ਟਰੱਕ ਲਾਈਟਿੰਗ, ਡਰਾਈਵਰ ਘੰਟਿਆਂ ‘ਤੇ ਕੇਂਦਰਤ ਹੋਵੇਗਾ ਰੋਡਚੈੱਕ ਬਲਿਟਜ਼

Avatar photo

ਮਈ 4-6 ਨੂੰ ਸਾਲਾਨਾ ਰੋਡਚੈੱਕ ਬਲਿਟਜ਼ ਵਾਪਸ ਪਰਤਣ ‘ਤੇ ਕਮਰਸ਼ੀਅਲ ਵਹੀਕਲ ਇੰਸਪੈਕਟਰਾਂ ਦਾ ਧਿਆਨ ਲਾਈਟਿੰਗ ਅਤੇ ਕੰਮ ਦੇ ਘੰਟੇ ਕਾਨੂੰਨ ਦੀ ਉਲੰਘਣਾ ‘ਤੇ ਕੇਂਦਰਤ ਹੋਵੇਗਾ।

ਜਾਂਚ ਦੌਰਾਨ ਉੱਤਰੀ ਅਮਰੀਕੀ ਮਾਨਕ ਸੇਵਾ ਤੋਂ ਬਾਹਰ ਯੋਗਤਾ ਪੈਮਾਨੇ ਤੋਂ ਹਰ ਮਹੱਤਵਪੂਰਨ ਚੀਜ਼ ਨੂੰ ਪਰਖਿਆ ਜਾਂਦਾ ਹੈ, ਇਸ ਦੇ ਨਾਲ ਹੀ ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਨੂੰ ਕੁੱਝ ਵਿਸ਼ੇਸ਼ ਜ਼ਰੂਰਤਾਂ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਅੰਕੜੇ ਇਕੱਠੇ ਕਰਨ ਦਾ ਵੀ ਮੌਕਾ ਮਿਲਦਾ ਹੈ।

ਟਰੱਕਾਂ ਦੀ ਜਾਂਚ ਦਾ ਕੰਮ ਜਾਰੀ ਰਹਿੰਦਾ ਹੈ, ਪਰ ਸਾਲਾਨਾ ਰੋਡਚੈੱਕ ਜਾਂਚ ਬਲਿਟਜ਼ ਵਰਗੇ ਪ੍ਰੋਗਰਾਮ ਨੂੰ ਕੋਵਿਡ-19 ਕਰਕੇ ਮੁਅੱਤਲ ਕਰਨਾ ਪਿਆ ਸੀ। (ਤਸਵੀਰ : ਜੌਨ ਜੀ. ਸਮਿੱਥ)

ਸੀ.ਵੀ.ਐਸ.ਏ. ਦੇ ਪ੍ਰੈਜ਼ੀਡੈਂਟ ਡੇਲਾਵੇਅਰ ਸਟੇਟ ਪੁਲਿਸ ਦੇ ਸਾਰਜੈਂਟ ਜੌਨ ਸੈਮੀਸ ਨੇ ਕਿਹਾ, ”ਰੋਡਚੈੱਕ ਅੰਕੜੇ ਇਕੱਠਾ ਕਰਨ ਦੀ ਕੋਸ਼ਿਸ਼ ਹੈ। ਕੌਮਾਂਤਰੀ ਰੋਡਚੈੱਕ ਦੌਰਾਨ ਤਿੰਨ ਦਿਨਾਂ ‘ਚ ਕੀਤੀ ਗਈ ਜਾਂਚ ਸਾਲ ਦੇ ਬਾਕੀ ਦਿਨਾਂ ਦੌਰਾਨ ਕੀਤੀਆਂ ਜਾਂਚਾਂ ਤੋਂ ਵੱਖ ਨਹੀਂ ਹੁੰਦੀ। ਅੰਕੜੇ ਇਕੱਠਾ ਕਰਨ ਤੋਂ ਸਿਵਾ ਜਾਂਚ ਉਹੀ ਰਹਿੰਦੀ ਹੈ।”

ਅਮਰੀਕਾ ‘ਚ ਪਿਛਲੇ ਸਾਲ ਗੱਡੀਆਂ ਨਾਲ ਸੰਬੰਧਤ ਕਾਨੂੰਨ ਦੀਆਂ ਉਲੰਘਣਾਵਾਂ ਦਾ 12.24% ਕਾਰਨ ਬੰਦ ਲੈਂਪ ਸਨ – ਜਿਸ ਕਰਕੇ ਇਹ 2020 ‘ਚ ਗੱਡੀਆਂ ਵੱਲੋਂ ਕਾਨੂੰਨ ਦੀ ਉਲੰਘਣਾ ਦਾ ਪਹਿਲਾ ਕਾਰਨ ਬਣਿਆ। ਸੀ.ਵੀ.ਐਸ.ਏ. ਨੇ ਕਿਹਾ ਕਿ ਰੋਡਚੈੱਕ 2020 ਦੌਰਾਨ, ਪ੍ਰਮੁੱਖ ਡਰਾਈਵਰ-ਸੰਬੰਧਤ ਉਲੰਘਣਾਵਾਂ ‘ਚ ਕੰਮ ਦੇ ਵੱਧ ਤੋਂ ਵੱਧ ਘੰਟਿਆਂ ਦੀ ਉਲੰਘਣਾ ਸ਼ਾਮਲ ਸੀ ਜੋ ਕਿ 34.7% ਮਾਮਲਿਆਂ ‘ਚ ਵੇਖੀ ਗਈ।

ਤਾਜ਼ਾ ਰੋਡਚੈੱਕ ਦੌਰਾਨ ਕੈਨੇਡਾ ਦੀਆਂ 7.5% ਗੱਡੀਆਂ ‘ਚ ਲਾਈਟਿੰਗ ਨੂੰ ਲੈ ਕੇ ਕਾਨੂੰਨ ਦੀ ਉਲੰਘਣਾ ਸਾਹਮਣੇ ਆਈ। ਡਰਾਈਵਰ ਨਾਲ ਸੰਬੰਧਤ ਉਲੰਘਣਾਵਾਂ ‘ਚ ਕੰਮ ਦੇ ਵੱਧ ਤੋਂ ਵੱਧ ਘੰਟਿਆਂ ਤੋਂ ਵੀ ਜ਼ਿਆਦਾ ਕੰਮ ਕਰਨ ਦੇ 73.7% ਮਾਮਲੇ ਸਾਹਮਣੇ ਆਏ।

ਇਹ ਬਲਿਟਜ਼ ਕੈਨੇਡਾ ਦੇ ਫ਼ੈਡਰਲ ਰੈਗੂਲੇਟਡ ਕੈਰੀਅਰਾਂ ਨੂੰ ਆਪਣੇ ਟਰੱਕਾਂ ‘ਚ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਲਾਉਣਾ ਲਾਜ਼ਮੀ ਹੋਣ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਹੋਵੇਗੀ। ਇਹ ਕਾਨੂੰਨ 12 ਜੂਨ ਨੂੰ ਅਮਲ ‘ਚ ਆ ਰਿਹਾ ਹੈ।

ਇਸ ਵਾਰੀ ਕੀਤੀ ਜਾਣ ਵਾਲੀ ਰੋਡਚੈੱਕ ਦੀ ਮਿਤੀ 2020 ਦੀ ਮਿਤੀ ਤੋਂ ਜ਼ਿਆਦਾ ਦੂਰ ਨਹੀਂ ਹੈ ਕਿਉਂਕਿ ਕੋਵਿਡ-19 ਸਾਵਧਾਨੀਆਂ ਕਰਕੇ ਇਸ ਨੂੰ ਸਤੰਬਰ ਤਕ ਅੱਗੇ ਪਾ ਦਿੱਤਾ ਗਿਆ ਸੀ।

ਜੋ ਗੱਡੀਆਂ ਲੈਵਲ 1 ਜਾਂ ਲੈਵਲ 5 ਜਾਂਚ ਪਾਸ ਕਰ ਜਾਂਦੀਆਂ ਹਨ ਉਨ੍ਹਾਂ ਨੂੰ ਸੀ.ਵੀ.ਐਸ.ਏ. ਦਾ ਡੀਕੈਲ ਮਿਲਦਾ ਹੈ। ਅਜਿਹੇ ਨਿਸ਼ਾਨ ਵਾਲੀਆਂ ਗੱਡੀਆਂ ਦੀ ਆਮ ਤੌਰ ‘ਤੇ ਅਗਲੇ ਤਿੰਨ ਮਹੀਨਿਆਂ ਤਕ ਸੜਕਾਂ ਕਿਨਾਰੇ ਜਾਂਚ ਨਹੀਂ ਕੀਤੀ ਜਾਂਦੀ।

ਟਰਾਂਸਪੋਰਟ ਕੈਨੇਡਾ ਅਤੇ ਕੈਨੇਡੀਅਨ ਕੌਂਸਲ ਆਫ਼ ਮੋਟਰ ਟਰਾਂਸਪੋਰਟ ਐਡਮਿਨੀਸਟਰੇਸ਼ਨ ਵੀ ਅਮਰੀਕੀ ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਿਨੀਸਟਰੇਸ਼ਨ ਅਤੇ ਮੈਕਸੀਕੋ ਦੇ ਸੰਚਾਰ ਅਤੇ ਆਵਾਜਾਈ ਮੰਤਰੀ ਅਤੇ ਇਸ ਦੇ ਨੈਸ਼ਨਲ ਗਾਰਡ ਨਾਲ ਰੋਡਚੈੱਕ ‘ਚ ਹਿੱਸਾ ਲੈਂਦਾ ਹੈ।