ਟੈਂਕਰ ਚਲਾਉਣ ਵਾਲਾ ਸਮੀਰ ਮਾਣਦੈ ਟਰੱਕਿੰਗ ਦੇ ਹੁਲਾਰਿਆਂ ਨੂੰ

Avatar photo

ਤਰਲ ਪਦਾਰਥ ਨਾਲ ਭਰੇ ਹੋਏ ਟੈਂਕਰ ਦੀ ਹੌਲਿੰਗ ਦਾ ਆਪਣਾ ਫ਼ਾਇਦਾ ਹੁੰਦਾ ਹੈ। ਤੁਸੀਂ ਚੰਗਾ ਪੈਸਾ ਕਮਾ ਸਕਦੇ ਹੋ, ਅਤੇ ਲੋਡ ਤੇ ਅਨਲੋਡ ਕਰਨ ਦਾ ਸਮਾਂ ਆਮ ਤੌਰ ’ਤੇ ਘੱਟ ਰਹਿੰਦਾ ਹੈ। ਟੈਂਕਰ ਡਰਾਈਵਰ ਕਿਸੇ ਆਮ ਡਰਾਈ ਵੈਨ ਹੌਲਰ ਤੋਂ ਵੱਧ ਪੈਸਾ ਕਮਾਉਂਦਾ ਹੈ। ਆਪਣੀ ਰੋਜ਼ੀ-ਰੋਟੀ ਲਈ ਤਰਲ ਪਦਾਰਥਾਂ ਦੀ ਆਵਾਜਾਈ ਕਰਨ ਵਾਲੇ ਸਮੀਰ ਵਿੱਜ ਅਨੁਸਾਰ ਇਸ ਕੰਮ ’ਚ ਤੁਹਾਡੀ ਪਿੱਠ ਦੀ ਬਹੁਤ ਚੰਗੀ ਮਾਲਿਸ਼ ਵੀ ਹੋ ਜਾਂਦੀ ਹੈ। ਇਸ ਓਨਰ-ਆਪਰੇਟਰ ਨੇ ਕਿਹਾ ਕਿ ਚਲਦੇ ਹੋਏ ਜਦੋਂ ਕੰਟੇਨਰ ’ਚ ਤਰਲ ਪਦਾਰਥ ਛਪਾਕੇ ਮਾਰਨ ਲਗਦਾ ਹੈ ਤਾਂ ਤੁਸੀ ਇਸ ਦੀ ਹਰ ਹਿਲਜੁਲ ਨੂੰ ਆਪਣੀ ਪਿੱਠ ’ਤੇ ਵੀ ਮਹਿਸੂਸ ਕਰ ਸਕਦੇ ਹੋ।

Picture of Samir Vij
ਓਨਰ-ਆਪਰੇਟਰ ਸਮੀਰ ਵਿੱਜ ਅੱਜਕਲ੍ਹ ਗੋਰਸਕੀ ਬਲਕ ਟਰਾਂਸਪੋਰਟ ਲਈ ਟੈਂਕਰ ਚਲਾਉਂਦੇ ਹਨ। ਤਸਵੀਰ : ਲੀਓ ਬਾਰੋਸ

ਛੋਟੀ ਉਮਰ ਤੋਂ ਹੀ ਵਿੱਜ ਨੂੰ ਖੜਕਾ-ਦੜਕਾ ਕਰਨ ਵਾਲੀਆਂ ਮਸ਼ੀਨਾਂ ਦੁਆਲੇ ਰਹਿਣਾ ਪਸੰਦ ਸੀ। ਉਸ ਨੂੰ ਕੰਮ ਕਰਦੇ ਹੋਏ ਤਿੰਨ ਦਹਾਕੇ ਬੀਤ ਚੁੱਕੇ ਹਨ ਅਤੇ ਟਰੱਕਿੰਗ ਉਸ ਦਾ ਤੀਜਾ ਕਰੀਅਰ ਹੈ। ਉਸ ਨੇ ਲਗਭਗ 10 ਸਾਲਾਂ ਤੱਕ ਇੱਕ ਆਟੋਮੋਟਿਵ ਪਾਰਟਸ ਕੰਪਨੀ ਦੇ ਸ਼ੌਪ ਫ਼ਲੋਰ ’ਤੇ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਇੱਕ ਦਹਾਕਾ ਕਾਲ ਸੈਂਟਰ ਉਦਯੋਗ ’ਚ ਬਿਤਾਇਆ। ਇਸ ਮਗਰੋਂ ਉਸ ਨੂੰ ਲੱਗਾ ਕਿ ਅਜੇ ਉਸ ਦੇ ਕਰੀਅਰ ਨੂੰ ਇੱਕ ਹੋਰ ਮੋੜ ਦੀ ਲੋੜ ਹੈ।

ਉਸ ਨੇ 2015 ’ਚ ਟਰੱਕ ਚਲਾਉਣਾ ਸ਼ੁਰੂ ਕੀਤਾ ਅਤੇ ਉਸ ਨੂੰ ਆਪਣਾ ਕੰਮ ਬਹੁਤ ਪਸੰਦ ਹੈ। ਰਸਤੇ ’ਚ ਮਿਲਣ ਵਾਲੇ ਲੋਕ ਅਤੇ ਸੋਹਣੇ ਦ੍ਰਿਸ਼ਾਂ ਵਾਲੀਆਂ ਖੁੱਲ੍ਹੀਆਂ ਸੜਕਾਂ ਉਸ ਨੂੰ ਰੋਜ਼ ਕੈਬ ’ਚ ਬੈਠਣ ਲਈ ਉਤਸ਼ਾਹਿਤ ਅਤੇ ਊਰਜਾਵਾਨ ਕਰਦੀਆਂ ਹਨ। ਉਸ ਨੇ ਕਿਹਾ, ‘‘ਇਹ ਅਹਿਸਾਸ ਮੈਂ ਕਦੇ ਵੀ ਸਕ੍ਰੀਨ ਦੇ ਸਾਹਮਣੇ ਬੈਠ ਕੇ ਜਾਂ ਸ਼ਾਪ ਫ਼ਲੋਰ ਦੀਆਂ ਬੰਦ ਕੰਧਾਂ ਅੰਦਰ ਨਹੀਂ ਕਰ ਸਕਦਾ ਸੀ।’’

ਵਿੱਜ ਅਤੇ ਉਸ ਦਾ ਪਰਿਵਾਰ 2002 ’ਚ ਭਾਰਤ ਤੋਂ ਉੱਤਰੀ ਅਮਰੀਕਾ ਆ ਗਿਆ ਸੀ ਅਤੇ 2008 ’ਚ ਉਹ ਕੈਨੇਡਾ ’ਚ ਪ੍ਰਵਾਸ ਕਰ ਗਏ। ਉਸ ਨੇ ਆਪਣਾ ਟਰੱਕਿੰਗ ਕਰੀਅਰ ਕੰਪਨੀ ਦੇ ਡਰਾਈਵਰ ਵਜੋਂ ਡਰਾਈ ਵੈਨ ਚਲਾਉਂਦਿਆਂ ਸ਼ੁਰੂ ਕੀਤਾ ਅਤੇ ਕੁੱਝ ਸਾਲਾਂ ਬਾਅਦ ਉਸ ਨੇ ਆਪਣਾ ਖ਼ੁਦ ਦਾ ਟਰੱਕ ਖ਼ਰੀਦ ਲਿਆ।

ਪਿਛਲੇ ਸਾਲ ਉਸ ਨੇ ਵਿੰਡਸਰ, ਓਂਟਾਰੀਓ ’ਚ ਅਧਾਰਤ ਗੋਰਸਕੀ ਬਲਕ ਟਰਾਂਸਪੋਰਟ ਲਈ ਤਰਲ ਪਦਾਰਥਾਂ ਦੀ ਹੌਲਿੰਗ ਕਰਦਿਆਂ ਸ਼ੁਰੂ ਕੀਤਾ।

ਹੌਲਿੰਗ ਟੈਂਕਰਾਂ ਅਤੇ ਡਰਾਈ ਵੈਨਾਂ ’ਚ ਕੀ ਫ਼ਰਕ ਹੈ? ਵਿੱਜ ਇਸ ਸਵਾਲ ਦਾ ਮੁਸਕੁਰਾਉਂਦਿਆਂ ਜਵਾਬ ਦਿੰਦੇ ਹੋਏ ਕਹਿੰਦੇ ਹਨ, ‘‘ਰਿੰਗ ’ਚ ਨਵੇਂ ਪਹਿਲਵਾਨ ਨੂੰ ਹਲਕ ਹੋਗਨ ਜਾਂ ਮਾਇਕ ਟਾਈਸਨ ਦੇ ਨਾਲ ਘੁਲਦਿਆਂ ਸੋਚ ਕੇ ਵੇਖੋ।’’

‘‘ਸਭ ਤੋਂ ਵੱਡਾ ਫ਼ਰਕ ਚੱਲਣ ਲੱਗਿਆਂ, ਰੁਕਣ ਲੱਗਿਆਂ ਅਤੇ ਹਾਈਵੇ ਤੋਂ ਉਤਰਨ ਲੱਗਿਆਂ ਛਪਾਕਿਆਂ ਨਾਲ ਸਮਾਯੋਜਨ ਸਥਾਪਤ ਕਰਨਾ ਸੀ। ਤਰਲ ਪਦਾਰਥ ਹਮੇਸ਼ਾ ਹਿੱਲਦੇ ਰਹਿੰਦੇ ਹਨ।’’

ਵਿੱਜ ਹੁਣ ਤੱਕ ਦਸ ਲੱਖ ਮੀਲ ਤੱਕ ਟਰੱਕ ਚਲਾ ਚੁੱਕੇ ਹਨ। ਉਹ ਆਪਣਾ 75% ਸਮਾਂ ਅਮਰੀਕਾ ’ਚ ਸੜਕ ’ਤੇ ਬਿਤਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ 47 ਸਟੇਟਸ ਤੋਂ ਲੋਡ ਚੁੱਕ ਅਤੇ ਡਿਲੀਵਰ ਕਰ ਚੁੱਕੇ ਹਨ। ਸਿਰਫ਼ ਉਹ ਲੁਈਜ਼ੀਆਨਾ ’ਚ ਨਹੀਂ ਗਏ।

ਉਹ ਅਲਬਰਟਾ, ਸਸਕੈਚਵਨ, ਮੇਨੀਟੋਬਾ, ਓਂਟਾਰੀਓ ਅਤੇ ਕਿਊਬੈੱਕ ’ਚੋਂ ਲੰਘਦੇ ਹੋਏ ਬ੍ਰਿਟਿਸ਼ ਕੋਲੰਬੀਆ ਤੋਂ ਨਿਊ ਬਰੰਸਵਿਕ ਤੱਕ ਕੈਨੇਡਾ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਸਫ਼ਰ ਕਰ ਚੁੱਕੇ ਹਨ। ਉਨ੍ਹਾਂ ਕਿਹਾ, ‘‘ਜਦੋਂ ਮੈਂ ਤਿੰਨ ਟੈਰੀਟੋਰੀਜ਼ ਅਤੇ ਨਿਊਫ਼ਾਊਂਡਲੈਂਡ ਅਤੇ ਲੇਬਰਾਡੋਰ ’ਚ ਡਿਲੀਵਰੀ ਕਰਾਂਗਾ ਤਾਂ ਇਹ ਮੇਰਾ ਸੁਪਨਾ ਪੂਰਾ ਹੋਣ ਵਰਗਾ ਅਹਿਸਾਸ ਹੋਵੇਗਾ।’’

ਵਿੱਜ ਨੇ ਕਿਹਾ ਕਿ ਹਰ ਮੀਲ ਵੱਖ ਤਰ੍ਹਾਂ ਦਾ ਹੁੰਦਾ ਹੈ ਅਤੇ ਸੜਕ ਤੁਹਾਨੂੰ ਹਲੀਮੀ ਸਿਖਾਉਂਦੀ ਹੈ। ਇਸ ਤੋਂ ਇਲਾਵਾ ਤੁਸੀਂ ਮੌਸਮ ਦਾ ਮਾਣ ਕਰਨਾ ਵੀ ਸਿੱਖ ਜਾਂਦੇ ਹੋ। ਇੱਕ ਡਰਾਈਵਰ ਕਿਸੇ ਦਿਨ ਤਿੱਖੀ ਧੁੱਪ ’ਚ ਨੀਲੇ ਆਕਾਸ਼ ਦੇ ਨਜ਼ਾਰੇ ਲੈਂਦਿਆਂ ਸਫ਼ਰ ਕਰਦਾ ਹੈ, ਜਦਕਿ ਅਗਲੇ ਦਿਨ ਉਸ ਨੂੰ ਬਰਫ਼ਬਾਰੀ, ਮੀਂਹ, ਲਿਸ਼ਕਦੀ ਬਿਜਲੀ, ਅਤੇ ਕਾਲੇ ਆਕਾਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਦੀਆਂ ਦੇ ਮਹੀਨੇ ਨਿਮਰਤਾ ਦੇ ਸਬਕ ਸਿਖਾਉਂਦੇ ਹਨ।

Samir Vij raises the landing gear
ਤਸਵੀਰ : ਲੀਓ ਬਾਰੋਸ

ਟਰੱਕਿੰਗ ਤੁਹਾਨੂੰ ਤੁਹਾਡੇ ਘਰ ਦੇ ਆਰਾਮ ਅਤੇ ਪਿਆਰਿਆਂ ਤੋਂ ਦੂਰ ਲੈ ਜਾਂਦੀ ਹੈ। 10 ਦਿਨਾਂ ਤੱਕ ਕੈਲੇਫ਼ੋਰਨੀਆ ’ਚ ਲੋਡ ਦਾ ਟਰਿੱਪ ਪੂਰਾ ਕਰਨ ਤੋਂ ਬਾਅਦ ਉਹ ਪਰਤੇ ਹੀ ਸਨ। ਇਕ ਦਿਨ ਦੇ ਆਰਾਮ ਤੋਂ ਬਾਅਦ ਉਨ੍ਹਾਂ ਨੇ ਸਰਹੱਦ ਪਾਰ ਮੇਰੀਲੈਂਡ ਵੱਲ ਜਾਣਾ ਸੀ।

ਵਿੱਜ ਨੇ ਕਿਹਾ, ‘‘ਇਹ ਜਾਣਨਾ ਬਹੁਤ ਤਸੱਲੀਬਖਸ਼ ਗੱਲ ਹੈ ਕਿ ਤੁਸੀਂ ਉਹ ਕੰਮ ਕਰ ਰਹੇ ਹੋ ਜੋ ਲੋਕ ਆਮ ਤੌਰ ’ਤੇ ਕਰਨ ਤੋਂ ਝਿਜਕਦੇ ਹਨ।’’

ਟਰੱਕਿੰਗ ਨੂੰ ਕਰੀਅਰ ਬਣਾਉਣ ਦੀਆਂ ਕਈ ਚੁਨੌਤੀਆਂ ਵੀ ਹਨ, ਜਿਸ ’ਚ ਪਾਰਕਿੰਗ ਦੀਆਂ ਥਾਵਾਂ, ਵਾਸ਼ਰੂਮਾਂ, ਭੋਜਨ ਦੇ ਬਦਲਾਂ ਦੀਆਂ ਕਮੀਆਂ ਸ਼ਾਮਲ ਹਨ। ਇੱਕ ਖਿਝਾਉਣ ਵਾਲੀ ਗੱਲ ਸਿੰਗਲ-ਲੇਨ ਹਾਈਵੇਜ਼ ’ਤੇ ਡਰਾਈਵਰਾਂ ਵੱਲੋਂ ਰਾਤ ਸਮੇਂ ਹਾਈ ਬੀਮ ਦਾ ਪ੍ਰਯੋਗ ਹੈ।

ਉਨ੍ਹਾਂ ਕਿਹਾ ਕਿ ਬਹੁਤੇ ਫ਼ੋਰ-ਵੀਲ੍ਹਰ ਡਰਾਈਵਰਾਂ ਨੂੰ ਟਰੱਕ ਤੋਂ ਦੂਰੀ ਕਾਇਮ ਰੱਖਣ ਅਤੇ ਮੁੜਨ ਦੀ ਸਮਝ ਨਹੀਂ ਹੁੰਦੀ। ‘‘ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਟਰੱਕ ਤੋਂ ਛੇਤੀ ਤੋਂ ਛੇਤੀ ਅੱਗੇ ਲੰਘ ਜਾਓ ਅਤੇ ਟਰੱਕ ਸਾਹਮਣੇ ਇਹ ਸੋਚ ਕੇ ਕੱਟ ਨਾ ਮਾਰੋ ਕਿ ਤੁਹਾਡੀ ਕਾਰ ਲਈ ਬਹੁਤ ਥਾਂ ਹੈ। ਯਕੀਨ ਮੰਨੋ ਕਿ ਤੁਹਾਨੂੰ ਕਦੇ ਵੀ ਕਾਫ਼ੀ ਥਾਂ ਨਹੀਂ ਮਿਲੇਗੀ।’’

ਵਿੱਜ ਨਵੇਂ ਟਰੱਕ ਡਰਾਈਵਰਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਹੈੱਡਸੈੱਟ ਤੋਂ ਦੂਰ ਰਹਿਣ ਅਤੇ ਆਪਣੇ ਰੀਅਰ-ਵਿਊ ਮਿਰਰ ਵੇਖਦੇ ਰਹਿਣ। ਗੱਲ ਇਹ ਨਹੀਂ ਕਿ ਤੁਸੀਂ ਕਿੰਨੇ ਕੁ ਤੇਜ਼ ਚਲਾਉਂਦੇ ਹੋ; ਗੱਲ ਇਹ ਹੈ ਕਿ ਤੁਸੀਂ ਕਿੰਨੇ ਕੁ ਆਰਾਮਦਾਇਕ ਹੋ ਅਤੇ ਵੱਡੀ ਗੱਡੀ ’ਤੇ ਤੁਹਾਡਾ ਕਿੰਨਾ ਕੁ ਕਾਬੂ ਹੈ। ‘‘ਸਿਹਤਮੰਦ ਰਹੋ ਅਤੇ ਆਪਣੇ ਸਨੇਹੀਆਂ ਕੋਲ ਪਹੁੰਚੋ, ਹੋਰ ਸੜਕ ਪ੍ਰਯੋਗਕਰਤਾ ਵੀ ਇਹੀ ਕੁੱਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’

ਆਪਣੀ ਵਿੰਡਸ਼ੀਲਡ ’ਚੋਂ ਉੱਘੜ ਰਹੇ ਭਵਿੱਖ ਨੂੰ ਵੇਖਦੇ ਹੋਏ ਇਸ ਵੇਲੇ ਵਿੱਜ ਦਾ ਧਿਆਨ ਆਪਣੇ ਅਗਲੇ ਮੀਲ ’ਤੇ ਹੈ।

 

ਲੀਓ ਬਾਰੋਸ ਵੱਲੋਂ