ਟਰੱਕ ‘ਚੋਂ 28 ਕਿੱਲੋ ਅਫ਼ੀਮ ਦੇ ਪੌਦੇ ਬਰਾਮਦ

Avatar photo

ਬ੍ਰਿਟਿਸ਼ ਕੋਲੰਬੀਆ ‘ਚ ਦਾਖ਼ਲੇ ਦੀ ਪੈਸੇਫ਼ਿਕ ਹਾਈਵੇ ਪੋਰਟ ‘ਤੇ ਇੱਕ ਟਰੱਕ ‘ਚੋਂ 58,000 ਡਾਲਰ ਦੀ ਸ਼ੱਕੀ ਅਫ਼ੀਮ ਦੇ ਪੌਦੇ ਬਰਾਮਦ ਕੀਤੇ ਗਏ ਹਨ।

ਬਰਾਮਦਗੀ ਦਾ ਐਲਾਨ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਅਤੇ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ.ਸੀ.ਐਮ.ਪੀ.) ਵੱਲੋਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਨੂੰ 12 ਅਗੱਸਤ ਨੂੰ ਬਰਾਮਦ ਕੀਤਾ ਗਿਆ ਸੀ।

ਜਾਰੀ ਬਿਆਨ ‘ਚ ਕਿਹਾ ਗਿਆ ਹੈ, ”ਟਰੈਕਟਰ ਅਤੇ ਟਰੇਲਰ ਦਾ ਐਕਸ-ਰੇ ਕਰਨ ਤੋਂ ਬਾਅਦ ਕੁੱਝ ਸ਼ੱਕੀ ਚੀਜ਼ਾਂ ਦਿਸੀਆਂ। ਅਫ਼ਸਰਾਂ ਨੇ ਟਰੱਕ ਦੀ ਜਾਂਚ ਜਾਰੀ ਰੱਖੀ ਅਤੇ ਇਸ ‘ਚੋਂ ਸੱਤ ਡੱਬੇ ਮਿਲੇ ਜਿਨ੍ਹਾਂ ‘ਚ ਸ਼ੱਕੀ ਅਫ਼ੀਮ ਦੇ ਪੌਦੇ (ਡੋਡੀਆਂ ਸਮੇਤ) ਸਨ, ਜਿਨ੍ਹਾਂ ਦਾ ਭਾਰ 29 ਕਿਲੋਗ੍ਰਾਮ ਹੈ।”

ਟਰੱਕ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਾਂਚ ਖ਼ਤਮ ਹੋਣ ਤਕ ਰਿਹਾਅ ਕਰ ਦਿੱਤਾ ਗਿਆ। ਉਸ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ।

ਸੀ.ਬੀ.ਐਸ.ਏ. ਦੇ ਪੈਸੇਫ਼ਿਕ ਹਾਈਵੇ ਡਿਸਟ੍ਰਿਕਟ ਦੇ ਡਾਇਰੈਕਟਰ ਡੇਨੀਅਲਾ ਈਵਾਨਸ ਨੇ ਕਿਹਾ, ”ਸੀ.ਬੀ.ਐਸ.ਏ. ਸਰਹੱਦਾਂ ‘ਤੇ ਹਰ ਤਰ੍ਹਾਂ ਦੇ ਖ਼ਤਰੇ ਦੀ ਜਾਂਚ ਕਰਦਾ ਹੈ ਅਤੇ ਆਰ.ਸੀ.ਐਮ.ਪੀ. ਨਾਲ ਮਿਲ ਕੇ ਕੈਨੇਡੀਅਨਾਂ ਨੂੰ ਹਰ ਕਿਸਮ ਦੀ ਨਸ਼ਾ ਤਸਕਰੀ ਤੋਂ ਬਚਾਈ ਰੱਖਦਾ ਹੈ।”

ਅਫ਼ੀਮ ਦੇ ਪੌਦੇ ਅਤੇ ਇਨ੍ਹਾਂ ਤੋਂ ਬਣੀਆਂ ਚੀਜ਼ਾਂ ਨਿਯੰਤਰਿਤ ਡਰੱਗਜ਼ ਐਂਡ ਸਬਸਟੈਂਸ ਐਕਟ ਦੀ ਧਾਰਾ 1 ਹੇਠ ਨੇਮਬੱਧ ਕੀਤੀਆਂ ਗਈਆਂ ਹਨ।

ਸੀ.ਬੀ.ਐਸ.ਏ. ਨੇ ਕਿਹਾ ਕਿ ਸਿਰਫ਼ ਲਾਇਸੈਂਸ ਪ੍ਰਾਪਤ ਡੀਲਰਾਂ ਨੂੰ ਜਾਇਜ਼ ਪਰਮਿਟ ਅਧੀਨ ਨਾਰਕੋਟਿਕ ਕੰਟਰੋਲ ਰੈਗੂਲੇਸ਼ਨਾਂ ਅਧੀਨ ਅਫ਼ੀਮ ਦਾ ਆਯਾਤ ਜਾਂ ਨਿਰਯਾਤ ਕਰਨ ਦੀ ਇਜਾਜ਼ਤ ਹੈ।