ਟੀ.ਟੀ.ਐਸ.ਏ.ਓ. ਨੇ ਵੀ ਡਰਾਈਵਰ ਇੰਕ. ਵਿਰੁੱਧ ਜੰਗ ‘ਚ ਸ਼ਮੂਲੀਅਤ ਕੀਤੀ

Avatar photo

ਟਰੱਕ ਟਰੇਨਿੰਗ ਸਕੂਲਜ਼ ਐਸੋਸੀਏਸ਼ਨ ਆਫ਼ ਓਂਟਾਰੀਓ (ਟੀ.ਟੀ.ਐਸ.ਏ.ਓ.) ਵੀ ਡਰਾਈਵਰ ਇੰਕ. ਵਿਰੁੱਧ ਜੰਗ ‘ਚ ਕੁੱਦ ਪਈ ਹੈ।

ਰੁਜ਼ਗਾਰ ਦਾ ਇਹ ਵਿਵਾਦਮਈ ਮਾਡਲ ਉਹ ਕੈਰੀਅਰ ਅਪਣਾਉਂਦੇ ਹਨ ਜੋ ਆਪਣੇ ਡਰਾਈਵਰਾਂ ਨੂੰ ਆਜ਼ਾਦ ਸੇਵਾਦਾਤਾ ਵਜੋਂ ਕੰਮ ‘ਤੇ ਰੱਖਦੇ ਹਨ, ਜਿਸ ਨਾਲ ਉਨ੍ਹਾਂ ਨੂੰ ਟੈਕਸਾਂ ਆਦਿ ‘ਚ ਕੁੱਝ ਕਟੌਤੀ ਮਿਲ ਜਾਂਦੀ ਹੈ। ਪਿਛਲੇ ਹਫ਼ਤੇ ਕੈਰੀਅਰ/ਬੀਮਾ ਗਰੁੱਪਾਂ ਨਾਲ ਸਾਂਝੀ ਮੀਟਿੰਗ ‘ਚ, ਟੀ.ਟੀ.ਐਸ.ਏ.ਓ. ਦੇ ਅਧਿਕਾਰੀਆਂ ਨੇ ਕਿਹਾ ਕਿ ਕੁੱਝ ਸਿਖਲਾਈ ਸਕੂਲ ਡਰਾਈਵਰਾਂ ਨੂੰ ਅਜਿਹੇ ਕੈਰੀਅਰਾਂ ਕੋਲ ਭੇਜ ਰਹੇ ਹਨ ਜੋ ਡਰਾਈਵਰ ਇੰਕ. ਮਾਡਲ ਅਪਣਾਉਂਦੇ ਹਨ।

ਟੀ.ਟੀ.ਐਸ.ਏ.ਓ. ਕੈਰੀਅਰ ਗਰੁੱਪ ਦੇ ਚੇਅਰਮੈਨ ਜੇਰਾਲਡ ਕੈਰੋਲ ਨੇ ਕਿਹਾ, ”ਟੀ.ਟੀ.ਐਸ.ਏ.ਓ. ਦੇ ਕੈਰੀਅਰ ਮੈਂਬਰਾਂ ਦੇ ਹਿੱਤ ‘ਚ ਅਸੀਂ ਕਿਸੇ ਅਜਿਹੇ ਕੈਰੀਅਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਜੋ ਡਰਾਈਵਰ ਇੰਕ. ਦੀ ਹਮਾਇਤ ਕਰਦਾ ਹੈ ਅਤੇ ਇਸ ਨੂੰ ਅਪਣਾਉਂਦਾ ਹੈ।”

ਟੀ.ਟੀ.ਐਸ.ਏ.ਓ. ਨੇ ਇੱਕ ਪ੍ਰੈੱਸ ਰਿਲੀਜ਼ ‘ਚ ਕਿਹਾ, ”ਪਿੱਛੇ ਜਿਹੇ ਟੀ.ਟੀ.ਐਸ.ਏ.ਓ. ਦੇ ਕੁੱਝ ਕੈਰੀਅਰ ਮੈਂਬਰਾਂ ਨੇ ਸਕੂਲਾਂ ‘ਚੋਂ ਤਾਜ਼ਾ ਨਿਕਲੇ ਵਿਦਿਆਰਥੀਆਂ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ ਜੋ ਕਿ ਕੈਰੀਅਰਾਂ ਕੋਲ ਇੰਟਰਵਿਊ ਦੇ ਰਹੇ ਹਨ ਅਤੇ ਉਨ੍ਹਾਂ ਤੋਂ ਸਵਾਲ ਪੁੱਛ ਰਹੇ ਹਨ ਕਿ ਕੀ ਉਨ੍ਹਾਂ ਨੂੰ ਡਰਾਈਵਰ ਇੰਕ. ਮਾਡਲ ਅਧੀਨ ਅਦਾਇਗੀ ਦਿੱਤੀ ਜਾ ਸਕਦੀ ਹੈ। ਓਂਟਾਰੀਓ ‘ਚ ਉਦਯੋਗ ਦੇ ਕਈ ਸੰਗਠਨਾਂ ਵਾਂਗ ਟੀ.ਟੀ.ਐਸ.ਏ.ਓ. ਡਰਾਈਵਰ ਇੰਕ. ਮਾਡਲ ਦੀ ਹਮਾਇਤ ਨਹੀਂ ਕਰਦਾ ਅਤੇ ਕਿਸੇ ਵੀ ਮੈਂਬਰਸ਼ਿਪ ਦਾ ਸਖ਼ਤ ਵਿਰੋਧ ਕਰਦਾ ਹੈ ਜੋ ਨਵੇਂ ਡਰਾਈਵਰਾਂ ਨੂੰ ਇਸ ਪ੍ਰਕਿਰਿਆ ‘ਚ ਸ਼ਾਮਲ ਕਰਦੇ ਹਨ।”