ਟਰੱਕ ਡਰਾਈਵਰਾਂ ਅਤੇ ਫ਼ਲੀਟਸ ਲਈ ਸੀ.ਵੀ.ਐਸ.ਏ. ਦੇ ਥਕੇਵਾਂ ਪ੍ਰਬੰਧਨ ਪ੍ਰੋਗਰਾਮ ਦੀ ਘੁੰਡਚੁਕਾਈ

Avatar photo

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਹੁਣ ਇੱਕ ਨਵੇਂ ਉੱਤਰੀ ਅਮਰੀਕੀ ਥਕੇਵਾਂ ਪ੍ਰਬੰਧਨ ਪ੍ਰੋਗਰਾਮ ਦਾ ਘਰ ਬਣ ਗਿਆ ਹੈ, ਜੋ ਕਿ ਟਰੱਕ ਡਰਾਈਵਰਾਂ ਨੂੰ ਥਕੇਵੇਂ ਨਾਲ ਨਜਿੱਠਣ ’ਚ ਮੱਦਦ ਦੀ ਪੇਸ਼ਕਸ਼ ਕਰਦਾ ਹੈ।

ਯੂ.ਐਸ. ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਿਨੀਸਟ੍ਰੇਸ਼ਨ (ਐਫ਼.ਐਮ.ਸੀ.ਐਸ.ਏ.) ਦੇ ਫ਼ੁਰਮਾਨ ਹੇਠ ਸਥਾਪਤ ਇਸ ਪ੍ਰੋਗਰਾਮ ਨੂੰ ਕੈਨੇਡਾ ਅਤੇ ਅਮਰੀਕਾ ਦੇ ਤਿੰਨ ਮੈਡੀਕਲ ਅਤੇ ਨੀਂਦ ਵਿਗਿਆਨੀਆਂ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਸੀ।

www.nafmp.org ’ਤੇ ਮਿਲਣ ਵਾਲੀ ਸਿਖਲਾਈ ਟਰੱਕ ਡਰਾਈਵਰਾਂ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ, ਕੈਰੀਅਰ ਦੇ ਕਾਰਜਕਾਰੀਆਂ ਅਤੇ ਮੈਨੇਜਰਾਂ, ਸ਼ਿੱਪਰਸ ਅਤੇ ਰਿਸੀਵਰਸ, ਅਤੇ ਡਿਸਪੈਚਰਾਂ ਨੂੰ ਵੀ ਸਿੱਖਿਅਤ ਕਰਨ ਲਈ ਤਿਆਰ ਕੀਤੀ ਗਈ ਹੈ।

(ਤਸਵੀਰ: ਆਈਸਟਾਕ)

10 ਸਿਖਲਾਈ ਮਾਡਿਊਲਸ ’ਚ ਸ਼ਾਮਲ ਵਿਸ਼ਿਆਂ ’ਚ ਨੀਂਦ ਦੀਆਂ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਤੋਂ ਲੈ ਕੇ, ਟਰਿੱਪ ਸ਼ਡਿਊਲਿੰਗ, ਅਤੇ ਥਕੇਵਾਂ ਪ੍ਰਬੰਧਨ ਤਕਨਾਲੋਜੀਆਂ ਤੱਕ ਸ਼ਾਮਲ ਹਨ। ਇਸ ਪ੍ਰੋਗਰਾਮ ਦੀ ਅਲਬਰਟਾ ਅਤੇ ਕਿਊਬੈੱਕ ਦੇ ਫ਼ਲੀਟਸ ਅਤੇ ਡਰਾਈਵਰਾਂ ਨੇ ਸਮੀਖਿਆ ਕੀਤੀ ਹੈ।

ਸੀ.ਵੀ.ਐਸ.ਏ. ਨੇ ਕਿਹਾ ਕਿ ਆਨਲਾਈਨ ਸਿਖਲਾਈ ਨੂੰ ਸੁਰੱਖਿਆ ਸਭਿਆਚਾਰ, ਨੀਂਦ ਦੀਆਂ ਬਿਮਾਰੀਆਂ ਦੀ ਪਛਾਣ ਕਰਨ ਅਤੇ ਇਲਾਜ ਕਰਨ ਦੇ ਬਦਲ, ਅਤੇ ਥਕੇਵਾਂ ਪ੍ਰਬੰਧਨ ਤਕਨਾਲੋਜੀਆਂ ਦੇ ਹੱਲ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੀਮਤ ਮੰਚਾਂ, ਸੂਚਨਾ ਸੈਸ਼ਨਾਂ, ਅਤੇ ਵੈਬੀਨਾਰਾਂ ਰਾਹੀਂ ਹੋਰ ਮੱਦਦ ਵੀ ਪੇਸ਼ ਕੀਤੀ ਜਾਵੇਗੀ।

ਦੱਖਣੀ ਡਕੌਟਾ ਹਾਈਵੇ ਪੈਟਰੋਲ ਦੇ ਕੈਪਟਨ ਅਤੇ ਸੀ.ਵੀ.ਐਸ.ਏ. ਦੇ ਪ੍ਰਧਾਨ ਜੌਨ ਬਰੋਅਰਸ ਨੇ ਕਿਹਾ, ‘‘ਇਸ ਪ੍ਰੋਗਰਾਮ ’ਚ ਥਕੇਵੇਂ ਨਾਲ ਸੰਬੰਧਤ ਖ਼ਤਰਿਆਂ ਨੂੰ ਘੱਟ ਕਰਨ, ਡਰਾਈਵਰਾਂ ਦੀ ਚੌਕਸੀ ਵਧਾਉਣ, ਸਿਹਤ ਅਤੇ ਤੰਦਰੁਸਤੀ ਦੇਣ, ਉਤਪਾਦਕਤਾ ਵਧਾਉਣ, ਅਤੇ ਟੱਕਰਾਂ ਤੇ ਸੜਕਾਂ ’ਤੇ ਮੌਤਾਂ ਨੂੰ ਘੱਟ ਕਰਨ ਦੀ ਸਮਰੱਥਾ ਹੈ।’’

‘‘ਇਸ ਪ੍ਰੋਗਰਾਮ ਰਾਹੀਂ ਮੌਜੂਦ ਆਨਲਾਈਨ ਸਿਖਲਾਈ ਅਤੇ ਵਿੱਦਿਅਕ ਕੋਰਸ ਮੁਫ਼ਤ, ਵਲੰਟਰੀ, ਆਪਣੀ ਮਰਜ਼ੀ ਦੀ ਗਤੀ ਨਾਲ ਚੱਲਣ ਵਾਲੇ ਹਨ ਜਿਨ੍ਹਾਂ ਨੂੰ ਕਿਸੇ ਵੀ ਸਮੇਂ ਸਿੱਖਿਆ ਜਾ ਸਕਦਾ ਹੈ। ਅਸੀਂ ਸਾਰੇ ਡਰਾਈਵਰਾਂ ਅਤੇ ਮੋਟਰ ਕੈਰੀਅਰਸ ਨੂੰ ਇਹ ਆਨਲਾਈਨ ਟੂਲਜ਼ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ।’’