ਡਰਾਈਵਰ ਇੰਕ. ’ਤੇ ਸੀ.ਆਰ.ਏ. ਦੀ ਸਖ਼ਤੀ ਚਾਹੁੰਦੈ ਸੀ.ਟੀ.ਏ.

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਚਾਹੁੰਦਾ ਹੈ ਕਿ ਕੈਨੇਡਾ ਰੈਵੀਨਿਊ ਏਜੰਸੀ (ਸੀ.ਆਰ.ਏ.) ਤੇਜ਼ੀ ਨਾਲ ਡਰਾਈਵਰ ਇੰਕ. ਵਿਰੁੱਧ ਸਖ਼ਤੀ ਵਿਖਾਉਣਾ ਸ਼ੁਰੂ ਕਰ ਦੇਵੇ। ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ TruckNews.com ਨੂੰ ਦੱਸਿਆ ਕਿ ਹੁਣ ਟੈਕਸ, ਅਤੇ ਲੇਬਰ ਕੋਡ ਦੇ ਨਜ਼ਰੀਏ ਤੋਂ ਸਖ਼ਤ, ਤੇਜ਼, ਰਾਸ਼ਟਰੀ ਇਨਫ਼ੋਰਸਮੈਂਟ ਲਾਗੂ ਕਰਨ ਦਾ ਸਮਾਂ ਆ ਗਿਆ ਹੈ।

ਡਰਾਈਵਰ ਇੰਕ. ਇੱਕ ਅਜਿਹਾ ਬਿਜ਼ਨੈਸ ਮਾਡਲ ਹੈ ਜੋ ਕਿ ਮੁਲਾਜ਼ਮਾਂ ਨੂੰ ਕੁਵਰਗੀਕਿ੍ਰਤ ਕਰਦਾ ਹੈ ਅਤੇ ਉਨ੍ਹਾਂ ਨੂੰ ਕੰਪਨੀਆਂ ਵਜੋਂ ਰਜਿਸਟਰਡ ਕਰ ਦਿੰਦਾ ਹੈ, ਇਸ ਤਰੀਕੇ ਨਾਲ ਟਰੱਕਿੰਗ ਕੰਪਨੀਆਂ ਆਪਣਾ ਬਣਦਾ ਟੈਕਸ ਭਰਨ ਅਤੇ ਸੋਰਸ ਡਿਡਕਸ਼ਨ ਤੋਂ ਬਚ ਜਾਂਦੀਆਂ ਹਨ।

19 ਅਕਤੂਬਰ ਨੂੰ ਅਟਲਾਂਟਿਕ ਪ੍ਰੋਵਿੰਸ ਟਰੱਕਿੰਗ ਐਸਸੀਏਸ਼ਨ ਦੀ ਸਾਲਾਨਾ ਆਮ ਮੀਟਿੰਗ ਅਤੇ ਮੋਂਕਟਨ, ਨਿਊ ਬਰੰਸਵਿਕ ’ਚ ਹੋਈ ਮੀਟਿੰਗ ’ਚ ਬੋਲਦਿਆਂ ਲੈਸਕੋਅਸਕੀ ਨੇ ਉਦਯੋਗ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ stopdriverinc.ca  ਮੁਹਿੰਮ ’ਚ ਹਿੱਸਾ ਲੈਣ। ਜਦੋਂ ਇੱਕ ਵਿਅਕਤੀ ਸਾਈਨ ਅੱਪ ਕਰਦਾ ਹੈ ਤਾਂ ਉਨ੍ਹਾਂ ਦੇ ਸੰਸਦ ਮੈਂਬਰ ਅਤੇ ਕਈ ਮੰਤਰੀਆਂ ਨੂੰ ਮੀਟਿੰਗ ਕਰਨ ਅਤੇ ਸੀ.ਆਰ.ਏ. ਵੱਲੋਂ ਇਨਫ਼ੋਰਸਮੈਂਟ ਸਖ਼ਤ ਕਰਨ ਦੀ ਮੰਗ ਕਰਦੀ ਇੱਕ ਚਿੱਠੀ ਭੇਜੀ ਜਾਂਦੀ ਹੈ।

Picture of Stephen Laskowski and Geoff Wood
ਮੋਂਕਟਨ, ਨਿਊ ਬਰੂੰਸ਼ਵਿਕ ਵਿਖੇ ਸਟੀਫ਼ਨ ਲੈਸਕੋਅਸਕੀ, ਖੱਬੇ ਪਾਸੇ, ਅਤੇ ਸੀ.ਟੀ.ਏ. ਦੇ ਨੀਤੀ ਬਾਰੇ ਸੀਨੀਅਰ ਵੀ.ਪੀ. ਜੈੱਫ਼ ਵੁੱਡ ਅਟਲਾਂਟਿਕ ਪ੍ਰੋਵਿੰਸਿਜ਼ ਟਰੱਕਿੰਗ ਐਸੋਸੀਏਸ਼ਨ ਦੀ ਸਾਲਾਨਾ ਆਮ ਮੀਟਿੰਗ ਅਤੇ ਕਾਨਫ਼ਰੰਸ ਦੌਰਾਨ। (ਤਸਵੀਰ: ਲੀਓ ਬਾਰੋਸ)

ਉਨ੍ਹਾਂ ਅੱਗੇ ਕਿਹਾ ਕਿ ਸੀ.ਆਰ.ਏ. ਨੇ ਵਿਅਕਤੀਗਤ ਸੇਵਾਵਾਂ ਕਾਰੋਬਾਰ (ਪੀ.ਐਸ.ਬੀ.) ਬਾਰੇ ਇੱਕ ਵਿੱਦਿਅਕ ਮੁਹਿੰਮ ਚਾਲੂ ਕੀਤੀ ਸੀ ਜੋ ਕਿ ਡਰਾਈਵਰ ਇੰਕ. ਦੀ ‘ਕਾਨੂੰਨੀ’ ਵਿਆਖਿਆ ਹੈ। ਲੈਸਕੋਅਸਕੀ ਨੇ ਕਿਹਾ, ‘‘ਜੇਕਰ ਤੁਸੀਂ ਸਹੀ ਤਰੀਕੇ ਨਾਲ ਫ਼ਾਈਲਿੰਗ ਕਰ ਰਹੇ ਹੋ ਤਾਂ ਪੀ.ਐਸ.ਬੀ. ਨਾਲ ਕੁੱਝ ਵੀ ਗ਼ਲਤ ਨਹੀਂ ਹੈ, ਸਮੱਸਿਆ ਇਹ ਹੈ ਕਿ ਕੋਈ ਵੀ ਪੀ.ਐਸ.ਬੀ. ਵਜੋਂ ਫ਼ਾਈਲਿੰਗ ਨਹੀਂ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਜੇਕਰ ਉਦਯੋਗ ’ਚ ਹਰ ਕੋਈ ਇਸ ਮੁਹਿੰਮ ਰਾਹੀਂ ਬੋਲਦਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਸਰਕਾਰ ਜ਼ਰੂਰ ਸੁਣੇਗੀ।

ਐਕਸਪ੍ਰੈਸ ਐਂਟਰੀ ਪ੍ਰੋਗਰਾਮ

ਡਰਾਈਵਰਾਂ ਦੀ ਕਮੀ ਬਾਰੇ ਗੱਲ ਕਰਦਿਆਂ ਲੈਸਕੋਅਸਕੀ ਨੇ ਕਿਹਾ ਕਿ ਇਮੀਗਰੇਸ਼ਨ ਇਸ ਦਾ ਮੁੱਖ ਹੱਲ ਹੈ। ਉਨ੍ਹਾਂ ਨੇ ਫ਼ੈਡਰਲ ਸਰਕਾਰ ਵੱਲੋਂ ਟਰੱਕ ਡਰਾਈਵਿੰਗ ਪੇਸ਼ੇ ਨੂੰ ਮਹੱਤਤਾ ਦਿੱਤੇ ਜਾਣ ਅਤੇ ਡਰਾਈਵਰਾਂ ਨੂੰ ਐਕਸਪ੍ਰੈਸ ਐਂਟਰੀ ਪ੍ਰੋਗਰਾਮ ’ਚ ਪਾਏ ਜਾਣ ਲਈ ਧੰਨਵਾਦ ਕੀਤਾ – ਜੋ ਕਿ ਪੱਕੀ ਰਿਹਾਇਸ਼ ਅਤੇ ਨਾਗਰਿਕਤਾ ਦਾ ਰਾਹ ਹੈ।

ਸੀ.ਟੀ.ਏ. ਸਰਕਾਰ ਕੋਲ 2023 ’ਚ ਟਰੱਕ ਡਰਾਈਵਰਾਂ ਅਤੇ ਮਕੈਨਿਕਾਂ ਨੂੰ ਇਸ ਪ੍ਰੋਗਰਾਮ ਅਧੀਨ ਪਹਿਲ ਦੇਣ ਦੀ ਵਕਾਲਤ ਕਰੇਗੀ। ਅਲਾਇੰਸ ਇਨ੍ਹਾਂ ਡਰਾਈਵਰਾਂ ਅਤੇ ਮਕੈਨਿਕਾਂ ਨੂੰ ਦੇਸ਼ ਅੰਦਰ ਲਿਆਉਣ ਦੀ ਮੰਗ ਕਰ ਰਹੀਆਂ ਟਰੱਕਿੰਗ ਕੰਪਨੀਆਂ ਲਈ ਸਕ੍ਰੀਨਿੰਗ ਪ੍ਰਕਿਰਿਆ ਦੀ ਵੀ ਮੰਗ ਕਰੇਗੀ। ਇਹ ਸਕ੍ਰੀਨਿੰਗ ਉਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਦੋਂ ਕੋਈ ਕੰਪਨੀ ਆਵਾਜਾਈ ਮੰਤਰਾਲੇ ਦੀ ਸੁਰੱਖਿਆ ਜਾਂਚ ਹੇਠੋਂ ਲੰਘਦੀ ਹੈ। ਸੀ.ਟੀ.ਏ. ਚਾਹੁੰਦਾ ਹੈ ਕਿ ਟਰੱਕਿੰਗ ਕੰਪਨੀਆਂ ਲੇਬਰ ਕਾਨੂੰਨਾਂ ਦੀ ਪਾਲਣਾ ਕਰਨ, ਵਰਕਰਾਂ ਨੂੰ ਮੁਲਾਜ਼ਮਾਂ ਵਜੋਂ ਭਰਤੀ ਕਰਨ ਅਤੇ ਉਨ੍ਹਾਂ ਦੇ ਲੇਬਰ ਹੱਕਾਂ ਦੀ ਰਾਖੀ ਕਰਨ।

ਜਦੋਂ ਇਹ ਪੁੱਛਿਆ ਗਿਆ ਕਿ ਇਨ੍ਹਾਂ ਨਵੀਂਆਂ ਭਰਤੀਆਂ ਨੂੰ ਡਰਾਈਵਰ ਇੰਕ. ਦੇ ਲਾਲਚ ਤੋਂ ਕਿਸ ਤਰ੍ਹਾਂ ਦੂਰ ਰੱਖਿਆ ਜਾ ਸਕਦਾ ਹੈ ਤਾਂ ਲੈਸਕੋਅਸਕੀ ਨੇ ਸਿੱਖਿਆ ਅਤੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ, ਲੇਬਰ ਕਾਨੂੰਨਾਂ ਨੂੰ ਮੰਨਣ ਵਾਲੀਆਂ, ਸੁਰੱਖਿਆ ’ਤੇ ਕੇਂਦਰਿਤ ਰਹਿਣ ਵਾਲੀਆਂ, ਅਤੇ ਮੁਲਾਜ਼ਮਾਂ ਨੂੰ ਇੱਜ਼ਤ ਤੇ ਮਾਣ ਦੇਣ ਵਾਲੀਆਂ ਕੰਪਨੀਆਂ ਨਾਲ ਸ਼ੁਰੂਆਤ ਕਰਨ ਵਾਲਾ ਵਰਕਰ ਡਰਾਈਵਰ ਇੰਕ. ਨੂੰ ਘੱਟ ਤਰਜ਼ੀਹ ਦੇਵੇਗਾ।