ਡਰਾਈਵਰ ਇੰਕ. ਵਿਰੁੱਧ ਸ਼ਿਕਾਇਤ ਕਰਨ ਲਈ ਡਬਲਿਊ.ਐਸ.ਆਈ.ਬੀ. ਨੇ ਬਣਾਇਆ ਪੋਰਟਲ

Avatar photo
ਕੈਨੇਡੀਅਨ ਟਰੱਕਿੰਗ ਅਲਾਇੰਸ ਡਰਾਈਵਰ ਇੰਕ. ਵਿਰੁੱਧ ਮੋਢੀ ਭੂਮਿਕਾ ਨਿਭਾ ਰਿਹਾ ਹੈ।

ਵਰਕਪਲੇਸ ਸੁਰੱਖਿਆ ਅਤੇ ਬੀਮਾ ਬੋਰਡ (ਡਬਲਿਊ.ਐਸ.ਆਈ.ਬੀ.) ਨੇ ਘਪਲੇ ਦੀ ਸ਼ਿਕਾਇਤ ਕਰਨ ਲਈ ਵੈੱਬ ਪੋਰਟਲ ਬਣਾਇਆ ਹੈ ਜਿੱਥੇ ਲੋਕ ਅਜਿਹੇ ਫ਼ਲੀਟਾਂ ਦੀ ਸ਼ਿਕਾਇਤ ਕਰ ਸਕਦੇ ਹਨ ਜੋ ਡਰਾਈਵਰ ਇੰਕ. ਰੁਜ਼ਗਾਰ ਯੋਜਨਾ ਦੀ ਵਰਤੋਂ ਕਰ ਰਹੇ ਹਨ।

ਪੋਰਟਲ ‘ਤੇ ਇੱਥੇ ਕਲਿੱਕ ਕਰ ਕੇ ਜਾਇਆ ਜਾ ਸਕਦਾ ਹੈ, ਜਾਂ ਸ਼ਿਕਾਇਤਾਂ ਨੂੰ sileads@wsib.on.ca ‘ਤੇ ਈ-ਮੇਲ ਕਰਕੇ ਜਾਂ ਗੁਪਤ ਟੈਲੀਫ਼ੋਨ ਲਾਈਨ 888-SI-LEADS ‘ਤੇ ਪਛਾਣ ਜ਼ਾਹਰ ਨਾ ਕਰ ਕੇ ਦਰਜ ਕਰਵਾਇਆ ਜਾ ਸਕਦਾ ਹੈ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਲੋਕਾਂ ਨੂੰ ਅਜਿਹੇ ਫ਼ਲੀਟ ਵਿਰੁੱਧ ਸ਼ਿਕਾਇਤ ਕਰਨ ਲਈ ਹੱਲਾਸ਼ੇਰੀ ਦੇ ਰਹੀ ਹੈ ਜੋ ਆਪਣੇ ਮੁਲਾਜ਼ਮਾਂ ਨੂੰ ਕੁਵਰਗੀਕ੍ਰਿਤ ਕਰਕੇ ਟੈਕਸਾਂ ਆਦਿ ਦੀ ਅਦਾਇਗੀ ਤੋਂ ਬੱਚਦੀ ਹੈ।

ਓ.ਟੀ.ਏ. ਦੇ ਪ੍ਰਧਾਨ ਅਤੇ ਸੀ.ਈ.ਓ. ਸਟੀਫ਼ਨ ਲੈਸਕੋਅਸਕੀ ਨੇ ਕਿਹਾ, ”ਡਬਲਿਊ.ਐਸ.ਆਈ.ਬੀ. ਡਰਾਈਵਰ ਇੰਕ. ਕੰਪਨੀਆਂ ਅਤੇ ਸਾਡੇ ਖੇਤਰ ‘ਚ ਹੋਰ ਕਾਨੂੰਨ ਦੀਆਂ ਉਲੰਘਣਾਵਾਂ ਦੀ ਪਛਾਣ ਕਰਨ ਲਈ ਅੰਕੜਿਆਂ ‘ਤੇ ਅਧਾਰਤ ਪਹੁੰਚ ਅਪਣਾਉਂਦੀ ਹੈ। ਸਾਨੂੰ ਪਤਾ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਸਪੱਸ਼ਟ ਨਤੀਜੇ ਮਿਲੇ ਹਨ ਅਤੇ ਸਾਨੂੰ ਉਮੀਦ ਹੈ ਕਿ ਇਨ੍ਹਾਂ ਨਾਲ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੇ ਅਫ਼ਸਰ ਕਈ ਸਾਲਾਂ ਤਕ ਰੁੱਝੇ ਰਹਿਣਗੇ। ਹੁਣ ਕੀਤੀਆਂ ਕੋਸ਼ਿਸ਼ਾਂ ਨਾਲ ਏਨੀ ਸਫ਼ਲਤਾ ਮਿਲੀ ਹੈ ਕਿ ਡਬਲਿਊ.ਐਸ.ਆਈ.ਬੀ. ਨੂੰ ਸੂਚਨਾ ਭੇਜਣ ਲਈ ਕੈਰੀਅਰਾਂ ਕੋਲ ਕਈ ਹੋਰ ਰਸਤੇ ਹਨ।”

ਓ.ਟੀ.ਏ. ਨੇ ਸੰਕੇਤ ਦਿੱਤਾ ਹੈ ਕਿ ਡਬਲਿਊ.ਐਸ.ਆਈ.ਬੀ. ਨੇ ਡਰਾਇਵਰ ਇੰਕ. ਫ਼ਲੀਟਸ ਤੋਂ ਲੱਖਾਂ ਡਾਲਰ ਵਸੂਲ ਕੀਤੇ ਹਨ ਅਤੇ ਵੱਖੋ-ਵੱਖ ਕੰਪਨੀਆਂ ‘ਤੇ 800,000 ਡਾਲਰ ਦਾ ਜੁਰਮਾਨਾ ਲਾਇਆ ਹੈ।

ਓ.ਟੀ.ਏ. ਦੇ ਚੇਅਰਮੈਨ ਵੈਂਡਲ ਅਰਬ ਨੇ ਕਿਹਾ, ”ਕਾਨੂੰਨਾਂ ਦੀ ਪਾਲਣਾ ਕਰਨ ਵਾਲੇ ਕੈਰੀਅਰ ਡਬਲਿਊ.ਐਸ.ਆਈ.ਬੀ. ਦੀ ਇਸ ਗੱਲੋਂ ਤਾਰੀਫ਼ ਕਰਨਗੇ ਕਿ ਉਹ ਕਿਰਤੀਆਂ ਦੇ ਹੱਕਾਂ ਲਈ ਖੜ੍ਹਿਆ ਅਤੇ ਇਹ ਯਕੀਨੀ ਕੀਤਾ ਕਿ ਕੰਪਨੀਆਂ ਆਪਣੇ ਵਰਕਰਾਂ ਨੂੰ ਕਵਰ ਕਰਨ ਲਈ ਅਸਲ ਲਾਗਤ ਦਾ ਭੁਗਤਾਨ ਕਰਨ। ਆਖ਼ਰ ਫ਼ਾਇਦਾ ਉਨ੍ਹਾਂ ਕੰਪਨੀਆਂ ਨੂੰ ਹੋਵੇਗਾ ਜੋ ਕਿ ਨਿਯਮਾਂ ਅਨੁਸਾਰ ਸਹੀ ਤਰੀਕੇ ਨਾਲ ਕੰਮ ਕਰਦੀਆਂ ਹਨ ਅਤੇ ਇਹ ਯਕੀਨੀ ਕਰਦੀਆਂ ਹਨ ਕਿ ਉਨ੍ਹਾਂ ਦੇ ਡਰਾਈਵਰਾਂ ਨੂੰ ਉਹ ਕੁੱਝ ਮਿਲੇ ਜਿਸ ‘ਤੇ ਉਨ੍ਹਾਂ ਦਾ ਹੱਕ ਹੈ।”

ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਇਸ ਦੌਰਾਨ ਸ਼ਿੱਪਰਸ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਟਰਾਂਸਪੋਰਟ ਪ੍ਰੋਵਾਈਡਰ ਨਿਯਮਾਂ ਦੀ ਪਾਲਣਾ ਕਰਦੇ ਹੋਣ।

ਲੈਸਕੋਅਸਕੀ ਨੇ ਕਿਹਾ, ”ਕਈ ਮਾਮਲਿਆਂ ‘ਚ ਇਨ੍ਹਾਂ ਕੰਪਨੀਆਂ ਕੋਲ ਜ਼ਾਬਤੇ ਦੀਆਂ ਜ਼ਰੂਰਤਾਂ ਅਤੇ ਕਾਰਪੋਰੇਟ ਮਿਸ਼ਨ ਸਟੇਟਮੈਂਟ ਅਤੇ ਕਦਰਾਂ-ਕੀਮਤਾਂ ਹੁੰਦੀਆਂ ਹਨ ਜੋ ਉਹ ਆਪਣੇ ਨਾਲ ਕਰਾਰ ਕਰਨ ਵਾਲਿਆਂ ‘ਤੇ ਲਾਗੂ ਕਰਦੀਆਂ ਹਨ। ਹੁਣ ਸਮਾਂ ਆ ਗਿਆ ਹੈ ਕਿ ਉਹ ਇਹ ਸਮਝ ਲੈਣ ਕਿ ਡਰਾਈਵਰ ਇੰਕ. ਕੰਪਨੀਆਂ ਨਾਲ ਕਾਰੋਬਾਰ ਕਰਨਾ ਉਨ੍ਹਾਂ ਦੇ ਮਾਨਕਾਂ ਦੀ ਉਲੰਘਣਾ ਕਰਦਾ ਹੈ ਅਤੇ ਉਨ੍ਹਾਂ ‘ਚੋਂ ਕੁੱਝ ਸ਼ਿੱਪਰਸ ਅਤੇ ਰਿਸੀਵਰਜ਼ ਨੂੰ ਖ਼ਤਰੇ ‘ਚ ਵੀ ਪਾ ਸਕਦਾ ਹੈ।”