ਟੀ.ਐਫ਼.ਡਬਲਿਊ. ਟਰੱਕ ਡਰਾਈਵਰਾਂ ’ਚ ਵਾਧੇ ਦਾ ਸਵਾਗਤ, ਪਰ ਗਿਣਤੀ ਅਜੇ ਵੀ ਨਾਕਾਫ਼ੀ

ਸਟੈਟਿਸਟਿਕਸ ਕੈਨੇਡਾ ਦੀ ਪਿੱਛੇ ਜਿਹੇ ਜਾਰੀ ਹੋਈ ਰਿਪੋਰਟ ਅਨੁਸਾਰ ਫ਼ੈਡਰਲ ਸਰਕਾਰ ਨੇ ਸਾਲ ਦੀ ਦੂਜੀ ਤਿਮਾਹੀ ’ਚ ਟਰਾਂਸਪੋਰਟ ਟਰੱਕ ਡਰਾਈਵਰਾਂ ਵਜੋਂ 2,902 ਆਰਜ਼ੀ ਵਿਦੇਸ਼ੀ ਕਾਮਿਆਂ (ਟੀ.ਐਫ਼.ਡਬਲਿਊ.) ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਹੈ – ਜੋ ਕਿ ਪਿਛਲੀ ਤਿਮਾਹੀ ’ਚ 1,802 ਤੋਂ ਵੱਧ ਹੈ।

ਹਾਲਾਂਕਿ ਇਸ ਵਾਧੇ ਦੇ ਬਾਵਜੂਦ ਇਸ ਗਿਣਤੀ ਨਾਲ ਬਹੁਤ ਘੱਟ ਖ਼ਾਲੀ ਆਸਾਮੀਆਂ ਭਰੀਆਂ ਗਈਆਂ ਹਨ।

Driver holding steering wheel
(Photo: iStock)

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘ਇਹ ਤਾਂ ਡੂੰਘੇ ਜ਼ਖ਼ਮ ’ਤੇ ਬੈਂਡ-ਏਡ ਲਗਾ ਦੇਣ ਵਰਗਾ ਕੰਮ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਡਰਾਈਵਰਾਂ ਦੀ ਕਮੀ ਕੋਈ ਆਰਜ਼ੀ ਨਹੀਂ ਹੈ।

ਉਨ੍ਹਾਂ ਨੇ ਟੀ.ਐਫ਼.ਡਬਲਿਊ. ਪ੍ਰੋਗਰਾਮ ਨਾਲ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕੀਤਾ, ਪਰ ਕਿਹਾ ਕਿ ਡਰਾਈਵਰਾਂ ਦੀ ਕਮੀ ਨੂੰ ਦੂਰ ਕਰਨ ਲਈ ਅਜੇ ਕਈ ਪਹਿਲਾਂ ਦੀ ਸ਼ੁਰੂਆਤ ਕੀਤੀ ਜਾਣੀ ਬਾਕੀ ਹੈ।

ਉਨ੍ਹਾਂ ਕਿਹਾ, ‘‘ਅਸੀਂ ਐਕਸਪ੍ਰੈੱਸ ਐਂਟਰੀ ਦੀਆਂ ਸੰਭਾਵਨਾਵਾਂ ਅਤੇ ਇਹ ਕਿਸ ਤਰ੍ਹਾਂ ਕੰਮ ਕਰ ਸਕੇਗਾ, ਬਾਰੇ ਜ਼ਿਆਦਾ ਉਤਸ਼ਾਹਿਤ ਹਾਂ, ਜਿਸ ਅਧੀਨ ਲੋਕ ਕੈਨੇਡਾ ਆ ਕੇ ਇੱਥੋਂ ਦੇ ਪੱਕੇ ਵਸਨੀਕ, ਅਤੇ ਉਸ ਤੋਂ  ਬਾਅਦ ਨਾਗਰਿਕ ਬਣ ਸਕਦੇ ਹਨ ਅਤੇ ਉਦਯੋਗ ਅੰਦਰ ਹੀ ਰਹਿ ਸਕਦੇ ਹਨ।’’

ਐਕਸਪ੍ਰੈੱਸ ਐਂਟਰੀ ਨਾਲ ਹੁਨਰਮੰਦ ਵਰਕਰਾਂ ਨੂੰ ਪੱਕੀ ਨਾਗਰਿਕਤਾ ਅਤੇ ਤੇਜ਼ ਅਰਜ਼ੀ ਪ੍ਰਕਿਰਿਆ ਵਰਗੇ ਲਾਭ ਮਿਲਦੇ ਹਨ।

ਟਰੱਕਿੰਗ ਐਚ.ਆਰ. ਕੈਨੇਡਾ ਵਿਖੇ ਚੀਫ਼ ਪ੍ਰੋਗਰਾਮ ਅਫ਼ਸਰ ਕਰੇਗ ਕਰੇਗ ਫ਼ਾਊਸੇਟ ਨੇ ਟੀ.ਐਫ਼.ਡਬਲਿਊ. ਮਨਜ਼ੂਰੀਆਂ ਨੂੰ ਉਦਯੋਗ ’ਚ ਲੇਬਰ ਦੀ ਕਮੀ ਦੂਰ ਕਰਨ ਲਈ ਚੰਗੀ ਸ਼ੁਰੂਆਤ ਦੱਸਿਆ।

ਉਨ੍ਹਾਂ ਕਿਹਾ, ‘‘ਇਸ ਮਿਆਦ ਦੌਰਾਨ ਸਾਡੇ ਕੋਲ 29,210 ਖ਼ਾਲੀ ਆਸਾਮੀਆਂ ਹਨ। ਜੇਕਰ 2,900 ਲੋਕ ਡਰਾਈਵਰ ਬਣ ਜਾਂਦੇ ਹਨ ਤਾਂ ਸਾਡੇ ਲਈ ਬੜੀ ਖ਼ੁਸ਼ੀ ਦੀ ਗੱਲ ਹੋਵੇਗੀ। ਇਹ ਚੰਗਾ ਰਸਤਾ ਹੈ, ਪਰ ਇਸ ਤਰ੍ਹਾਂ ਦੇ ਕਈ ਹੋਰ ਰਸਤੇ ਹੋ ਸਕਦੇ ਹਨ।’’

ਮਹਿੰਗੀ ਪ੍ਰਕਿਰਿਆ

ਪਰ ਫ਼ਾਊਸੇਟ ਨੇ ਕਿਹਾ ਕਿ ਇਹ ਪ੍ਰਕਿਰਿਆ ਉਨ੍ਹਾਂ ਰੁਜ਼ਗਾਰਦਾਤਾਵਾਂ ਲਈ ਮਹਿੰਗੀ ਸਾਬਤ ਹੋ ਸਕਦੀ ਹੈ ਜਿਨ੍ਹਾਂ ਨੂੰ ਡਰਾਈਵਰਾਂ ਦੀ ਭਰਤੀ ਲਈ ਨਿਵੇਸ਼ ਕਰਨਾ ਪੈਂਦਾ ਹੈ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਲਈ ਬਿਨੈ ਕਰਨਾ ਪੈਂਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਕੈਨੇਡੀਅਨ ਵਰਕਰ ਨੌਕਰੀਆਂ ਭਰਨ ਲਈ ਮੌਜੂਦ ਨਹੀਂ ਹਨ, ਅਤੇ ਕਿਸੇ ਵੀ ਉਮੀਦਵਾਰ ਨੂੰ ਸਿਖਲਾਈ ਦੇਣੀ ਪੈਂਦੀ ਹੈ।

ਫ਼ਾਊਸੇਟ  ਨੇ ਕਿਹਾ, ‘‘ਇਸ ਸਾਰੀ ਪ੍ਰਕਿਰਿਆ ’ਚ ਬਹੁਤ ਸਮਾਂ ਲਗਦਾ ਹੈ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਹਾਮੀਂ ਭਰਨ ਤੋਂ ਲੈ ਕੇ ਪ੍ਰਕਿਰਿਆ ਨੂੰ ਮਨਜੂਰੀ ਮਿਲਣ ਦੇ ਲੰਮੇ ਸਮੇਂ ਤੱਕ ਡਰਾਈਵਰ ਇੰਤਜ਼ਾਰ ਕਰਣਗੇ ਜਾਂ ਨਹੀਂ। ਅਸੀਂ ਸਿਸਟਮ ’ਚ ਬਿਹਤਰੀਆਂ ਦਾ ਸਵਾਗਤ ਕਰਦੇ ਹਾਂ ਜੋ ਕਿ ਬਿਨੈ ਤੋਂ ਲੈ ਕੇ ਮਨਜ਼ੂਰੀ ਤੱਕ ਦੇ ਸਮੇਂ ਨੂੰ ਘੱਟ ਕਰੇਗੀ।’’

ਲੈਸਕੋਅਸਕੀ ਨੇ ਕਿਹਾ ਕਿ ਸੀ.ਟੀ.ਏ. ਫ਼ੈਡਰਲ ਸਰਕਾਰ ਨੂੰ ਜਾਣੂ ਰੁਜ਼ਗਾਰਦਾਤਾ ਪ੍ਰੋਗਰਾਮ ਪੇਸ਼ ਕਰਨ ਲਈ ਉਤਸ਼ਾਹਿਤ ਕਰਦੀ ਹੈ, ਤਾਂ ਕਿ ਲੇਬਰ ਕਾਨੂੰਨਾਂ ’ਤੇ ਜਾਂਚੇ-ਪਰਖੇ ਗਏ ਕੈਰੀਅਰ ਟੀ.ਐਫ਼.ਡਬਲਿਊ. ਅਤੇ ਐਕਸਪ੍ਰੈੱਸ ਐਂਟਰੀ ਪ੍ਰੋਗਰਾਮਾਂ ਰਾਹੀਂ ਉਮੀਦਵਾਰਾਂ ਤੱਕ ਪਹੁੰਚ ਪ੍ਰਾਪਤ ਕਰ ਸਕਣ।

ਇਮੀਗਰੇਸ਼ਨ-ਸੰਬੰਧਤ ਇੱਕ ਹੋਰ ਕਦਮ ’ਚ, ਇਮੀਗਰੇਸ਼ਨ ਮੰਤਰੀ ਸ਼ੌਨ ਫ਼ਰੇਜ਼ਰ ਨੇ ਕਿਹਾ ਕਿ ਸਰਕਾਰ ਕੈਨੇਡਾ ਅੰਦਰ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ’ਚ ਵੱਡਾ ਵਾਧਾ ਕਰਨ ਜਾ ਰਹੀ ਹੈ।

ਸਰਕਾਰ ਦੀ ਯੋਜਨਾ 2023 ’ਚ 465,000, 2024 ’ਚ 485,000 ਅਤੇ 2025 ’ਚ 500,000 ਪੱਕੇ ਵਸਨੀਕਾਂ ਨੂੰ ਲਿਆਉਣ ਦੀ ਹੈ। ਫ਼ਰੇਜ਼ਰ ਨੇ ਇੱਕ ਪ੍ਰੈੱਸ ਰਿਲੀਜ਼ ’ਚ ਕਿਹਾ ਕਿ ਇਹ ਕਦਮ ਕੈਨੇਡਾ ਦੀ ਆਰਥਿਕਤਾ ਦੀ ਖ਼ੁਸ਼ਹਾਲੀ ਯਕੀਨੀ ਕਰਨ ਲਈ ਜ਼ਰੂਰੀ ਹੈ।

ਨਵੀਂ ਯੋਜਨਾ ਇਮੀਗਰੈਂਟਸ ਦੀ ਗਿਣਤੀ ਵਧਾਉਣ ’ਤੇ ਜ਼ੋਰ ਦੇਣ ਦੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੀ ਮੁਹਾਰਤ ਜਾਂ ਤਜ਼ਰਬੇ ਦੇ ਆਧਾਰ ’ਤੇ ਭਰਤੀ ਕੀਤਾ ਜਾਵੇਗਾ।