ਡਰਾਈਵਰਾਂ ਦੀਆਂ ਖ਼ਾਲੀ ਆਸਾਮੀਆਂ ਦੀ ਗਿਣਤੀ ਵੱਧ ਕੇ 28,210 ਹੋਈ : ਟਰੱਕਿੰਗ ਐਚ.ਆਰ. ਕੈਨੇਡਾ

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਇਸ ਸਾਲ ਦੀ ਦੂਜੀ ਤਿਮਾਹੀ ’ਚ ਕੈਨੇਡਾ ਅੰਦਰ ਡਰਾਈਵਰਾਂ ਦੀਆਂ ਰਿਕਾਰਡ 28,210 ਆਸਾਮੀਆਂ ਖ਼ਾਲੀ ਸਨ ਜੋ ਕਿ ਪਹਿਲੀ ਤਿਮਾਹੀ ’ਚ 25,560 ਤੋਂ ਵੱਧ ਗਈਆਂ ਹਨ। ਇਸ ਤਰ੍ਹਾਂ ਟਰੱਕਰਸ ਲਈ ਦੂਜੀ ਤਿਮਾਹੀ ’ਚ ਖ਼ਾਲੀ ਆਸਾਮੀਆਂ ਦੀ ਗਿਣਤੀ ਵੱਧ ਕੇ 9.2% ਹੋ ਗਈ ਹੈ, ਜੋ ਕਿ ਪਹਿਲੀ ਤਿਮਾਹੀ ’ਚ 8.1% ਤੋਂ ਵੀ ਜ਼ਿਆਦਾ ਹੋ ਗਈ ਹੈ।

ਸੂਚਨਾ ਦੀ ਸਮੀਖਿਆ ਕਰਨ ਵਾਲੇ ਟਰੱਕਿੰਗ ਐਚ.ਆਰ. ਕੈਨੇਡਾ ਨੇ ਕਿਹਾ ਕਿ ਟਰੱਕਿੰਗ ਅਤੇ ਲੋਜਿਸਟਿਕਸ ਖੇਤਰ ’ਚ ਲੇਬਰ ਬਾਰੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ’ਚੋਂ ਅੱਧੀਆਂ ਨੌਕਰੀਆਂ (50.1%) 90 ਦਿਨਾਂ ਤੋਂ ਖ਼ਾਲੀ ਪਈਆਂ ਹਨ ਜੋ ਇਹ ਦਰਸਾਉਂਦਾ ਹੈ ਕਿ ਰੁਜ਼ਗਾਰਦਾਤਾਵਾਂ ਨੂੰ ਇਹ ਆਸਾਮੀਆਂ ਭਰਨ ’ਚ ਕਿੰਨੀ ਮੁਸ਼ਕਲ ਪੇਸ਼ ਆ ਰਹੀ ਹੈ।

ਟਰੱਕਿੰਗ ਐਚ.ਆਰ. ਕੈਨੇਡਾ ਵਿਖੇ ਚੀਫ਼ ਪ੍ਰੋਗਰਾਮਸ ਅਫ਼ਸਰ ਕਰੇਗ ਫ਼ਾਊਸੇਟ ਨੇ ਕਿਹਾ, ‘‘ਸਟੈਟਿਸਟਿਕਸ ਕੈਨੇਡਾ ਤੋਂ ਦੂਜੀ ਤਿਮਾਹੀ ’ਚ ਖ਼ਾਲੀ ਆਸਾਮੀਆਂ ਬਾਰੇ ਜਾਰੀ ਅੰਕੜੇ ਚਿੰਤਾ ਦਾ  ਰੁਝਾਨ ਪੇਸ਼ ਕਰਦੇ ਹਨ ਕਿ ਉਦਯੋਗ ਅੰਦਰ ਖ਼ਾਲੀ ਆਸਾਮੀਆਂ ਦੀ ਗਿਣਤੀ ਬਦਤਰ ਹੁੰਦੀ ਜਾ ਰਹੀ ਹੈ। ਇਸ ਨਾਲ ਉਦਯੋਗ ’ਤੇ ਇਹ ਦਬਾਅ ਬਣਿਆ ਰਹੇਗਾ ਕਿ ਉਹ ਮੰਗ ਨੂੰ ਪੂਰਾ ਕਰਨ ਲਈ ਆਪਣੇ ਕਿਰਤ ਬਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ।’’

2022 ਦੀ ਦੂਜੀ ਤਿਮਾਹੀ ਲਈ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਨੂੰ 20 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ।

Driver holding steering wheel
(ਤਸਵੀਰ: ਆਈਸਟਾਕ)

ਟਰੱਕ ਟਰਾਂਸਪੋਰਟੇਸ਼ਨ ਲਈ ਪ੍ਰਕਾਸ਼ਿਤ ਖ਼ਾਲੀ ਆਸਾਮੀਆਂ ਦੀ ਦਰ ਹੁਣ 9.4% ਹੋ ਗਈ ਹੈ ਜੋ ਕਿ ਪਹਿਲੀ ਤਿਮਾਹੀ ’ਚ 8.7% ਤੋਂ ਵੱਧ ਗਈ ਹੈ। ਇਹ ਆਰਥਿਕਤਾ ਦੇ ਸਾਰੇ ਖੇਤਰਾਂ ’ਚ 5.9% ਦੀ ਦਰ ਤੋਂ ਕਾਫ਼ੀ ਜ਼ਿਆਦਾ ਹੈ ਅਤੇ ਇਸ ਤੋਂ ਜ਼ਿਆਦਾ ਸਿਰਫ਼ ਰਿਹਾਇਸ਼ੀ ਅਤੇ ਭੋਜਨ ਸੇਵਾਵਾਂ ਖੇਤਰ ਦੀ ਦਰ 11.9% ਹੀ ਹੈ।

ਟਰੱਕਿੰਗ ਐਚ.ਆਰ. ਕੈਨੇਡਾ ਦਾ ਅੰਦਾਜ਼ਾ ਹੈ ਕਿ ਇਸ ਦਾ ਮਤਲਬ 2022 ਦੀ ਦੂਜੀ ਤਿਮਾਹੀ ’ਚ ਟਰੱਕ ਡਰਾਈਵਰਾਂ ਦੀ ਵਧੀ ਹੋਈ ਮੰਗ 15,000 ਡਰਾਈਵਰਾਂ (14,910) ਤੱਕ ਪਹੁੰਚ ਗਈ ਹੈ। ਇਸ ਦਾ ਮਤਲਬ ਹੈ ਕਿ ਜੇਕਰ ਉਦਯੋਗ ਪੂਰੇ ਕੈਨੇਡਾ ’ਚ ਮੌਜੂਦ ਹਰ ਟਰੱਕ ਡਰਾਈਵਰਾਂ ਨੂੰ ਭਰਤੀ ਕਰ ਲੈਂਦਾ ਹੈ ਤਾਂ ਵੀ 15,000 ਨਵੇਂ ਮੁਲਾਜ਼ਮਾਂ ਨੂੰ ਭਰਤੀ ਕਰਨ, ਸਿਖਲਾਈ ਦੇਣ ਅਤੇ ਆਨਬੋਰਡ ਲਿਆਉਣ ਦੀ ਜ਼ਰੂਰਤ ਪਵੇਗੀ ਤਾਂ ਕਿ ਡਰਾਈਵਰ ਸੇਵਾਵਾਂ ਲਈ ਕੁੱਲ ਮੰਗ ਪੂਰੀ ਹੋ ਸਕੇ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੇਂ, ਗ਼ੈਰਤਜ਼ਰਬੇਕਾਰ ਡਰਾਈਵਰਾਂ ਦੀ ਭਰਤੀ ਅਤੇ ਸਿਖਲਾਈ ਬਹੁਤ ਮਹਿੰਗੀ ਪ੍ਰਕਿਰਿਆ ਹੈ ਕਿਉਂਕਿ ਨਵੀਂਆਂ ਭਰਤੀਆਂ ਨੂੰ ਨਾ ਸਿਰਫ਼ ਦਾਖ਼ਲਾ-ਪੱਧਰੀ ਸਿਖਲਾਈ ਦੀ ਜ਼ਰੂਰਤ ਹੈ ਬਲਕਿ ਵਾਧੂ ਆਨਬੋਰਡਿੰਗ ਅਤੇ ਨੌਕਰੀ ’ਤੇ ਸਿਖਲਾਈ ਦੀ ਵੀ ਜ਼ਰੂਰਤ ਹੈ ਜਿਸ ਦੌਰਾਨ ਨਵੇਂ ਡਰਾਈਵਰਾਂ ਨੂੰ ਤਜ਼ਰਬੇਕਾਰ ਡਰਾਈਵਰ ਨਾਲ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਉਨ੍ਹਾਂ ਨੂੰ ਸੜਕ ’ਤੇ ਸੁਰੱਖਿਆ ਪ੍ਰੋਟੋਕਾਲ ਦੀ ਢੁੱਕਵੀਂ ਸਮਝ ਅਤੇ ਪਾਲਣਾ ਕਰਨ ਦੀ ਸਮਝ ਹੋ ਸਕੇ।

ਇਸ ਤੋਂ ਇਲਾਵਾ, ਰੁਜ਼ਗਾਰਦਾਤਾ ਰਿਪੋਰਟ ਕਰਦੇ ਹਨ ਕਿ ਨਵੇਂ ਡਰਾਈਵਰਾਂ ਨਾਲ ਸੰਬੰਧਤ ਬੀਮਾ ਪ੍ਰੀਮੀਅਮ ਇੱਕ ਤੋਂ ਤਿੰਨ ਸਾਲਾਂ ਤੇ ਤਜ਼ਰਬੇ ਵਾਲਿਆਂ ਤੋਂ ਬਹੁਤ ਜ਼ਿਆਦਾ ਹਨ। ਦਰਅਸਲ, ਪਿਛਲੇ ਸਾਲ ਦੌਰਾਨ ਡਰਾਈਵਰਾਂ ਦੀਆਂ ਦੋ-ਤਿਹਾਈ ਤੋਂ ਜ਼ਿਆਦਾ ਖ਼ਾਲੀ ਆਸਾਮੀਆਂ ਲਈ ਇੱਕ ਤੋਂ ਪੰਜ ਸਾਲਾਂ ਤੱਕ ਦਾ ਤਜ਼ਰਬਾ ਲੋੜੀਂਦਾ ਸੀ, ਜਿਸ ਨਾਲ ਬਾਜ਼ਾਰ ’ਚ ਆਉੁਣ ਵਾਲੇ ਨਵੇਂ ਲੋਕਾਂ ਦੀ ਪਹੁੰਚ ਸੀਮਤ ਹੋ ਗਈ।

Chart of driver vacancies by province
(ਤਸਵੀਰ: ਟਰੱਕਿੰਗ ਐਚ.ਆਰ. ਕੈਨੇਡਾ)

ਰਿਪੋਰਟ ਨੇ ਪ੍ਰਗਟ ਕੀਤਾ ਹੈ ਕਿ ਓਂਟਾਰੀਓ ਅੰਦਰ ਟਰੱਕ ਡਰਾਈਵਰਾਂ ਦੀਆਂ ਸਭ ਤੋਂ ਜ਼ਿਆਦਾ ਲਗਭਗ 9,100 ਆਸਾਮੀਆਂ ਖ਼ਾਲੀ ਹਨ, ਜਿਸ ਤੋਂ ਬਾਅਦ ਕਿਊਬੈੱਕ ’ਚ 5,565 ਡਰਾਈਵਰਾਂ ਦੀਆਂ ਆਸਾਮੀਆਂ ਖ਼ਾਲੀ ਹਨ। ਬ੍ਰਿਟਿਸ਼ ਕੋਲੰਬੀਆ ’ਚ ਖ਼ਾਲੀ ਆਸਾਮੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ (ਖ਼ਾਲੀ ਡਰਾਈਵਰਾਂ ਦੀਆਂ ਨੌਕਰੀਆਂ ਦਾ ਹਿੱਸਾ) 11.9% ਹੈ ਅਤੇ ਕੁੱਲ 4,915 ਡਰਾਈਵਰਾਂ ਦੀਆਂ ਆਸਾਮੀਆਂ ਖ਼ਾਲੀ ਹਨ ਜੋ ਕਿ ਪੂਰੇ ਦੇਸ਼ ਅੰਦਰ ਕੁੱਲ ਖ਼ਾਲੀ ਡਰਾਈਵਰ ਆਸਾਮੀਆਂ ਦਾ 17% ਹੈ, ਇਸ ਤੋਂ ਬਾਅਦ ਮੇਨੀਟੋਬਾ ਅਤੇ ਅਲਬਰਟਾ ਦਾ ਨੰਬਰ ਹੈ, ਜਿੱਥੇ ਖ਼ਾਲੀ ਆਸਾਮੀਆਂ ਦੀ ਦਰ 11.6% ਹੈ।

ਟਰੱਕਿੰਗ ਐਚ.ਆਰ. ਕੈਨੇਡਾ ਦੇ ਲੇਬਰ ਮਾਰਕੀਟ ਸੂਚਨਾ ਸਿਸਟਮ ਅਨੁਸਾਰ ਪਹਿਲੀ ਅਤੇ ਦੂਜੀ ਤਿਮਾਹੀ ਦੌਰਾਨ ਟਰੱਕਿੰਗ ਅਤੇ ਲੋਜਿਸਟਿਕਸ ਖੇਤਰ ’ਚ ਹੋਰ ਪ੍ਰਮੁੱਖ ਕਾਬਜ਼ਾਂ ਦਰਮਿਆਨ ਵੀ ਖ਼ਾਲੀ ਆਸਾਮੀਆਂ ਦੀ ਗਿਣਤੀ ਵਧੀ। 2022 ਦੀ ਦੂਜੀ ਤਿਮਾਹੀ ਦੌਰਾਨ ਟਰੱਕਿੰਗ ਅਤੇ ਲੋਜਿਸਟਿਕਸ ਖੇਤਰ ’ਚ ਸਿੱਪਰਜ਼ ਅਤੇ ਰਿਸੀਵਰਸ ਲਈ ਲਗਭਗ 5,200 ਆਸਾਮੀਆਂ ਖ਼ਾਲੀ ਰਹੀਆਂ, ਜੋ ਕਿ ਪਹਿਲੀ ਤਿਮਾਹੀ ’ਚ 11% ਤੋਂ ਵੱਧ ਹਨ। ਡਿਸਪੈਚਰਾਂ ਦੀਆਂ ਵੀ 600 ਆਸਾਮੀਆਂ (ਜੋ ਪਿਛਲੀ ਤਿਮਾਹੀ ਤੋਂ 6.1% ਵੱਧ ਹਨ), ਮਕੈਨਿਕਾਂ ਲਈ 843 ਆਸਾਮੀਆਂ (14.3% ਵੱਧ) ਅਤੇ ਮਟੀਰੀਅਲ ਹੈਂਡਲਰਸ ਲਈ 3,261 ਆਸਾਮੀਆਂ (3.7% ਵੱਧ)  ਖ਼ਾਲੀ ਸਨ।