ।”

ਉਨ੍ਹਾਂ ਕਿਹਾ ਕਿ ਸੋਸ਼ਣ ਮਨੋਵਿਗਿਆਨਕ ਜ਼ਖ਼ਮ ਜਾਂ ਬਿਮਾਰੀ ਹੋ ਸਕਦਾ ਹੈ। ਇਹ ਸਿਰਫ਼ ਇੱਕ ਘਟਨਾ ਵੀ ਹੋ ਸਕਦੀ ਹੈ।

ਮੰਗਾਲਿੰਦਨ ਨੇ ਕਿਹਾ ਕਿ ਇਸ ਕਾਨੂੰਨ ਦੇ ਤਿੰਨ ਮੁੱਖ ਟੀਚੇ ਹਨ।

ਪਹਿਲਾ ਸੋਸ਼ਣ ਅਤੇ ਹਿੰਸਾ ਤੋਂ ਬਚਾਅ ਹੈ, ਦੂਜਾ ਸੋਸ਼ਣ ਅਤੇ ਹਿੰਸਾ ਦੀਆਂ ਘਟਨਾਵਾਂ ਬਾਰੇ ਸੂਚਨਾ ਦੇਣਾ ਅਤੇ ਤੀਜਾ ਪੀੜਤਾਂ ਨੂੰ ਮੱਦਦ ਦੇਣਾ ਹੈ।

ਰੁਜ਼ਗਾਰਦਾਤਾ ਦੇ ਫ਼ਰਜ਼

ਰੁਜ਼ਗਾਰਦਾਤਾਵਾਂ ਨੂੰ ਨਵੇਂ ਰੈਗੂਲੇਸ਼ਨ ਅਧੀਨ ਕਈ ਫ਼ਰਜ਼ ਨਿਭਾਉਣੇ ਹੋਣਗੇ।

ਇਨ੍ਹਾਂ ‘ਚ ਸ਼ਾਮਲ ਹਨ:

–     ਕੰਮਕਾਜ ਵਾਲੀਆਂ ਥਾਵਾਂ ਦਾ ਮੁਲਾਂਕਣ: ਕੰਮਕਾਜ ਵਾਲੀਆਂ ਥਾਵਾਂ ‘ਤੇ ਖ਼ਤਰਿਆਂ ਦੀ ਪਛਾਣ ਕਰਨਾ ਅਤੇ ਇਨ੍ਹਾਂ ਦੀ ਪਛਾਣ ਹੋਣ ਤੋਂ ਛੇ ਮਹੀਨਿਆਂ ਅੰਦਰ, ਇਨ੍ਹਾਂ ਖ਼ਤਰਿਆਂ ਨੂੰ ਦੂਰ ਕਰਨ ਦੇ ਉਪਾਅ ਕਰਨੇ।

–     ਤੁਰੰਤ ਖ਼ਤਰੇ ਦੇ ਹਾਲਾਤ ‘ਚ, ਹੰਗਾਮੀ ਹਾਲਤ ਦੀਆਂ ਪ੍ਰਕਿਰਿਆਵਾਂ ਨੂੰ ਲਾਗੂ ਕਰਨਾ।

–     ਸਾਰੇ ਮੁਲਾਜ਼ਮਾਂ ਲਈ ਸਿਖਲਾਈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਤੇ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਉਣਾ।

–     ਸੋਸ਼ਣ ਅਤੇ ਹਿੰਸਾ ਦੀਆਂ ਸਾਰੀਆਂ ਘਟਨਾਵਾਂ ਦਾ ਰੀਕਾਰਡ ਰਖਣਾ ਅਤੇ ਸੂਚਨਾ ਦੇਣਾ; ਅਤੇ

–     ਇੱਕ ‘ਅਧਿਕਾਰਤ ਪ੍ਰਾਪਤਕਰਤਾ’ ਦੀ ਨਿਯੁਕਤੀ, ਜੋ ਕਿ ਮੁਲਾਜ਼ਮਾਂ ਲਈ ਸ਼ਿਕਾਇਤਾਂ ਲਿਆਉਣ ਲਈ ਸੰਪਰਕ ਬਿੰਦੂ ਦਾ ਕੰਮ ਕਰੇਗਾ। ਇਹ ਵਿਅਕਤੀ ਕੰਪਨੀ ‘ਚ ਪ੍ਰਬੰਧਕੀ ਅਹੁਦੇ ‘ਤੇ ਨਹੀਂ ਰਹਿ ਸਕਦਾ।

ਸਿਖਲਾਈ ਪ੍ਰੋਗਰਾਮ

ਟਰੱਕਿੰਗ ਐਚ.ਆਰ. ਨੇ ਕਿਹਾ ਕਿ ਇਸ ਦਾ ਸਿਖਲਾਈ ਪ੍ਰੋਗਰਾਮ ਉਦਯੋਗ ਲਈ ਅਤੇ ਉਦਯੋਗ ਵੱਲੋਂ ਬਣਾਇਆ ਗਿਆ ਹੈ।   (ਸਕ੍ਰੀਨ ਗਰੈਬ)

ਟਰੱਕਿੰਗ ਐਚ.ਆਰ. ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.), ਫ਼ੈਡਰਲ ਸਰਕਾਰ ਅਤੇ ਪ੍ਰੋਵਿੰਸ਼ੀਅਲ ਟਰੱਕਿੰਗ ਸੰਗਠਨਾਂ ਨਾਲ ਮਿਲ ਕੇ ਸਿਖਲਾਈ ਮੁਹੱਈਆ ਕਰਵਾਏਗਾ।

ਟਰੱਕਿੰਗ ਐਚ.ਆਰ. ਵਿਖੇ ਪ੍ਰੋਗਰਾਮ ਸਮੀਖਿਅਕ ਮਰੀਸ਼ਾ ਤਰਦੀਫ਼ ਨੇ ਕਿਹਾ, ”ਇਸ ਨੂੰ ਉਦਯੋਗ ਲਈ ਬਣਾਇਆ ਗਿਆ ਹੈ ਅਤੇ ਇਸ ਨੂੰ ਉਦਯੋਗ ਵੱਲੋਂ ਬਣਾਇਆ ਗਿਆ ਹੈ।”

ਤਰਦੀਫ਼ ਨੇ ਕਿਹਾ, ”ਟਰੱਕਿੰਗ ਐਚ.ਆਰ. ਨਾਲ ਅਸੀਂ ਹਮੇਸ਼ਾ ਅਜਿਹੇ ਸਰੋਤ ਮੁਹੱਈਆ ਕਰਵਾਉਂਦੇ ਹਾਂ ਜੋ ਕਿ ਐਚ.ਆਰ. ‘ਚ ਬਿਹਤਰੀਨ ਕਾਰਜਪ੍ਰਣਾਲੀ ਅਤੇ ਸ਼੍ਰੇਸ਼ਠਤਾ ਦੇ ਸਿਖਰ ‘ਤੇ ਹਨ। ਇਸ ਲਈ ਤੁਹਾਨੂੰ ਇਹ ਜਾਣ ਕੇ ਚੰਗਾ ਲੱਗੇਗਾ ਕਿ ਤੁਹਾਨੂੰ ਇਹ ਸੂਚਨਾ ਕਿਸੇ ਭਰੋਸੇਯੋਗ ਸਰੋਤ ਤੋਂ ਮਿਲੀ ਹੈ।”

ਮੰਗਾਲਿੰਦਨ ਨੇ ਕਿਹਾ ਕਿ ਪ੍ਰੋਵਿੰਸ਼ੀਅਲ ਸਿਖਲਾਈ ਪ੍ਰੋਗਰਾਮ ਬਿੱਲ ਸੀ-65 ਲਈ ਯੋਗ ਨਹੀਂ ਹਨ।

ਉਨ੍ਹਾਂ ਕਿਹਾ, ”ਇਹ ਕਈ ਅਰਥਾਂ ‘ਚ ਉਹੀ ਹਨ ਪਰ ਇਨ੍ਹਾਂ ‘ਚ ਕੁੱਝ ਵੱਡੇ ਫ਼ਰਕ ਹਨ। ਮੁਲਾਜ਼ਮਾਂ ਲਈ ਸਿਰਫ਼ ਇੱਕ ਸਿਖਲਾਈ ਨੂੰ ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਪੱਧਰ ‘ਤੇ ਲਾਗੂ ਨਹੀਂ ਕੀਤਾ ਜਾ ਸਕੇਗਾ।”

ਟਰੱਕਿੰਗ ਐਚ.ਆਰ. ਜਨਵਰੀ ਦੇ ਪਹਿਲੇ ਹਫ਼ਤੇ ‘ਚ ਆਨਲਾਈਨ ਸਿਖਲਾਈ ਪ੍ਰੋਗਰਾਮ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਆਹਮੋ-ਸਾਹਮਣੇ ਸਿਖਲਾਈ 2021 ‘ਚ ਬਸੰਤ ਦੇ ਮੌਸਮ ਤਕ ਸ਼ੁਰੂ ਹੋ ਜਾਵੇਗੀ।

ਸਿਖਲਾਈ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ।