ਟਰੱਕਿੰਗ ਹੀਰੋ ਨੇ ਹਾਦਸੇ ਦੌਰਾਨ ਬਚਾਈ ਡਰਾਈਵਰ ਦੀ ਜਾਨ

Avatar photo

ਬਹਾਦੁਰ ਲੋਕ ਸੋਚਣ ਤੋਂ ਪਹਿਲਾਂ ਫਰਜ਼ ਨਿਭਾਉਣ ਨੂੰ ਤਰਜ਼ੀਹ ਦਿੰਦੇ ਹਨ। ਨਵਦੀਪ ਸਿੰਘ ਨੇ ਇੱਕ ਟੱਕਰ ਤੋਂ ਬਾਅਦ ਕੈਬ ’ਚ ਫਸੇ ਇੱਕ ਟਰੱਕ ਡਰਾਈਵਰ ਦੀ ਮੱਦਦ ਕੀਤੀ, ਅਤੇ ਸ਼ਾਇਦ ਉਸ ਦੀ ਜਾਨ ਬਚਾ ਲਈ।

ਨਵਦੀਪ ਸਿੰਘ ਤਸਵੀਰ: ਸਪਲਾਈਡ

ਵਿਨੀਪੈੱਗ, ਮੇਨੀਟੋਬਾ ’ਚ ਸੀ.ਐਨ. ਟਰਾਂਸਪੋਰਟੇਸ਼ਨ ਨਾਲ ਕੰਮ ਕਰਨ ਵਾਲੇ ਇਸ ਓਨਰ-ਆਪਰੇਟਰ ਨੇ ਸਤੰਬਰ, 2020 ਨੂੰ ਵੇਖਿਆ ਕਿ ਹਾਈਵੇ 2 ’ਤੇ ਖੇਤੀਬਾੜੀ ਵਾਲੇ ਟਰੱਕ ਦਾ ਟਾਇਰ ਫੱਟ ਗਿਆ ਅਤੇ ਉਹ ਇੱਕ ਖੱਡ ’ਚ ਡਿੱਗ ਗਿਆ।

45 ਸਾਲਾਂ ਦੇ ਸਿੰਘ ਨੇ ਕਿਹਾ, ‘‘ਉਹ ਪੁੱਠਾ ਸੀ, ਉਸ ਦੀ ਗਰਦਨ ਸੀਟਬੈਲਟ ਨਾਲ ਲਮਕੀ ਹੋਈ ਸੀ ਅਤੇ ਸੱਜੀ ਲੱਤ ਗੀਅਰ ਲਿਵਰ ਅਤੇ ਸੀਟ ਵਿਚਕਾਰ ਫਸੀ ਹੋਈ ਸੀ। ਜਿਸ ਤਰ੍ਹਾਂ ਉਸ ਦਾ ਸਰੀਰ ਮੁੜਿਆ ਹੋਇਆ ਸੀ, ਮੈਨੂੰ ਲੱਗਾ ਕਿ ਉਸ ਦੀ ਗਰਦਨ ਟੁੱਟ ਚੁੱਕੀ ਹੈ। ਉਸ ਦਾ ਸਾਰਾ ਭਾਰ ਉਸ ਦੀ ਗਰਦਨ ’ਤੇ ਸੀ।’’

ਸਿੰਘ ਨੇ ਸੋਚਿਆ ਕਿ ਉਸ ਆਦਮੀ ਨੂੰ ਉੱਪਰ ਚੁੱਕਣਾ ਚਾਹੀਦਾ ਹੈ ਤਾਂ ਕਿ ਉਹ ਸਾਹ ਲੈ ਸਕੇ। ਉਹ ਵਿੰਡਸ਼ੀਲਡ ਤੋੜ ਕੇ ਟਰੱਕ ’ਚ ਵੜਿਆ।

‘‘ਉਸ ਵੇਲੇ ਬਹੁਤ ਛੇਤੀ ਕੁੱਝ ਕਰਨ ਦੀ ਜ਼ਰੂਰਤ ਸੀ। ਮੈਂ ਉਸ ਦੀ ਕਮਰ ਅਤੇ ਬੈਲਟ ਫੜੀ ਤੇ ਭਾਰ ਉਸ ਦੀ ਗਰਦਨ ਤੋਂ ਹਟਾ ਦਿੱਤਾ। ਕੁੱਝ ਕੁ ਸਕਿੰਟਾਂ ਬਾਅਦ ਉਸ ਆਦਮੀ ਨੇ ਕਿਹਾ ‘ਮੈਂ ਕਿੱਥੇ ਹਾਂ?’’’

ਉਸ ਵੇਲੇ ਤੱਕ ਦੋ ਹੋਰ ਵਿਅਕਤੀ ਆਏ ਅਤੇ ਡਰਾਈਵਰ ਨੂੰ ਉਸ ਗੱਡੀ ’ਚੋਂ ਬਾਹਰ ਕੱਢਣ ’ਚ ਮੱਦਦ ਕੀਤੀ।

ਸਿੰਘ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਜੇ ਮੈਨੂੰ ਕੁੱਝ ਸਕਿੰਟਾਂ ਦੀ ਵੀ ਦੇਰ ਹੋ ਜਾਂਦੀ ਤਾਂ ਮਾਮਲਾ ਕੁੱਝ ਹੋਰ ਹੀ ਹੁੰਦਾ। ਉਸ ਨੂੰ ਕੱਚ ਲੱਗਣ ਕਰਕੇ ਵੀ ਜ਼ਖ਼ਮ ਆਏ ਸਨ।’’

ਉਨ੍ਹਾਂ ਕਿਹਾ ਕਿ ਐਮਰਜੈਂਸੀ ਕਰਿਊ ਦੇ ਆਉਣ ਤੋਂ ਪਹਿਲਾਂ ਛੁੱਟੀ ਕਰ ਕੇ ਜਾ ਰਹੇ ਇੱਕ ਪੈਰਾਮੈਡਿਕ ਵਿਅਕਤੀ ਨੇ ਵੀ ਉਸ ਦੀ ਮੱਦਦ ਕੀਤੀ।

ਸਿੰਘ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹੈ ਜੋ ਉੱਥੇ ਮੱਦਦ ਦੇਣ ਲਈ ਰੁਕੇ ਸਨ। ‘‘ਮੇਰੇ ਇਕੱਲੇ ਲਈ ਇਸ ਆਦਮੀ ਦੀ ਮੱਦਦ ਕਰਨਾ ਮੁਸ਼ਕਲ ਸੀ।’’

ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ ਨੇ ਪਿੱਛੇ ਜਿਹੇ ਸਿੰਘ ਨੂੰ ਉਸ ਦੇ ਅਸਵਾਰਥ ਕੰਮ ਲਈ ਐਮ.ਟੀ.ਏ.-ਬਿ੍ਰਜਸਟੋਨ ਟਰੱਕਿੰਗ ਹੀਰੋ ਐਵਾਰਡ ਨਾਲ ਸਨਮਾਨਤ ਕੀਤਾ ਹੈ।

ਸਿੰਘ ਮੂਲ ਰੂਪ ’ਚ ਇੱਕ ਭਾਰਤੀ ਹੈ, ਜੋ 2009 ’ਚ ਅਮਰੀਕਾ ਦੇ ਰਸਤਿਓਂ ਕੈਨੇਡਾ ’ਚ ਆਇਆ ਸੀ। ਉਸ ਦਾ ਪਰਿਵਾਰ ਖੇਤੀਬਾੜੀ ਦੇ ਪੇਸ਼ੇ ’ਚ ਹੋਣ ਕਰਕੇ ਟਰੇਲਰਾਂ ਨਾਲ ਜੁੜੇ ਟਰੈਕਟਰ ਚਲਾਉਣਾ ਉਸ ਦੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ।

ਸਿੰਘ ਨੂੰ ਆਪਣਾ ਸੀ.ਡੀ.ਐਲ. 2004 ’ਚ ਮਿਲਿਆ ਜਦੋਂ ਉਹ ਅਮਰੀਕਾ ’ਚ ਰਹਿ ਰਿਹਾ ਸੀ ਅਤੇ ਉਹ ਪਿਛਲੇ 15 ਸਾਲਾਂ ਤੋਂ ਪੇਸ਼ੇਵਰ ਡਰਾਈਵਰ ਹੈ। ਉਸ ਨੇ ਲੋਂਗਹੌਲ, ਸ਼ਾਰਟਹੌਲ ’ਚ ਕੰਮ ਕੀਤਾ ਹੈ, ਡੰਪ ਟਰੱਕ ਅਤੇ ਹੌਲਰ ਟੈਂਕਰ ਟਰੇਲਰ ਵੀ ਚਲਾਏ ਹਨ। ਉਹ 2013 ਤੋਂ ਸੀ.ਐਨ. ਟਰਾਂਸਪੋਰਟੇਸ਼ਨ ’ਚ ਓਨਰ-ਆਪਰੇਟਰ ਵਜੋਂ ਕੰਮ ਕਰ ਰਿਹਾ ਹੈ।

ਉਸ ਦੇ ਦਿਨ ਦੀ ਸ਼ੁਰੂਆਤ ਸਵੇਰੇ 8:30 ਵਜੇ ਹੁੰਦੀ ਹੈ, ਜਦੋਂ ਉਹ ਆਪਣੇ ਦੋ ਬੱਚਿਆਂ ਨੂੰ ਸਕੂਲ ’ਚ ਛੱਡਦਾ ਹੈ ਅਤੇ ਉਸ ਦੇ ਕੰਮ ਦੀ ਸ਼ੁਰੂਆਤ ਸਵੇਰੇ 10 ਵਜੇ ਹੁੰਦੀ ਹੈ।

‘‘ਮੈਂ ਰੋਜ਼ ਕੰਮ ਦੇ ਬੋਝ ਅਨੁਸਾਰ ਅਤੇ ਪਿਛਲੀ ਟਰਿੱਪ ਦੇ ਸਫ਼ਰ ਦੇ ਹਿਸਾਬ ਨਾਲ ਰੋਜ਼ 10 ਤੋਂ 12 ਘੰਟੇ ਕੰਮ ਕਰਦਾ ਹਾਂ। ਕਈ ਵਾਰੀ ਜੇਕਰ ਤੁਸੀਂ ਇੱਕ ਲਾਇਵ ਲੋਡ ਨੂੰ ਆਫ਼ਲੋਡ ਕਰ ਰਹੇ ਹੋ ਤਾਂ ਜ਼ਿਆਦਾ ਸਮਾਂ ਲੱਗ ਜਾਂਦਾ ਹੈ, ਭੀੜ ਦਾ ਵੀ ਅਸਰ ਪੈਂਦਾ ਹੈ।’’

ਉਹ ਰਾਤ 10:30 ਵਜੇ ਤੱਕ ਘਰ ਪਰਤ ਆਉਂਦਾ ਹੈ, ਕਈ ਵਾਰੀ ਦੇਰ ਵੀ ਹੋ ਜਾਂਦੀ ਹੈ।

‘‘ਇਹ 12 ਘੰਟਿਆਂ ਦੀ ਸ਼ਿਫ਼ਟ ਹੁੰਦੀ ਹੈ, ਪਰ ਕਈ ਵਾਰੀ 15 ਘੰਟੇ ਵੀ ਲੱਗ ਜਾਂਦੇ ਹਨ। ਜੇਕਰ ਤੁਹਾਡਾ ਪਰਿਵਾਰ ਤੁਹਾਡੀ ਹਮਾਇਤ ਨਹੀਂ ਕਰਦਾ ਤਾਂ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਮੇਰੀ ਖ਼ੁਸ਼ਕਿਸਮਤੀ ਹੈ ਕਿ ਮੇਰਾ ਪਰਿਵਾਰ ਮੇਰੇ ਕਰੀਅਰ ’ਚ ਬਹੁਤ ਮੱਦਦ ਕਰਦਾ ਹੈ।’’

ਉਹ ਹਫ਼ਤੇ ’ਚ ਪੰਜ ਦਿਨ ਕੰਮ ਕਰਦਾ ਹੈ – ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਉਸ ਦੀ ਛੁੱਟੀ ਹੁੰਦੀ ਹੈ।

ਸਿੰਘ ਨੂੰ ਆਪਣਾ ਕੰਮ ਪਸੰਦ ਹੈ ਅਤੇ ਉਸ ਦਾ ਕਹਿਣਾ ਹੈ ਕਿ ਟਰੱਕਿੰਗ ਕਰਕੇ ਉਸ ਨੇ ਅਮਰੀਕਾ ਅਤੇ ਕੈਨੇਡਾ ਦੇ ਪਿ੍ਰੰਸ ਐਡਵਰਡ ਆਈਲੈਂਡ ਅਤੇ ਉੱਤਰੀ ਇਲਾਕਿਆਂ ਨੂੰ ਛੱਡ ਕੇ ਬਹੁਤ ਸਾਰੇ ਹਿੱਸਿਆਂ ਦੀ ਸੈਰ ਕਰ ਲਈ ਹੈ।

‘‘ਤੁਹਾਡਾ ਚੰਗੇ ਅਤੇ ਮੰਦੇ ਲੋਕਾਂ ਨਾਲ ਵਾਹ ਪੈਂਦਾ ਹੈ ਅਤੇ ਤੁਹਾਨੂੰ ਉਨ੍ਹਾਂ ਨਾਲ ਨਜਿੱਠਣਾ ਪੈਂਦਾ ਹੈ। ਇਹ ਕੰਮ ਤੁਹਾਨੂੰ ਆਰਥਿਕ ਪੱਖੋਂ ਮਜ਼ਬੂਤ ਕਰਦਾ ਹੈ। ਮੈਂ ਇੱਕ ਘਰ ਖ਼ਰੀਦ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕਰਨ ’ਚ ਸਮਰੱਥ ਹਾਂ।’’

ਸਿੰਘ ਨੂੰ ਡਰਾਈਵਰਾਂ ਪ੍ਰਤੀ ਸਨਮਾਨ ਦੀ ਕਮੀ ਬਹੁਤ ਰੜਕਦੀ ਹੈ। ਮਹਾਂਮਾਰੀ ਦੌਰਾਨ, ਵਸਤਾਂ ਆਪਣੀਆਂ ਥਾਵਾਂ ’ਤੇ ਪਹੁੰਚੀਆਂ ਪਰ ਡਰਾਈਵਰਾਂ ਨੂੰ ਕਈ ਥਾਵਾਂ ’ਤੇ ਪਖਾਨਿਆਂ ਦੀ ਵਰਤੋਂ ਤੱਕ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਰਾਂ ਚਲਾਉਣ ਵਾਲਿਆਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਲੱਦੇ ਹੋਏ ਟਰੱਕ ਨੂੰ ਇਕਦਮ ਰੋਕਣਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ‘‘ਰੋਜ਼ ਤੁਹਾਨੂੰ ਕੋਈ ਨਾ ਕੋਈ ਕਾਰ ਵਾਲਾ ਮਿਲ ਜਾਂਦਾ ਹੈ ਜੋ ਕਿ ਤੁਹਾਡੇ ਆਲੇ-ਦੁਆਲੇ ਸਮੱਸਿਆਵਾਂ ਪੈਦਾ ਕਰਦਾ ਹੈ।’’

ਉਨ੍ਹਾਂ ਨੇ ਨਵੇਂ ਡਰਾਈਵਰਾਂ ਨੂੰ ਸਲਾਹ ਦਿੱਤੀ ਕਿ ਉਹ ਮੌਸਮ ਲਈ ਤਿਆਰ ਰਹਿਣ ਅਤੇ ਆਪਣੀਆਂ ਟਰਿੱਪਾਂ ਦੀ ਅਗਾਊਂ ਯੋਜਨਾਬੰਦੀ ਕਰਨ। ਉਨ੍ਹਾਂ ਕਿਹਾ ਕਿ ਡਰਾਈਵਿੰਗ ਸਕੂਲਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਿਖਾਉਣ ਕਿ ਅਗਾਊਂ ਯੋਜਨਾਬੰਦੀ ਕਿਸ ਤਰ੍ਹਾਂ ਕੀਤੀ ਜਾਵੇ।

ਸਿੰਘ ਨੇ ਕਿਹਾ ਕਿ ਵਿਸ਼ੇਸ਼ ਕਰ ਕੇ ਲੋਂਗਹੌਲ ਦਾ ਕੰਮ ਕਰਨ ਵਾਲੇ ਡਰਾਈਵਰਾਂ ਲਈ ਜ਼ਰੂਰਤ ਅਨੁਸਾਰ ਕਸਰਤ ਕਰਨਾ ਅਤੇ ਸਿਹਤਮੰਦ ਭੋਜਨ ਖਾ ਸਕਣਾ ਵੱਡੀ ਚੁਨੌਤੀ ਹੈ।

‘‘ਡਰਾਈਵਿੰਗ ਨਾਲ ਤੁਹਾਡੇ ਸਰੀਰ ’ਤੇ ਬਹੁਤ ਬੋਝ ਪੈਂਦਾ ਹੈ। ਮੈਂ ਰੀਜਨਲ ਕੰਮ ਕਰਦਾ ਹਾਂ ਇਸ ਕਰਕੇ ਮੈਂ ਕਾਫ਼ੀ ਤੁਰਦਾ-ਫਿਰਦਾ ਰਹਿੰਦਾ ਹਾਂ ਅਤੇ ਕਸਰਤ ਕਰਦਾ ਰਹਿੰਦਾ ਹਾਂ। ਜਦੋਂ ਮੈਂ ਲੋਂਗਹੌਲ ’ਚ ਕੰਮ ਕਰਦਾ ਸੀ, ਮੇਰੇ ਸਰੀਰ ਦਾ ਆਕਾਰ ਬਹੁਤ ਬਦਲ ਗਿਆ ਸੀ, ਅਤੇ ਊਰਜਾ ਪੱਧਰ ਵੀ ਘੱਟ ਗਿਆ ਸੀ। ਹਰ ਡਰਾਈਵਰ ਨੂੰ ਕਸਰਤ ਕਰਨੀ ਚਾਹੀਦੀ ਹੈ, ਸਰੀਰ ਖੋਲ੍ਹਣਾ ਚਾਹੀਦਾ ਹੈ ਅਤੇ ਤੁਰਨਾ-ਫਿਰਨਾ ਚਾਹੀਦਾ ਹੈ।’’

ਸਿੰਘ ਨੇ ਕਿਹਾ ਕਿ ਉਸ ਦਾ ਸੁਪਨਾ ਆਪਣੀ ਖ਼ੁਦ ਦੀ ਟਰੱਕ ਕੰਪਨੀ ਖੋਲ੍ਹਣਾ ਹੈ। ਉਨ੍ਹਾਂ ਕਿਹਾ, ‘‘ਮੈਂ ਅਜੇ ਕੰਮ ਕਰਨ ਦੇ ਨਾਲ-ਨਾਲ ਸਿੱਖ ਵੀ ਰਿਹਾ ਹਾਂ। ਮੈਂ ਜਲਦਬਾਜ਼ੀ ’ਚ ਆਪਣੀ ਕੰਪਨੀ ਨਹੀਂ ਖੋਲ੍ਹਣਾ ਚਾਹੁੰਦਾ।’’

ਲੀਓ ਬਾਰੋਸ ਵੱਲੋਂ