ਡਰਾਈਵਰ ਇੰਕ. ‘ਤੇ ਸ਼ਿਕੰਜਾ ਹੋਰ ਕੱਸੇਗਾ

Avatar photo
ਸੀ.ਟੀ.ਏ. ਡਰਾਈਵਰ ਇੰਕ. ਦੀ ਜਨਤਕ ਤੌਰ ‘ਤੇ ਵਿਰੋਧੀ ਰਹੀ ਹੈ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਕਿਹਾ ਹੈ ਕਿ ਵੱਖੋ-ਵੱਖ ਸਰਕਾਰੀ ਵਿਭਾਗਾਂ ਨੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਕਿਰਤੀਆਂ ਦੇ ਵਰਗੀਕਰਨ ਬਾਰੇ ਨਿਯਮਾਂ ਦੀ ਸਖ਼ਤੀ ਨਾਲ ਤਾਮੀਲੀ ਕੀਤੀ ਜਾਵੇਗੀ।

ਸੀ.ਟੀ.ਏ. ਨੂੰ ਲਿਖੀ ਇੱਕ ਚਿੱਠੀ ‘ਚ ਕਿਰਤ ਮੰਤਰੀ ਫ਼ਿਲੋਮੀਨਾ ਤੈਸੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਛੇਤੀ ਹੀ ਚੋਣਵੀਂ ਤਾਮੀਲੀ ਕਾਰਵਾਈ ਅਤੇ ਜੁਰਮਾਨੇ ਲਾਉਣ ਦੇ ਨਾਲ-ਨਾਲ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੀਆਂ ਕੰਪਨੀਆਂ ਦੇ ਨਾਂ ਜਨਤਕ ਕਰਨਾ ਵੀ ਸ਼ੁਰੂ ਕਰਨਗੇ।

ਇਹ ਤਾਮੀਲੀ ਕਾਰਵਾਈ ਕਥਿਤ ਡਰਾਈਵਰ ਇੰਕ. ਫ਼ਲੀਟਸ ਵਿਰੁੱਧ ਸ਼ੁਰੂ ਕੀਤੀ ਜਾਵੇਗੀ ਜੋ ਕਿ ਆਪਣੇ ਮੁਲਾਜ਼ਮਾਂ ਦਾ ਗ਼ਲਤ ਵਰਗੀਕਰਨ ਕਰਦੇ ਹਨ ਅਤੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਭੁਗਤਾਨ ਦੀ ਬੱਚਤ ਕਰਦੇ ਹਨ।

ਚਿੱਠੀ ‘ਚ ਕਿਹਾ ਗਿਆ ਹੈ, ”ਨਵੇਂ ਤਾਮੀਲੀ ਅਤੇ ਇਨਫ਼ੋਰਸਮੈਂਟ ਹਥਿਆਰਾਂ ਨਾਲ ਕਿਰਤ ਪ੍ਰੋਗਰਾਮ ਜੁਰਮਾਨੇ ਲਾਉਣ ‘ਚ ਸਮਰੱਥ ਹੋਵੇਗਾ ਅਤੇ ਉਨ੍ਹਾਂ ਲੋਕਾਂ ਦੇ ਨਾਂ ਜਨਤਕ ਕਰ ਸਕੇਗਾ ਜੋ ਕਿ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਹਨ। ਇਸ ਤੋਂ ਇਲਾਵਾ ਨਵੇਂ ਕਾਨੂੰਨ ਹੇਠ ਰੁਜ਼ਗਾਰਦਾਤਾ ਵਿਅਕਤੀਆਂ ਨੂੰ ਇੰਜ ਨਹੀਂ ਦਰਸਾ ਸਕਣਗੇ ਕਿ ਉਹ ਉਨ੍ਹਾਂ ਦੇ ਮੁਲਾਜ਼ਮ ਨਹੀਂ ਹਨ, ਵਿਸ਼ੇਸ਼ ਕਰਕੇ ਉਹ ਜੋ ਅਜਿਹਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਣ ਲਈ ਕਰਦੇ ਹਨ।”

ਇਸ ਦੌਰਾਨ ਸੀ.ਟੀ.ਏ. ਨੇ ਕਿਹਾ ਹੈ ਕਿ ਮੰਤਰਾਲੇ ਨੇ ਰੁਜ਼ਗਾਰਦਾਤਾਵਾਂ ਨੂੰ ਕਿਰਤ ਮਾਨਕਾਂ ਅਤੇ ਕੰਮਕਾਜ ਦੌਰਾਨ ਸਿਹਤ ਤੇ ਸੁਰੱਖਿਆ ਬਾਬਤ ਸੂਚਿਤ ਕਰਨ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਦੇ ਪਾਲਣ ਬਾਰੇ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਅਲਾਇੰਸ ਨੂੰ ਇਸੇ ਤਰ੍ਹਾਂ ਦੀ ਵਚਨਬੱਧਤਾ ਆਵਾਜਾਈ ਮੰਤਰੀ ਮਾਰਕ ਗਾਰਨੇ ਤੋਂ ਮਿਲੀ ਹੈ ਜਿਨ੍ਹਾਂ ਨੇ ਉਦਯੋਗ ਬਾਰੇ ਉਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ ਜਿਸ ‘ਚ ਡਰਾਈਵਰ ਇੰਕ. ਕੰਪਨੀਆਂ ਅਤੇ ਸੜਕਾਂ ‘ਤੇ ਸੁਰੱਖਿਆ ਦੀ ਮੰਦੀ ਹਾਲਤ ‘ਚ ਸੰਬੰਧ ਮਿਲਿਆ ਹੈ।

ਸੀ.ਟੀ.ਏ. ਦੇ ਚੇਅਰਮੈਨ ਜੀਨ-ਕਲਾਓਡ ਫ਼ੋਰਟਿਨ ਨੇ ਕਿਹਾ, ”ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਾਨੂੰਨ ਦੀ ਪਾਲਣਾ ਨਾ ਕਰਨ ਦੀ ਆਦਤ ਸਿਰਫ਼ ਕੁੱਝ ਨਿਯਮਾਂ ਬਾਰੇ ਨਹੀਂ ਹੁੰਦੀ। ਇਸ ਦਾ ਪਸਾਰਾ ਬਹੁਤ ਡੂੰਘਾ ਹੁੰਦਾ ਹੈ। ਅਜਿਹੀਆਂ ਆਦਤਾਂ ਇਨ੍ਹਾਂ ਕੰਪਨੀਆਂ ਦੇ ਕਾਰੋਬਾਰੀ ਮਾਡਲ ‘ਚ ਵਸੀਆਂ ਹੋਈਆਂ ਹਨ, ਜਿਸ ਨਾਲ ਉਹ ਹਰ ਉਸ ਪੈਸੇ ਦੀ ਬੱਚਤ ਕਰਦੇ ਹਨ ਜਿਸ ਨੂੰ ਕਰ ਸਕਦੇ ਹਨ। ਸੀ.ਟੀ.ਏ. ਇਹ ਵੇਖ ਕੇ ਖ਼ੁਸ਼ ਹੈ ਕਿ ਦੋਹਾਂ ਮੰਤਰੀਆਂ ਨੇ ਮੰਨਿਆ ਹੈ ਕਿ ਡਰਾਈਵਰ ਇੰਕ. ਸਮੱਸਿਆ ਹੈ ਅਤੇ ਉਹ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਆਪਣੇ ਹੋਰਨਾਂ ਵਿਭਾਗਾਂ ‘ਚ ਆਪਣੇ ਹਮਰੁਤਬਾ ਨਾਲ ਮਿਲ ਕੇ ਕੰਮ ਕਰ ਰਹੇ ਹਨ।”

ਸੀ.ਟੀ.ਏ. ਨੇ ਕਿਹਾ ਕਿ ਨੈਸ਼ਨਲ ਰੈਵੀਨਿਊ ਮੰਤਰੀ ਨੇ ਵੀ ਇਹ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਰੈਵੀਨਿਊ ਏਜੰਸੀ ਵਿਅਕਤੀਗਤ ਸੇਵਾ ਕਾਰੋਬਾਰ ਅਤੇ ਡਰਾਈਵਰ ਇੰਕ. ਦੇ ਦੁਰਉਪਯੋਗ ਵਿਰੁੱਧ ਕਾਰਵਾਈ ਕਰੇਗੀ।