ਟਾਇਰ ਮੈਨੇਜਮੈਂਟ ਪ੍ਰੋਗਰਾਮਾਂ ‘ਚ ਗੁੱਡਯੀਅਰ ਨੇ ਮੀਲ ਦਾ ਪੱਥਰ ਕੀਤਾ ਸਥਾਪਤ

Avatar photo

ਗੁੱਡਯੀਅਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਇਸ ਦੇ ਟਾਇਰ ਮੈਨੇਜਮੈਂਟ ਪ੍ਰੋਗਰਾਮ ਰਾਹੀਂ 40 ਲੱਖ ਟਾਇਰਾਂ ਦੀ ਜਾਂਚ-ਪੜਤਾਲ ਕੀਤੀ ਗਈ ਸੀ।

(ਤਸਵੀਰ: ਗੁੱਡਯੀਅਰ)

ਇਸ ਦੇ ਟਾਇਰ ਮੈਨੇਜਮੈਂਟ ਪ੍ਰੋਗਰਾਮ ‘ਚ ਟਾਇਰ ਆਪਟਿਕਸ, ਗੁੱਡਯੀਅਰ ਟੀ.ਪੀ.ਐਮ.ਐਸ. ਪਲੱਸ, ਅਤੇ ਗੁੱਡਯੀਅਰ ਚੈੱਕਪੁਆਇੰਟ ਸ਼ਾਮਲ ਹਨ ਜੋ ਕਿ ਟਾਇਰ ਪ੍ਰੈਸ਼ਰ, ਤਾਪਮਾਨ ਅਤੇ ਟ੍ਰੈੱਡ ਟੁੱਟ-ਭੱਜ ਵਰਗੀਆਂ ਸਥਿਤੀਆਂ ਦੀ ਨਿਗਰਾਨੀ ਕਰਦੇ ਹਨ। ਇਨ੍ਹਾਂ ਨੂੰ ਪਿਛਲੇ ਸਾਲ ਫ਼ਰਵਰੀ ਮਹੀਨੇ ‘ਚ ਗੁੱਡਯੀਅਰ ਮੁਕੰਮਲ ਟਾਇਰ ਪ੍ਰਬੰਧਨ ਦੀ ਸੰਯੁਕਤ ਪੇਸ਼ਕਸ਼ ਵਜੋਂ ਮੁੜ ਜਾਰੀ ਕੀਤਾ ਗਿਆ ਸੀ।

ਗੁੱਡਯੀਅਰ ਦੇ ਇੰਟੀਗਰੇਟਡ ਸਲਿਊਸ਼ਨਜ਼ ਐਂਡ ਟਾਇਰ ਮੈਨੇਜਮੈਂਟ ਬਾਰੇ ਡਾਇਰੈਕਟਰ ਜੌਨੀ ਮੈਕਿਨਤੋਸ਼ ਨੇ ਕਿਹਾ, ”ਪੇਸ਼ੇਵਰ ਟਰੱਕ ਡਰਾਈਵਰ ਸਪਲਾਈ ਚੇਨ ਨੂੰ ਚਲਦਾ ਰੱਖਣ ਲਈ ਕੋਵਿਡ-19 ਦਰਮਿਆਨ ਓਵਰਟਾਈਮ ਕੰਮ ਕਰ ਰਹੇ ਹਨ, ਫ਼ਲੀਟ ਆਪਣੇ ਟਾਇਰਾਂ ‘ਚ ਨਿਵੇਸ਼ ਦੀ ਸੁਰੱਖਿਆ ਅਤੇ ਡਰਾਈਵਰਾਂ ਨੂੰ ਸੜਕਾਂ ‘ਤੇ ਸੁਰੱਖਿਅਤ ਰੱਖਣ ਲਈ ਗੁੱਡਯੀਅਰ ਦੇ ਮੁਕੰਮਲ ਟਾਇਰ ਮੈਨੇਜਮੈਂਟ ਪ੍ਰੋਗਰਾਮ ‘ਤੇ ਭਰੋਸਾ ਰੱਖਦੇ ਹਨ।”

”ਗੁੱਡਯੀਅਰ ਦੇ ਮੁਕੰਮਲ ਟਾਇਰ ਮੈਨੇਜਮੈਂਟ ਨੇ ਟਾਇਰਾਂ ਦੀਆਂ 400,000 ਸੰਭਾਵਤ ਸਮੱਸਿਆਵਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ‘ਚ ਹਵਾ ਦੇ ਦਬਾਅ ਦਾ ਘੱਟ ਹੋਣਾ ਜਾਂ ਟੁੱਟੀ-ਭੱਜੀ ਟ੍ਰੈੱਡ ਸ਼ਾਮਲ ਹਨ। ਇਸ ਨਾਲ ਫ਼ਲੀਟ ਅਣਸਾਵੇਂ ਘਿਸਾਅ ਜਾਂ ਨੁਕਸਾਨ ਵਰਗੀਆਂ ਸਮੱਸਿਆਵਾਂ ਤੋਂ ਛੇਤੀ ਤੋਂ ਛੇਤੀ ਨਿਜਾਤ ਪਾ ਸਕਦੇ ਹਨ।”

ਗੁੱਡਯੀਅਰ ਚੈੱਕਪੁਆਇੰਟ ਇੱਕ ਡਰਾਈਵ-ਓਵਰ ਰੀਡਰ ਡਿਵਾਇਸ ਹੈ ਜੋ ਟਾਇਰ ‘ਚ ਹਵਾ ਦੇ ਦਬਾਅ ਅਤੇ ਟ੍ਰੈੱਡ ਡੂੰਘਾਈ ਦੀ ਸਵੈਚਾਲਿਤ ਜਾਂਚ ਕਰਦਾ ਹੈ। ਗੁੱਡਯੀਅਰ ਟੀ.ਪੀ.ਐਮ.ਐਸ. ਪਲੱਸ ਗੱਡੀ ਦੀ ਨਿਗਰਾਨੀ ਦਾ ਸਿਸਟਮ ਹੈ ਜੋ ਕਿ ਟਾਇਰ ‘ਚ ਕਿਸੇ ਸਮੱਸਿਆ ਨੂੰ ਤੁਰੰਤ ਫੜ ਲੈਂਦਾ ਹੈ। ਟਾਇਰ ਆਪਟਿਕਸ ਇੱਕ ਡਿਜੀਟਲ ਜਾਂਚ ਟੂਲਕਿੱਟ ਹੈ ਜੋ ਕਿ ਫ਼ਲੀਟਸ ਨੂੰ ਟਾਇਰ ‘ਚ ਹਵਾ ਦੇ ਦਬਾਅ ਦੀ ਨਿਗਰਾਨੀ ਕਰਨ, ਟ੍ਰੈੱਡ ਦੀ ਡੂੰਘਾਈ ਅਤੇ ਟਾਇਰ ਦੀ ਟੁੱਟ-ਭੱਜ ਪਤਾ ਕਰਨ ‘ਚ ਮੱਦਦ ਕਰਦਾ ਹੈ। ਇਹ ਕਿਸੇ ਸਮੱਸਿਆ ਨੂੰ ਤੁਰੰਤ ਪਛਾਣ ਕੇ ਉਸ ਦੀ ਚੇਤਾਵਨੀ ਦਿੰਦਾ ਹੈ ਅਤੇ ਵਿਸਤ੍ਰਿਤ ਜਾਂਚ ਨਤੀਜੇ ਵੀ ਦਿੰਦਾ ਹੈ।